8
1 ਇਫ਼ਰਾਈਮ ਦੇ ਲੋਕ ਗਿਦਾਊਨ ਨਾਲ ਗੁੱਸੇ ਸਨ। ਜਦੋਂ ਉਹ ਗਿਦਾਊਨ ਨੂੰ ਮਿਲੇ, ਉਨ੍ਹਾਂ ਨੇ ਉਸ ਨਾਲ ਗੁੱਸੇ ਵਿੱਚ ਬਹਿਸ ਕੀਤੀ, ਅਤੇ ਆਖਿਆ, “ਤੂੰ ਸਾਡੇ ਨਾਲ ਇਹ ਸਲੂਕ ਕਿਉਂ ਕੀਤਾ? ਤੂੰ ਸਾਨੂੰ ਉਦੋਂ ਕਿਉਂ ਨਹੀਂ ਸੱਦਿਆ ਜਦੋਂ ਤੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਗਿਆ ਸੀ?”
2 ਪਰ ਗਿਦਾਊਨ ਨੇ ਇਫ਼ਰਾਈਮ ਦੇ ਲੋਕਾਂ ਨੂੰ ਜਵਾਬ ਦਿੱਤਾ, “ਮੇਰੇ ਪਰਿਵਾਰ ਨੇ ਤੁਹਾਡੇ ਪਰਿਵਾਰ ਦੇ ਮੁਕਾਬਲੇ ਬਹੁਤ ਹੀ ਥੋੜਾ ਕੁਝ ਕੀਤਾ ਹੈ। ਤੁਸੀਂ ਇਫ਼ਰਾਈਮ ਦੇ ਲੋਕਾਂ ਨੇ ਮੇਰੇ ਪਰਿਵਾਰ ਵਾਲਿਆਂ, ਅਬੀਅਜਰੀਆਂ ਨਾਲੋਂ ਬਿਹਤਰ ਫ਼ਸਲ ਪ੍ਰਾਪਤ ਕੀਤੀ ਸੀ। ਜਦੋਂ ਵਾਢੀ ਆਉਂਦੀ ਹੈ, ਤੁਸੀਂ ਵੇਲਾਂ ਉੱਤੇ ਵੱਧੇਰੇ ਅੰਗੂਰ ਛੱਡ ਦਿੰਦੇ ਹੋ ਜਿੰਨੇ ਕਿ ਸਾਰੀ ਵਾਢੀ ਦੌਰਾਨ ਮੇਰਾ ਪਰਿਵਾਰ ਇੱਕਤ੍ਰ ਕਰਦਾ ਹੈ। ਕੀ ਇਹ ਸੱਚ ਨਹੀਂ ਹੈ?
3 ਇਸੇ ਤਰ੍ਹਾਂ, ਤੁਹਾਡੀ ਫ਼ਸਲ ਹੁਣ ਬਿਹਤਰ ਹੈ। ਪਰਮੇਸ਼ੁਰ ਨੇ ਤੁਹਾਨੂੰ ਮਿਦਯਾਨ ਦੇ ਆਗੂਆਂ, ਓਰੇਬ ਅਤੇ ਜ਼ਏਬ ਨੂੰ ਫ਼ੜਨ ਦੀ ਇਜਾਜ਼ਤ ਦਿੱਤੀ। ਮੈਂ ਆਪਣੀ ਕਾਮਯਾਬੀ ਦੀ ਤੁਲਨਾ ਉਸ ਨਾਲ, ਜੋ ਕੁਝ ਤੁਸੀਂ ਕੀਤਾ ਹੈ, ਕਿਵੇਂ ਕਰ ਸੱਕਦਾ ਹਾਂ?” ਜਦੋਂ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਦਾ ਉੱਤਰ ਸੁਣਿਆ ਤਾਂ ਉਹ ਪਹਿਲਾਂ ਜਿੰਨੇ ਨਾਰਾਜ਼ ਨਹੀਂ ਰਹੇ।
ਗਿਦਾਊਨ ਦੋ ਮਿਦਯਾਨ ਰਾਜਿਆਂ ਨੂੰ ਫ਼ੜਦਾ ਹੈ
4 ਫ਼ੇਰ ਗਿਦਾਊਨ ਅਤੇ ਉਸ ਦੇ 300 ਆਦਮੀ ਯਰਦਨ ਦਰਿਆ ਕੰਢੇ ਆਏ ਅਤੇ ਦੂਸਰੇ ਪਾਸੇ ਚੱਲੇ ਗਏ। ਪਰ ਉਹ ਥੱਕੇ ਹੋਏ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ।
5 ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੇ ਸਿਪਾਹੀਆਂ ਨੂੰ ਖਾਣ ਲਈ ਕੁਝ ਦਿਉ, ਉਹ ਬਹੁਤ ਥੱਕੇ ਹੋਏ ਹਨ। ਅਸੀਂ ਹਾਲੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦਾ ਪਿੱਛਾ ਕਰ ਰਹੇ ਹਾਂ।”
6 ਪਰ ਸੁੱਕੋਥ ਸ਼ਹਿਰ ਦੇ ਆਗੂਆਂ ਨੇ ਗਿਦਾਊਨ ਨੂੰ ਆਖਿਆ, “ਅਸੀਂ ਤੁਹਾਡੇ ਸਿਪਾਹੀਆਂ ਨੂੰ ਖਾਣ ਲਈ ਕੁਝ ਕਿਉਂ ਦੇਈਏ? ਤੁਸੀਂ ਹਾਲੇ ਤੀਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ ਹੈ।”
7 ਤਾਂ ਗਿਦਾਊਨ ਨੇ ਆਖਿਆ, “ਤੁਸੀਂ ਸਾਨੂੰ ਭੋਜਨ ਨਹੀਂ ਦਿੰਦੇ। ਯਹੋਵਾਹ ਮੇਰੀ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਨ ਵਿੱਚ ਸਹਾਇਤਾ ਕਰੇਗਾ। ਉਸ ਤੋਂ ਮਗਰੋਂ, ਮੈਂ ਇੱਥੇ ਵਾਪਸ ਆਵਾਂਗਾ। ਅਤੇ ਮੈਂ ਤੁਹਾਡੀ ਚਮੜੀ ਮਾਰੂਥਲ ਦੀਆਂ ਕੰਢਿਆਲੀਆਂ ਝਾੜੀਆਂ ਨਾਲ ਉਧੇੜਾਂਗਾ।”
8 ਗਿਦਾਊਨ ਨੇ ਸੁੱਕੋਥ ਸ਼ਹਿਰ ਛੱਡ ਦਿੱਤਾ ਅਤੇ ਪਨੂਏਲ ਸ਼ਹਿਰ ਚੱਲਾ ਗਿਆ। ਗਿਦਾਊਨ ਨੇ ਪਨੂਏਲ ਦੇ ਲੋਕਾਂ ਕੋਲੋਂ ਭੋਜਨ ਮੰਗਿਆ, ਜਿਵੇਂ ਕਿ ਉਸ ਨੇ ਸੁੱਕੋਥ ਦੇ ਬੰਦਿਆਂ ਕੋਲੋਂ ਮੰਗਿਆ ਸੀ। ਪਰ ਪਨੂਏਲ ਦੇ ਲੋਕਾਂ ਨੇ ਵੀ ਗਿਦਾਊਨ ਨੂੰ ਉਹੀ ਜਵਾਬ ਦਿੱਤਾ ਜਿਹੜਾ ਸੁੱਕੋਥ ਦੇ ਲੋਕਾਂ ਨੇ ਦਿੱਤਾ ਸੀ।
9 ਇਸ ਲਈ ਗਿਦਾਊਨ ਨੇ ਪਨੂਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਜਿੱਤ ਹਾਸਿਲ ਕਰਨ ਤੋਂ ਬਾਦ, ਮੈਂ ਇੱਥੇ ਵਾਪਸ ਆਵਾਂਗਾ ਅਤੇ ਫ਼ੇਰ ਇਸ ਮੁਨਾਰੇ ਨੂੰ ਢਾਹ ਦਿਆਂਗਾ।”
10 ਜਬਾਹ ਅਤੇ ਸਲਮੁੰਨਾ ਅਤੇ ਕਰੀਬਨ 15,000 ਆਦਮੀਆਂ ਦੀ ਉਨ੍ਹਾਂ ਦੀ ਫ਼ੌਜ ਕਰਕੋਰ ਸ਼ਹਿਰ ਵਿਖੇ ਸਨ। ਪੂਰਬੀ ਲੋਕਾਂ ਦੀ ਫ਼ੌਜ ਦੇ ਵੀ ਇੰਨੇ ਹੀ ਸਿਪਾਹੀ ਬਚੇ ਸਨ, ਕਿਉਂਕਿ ਉਨ੍ਹਾਂ ਦੀ ਫ਼ੌਜ ਦੇ 1,20,000 ਤਾਕਤਵਰ ਸਿਪਾਹੀ ਪਹਿਲਾਂ ਹੀ ਮਰ ਚੁੱਕੇ ਸਨ।
11 ਗਿਦਾਊਨ ਅਤੇ ਉਸਦੀ ਫ਼ੌਜ ਨੇ ਨਬੋਹ ਅਤੇ ਯਾਗਬਹਾਰ ਦੇ ਸ਼ਹਿਰਾਂ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੀ ਸੜਕ ਦੀ ਵਰਤੋਂ ਕੀਤੀ। ਗਿਦਾਊਨ ਕਰਕੋਰ ਸ਼ਹਿਰ ਵਿਖੇ ਆਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਜਦ ਕਿ ਉਹ ਹਮਲਾ ਹੋਣ ਦੀ ਤਾਕ ਵਿੱਚ ਹੀ ਨਹੀਂ ਸਨ।
12 ਮਿਦਯਾਨੀ ਰਾਜੇ, ਜ਼ਬਾਹ ਅਤੇ ਸਲਮੁੰਨਾ ਨੱਸ ਗਏ। ਪਰ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫ਼ੜ ਲਿਆ। ਫ਼ਿਰ ਉਹ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਦੀ ਫ਼ੌਜ ਵਿੱਚ ਦਹਿਸ਼ਤ ਲਿਆਂਦੀ।
13 ਫ਼ੇਰ ਯੋਆਸ਼ ਦਾ ਪੁੱਤਰ ਗਿਦਾਊਨ ਜੰਗ ਤੋਂ ਵਾਪਸ ਆਇਆ। ਗਿਦਾਊਨ ਅਤੇ ਉਸ ਦੇ ਬੰਦੇ ਇੱਕ ਪਹਾੜੀ ਦੱਰ੍ਰੇ, ਜਿਸਦਾ ਨਾਮ ਹਰਸ਼ ਦਰ੍ਰਾ ਸੀ, ਰਾਹੀਂ ਵਾਪਸ ਮੁੜੇ।
14 ਗਿਦਾਊਨ ਨੇ ਸੁੱਕੋਥ ਸ਼ਹਿਰ ਦੇ ਇੱਕ ਨੌਜਵਾਨ ਆਦਮੀ ਨੂੰ ਫ਼ੜ ਲਿਆ। ਗਿਦਾਊਨ ਨੇ ਉਸ ਨੌਜਵਾਨ ਨੂੰ ਕੁਝ ਸਵਾਲ ਪੁੱਛੇ। ਨੌਜਵਾਨ ਨੇ ਗਿਦਾਊਨ ਲਈ ਕੁਝ ਨਾਮ ਲਿਖੇ। ਨੌਜਵਾਨ ਨੇ ਸੁੱਕੋਥ ਸ਼ਹਿਰ ਦੇ ਆਗੂਆਂ ਅਤੇ ਬਜ਼ੁਰਗਾਂ ਨੇ ਨਾਮ ਲਿਖੇ। ਉਸ ਨੇ 77 ਆਦਮੀਆਂ ਦੇ ਨਾਮ ਦੇ ਦਿੱਤੇ।
15 ਫ਼ੇਰ ਗਿਦਾਊਨ ਸੁੱਕੋਥ ਸ਼ਹਿਰ ਵਿਖੇ ਆ ਗਿਆ। ਉਸ ਨੇ ਉਸ ਸ਼ਹਿਰ ਦੇ ਬੰਦਿਆਂ ਨੂੰ ਆਖਿਆ, “ਇਹ ਹਨ ਜ਼ਬਾਹ ਅਤੇ ਸਲਮੁੰਨਾ। ਤੁਸੀਂ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਸੀ, ਅਸੀਂ ਤੈਨੂੰ, ‘ਤੇਰੇ ਥੱਕੇ ਹੋਏ ਸਿਪਾਹੀਆਂ ਲਈ ਭੋਜਨ ਕਿਉਂ ਦੇਈਏ? ਤੂੰ ਹਾਲੇ ਤੱਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ।’”
16 ਗਿਦਾਊਨ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਫ਼ੜ ਲਿਆ, ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਮਾਰੂਥਲ ਦੀਆਂ ਕੰਡੇਦਾਰ ਝਾੜੀਆਂ ਨਾਲ ਕੁੱਟਿਆ।
17 ਗਿਦਾਊਨ ਨੇ ਪਨੂਏਲ ਸ਼ਹਿਰ ਦਾ ਮੁਨਾਰਾ ਵੀ ਢਾਹ ਦਿੱਤਾ। ਫ਼ੇਰ ਉਸ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮਾਰ ਦਿੱਤਾ।
18 ਫ਼ੇਰ ਗਿਦਾਊਨ ਨੇ ਜ਼ਬਾਹ ਸਲਮੁੰਨਾ ਨੂੰ ਆਖਿਆ, “ਤੁਸੀਂ ਤਬੋਰ ਪਰਬਤ ਉੱਤੇ ਕੁਝ ਬੰਦਿਆਂ ਨੂੰ ਮਾਰ ਦਿੱਤਾ ਸੀ। ਉਹ ਬੰਦੇ ਕਿਹੋ ਜਿਹੇ ਸਨ?”
ਜ਼ਬਾਹ ਅਤੇ ਸਲਮੁੰਨਾ ਨੇ ਜਵਾਬ ਦਿੱਤਾ, “ਉਹ ਤੁਹਾਡੇ ਵਰਗੇ ਹੀ ਸਨ। ਉਨ੍ਹਾਂ ਵਿੱਚੋਂ ਹਰ ਕੋਈ ਰਾਜਕੁਮਾਰ ਜਾਪਦਾ ਸੀ।”
19 ਗਿਦਾਉਨ ਨੇ ਆਖਿਆ, “ਉਹ ਬੰਦੇ ਮੇਰੇ ਭਰਾ ਸਨ! ਮੇਰੀ ਮਾਂ ਦੇ ਪੁੱਤਰ! ਯਹੋਵਾਹ ਸਾਖੀ ਹੈ, ਜੇ ਤੁਸੀਂ ਉਨ੍ਹਾਂ ਨੂੰ ਨਾ ਮਾਰਿਆ ਹੁੰਦਾ ਮੈਂ ਹੁਣ ਤੁਹਾਨੂੰ ਨਹੀਂ ਸੀ ਮਾਰਨਾ।”
20 ਫ਼ੇਰ ਗਿਦਾਊਨ ਯਥਰ ਵੱਲ ਮੁੜਿਆ। ਯਥਰ ਗਿਦਾਊਨ ਦਾ ਪਲੋਠਾ ਪੁੱਤਰ ਸੀ। ਗਿਦਾਊਨ ਨੇ ਉਸ ਨੂੰ ਆਖਿਆ, “ਇਨ੍ਹਾਂ ਰਾਜਿਆਂ ਨੂੰ ਕਤਲ ਕਰ ਦੇ।” ਪਰ ਯਥਰ ਹਾਲੇ ਬੱਚਾ ਹੀ ਸੀ ਅਤੇ ਡਰਦਾ ਸੀ। ਇਸ ਲਈ ਉਹ ਆਪਣੀ ਤਲਵਾਰ ਨਹੀਂ ਸੀ ਕੱਢਦਾ।
21 ਫ਼ੇਰ ਜ਼ਬਾਹ ਅਤੇ ਸਲਮੁੰਨਾ ਨੇ ਗਿਦਾਊਨ ਨੂੰ ਆਖਿਆ, “ਆ, ਸਾਨੂੰ ਖੁਦ ਮਾਰ ਦੇ। ਤੂੰ ਆਦਮੀ ਹੈ ਅਤੇ ਇਹ ਕੰਮ ਕਰਨ ਲਈ ਕਾਫ਼ੀ ਤਾਕਤ ਰੱਖਦਾ ਹੈ।” ਇਸ ਲਈ ਗਿਦਾਊਨ ਉੱਠਿਆ ਅਤੇ ਜ਼ਬਾਹ ਅਤੇ ਸਲਮੁੰਨਾ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਦੇ ਊਠਾਂ ਦੀਆਂ ਗਰਦਨਾਂ ਵਿੱਚੋਂ ਚੰਨ ਦੇ ਆਕਾਰ ਦੀਆਂ ਸਜਾਵਟਾਂ ਲਾਹ ਲਈਆਂ।
ਗਿਦਾਊਨ ਇੱਕ ਏਫ਼ੋਦ ਬਣਾਉਂਦਾ ਹੈ
22 ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਤੁਸੀਂ ਸਾਨੂੰ ਮਿਦਯਾਨ ਲੋਕਾਂ ਪਾਸੋਂ ਬਚਾਇਆ। ਇਸ ਲਈ ਹੁਣ ਸਾਡੇ ਉੱਪਰ ਹਕੂਮਤ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ, ਤੁਹਾਡਾ ਪੁੱਤਰ ਅਤੇ ਤੁਹਾਡਾ ਪੋਤਰਾ ਸਾਡੇ ਉੱਪਰ ਰਾਜ ਕਰਨ।”
23 ਪਰ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਡਾ ਹਾਕਮ ਹੋਵੇਗਾ। ਮੈਂ ਤੁਹਾਡੇ ਉੱਪਰ ਹਕੂਮਤ ਨਹੀਂ ਕਰਾਂਗਾ। ਅਤੇ ਮੇਰਾ ਪੁੱਤਰ ਤੁਹਾਡੇ ਉੱਪਰ ਹਕੂਮਤ ਨਹੀਂ ਕਰੇਗਾ।”
24 ਕੁਝ ਉਹ ਲੋਕ ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ ਹਰਾਇਆ ਸੀ, ਇਸ਼ਮਾਏਲੀ ਸਨ। ਅਤੇ ਇਸ਼ਮਾਏਲੀ ਬੰਦੇ ਸੋਨੇ ਦੀ ਵਾਲੀ ਪਾਉਂਦੇ ਸਨ। ਇਸ ਲਈ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਬੱਸ ਇਹ ਇੱਕ ਗੱਲ ਕਰੋ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਜਾਣਾ, ਆਪਣੀਆਂ ਜੰਗ ਵਿੱਚ ਹਾਸਿਲ ਕੀਤੀਆਂ ਹੋਈਆਂ ਚੀਜ਼ਾਂ ਵਿੱਚੋਂ ਇੱਕ-ਇੱਕ ਸੋਨੇ ਦੀ ਵਾਲੀ ਦੇਵੋ।”
25 ਇਸ ਲਈ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਜੋ ਵੀ ਤੂੰ ਚਾਹੁੰਦਾ ਹੈਂ ਅਸੀਂ ਖੁਸ਼ੀ ਨਾਲ ਦੇਵਾਂਗੇ।” ਇਸ ਲਈ ਉਨ੍ਹਾਂ ਨੇ ਜ਼ਮੀਨ ਉੱਤੇ ਇੱਕ ਕੋਟ ਵਿਛਾ ਦਿੱਤਾ। ਹਰੇਕ ਬੰਦੇ ਨੇ ਕੰਨ ਦੀ ਇੱਕ ਵਾਲੀ ਕੋਟ ਉੱਤੇ ਸੁੱਟ ਦਿੱਤੀ।
26 ਜਦੋਂ ਇਹ ਕੰਨਾਂ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਗਈਆਂ, ਇਨ੍ਹਾਂ ਦਾ ਵਜ਼ਨ 43 ਪੌਂਡ ਸੀ। ਇਨ੍ਹਾਂ ਵਿੱਚ ਉਹ ਹੋਰ ਸੁਗਾਤਾਂ ਸ਼ਾਮਿਲ ਨਹੀਂ ਸਨ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਦਿੱਤੀਆਂ। ਉਨ੍ਹਾਂ ਨੇ ਉਸ ਨੂੰ ਚੰਨ ਦੀ ਸ਼ਕਲ ਵਾਲੇ ਗਹਿਣੇ ਵੀ ਦਿੱਤੇ ਅਤੇ ਅੱਖ ਦੇ ਹੰਝੂਆਂ ਵਰਗੇ ਗਹਿਣੇ ਵੀ। ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਚੋਗੇ ਵੀ ਦਿੱਤੇ। ਇਹ ਉਹ ਚੀਜ਼ਾਂ ਸਨ ਜਿਹੜੀਆਂ ਮਿਦਯਾਨ ਦੇ ਲੋਕਾਂ ਦੇ ਰਾਜਿਆਂ ਨੇ ਪਹਿਨੀਆਂ ਸਨ। ਉਨ੍ਹਾਂ ਨੇ ਉਸ ਨੂੰ ਮਿਦਯਾਨ ਰਾਜਿਆਂ ਦੇ ਊਠਾਂ ਦੀਆਂ ਜੰਜ਼ੀਰੀਆਂ ਵੀ ਦਿੱਤੀਆਂ।
27 ਗਿਦਾਊਨ ਨੇ ਸੋਨੇ ਦਾ ਇੱਕ ਏਫ਼ੋਦ ਬਣਾਇਆ ਅਤੇ ਇਸ ਨੂੰ ਆਪਣੇ ਜੱਦੀ ਨਗਰ, ਆਫ਼ਰਾਹ ਵਿੱਚ ਰੱਖ ਦਿੱਤਾ। ਇਸਰਾਏਲ ਦੇ ਸਾਰੇ ਲੋਕਾਂ ਨੂੰ ਇਸਦੀ ਉਪਾਸਨਾ ਕੀਤੀ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਨ੍ਹਾ ਨੇ ਏਫ਼ੋਦ ਦੀ ਉਪਾਸਨਾ ਕੀਤੀ। ਏਫ਼ੋਦ ਇੱਕ ਸ਼ਿਕੰਜਾ ਬਣ ਗਿਆ ਜਿਸਨੇ ਗਿਦਾਊਨ ਅਤੇ ਉਸ ਦੇ ਪਰਿਵਾਰ ਨੂੰ ਪਾਪ ਵਾਲੇ ਪਾਸੇ ਲਾ ਦਿੱਤਾ।
ਗਿਦਾਊਨ ਦੀ ਮੌਤ
28 ਮਿਦਯਾਨੀਆਂ ਨੂੰ ਇਸਰਾਏਲੀਆਂ ਦੀ ਹਕੂਮਤ ਹੇਠਾਂ ਰਹਿਣ ਲਈ ਮਜ਼ਬੂਰ ਕੀਤਾ ਗਿਆ। ਮਿਦਯਾਨੀਆਂ ਨੇ ਹੋਰ ਕੋਈ ਮੁਸ਼ਕਿਲ ਪੇਸ਼ ਨਹੀਂ ਕੀਤੀ। ਇਸ ਲਈ ਜਦੋਂ ਤੱਕ ਗਿਦਾਊਨ ਜਿਉਂਦਾ ਰਿਹਾ, ਉੱਥੇ ਉਸ ਧਰਤੀ ਉੱਤੇ 40 ਸਾਲਾਂ ਤੀਕ ਸ਼ਾਂਤੀ ਰਹੀ।
29 ਯੋਆਸ਼ ਦਾ ਪੁੱਤਰ ਯਰੁੱਬਆਲ (ਗਿਦਾਊਨ) ਘਰ ਚੱਲਾ ਗਿਆ।
30 ਗਿਦਾਊਨ ਦੇ ਆਪਣੇ 70 ਪੁੱਤਰ ਸਨ। ਉਸ ਦੇ ਇੰਨੇ ਜ਼ਿਆਦਾ ਪੁੱਤਰ ਇਸ ਲਈ ਸਨ ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।
31 ਗਿਦਾਊਨ ਦੀ ਇੱਕ ਘਰ ਵਾਲੀ ਸੀ ਜੋ ਕਿ ਸ਼ਕਮ ਸ਼ਹਿਰ ਵਿੱਚ ਰਹਿੰਦੀ ਸੀ। ਉਸ ਪਤਨੀ ਤੋਂ ਉਸਦਾ ਇੱਕ ਪੁੱਤਰ ਸੀ ਅਤੇ ਉਸਦਾ ਨਾਮ ਅਬੀਮਲਕ ਸੀ।
32 ਇਸ ਤਰ੍ਹਾਂ ਯੋਆਸ਼ ਦਾ ਪੁੱਤਰ ਗਿਦਾਊਨ ਬੁੱਢਾਪੇ ਦੀ ਚੰਗੀ ਪਕੇਰੀ ਉਮਰ ਵਿੱਚ ਮਰਿਆ। ਗਿਦਾਊਨ ਨੂੰ ਉਸ ਮਕਬਰੇ ਵਿੱਚ ਦਫ਼ਨਾਇਆ ਗਿਆ ਜਿਹੜਾ ਉਸ ਦੇ ਪਿਤਾ, ਯੋਆਸ਼ ਦਾ ਸੀ। ਉਹ ਮਕਬਰਾ ਆਫ਼ਰਾਹ ਸ਼ਹਿਰ ਵਿਖੇ ਹੈ ਜਿੱਥੇ ਅਬੀਅਜ਼ਰ ਪਰਿਵਾਰ ਰਹਿੰਦਾ ਹੈ।
33 ਜਿਵੇਂ ਹੀ ਗਿਦਾਊਨ ਮਰਿਆ, ਇਸਰਾਏਲ ਦੇ ਲੋਕ ਇੱਕ ਵਾਰੀ ਫ਼ੇਰ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ-ਉਹ ਬਆਲ ਦੇ ਪਿੱਛੇ ਲੱਗ ਪਏ। ਉਨ੍ਹਾਂ ਨੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।
34 ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਚੇਤੇ ਨਹੀਂ ਰਿਹਾ, ਹਾਲਾਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਉਨ੍ਹਾਂ ਸਮੂਹ ਦੁਸ਼ਮਣਾ ਤੋਂ ਬਚਾਇਆ ਸੀ ਜਿਹੜੇ ਇਸਰਾਏਲ ਦੇ ਲੋਕਾਂ ਦੇ ਆਲੇ-ਦੁਆਲੇ ਰਹਿੰਦੇ ਸਨ।
35 ਇਸਰਾਏਲ ਦੇ ਲੋਕ ਯਰੁੱਬਆਲ (ਗਿਦਾਊਨ) ਦੇ ਪਰਿਵਾਰ ਦੇ ਵੀ ਵਫ਼ਾਦਾਰ ਨਹੀਂ ਰਹੇ, ਭਾਵੇਂ ਉਸ ਨੇ ਉਨ੍ਹਾਂ ਲਈ ਅਨੇਕਾਂ ਚੰਗੀਆਂ ਗੱਲਾਂ ਕੀਤੀਆਂ ਸਨ।