ਪਵਿੱਤਰ ਚੀਜ਼ਾਂ ਲਈ ਸੁਗਾਤਾਂ
25
ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ। ਜਿਹੜੀਆਂ ਚੀਜ਼ਾਂ ਤੈਨੂੰ ਲੋਕਾਂ ਤੋਂ ਪਰਵਾਨ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਦੀ ਸੂਚੀ ਇਹ ਹੈ; ਸੋਨਾ, ਚਾਂਦੀ ਅਤੇ ਤਾਂਬਾ; ਨੀਲਾ ਜਾਮਨੀ ਅਤੇ ਲਾਲ ਧਾਗਾ ਅਤੇ ਮਹੀਨ ਲਿਨਨ, ਬੱਕਰੀ ਦੇ ਵਾਲ, ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ, ਅਤੇ ਵੱਧੀਆ ਚਮੜਾ, ਸ਼ਿਟੀਮ ਦੀ ਲੱਕੜ, ਦੀਵਿਆਂ ਲਈ ਤੇਲ, ਮਸਹ ਕਰਨ ਵਾਲੇ ਤੇਲ ਲਈ ਮਸਾਲੇ ਅਤੇ ਸੁਗੰਧਤ ਧੂਫ਼ ਦੇ ਮਸਾਲੇ। ਇਸ ਤੋਂ ਇਲਾਵਾ ਸੁਲੇਮਾਨੀ ਪੱਥਰ ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਪਾਉਣ ਲਈ ਹੋਰ ਹੀਰੇ ਵੀ।”
ਪਵਿੱਤਰ ਤੰਬੂ
ਪਰਮੇਸ਼ੁਰ ਨੇ ਇਹ ਵੀ ਆਖਿਆ, “ਲੋਕ ਮੇਰੇ ਲਈ ਪਵਿੱਤਰ ਸਥਾਨ ਬਨਾਉਣਗੇ, ਫ਼ੇਰ ਮੈਂ ਉਨ੍ਹਾਂ ਦਰਮਿਆਨ ਰਹਿ ਸੱਕਾਂਗਾ। ਮੈਂ ਤੁਹਾਨੂੰ ਦਰਸਾਵਾਂਗਾ ਕਿ ਪਵਿੱਤਰ ਤੰਬੂ ਅਤੇ ਇਸ ਵਿੱਚਲੀ ਹਰ ਸ਼ੈ ਕਿਵੇਂ ਦਿਖਣੀ ਚਾਹੀਦੀ ਹੈ। ਹਰ ਚੀਜ਼ ਨੂੰ ਬਿਲਕੁਲ ਉਸੇ ਤਰ੍ਹਾਂ ਬਨਾਉਣਾ ਜਿਵੇਂ ਮੈਂ ਤੁਹਾਨੂੰ ਦਰਸਾਉਂਦਾ ਹਾਂ।
ਇਕਰਾਰਨਾਮੇ ਵਾਲਾ ਸੰਦੂਕ
10 “ਸ਼ਿਟੀਮ ਦੀ ਲੱਕੜ ਲੈ ਕੇ ਇੱਕ ਖਾਸ ਸੰਦੂਕ ਬਣਾਉ ਇਸ ਪਵਿੱਤਰ ਸੰਦੂਕ ਦੀ ਲੰਬਾਈ ਢਾਈ ਹੱਥ, ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। 11 ਸ਼ੁਧ ਸੋਨਾ ਸੰਦੂਕ ਦੇ ਅੰਦਰ ਅਤੇ ਬਾਹਰ ਲੱਗਿਆ ਹੋਵੇ। ਸੰਦੂਕ ਦੇ ਕੋਨਿਆਂ ਉੱਤੇ ਸੋਨੇ ਦੀ ਪੱਤਰੀ ਲਗਾਓ। 12 ਸੰਦੂਕ ਚੁੱਕਣ ਲਈ ਚਾਰ ਸੁਨਿਹਰੀ ਕੜੇ ਬਣਾਉ ਇਨ੍ਹਾਂ ਸੁਨਿਹਰੀ ਕੜਿਆਂ ਨੂੰ ਚਾਰਾਂ ਪਉੜਾਂ ਵਿੱਚ ਪਾਉ। ਹਰ ਪਾਸੇ ਦੋ-ਦੋ। 13 ਫ਼ੇਰ ਸੰਦੂਕ ਚੁੱਕਣ ਲਈ ਚੋਬਾਂ ਬਣਾਉ ਇਹ ਚੋਬਾਂ ਸ਼ਿਟੀਮ ਦੀ ਲੱਕੜ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਉੱਪਰ ਸੋਨਾ ਮਢ਼ਿਆ ਹੋਣਾ ਚਾਹੀਦਾ ਹੈ। 14 ਇਨ੍ਹਾਂ ਚੋਬਾਂ ਨੂੰ ਸੰਦੂਕ ਦੇ ਕਿਨਾਰਿਆਂ ਤੇ ਲੱਗੇ ਕੜਿਆਂ ਵਿੱਚ ਪਾਉ। ਇਨ੍ਹਾਂ ਚੋਬਾਂ ਨੂੰ ਸੰਦੂਕ ਚੁੱਕਣ ਲਈ ਵਰਤੋਂ। 15 ਇਹ ਚੋਬਾਂ ਹਰ ਵੇਲੇ ਸੰਦੂਕ ਦੇ ਕੜਿਆਂ ਵਿੱਚ ਰਹਿਣੀਆਂ ਚਾਹੀਦੀਆਂ ਹਨ। ਇਨ੍ਹਾਂ ਚੋਬਾਂ ਨੂੰ ਬਾਹਰ ਨਾ ਕੱਢੋ।”
16 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਇਕਰਾਰਨਾਮਾ ਦੇਵਾਂਗਾ। ਇਕਰਾਰਨਾਮੇ ਨੂੰ ਇਸ ਸੰਦੂਕ ਵਿੱਚ ਰੱਖਣਾ। 17 ਫ਼ੇਰ ਇੱਕ ਢੱਕਣ ਬਨਾਉਣ ਇਸ ਨੂੰ ਸ਼ੁਧ ਸੋਨੇ ਨਾਲ ਬਨਾਉਣਾ ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ। 18 ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ। 19 ਇੱਕ ਦੂਤ ਨੂੰ ਢੱਕਣ ਦੇ ਇੱਕ ਸਿਰੇ ਉੱਤੇ ਲਗਾਉ ਅਤੇ ਦੂਸਰੇ ਦੂਤ ਨੂੰ ਦੂਸਰੇ ਉੱਤੇ। ਇਨ੍ਹਾਂ ਦੋਹਾਂ ਦੂਤਾਂ ਨੂੰ ਢੱਕਣ ਨਾਲ ਇੱਕਮਿਕ ਕਰ ਦਿਉ। 20 ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਹਮਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ।
21 “ਮੈਂ ਤੁਹਾਨੂੰ ਇਕਰਾਰਨਾਮਾ ਦਿਆਂਗਾ। ਉਸ ਇਕਰਾਰਨਾਮੇ ਨੂੰ ਸੰਦੂਕ ਵਿੱਚ ਰੱਖ ਦਿਉ, ਅਤੇ ਸੰਦੂਕ ਉੱਪਰ ਢੱਕਣ ਰੱਖ ਦੇਣਾ। 22 ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ।
ਮੇਜ਼
23 “ਸ਼ਿਟੀਮ ਦੀ ਲੱਕੜ ਦਾ ਇੱਕ ਮੇਜ ਬਣਾਉ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਣਾ ਚਾਹੀਦਾ ਹੈ। 24 ਮੇਜ ਉੱਤੇ ਸ਼ੁਧ ਸੋਨਾ ਮਢ਼ ਦਿਉ ਅਤੇ ਇਸਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾ ਦਿਉ। 25 ਫ਼ੇਰ ਮੇਜ ਦੇ ਦੁਆਲੇ ਇੱਕ ਹੱਥ ਚੌੜਾ ਫ਼ਰੇਮ ਬਣਾਉ ਅਤੇ ਫ਼ਰੇਮ ਤੇ ਸੋਨੇ ਦੀਆਂ ਕੰਨੀਆਂ ਪਾਉ। 26 ਫ਼ੇਰ ਸੋਨੇ ਦੇ ਚਾਰ ਕੜੇ ਬਣਾਇਉ ਅਤੇ ਉਨ੍ਹਾਂ ਨੂੰ ਮੇਜ ਦੇ ਚੌਹਾਂ ਕੋਨਿਆਂ ਉੱਤੇ ਪੌੜਾਂ ਵਿੱਚ ਪਾ ਦੇਣਾ। 27 ਕੜਿਆਂ ਨੂੰ ਮੇਜ ਦੇ ਉਤਲੇ ਸਿਰੇ ਦੇ ਆਲੇ-ਦੁਆਲੇ ਫ਼ਰੇਮ ਦੇ ਨੇੜੇ ਪਾ ਦੇਣਾ। ਇਹ ਕੜੇ ਉਨ੍ਹਾਂ ਚੋਬਾਂ ਨੂੰ ਫ਼ੜੀ ਰੱਖਣਗੇ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਵੇਗਾ। 28 ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੋਂ ਅਤੇ ਉਨ੍ਹਾਂ ਉੱਪਰ ਸੋਨਾ ਮੜੋ। ਇਹ ਚੋਬਾਂ ਮੇਜ ਨੂੰ ਚੁੱਕਣ ਲਈ ਹਨ। 29 ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਘੜੇ ਅਤੇ ਪਿਆਲੇ ਬਣਾਉ। ਘੜੇ ਅਤੇ ਪਿਆਲੇ ਪੀਣ ਦੀਆਂ ਭੇਟਾਂ ਨੂੰ ਛਿੜਕਣ ਲਈ ਹੋਣਗੇ। 30 ਖਾਸ ਰੋਟੀ ਨੂੰ ਮੇਰੇ ਸਾਹਮਣੇ ਮੇਜ ਉੱਪਰ ਰੱਖੋ। ਇਹ ਹਮੇਸ਼ਾ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ।
ਸ਼ਮਾਦਾਨ
31 “ਫ਼ੇਰ ਤੁਹਾਨੂੰ ਇੱਕ ਸ਼ਮਾਦਾਨ ਬਨਾਉਣਾ ਚਾਹੀਦਾ ਹੈ। ਸ਼ੁਧ ਸੋਨੇ ਦੀ ਵਰਤੋਂ ਕਰੋ ਅਤੇ ਇਸਦੀ ਪੱਤਰੀ ਬਣਾਕੇ ਸਟੈਂਡ ਦੇ ਬੇਸ ਅਤੇ ਡੰਡੇ ਉੱਪਰ ਲਗਾਉ। ਸ਼ੁਧ ਸੋਨੇ ਦੇ ਫ਼ੁੱਲ ਪੱਤੀਆਂ ਅਤੇ ਕਲੀਆਂ ਬਣਾਉ। ਇਨ੍ਹਾਂ ਨੂੰ ਇਕੱਠਿਆਂ ਕਰਕੇ ਜੋੜ ਦਿਉ।
32 “ਸ਼ਮਾਦਾਨ ਦੀਆਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ-ਤਿੰਨ ਟਹਿਣੀਆਂ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33 ਹਰ ਟਹਿਣੀ ਉੱਪਰ ਤਿੰਨ ਫੁੱਟ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਬਦਾਮ ਦੇ ਫ਼ੁੱਲਾਂ ਵਰਗੇ ਕਲੀਆਂ ਅਤੇ ਪੱਤੀਆਂ ਵਾਲੇ ਬਣਾਉ। 34 ਸ਼ਮਾਦਾਨ ਲਈ ਚਾਰ ਹੋਰ ਫ਼ੁੱਲ ਬਣਾਉ। ਇਹ ਫ਼ੁੱਲ ਕਲੀਆਂ ਤੇ ਪੱਤੀਆਂ ਵਾਲੇ ਬਦਾਮ ਦੇ ਫ਼ੁੱਲਾਂ ਵਰਗੇ ਬਣਾਏ ਜਾਣ। 35 ਸ਼ਮਾਦਾਨ ਉੱਪਰ ਛੇ ਟਹਿਣੀਆਂ ਹੋਣਗੀਆਂ-ਤਿੰਨ ਟਹਿਣੀਆਂ ਡੰਡੀ ਦੇ ਹਰੇਕ ਪਾਸਿਓਂ ਨਿਕਲਦੀਆਂ ਹੋਈਆਂ। ਉਨ੍ਹਾਂ ਤਿੰਨ ਥਾਵਾਂ ਦੇ ਹੇਠਾਂ, ਜਿੱਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਹਨ, ਕਲੀਆਂ ਅਤੇ ਪੱਤੀਆਂ ਨਾਲ ਫ਼ੁੱਲ ਬਣਾਉ। 36 ਸਾਰਾ ਸ਼ਮਾਦਾਨ, ਕਲਈਆਂ ਅਤੇ ਪਤਿਆਂ ਸਮੇਤ, ਕੁੱਟੇ ਹੋਏ ਸ਼ੁਧ ਸੋਨੇ ਤੋਂ ਇੱਕ ਪੀਸ ਦਾ ਬਣਿਆ ਹੋਣਾ ਚਾਹੀਦਾ ਹੈ। 37 ਫ਼ੇਰ ਸ਼ਮਾਦਾਨ ਕੋਲ ਰੱਖਣ ਲਈ ਸੱਤ ਦੀਵੇ ਬਣਾਉ। ਇਹ ਦੀਵੇ ਸ਼ਮਾਦਾਨ ਦੇ ਅਗਲੇ ਹਿੱਸੇ ਨੂੰ ਰੌਸ਼ਨ ਕਰਨਗੇ। 38 ਬੱਤੀਆਂ ਬੁਝਾਉਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਲਈ ਸ਼ੁਧ ਸੋਨਾ ਵਰਤੋਂ। 39 ਸ਼ਮਾਦਾਨ ਅਤੇ ਉਸ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ 75 ਪੌਂਡ ਸ਼ੁਧ ਸੋਨਾ ਵਰਤੋਂ। 40 ਹਰ ਚੀਜ਼ ਨੂੰ ਉਵੇਂ ਬਨਾਉਣ ਲਈ ਬਹੁਤ ਸਾਵੱਧਾਨੀ ਵਰਤੋਂ ਜਿਵੇਂ ਮੈਂ ਤੁਹਾਨੂੰ ਪਰਬਤ ਉੱਪਰ ਦਰਸਾਇਆ ਹੈ।”