ਪਰਮੇਸ਼ੁਰ ਤੇ ਇਸਰਾਏਲ ਆਪਣਾ ਇਕਰਾਰਨਾਮਾ ਕਰਦੇ ਹਨ
24
1 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ।
2 ਤਾਂ ਮੂਸਾ ਖੁਦ ਯਹੋਵਾਹ ਦੇ ਨੇੜੇ ਆਵੇਗਾ, ਬਾਕੀ ਦੇ ਹੋਰ ਬੰਦਿਆਂ ਨੂੰ ਨੇੜੇ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਤਾਂ ਉਸ ਦੇ ਨਾਲ ਪਰਬਤ ਉੱਤੇ ਵੀ ਨਹੀਂ ਆਉਣਾ ਚਾਹੀਦਾ।”
3 ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।”
4 ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉੱਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸ ਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ।
5 ਫ਼ੇਰ ਮੂਸਾ ਨੇ ਇਸਰਾਏਲ ਦੇ ਜਵਾਨ ਆਦਮੀਆਂ ਨੂੰ ਬਲੀਆਂ ਚੜ੍ਹਾਉਣ ਲਈ ਭੇਜਿਆ। ਇਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਵਜੋਂ ਬਲਦਾਂ ਦੀ ਬਲੀ ਦਿੱਤੀ।
6 ਮੂਸਾ ਨੇ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰ ਲਿਆ। ਮੂਸਾ ਨੇ ਅੱਧਾ ਖੂਨ ਪਿਆਲਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਦਾ ਅੱਧਾ ਖੂਨ ਜਗਵੇਦੀ ਉੱਤੇ ਡੋਲ੍ਹ ਦਿੱਤਾ।
7 ਮੂਸਾ ਨੇ ਉਹ ਪੱਤਰੀ ਲਈ ਜਿਸ ਉੱਤੇ ਖਾਸ ਇਕਰਾਰਨਾਮਾ ਲਿਖਿਆ ਹੋਇਆ ਸੀ ਅਤੇ ਸਾਰੇ ਲੋਕਾਂ ਨੂੰ ਪੜ੍ਹਕੇ ਸੁਣਾਈ। ਫ਼ੇਰ ਉਨ੍ਹਾਂ ਨੇ ਆਖਿਆ, “ਉਹ ਸਾਰੇ ਕਾਨੂੰਨ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ, ਉਨ੍ਹਾਂ ਨੂੰ ਕਰਨ ਲਈ ਅਤੇ ਮੰਨਣ ਲਈ ਅਸੀਂ ਤਿਆਰ ਹਾਂ।”
8 ਤਾਂ ਮੂਸਾ ਨੇ ਬਲੀਆਂ ਤੋਂ ਭਰੇ ਖੂਨ ਦੇ ਪਿਆਲੇ ਲਈ ਅਤੇ ਇਸ ਨੂੰ ਲੋਕਾਂ ਉੱਤੇ ਛਿੜਕ ਕੇ ਆਖਿਆ, “ਇਹ ਖੂਨ ਦਰਸਾਉਂਦਾ ਹੈ ਕਿ ਤੁਹਾਡੇ ਇਨ੍ਹਾਂ ਸਾਰੇ ਕਾਨੂੰਨਾਂ ਦੇ ਅਧਾਰ ਤੇ ਯਹੋਵਾਹ ਨੇ ਤੁਹਾਡੇ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ।”
9 ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ 70 ਬਜ਼ੁਰਗ ਪਰਬਤ ਉੱਤੇ ਗਏ।
10 ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ।
11 ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਉਨ੍ਹਾਂ ਸਾਰਿਆਂ ਨੇ ਰਲ-ਮਿਲ ਕੇ ਖਾਧਾ ਕੀਤਾ।
ਮੂਸਾ ਪਰਮੇਸ਼ੁਰ ਦੀ ਬਿਵਸਥਾ ਲੈਣ ਜਾਂਦਾ ਹੈ
12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਪਰਬਤ ਉੱਤੇ ਆ। ਮੈਂ ਤੈਨੂੰ ਦੋ ਪੱਥਰ ਦੀਆਂ ਤਖਤੀਆਂ ਦੇਵਾਂਗਾ ਜਿਨ੍ਹਾਂ ਉੱਤੇ ਮੈਂ ਆਪਣੀ ਬਿਵਸਥਾ ਅਤੇ ਕਾਨੂੰਨ ਲਿਖੇ ਹਨ ਤਾਂ ਜੋ ਤੂੰ ਲੋਕਾਂ ਨੂੰ ਸਿੱਖਾ ਸੱਕੇਂ।”
13 ਤਾਂ ਮੂਸਾ ਅਤੇ ਉਸਦਾ ਸਹਾਇਕ ਯਹੋਸ਼ੂਆ ਪਰਮੇਸ਼ੁਰ ਦੇ ਪਰਬਤ ਉੱਪਰ ਗਏ।
14 ਮੂਸਾ ਨੇ ਬਜ਼ੁਰਗਾਂ ਨੂੰ ਆਖਿਆ, “ਇੱਥੇ ਸਾਡਾ ਇੰਤਜ਼ਾਰ ਕਰੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਜਦੋਂ ਮੈਂ ਚੱਲਾ ਗਿਆ ਤਾਂ ਹਾਰੂਨ ਅਤੇ ਹੋਰ ਤੁਹਾਡੇ ਉੱਪਰ ਹਕੂਮਤ ਕਰਨਗੇ। ਜੇ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਇਨ੍ਹਾਂ ਬੰਦਿਆਂ ਕੋਲ ਚੱਲਿਆ ਜਾਵੇ।”
ਮੂਸਾ ਪਰਮੇਸ਼ੁਰ ਨੂੰ ਮਿਲਦਾ ਹੈ
15 ਤਾਂ ਮੂਸਾ ਪਹਾੜ ਉੱਪਰ ਗਿਆ। ਅਤੇ ਬੱਦਲ ਨੇ ਪਰਬਤ ਨੂੰ ਕੱਜ ਲਿਆ।
16 ਯਹੋਵਾਹ ਦਾ ਪਰਤਾਪ ਹੇਠਾਂ ਸੀਨਈ ਪਰਬਤ ਉੱਤੇ ਆਇਆ। ਬੱਦਲ ਨੇ ਛੇ ਦਿਨਾਂ ਤੱਕ ਪਰਬਤ ਨੂੰ ਕੱਜੀ ਰੱਖਿਆ। ਸੱਤਵੇਂ ਦਿਨ ਯਹੋਵਾਹ ਨੇ ਬੱਦਲ ਵਿੱਚੋਂ ਮੂਸਾ ਨਾਲ ਗੱਲ ਕੀਤੀ।
17 ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸੱਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ।
18 ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।