ਅਬੀਮਲਕ ਰਾਜਾ ਬਣਦਾ ਹੈ
9
ਅਬੀਮਲਕ ਯਰੁੱਬਆਲ (ਗਿਦਾਊਨ) ਦਾ ਪੁੱਤਰ ਸੀ। ਅਬੀਮਲਕ ਆਪਣੇ ਉਨ੍ਹਾਂ ਚਾਚਿਆਂ ਕੋਲ ਗਿਆ ਜਿਹੜੇ ਸ਼ਕਮ ਸ਼ਹਿਰ ਵਿੱਚ ਰਹਿੰਦੇ ਸਨ। ਉਸ ਨੇ ਆਪਣੇ ਚਾਚਿਆਂ ਅਤੇ ਮਾਤਾ ਦੇ ਸਾਰੇ ਪਰਿਵਾਰ ਨੂੰ ਆਖਿਆ, “ਸ਼ਕਮ ਸ਼ਹਿਰ ਦੇ ਆਗੁਆਂ ਨੂੰ ਇਹ ਸਵਾਲ ਪੁੱਛੋ, ‘ਕੀ ਤੁਹਾਡੇ ਲਈ ਯਰੁੱਬਆਲ ਦੇ 70 ਪੁੱਤਰਾਂ ਦੀ ਹਕੂਮਤ ਬਿਹਤਰ ਹੈ ਜਾਂ ਸਿਰਫ਼ ਇੱਕ ਆਦਮੀ ਦੀ ਹਕੂਮਤ? ਚੇਤੇ ਰੱਖੋ, ਮੈਂ ਤੁਹਾਡਾ ਰਿਸ਼ਤੇਦਾਰ ਹਾਂ।’”
ਅਬੀਮਲਕ ਦੇ ਚਾਚਿਆਂ ਨੇ ਸ਼ਕਮ ਦੇ ਆਗੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ। ਸ਼ਕਮ ਦੇ ਅਗੂਆਂ ਨੇ ਅਬੀਮਲਕ ਦੇ ਪਿੱਛੇ ਲੱਗਣ ਡਾ ਨਿਆਂ ਕੀਤਾ ਅਤੇ ਆਖਿਆ, “ਆਖਰਕਾਰ ਉਹ ਸਾਡਾ ਭਰਾ ਹੈ।” ਇਸ ਲਈ ਸ਼ਕਮ ਦੇ ਆਗੂਆਂ ਨੇ ਅਬੀਮਲਕ ਨੂੰ ਚਾਂਦੀ ਦੇ 70 ਸਿੱਕੇ ਦਿੱਤੇ। ਇਹ ਚਾਂਦੀ ਬਆਲ ਬਰੀਥ ਦੇਵਤੇ ਦੇ ਮੰਦਰ ਦੀ ਸੀ। ਅਬੀਮਲਕ ਨੇ ਉਸ ਚਾਂਦੀ ਨੂੰ ਗੁਲਾਮ ਖਰੀਦਣ ਲਈ ਵਰਤਿਆ। ਇਹ ਆਦਮੀ ਬੇਕਾਰ ਅਤੇ ਲਾਪਰਵਾਹ ਸਨ ਅਤੇ ਜਿੱਥੇ ਵੀ ਅਬੀਮਲਕ ਜਾਂਦਾ ਉਹ ਉਸ ਦੇ ਨਾਲ ਜਾਂਦੇ।
ਅਬੀਮਲਕ ਆਫ਼ਰਾਹ ਵਿਖੇ ਆਪਣੇ ਪਿਤਾ ਦੇ ਘਰ ਗਿਆ। ਉਸ ਨੇ ਆਪਣੇ ਭਰਾਵਾਂ, ਆਪਣੇ ਪਿਤਾ ਯਰੁੱਬਆਲ (ਗਿਦਾਊਨ) ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਕਤਲ ਕਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਅਬੀਮਲਕ ਤੋਂ ਛੁਪ ਗਿਆ ਅਤੇ ਬਚ ਨਿਕਲਿਆ।
ਫ਼ੇਰ ਸ਼ਕਮ ਅਤੇ ਮਿੱਲੋ ਦੇ ਘਰ ਦੇ ਸਾਰੇ ਆਗੂ ਇਕੱਠੇ ਹੋਕੇ ਆਏ। ਉਹ ਸਾਰੇ ਲੋਕ ਸ਼ਕਮ ਵਿੱਚ ਵੱਡੇ ਰੁੱਖ ਵਾਲੇ ਥੰਮ ਲਾਗੇ ਇਕੱਠੇ ਹੋਏ ਅਤੇ ਅਬੀਮਲਕ ਨੂੰ ਆਪਣਾ ਰਾਜਾ ਬਣਾ ਲਿਆ।
ਯੋਥਾਮ ਦੀ ਕਹਾਣੀ
ਯੋਥਾਮ ਨੇ ਸੁਣਿਆ ਕਿ ਸ਼ਕਮ ਦੇ ਆਗੁਆਂ ਨੇ ਅਬੀਮਲਕ ਨੂੰ ਰਾਜਾ ਬਣਾ ਦਿੱਤਾ ਹੈ। ਜਦੋਂ ਉਸ ਨੇ ਇਹ ਗੱਲ ਸੁਣੀ ਤਾਂ ਉਹ ਜਾਕੇ ਗਰਿੱਜ਼ੀਮ ਪਹਾੜੀ ਦੀ ਚੋਟੀ ਉੱਤੇ ਖੜਾ ਹੋ ਗਿਆ। ਯੋਥਾਮ ਨੇ ਲੋਕਾਂ ਨੂੰ ਇਹ ਕਹਾਣੀ ਉੱਚੀ ਆਵਾਜ਼ ਵਿੱਚ ਸੁਣਾਈ:
“ਸ਼ਕਮ ਸ਼ਹਿਰ ਦੇ ਆਗੂਓ ਮੇਰੀ ਗੱਲ ਸੁਣੋ ਫ਼ੇਰ ਪਰਮੇਸ਼ੁਰ ਨੂੰ ਤੁਹਾਡੀ ਗੱਲ ਸੁਨਣ ਦਿਉ।
“ਇੱਕ ਦਿਨ ਰੁੱਖਾਂ ਨੇ ਆਪਣੇ ਉੱਪਰ ਰਾਜ ਕਰਨ ਲਈ ਇੱਕ ਰਾਜਾ ਚੁਣਨ ਦਾ ਫ਼ੈਸਲਾ ਕੀਤਾ। ਤੱਦ ਰੁੱਖਾਂ ਨੇ ਜੈਤੂਨ ਦੇ ਰੁੱਖ ਨੂੰ ਆਖਿਆ, ‘ਤੂੰ ਸਾਡਾ ਰਾਜਾ ਬਣ ਜਾ।’
“ਪਰ ਜੈਤੂਨ ਦੇ ਰੁੱਖ ਨੇ ਆਖਿਆ, ‘ਆਦਮੀ ਅਤੇ ਦੇਵਤੇ ਮੇਰੇ ਤੇਲ ਲਈ ਮੇਰੀ ਉਸਤਤਿ ਕਰਦੇ ਹਨ। ਕੀ ਮੈਨੂੰ ਆਪਣਾ ਤੇਲ ਬਨਾਉਣੋ ਹਟ ਜਾਣਾ ਚਾਹੀਦਾ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਪਰ ਹਕੂਮਤ ਕਰ ਸੱਕਾਂ!’
10 “ਤਾਂ ਰੁੱਖਾਂ ਨੇ ਅੰਜੀਰ ਦੇ ਰੁੱਖ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
11 “ਪਰ ਅੰਜੀਰ ਦੇ ਰੁੱਖ ਨੇ ਆਖਿਆ, ‘ਕੀ ਮੈਨੂੰ ਆਪਣਾ ਚੰਗਾ ਅਤੇ ਮਿਠਾ ਫ਼ਲ ਪੈਦਾ ਕਰਨੋ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਤੇ ਹਕੂਮਤ ਕਰ ਸੱਕਾਂ।’
12 “ਫ਼ੇਰ ਰੁੱਖਾਂ ਨੇ ਅੰਗੂਰ ਦੀ ਵੇਲ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
13 “ਪਰ ਅੰਗ਼ੂਰੀ ਵੇਲ ਨੇ ਆਖਿਆ, ‘ਮੇਰੀ ਮੈਅ ਆਦਮੀਆਂ ਅਤੇ ਰਾਜਿਆਂ ਨੂੰ ਖੁਸ਼ ਕਰਦੀ ਹੈ। ਕੀ ਮੈਂ ਸਿਰਫ਼ ਹੋਰਨਾਂ ਰੁੱਖਾਂ ਉੱਤੇ ਰਾਜ ਕਰਨ ਲਈ ਆਪਣੀ ਮੈਅ ਬਨਾਉਣੀ ਛੱਡ ਦੇਣੀ ਚਾਹੀਦੀ ਹੈ।’
14 “ਅਖੀਰ ਵਿੱਚ ਸਾਰੇ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
15 “ਪਰ ਕੰਡਿਆਲੀ ਝਾੜੀ ਨੇ ਆਖਿਆ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣਾ ਰਾਜਾ ਬਨਾਉਣਾ ਚਾਹੁੰਦੇ ਹੋ ਤਾਂ ਆਓ ਮੇਰੀ ਛਾਂ ਹੇਠਾਂ ਟਿਕਾਣਾ ਬਣਾ ਲਵੋ। ਪਰ ਜੇ ਤੁਸੀਂ ਇਹ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿਕਲਣ ਦਿਉ। ਉਸ ਅੱਗ ਵਿੱਚ ਲਬਾਨੋਨ ਦੇ ਦਿਆਰ ਦੇ ਰੁੱਖਾਂ ਨੂੰ ਵੀ ਸੜਨ ਦਿਉ।’
16 “ਇਸ ਲਈ ਹੁਣ, ਜੇਕਰ ਤੁਸੀਂ ਪੂਰੀ ਇਮਾਨਦਾਰੀ ਦਾ ਵਿਖਾਵਾ ਕੀਤਾ ਹੁੰਦਾ ਜਦੋਂ ਤੁਸੀਂ ਅਬੀਮਲਕ ਨੂੰ ਆਪਣੇ ਰਾਜੇ ਵਜੋਂ ਚੁਣਿਆ ਸੀ, ਤਾਂ ਮੇਰੀ ਇੱਛਾ ਹੈ ਕਿ ਤੁਸੀਂ ਉਸ ਨਾਲ ਪ੍ਰਸੰਨ ਰਹੋ। ਜੇ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਬੇਲਾਗ ਰਹੇ ਹੋਂ ਅਤੇ ਜੇਕਰ ਤੁਸੀਂ ਯਰੁੱਬਆਲ ਨਾਲ ਉਸਦੀ ਇੱਛਾ ਮੁਤਾਬਕ ਵਿਹਾਰ ਕੀਤਾ ਹੈ ਤਾਂ ਇਹ ਸਭ ਕੁਝ ਸਹੀ ਹੈ। 17 ਪਰ ਸੋਚੋ ਮੇਰੇ ਪਿਤਾ ਨੇ ਤੁਹਾਡੇ ਲਈ ਕੀ ਕੀਤਾ ਸੀ। ਮੇਰਾ ਪਿਤਾ ਤੁਹਾਡੇ ਲਈ ਲੜਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਜਦੋਂ ਉਸ ਨੇ ਤੁਹਾਨੂੰ ਮਿਦਯਾਨ ਲੋਕਾਂ ਤੋਂ ਬਚਾਇਆ ਸੀ। 18 ਪਰ ਹੁਣ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਹੋ ਤੁਸੀਂ ਮੇਰੇ ਪਿਤਾ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਦਿੱਤਾ। ਤੁਸੀਂ ਅਬੀਮਲਕ, ਮੇਰੇ ਪਿਤਾ ਦੀ ਦਾਸੀ ਦੇ ਪੁੱਤਰ ਨੂੰ ਸ਼ਕਮ ਸ਼ਹਿਰ ਦਾ ਨਵਾਂ ਰਾਜਾ ਬਣ ਦਿੱਤਾ, ਕਿਉਂਕਿ ਉਹ ਤੁਹਾਡਾ ਰਿਸ਼ਤੇਦਾਰ ਹੈ। 19 ਇਸ ਲਈ ਜੇ ਤੁਸੀਂ ਅੱਜ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਵਫ਼ਾਦਾਰ ਰਹੇ ਹੋ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਬੀਮਲਕ ਨਾਲ ਵੀ ਆਪਣੇ ਰਾਜੇ ਵਜੋਂ ਖੁਸ਼ ਹੋ। ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਪ੍ਰਸੰਨ ਹੋਵੇਗਾ। 20 ਪਰ ਸ਼ਕਮ ਅਤੇ ਮਿੱਲੋ ਪਰਿਵਾਰ ਦੇ ਆਗੂਓ, ਜੇ ਤੁਸੀਂ ਠੀਕ ਵਿਹਾਰ ਨਾ ਕੀਤਾ ਹੋਵੇ ਤਾਂ ਅਬੀਮਲਕ ਤੁਹਾਨੂੰ ਤਬਾਹ ਕਰ ਦੇਵੇ ਅਤੇ ਤੁਸੀਂ ਵੀ ਅਬੀਮਲਕ ਨੂੰ ਤਬਾਹ ਕਰ ਦੇਵੋਂਗੇ।”
21 ਇਹ ਸਾਰਾ ਕੁਝ ਕਹਿਣ ਤੋਂ ਬਾਦ ਯੋਥਾਮ ਦੌੜ ਗਿਆ। ਉਹ ਬਏਰ ਨਾਮ ਦੇ ਸ਼ਹਿਰ ਵਿੱਚ ਭੱਜ ਕੇ ਜਾ ਵੜਿਆ। ਉਹ ਉਸੇ ਸ਼ਹਿਰ ਵਿੱਚ ਰਿਹਾ ਕਿਉਂਕਿ ਉਹ ਆਪਣੇ ਭਰਾ ਅਬੀਮਲਕ ਤੋਂ ਡਰਦਾ ਸੀ।
ਅਬੀਮਲਕ ਸ਼ਕਮ ਦੇ ਵਿਰੁੱਧ ਲੜਦਾ ਹੈ
22 ਅਬੀਮਲਕ ਨੇ ਇਸਰਾਏਲ ਦੇ ਲੋਕਾਂ ਉੱਤੇ ਤਿੰਨ ਸਾਲ ਰਾਜ ਕੀਤਾ। 23-24 ਅਬੀਮਲਕ ਨੇ ਯਰੁੱਬਆਲ ਦੇ 70 ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਹ ਅਬੀਮਲਕ ਦੇ ਆਪਣੇ ਭਰਾ ਸਨ! ਸ਼ਕਮ ਦੇ ਆਗੂਆਂ ਨੇ ਉਸ ਨੂੰ ਅਜਿਹਾ ਕਰਨ ਵਿੱਚ ਮਦਦ ਕੀਤੀ ਸੀ। ਇਸ ਲਈ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਆਗੂਆਂ ਵਿੱਚਕਾਰ ਇੱਕ ਦੁਸ਼ਟ ਆਤਮਾ ਨੂੰ ਭੇਜ ਦਿੱਤਾ, ਅਤੇ ਉਨ੍ਹਾਂ ਨੇ ਅਬੀਮਲਕ ਦੇ ਵਿਰੁੱਧ ਵਿਦ੍ਰੋਹ ਕਰ ਦਿੱਤਾ। 25 ਸ਼ਕਮ ਦੇ ਆਗੂ ਹੁਣ ਹੋਰ ਵੱਧੇਰੇ ਅਬੀਮਲਕ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਆਦਮੀਆਂ ਨੂੰ ਪਹਾੜੀਆਂ ਦੀਆਂ ਚੋਟੀਆਂ ਉੱਤੇ ਘਾਤ ਲਾਕੇ ਬਿਠਾ ਦਿੱਤਾ ਤਾਂ ਜੋ ਉਹ ਸਾਰੇ ਯਾਤਰੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਸੱਕਣ। ਅਬੀਮਲਕ ਨੂੰ ਇਨ੍ਹਾਂ ਹਮਲਿਆਂ ਦਾ ਪਤਾ ਲੱਗ ਗਿਆ।
26 ਇੱਕ ਬੰਦਾ ਜਿਸਦਾ ਨਾਮ ਗਆਲ ਸੀ ਅਤੇ ਜੋ ਅਬਦ ਦਾ ਪੁੱਤਰ ਸੀ, ਆਪਣੇ ਭਰਾਵਾਂ ਸਮੇਤ ਸ਼ਕਮ ਸ਼ਹਿਰ ਵਿੱਚ ਆ ਵਸਿਆ। ਸ਼ਕਮ ਸ਼ਹਿਰ ਦੇ ਆਗੂਆਂ ਨੇ ਗਆਲ ਉੱਤੇ ਭਰੋਸਾ ਕਰਨ ਅਤੇ ਉਸ ਦੇ ਪਿੱਛੇ ਲੱਗਣ ਦਾ ਨਿਆਂ ਕਰ ਲਿਆ।
27 ਇੱਕ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਅੰਗੂਰ ਤੋੜਨ ਗਏ। ਲੋਕਾਂ ਨੇ ਅੰਗੂਰਾਂ ਨੂੰ ਮੈਅ ਬਨਾਉਣ ਲਈ ਨਿਚੋੜਿਆ। ਅਤੇ ਫ਼ੇਰ ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿਖੇ ਦਾਵਤ ਕੀਤੀ। ਲੋਕਾਂ ਨੇ ਖਾਧਾ-ਪੀਤਾ ਅਤੇ ਅਬੀਮਲਕ ਨੂੰ ਬੁਰਾ ਭਲਾ ਆਖਿਆ।
28 ਫ਼ੇਰ ਅਬਦ ਦੇ ਪੁੱਤਰ ਗਆਲ ਨੇ ਆਖਿਆ, “ਅਸੀਂ ਸ਼ਕਮ ਦੇ ਬੰਦੇ ਹਾਂ। ਅਸੀਂ ਅਬੀਮਲਕ ਦਾ ਹੁਕਮ ਕਿਉਂ ਮੰਨੀਏ? ਉਹ ਕੀ ਸੋਚਦਾ ਹੈ ਕਿ ਉਹ ਕੌਣ ਹੈ? ਅਬੀਮਲਕ ਯਰੁੱਬਆਲ ਦੇ ਪੁੱਤਰਾਂ ਵਿੱਚੋਂ ਇੱਕ ਹੈ, ਠੀਕ? ਅਤੇ ਅਬੀਮਲਕ ਨੇ ਜ਼ਬੂਲ ਨੂੰ ਆਪਣਾ ਅਧਿਕਾਰੀ ਬਣਾਇਆ, ਠੀਕ? ਸਾਨੂੰ ਅਬਮੀਲਕ ਦਾ ਹੁਕਮ ਨਹੀਂ ਮੰਨਣਾ ਚਾਹੀਦਾ! ਸਾਨੂੰ ਆਪਣੇ ਲੋਕਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ, ਹਮੋਰ ਦੇ ਲੋਕਾਂ ਦੇ। (ਹਮੋਰ ਸ਼ਕਮ ਦਾ ਪਿਤਾ ਸੀ।) 29 ਜੇ ਤੁਸੀਂ ਮੈਨੂੰ ਇਨ੍ਹਾਂ ਲੋਕਾਂ ਦਾ ਕਮਾਂਡਰ ਬਣਾ ਦਿਉ ਤਾਂ ਮੈਂ ਅਬੀਮਲਕ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਨੂੰ ਆਖਾਂਗਾ, ‘ਆਪਣੀ ਫ਼ੌਜ ਤਿਆਰ ਕਰ ਅਤੇ ਜੰਗ ਕਰਨ ਲਈ ਬਾਹਰ ਆ।’”
30 ਜ਼ਬੂਲ ਸ਼ਕਮ ਸ਼ਹਿਰ ਦਾ ਗਵਰਨਰ ਸੀ। ਜ਼ਬੂਲ ਨੇ ਉਹ ਗੱਲ ਸੁਣ ਲਈ ਜਿਹੜੀ ਅਬਦ ਦੇ ਪੁੱਤਰ ਗਆਲ ਨੇ ਆਖੀ ਸੀ, ਅਤੇ ਜ਼ਬੂਤ ਬਹੁਤ ਗੁਸੇ ਵਿੱਚ ਆ ਗਿਆ। 31 ਜ਼ਬੂਲ ਨੇ ਅਰੁਮਾਹ ਸ਼ਹਿਰ ਵਿੱਚ ਅਬੀਮਲਕ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਹੈ:
“ਅਬਦ ਦੇ ਪੁੱਤਰ ਗਆਲ ਅਤੇ ਗਆਲ ਦੇ ਭਰਾ ਸ਼ਕਮ ਸ਼ਹਿਰ ਵਿੱਚ ਆ ਗਏ ਹਨ। ਉਹ ਤੇਰੇ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਗਆਲ ਸਾਰੇ ਸ਼ਹਿਰ ਨੂੰ ਤੇਰੇ ਵਿਰੁੱਧ ਭੜਕਾ ਰਿਹਾ ਹੈ। 32 ਇਸ ਲਈ ਹੁਣ ਤੈਨੂੰ ਅਤੇ ਤੇਰੇ ਬੰਦਿਆਂ ਨੂੰ ਅੱਜ ਰਾਤ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਤੋਂ ਬਾਹਰ ਖੇਤਾਂ ਅੰਦਰ ਛੁਪ ਜਾਣਾ ਚਾਹੀਦਾ ਹੈ। 33 ਫ਼ੇਰ, ਜਦੋਂ ਸਵੇਰੇ ਸੂਰਜ ਚੜ੍ਹੇ, ਸ਼ਹਿਰ ਉੱਤੇ ਹਮਲਾ ਕਰ ਦੇਣਾ। ਗਆਲ ਅਤੇ ਉਸ ਦੇ ਬੰਦੇ ਸ਼ਹਿਰ ਤੋਂ ਬਾਹਰ ਤੇਰੇ ਨਾਲ ਲੜਨ ਲਈ ਆਉਣਗੇ। ਜਦੋਂ ਉਹ ਆਦਮੀ ਲੜਨ ਲਈ ਬਾਹਰ ਆਉਣ ਤਾਂ ਜੋ ਕੁਝ ਤੂੰ ਉਨ੍ਹਾਂ ਨਾਲ ਕਰ ਸੱਕਦਾ ਹੈਂ ਉਨ੍ਹਾਂ ਨਾਲ ਕਰਨਾ।”
34 ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਸਿਪਾਹੀ ਰਾਤ ਵੇਲੇ ਉੱਠ ਖਲੋਤੇ ਅਤੇ ਸ਼ਹਿਰ ਵੱਲ ਗਏ। ਉਹ ਸਿਪਾਹੀ ਚਾਰ ਭਾਗਾਂ ਵਿੱਚ ਵੰਡੇ ਗਏ। ਉਹ ਸ਼ਕਮ ਸ਼ਹਿਰ ਦੇ ਨੇੜੇ ਛੁਪ ਗਏ। 35 ਅਬਦ ਦਾ ਪੁੱਤਰ ਗਆਲ ਬਾਹਰ ਨਿਕਲਿਆ ਅਤੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਉੱਤੇ ਖਲੋਤਾ ਸੀ। ਜਦੋਂ ਗਆਲ ਉੱਥੇ ਖਲੋਤਾ ਹੋਇਆ ਸੀ, ਅਬੀਮਲਕ ਅਤੇ ਉਸ ਦੇ ਸਿਪਾਹੀ ਆਪਣੀਆਂ ਛੁਪਣਗਾਹਾਂ ਵਿੱਚੋਂ ਬਾਹਰ ਨਿਕਲ ਆਏ।
36 ਗਆਲ ਨੇ ਸਿਪਾਹੀਆਂ ਨੂੰ ਦੇਖਿਆ। ਗਆਲ ਨੇ ਜ਼ਬੂਲ ਨੂੰ ਆਖਿਆ, “ਦੇਖ ਇੱਥੇ ਲੋਕ ਪਹਾੜਾ ਵਿੱਚੋਂ ਹੇਠਾਂ ਆ ਰਹੇ ਹਨ।”
ਪਰ ਜ਼ਬੂਲ ਨੇ ਆਖਿਆ, “ਤੂੰ ਸਿਰਫ਼ ਪਹਾੜਾਂ ਦੇ ਪਰਛਾਵੇਂ ਦੇਖ ਰਿਹਾ ਹੈਂ। ਬਸ ਪਰਛਾਵੇਂ ਲੋਕਾਂ ਵਰਗੇ ਜਾਪਦੇ ਹਨ।”
37 ਪਰ ਇੱਕ ਵਾਰ ਫ਼ੇਰ ਗਆਲ ਨੇ ਆਖਿਆ, “ਲੋਕ ਧਰਤੀ ਦੀ ਉੱਚੀ ਥਾਂ ਤੋਂ ਹੇਠਾਂ ਆ ਰਹੇ ਹਨ। ਅਤੇ ਉੱਥੇ! ਮੈਂ ਇੱਕ ਟੋਲੇ ਨੂੰ ਭਵਿੱਖਵਕਤਾ ਦੇ ਦ੍ਰੱਖਤ ਦੇ ਨੇੜੇ ਵੇਖਿਆ ਹੈ।” 38 ਜ਼ਬੂਲ ਨੇ ਗਆਲ ਨੂੰ ਆਖਿਆ, “ਤੂੰ ਹੁਣ ਫ਼ੜਾਂ ਕਿਉਂ ਨਹੀਂ ਮਾਰ ਰਿਹਾ? ਤੂੰ ਆਖਿਆ ਸੀ, ‘ਅਬੀਮਲਕ ਕੌਣ ਹੈ? ਅਸੀਂ ਉਸਦਾ ਹੁਕਮ ਕਿਉਂ ਮੰਨੀਏ?’ ਤੂੰ ਉਨ੍ਹਾਂ ਲੋਕਾਂ ਨੂੰ ਤ੍ਰਿਸੱਕਾਰਿਆ ਸੀ। ਹੁਣ ਬਾਹਰ ਜਾਕੇ ਉਨ੍ਹਾਂ ਨਾਲ ਲੜ।”
39 ਇਸ ਲਈ ਗਆਲ ਨੇ ਸ਼ਕਮ ਦੇ ਆਗੂਆਂ ਦੀ ਅਬੀਮਲਕ ਨਾਲ ਲੜਨ ਵਿੱਚ ਅਗਵਾਈ ਕੀਤੀ। 40 ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਗਆਲ ਅਤੇ ਉਸ ਦੇ ਬੰਦਿਆਂ ਦਾ ਪਿੱਛਾ ਕੀਤਾ। ਗਆਲ ਦੇ ਬੰਦੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਵੱਲ ਵਾਪਸ ਭੱਜੇ। ਬਹੁਤ ਸਾਰੇ ਗਆਲ ਦੇ ਬੰਦੇ, ਇਸਤੋਂ ਪਹਿਲਾਂ ਕਿ ਉਹ ਦਰਵਾਜ਼ੇ ਤੱਕ ਵਾਪਸ ਜਾ ਸੱਕਣ, ਮਾਰੇ ਗਏ।
41 ਫ਼ੇਰ ਅਬੀਮਲਕ ਅਰੂਮਾਹ ਸ਼ਹਿਰ ਨੂੰ ਵਾਪਸ ਚੱਲਾ ਗਿਆ। ਅਤੇ ਜ਼ਬੂਲ ਨੇ ਗਆਲ ਅਤੇ ਉਸ ਦੇ ਭਰਾਵਾਂ ਨੂੰ ਸ਼ਕਮ ਸ਼ਹਿਰ ਛੱਡ ਜਾਣ ਲਾਈ ਮਜ਼ਬੂਰ ਕਰ ਦਿੱਤਾ।
42 ਅਗਲੇ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਕੰਮ ਕਰਨ ਲਈ ਗਏ। ਅਬੀਮਲਕ ਨੂੰ ਇਸਦਾ ਪਤਾ ਲੱਗ ਗਿਆ। 43 ਇਸ ਲਈ ਅਬੀਮਲਕ ਨੇ ਆਪਣੇ ਆਦਮੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਉਹ ਸ਼ਕਮ ਦੇ ਲੋਕਾਂ ਉੱਤੇ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਆਦਮੀਆਂ ਨੂੰ ਖੇਤਾਂ ਅੰਦਰ ਛੁਪਾ ਦਿੱਤਾ। ਜਦੋਂ ਉਸ ਨੇ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦਿਆਂ ਵੇਖਿਆ, ਤਾਂ ਉੱਛਲ ਪਿਆ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। 44 ਅਬੀਮਲਕ ਅਤੇ ਉਸਦਾ ਟੋਲਾ ਸ਼ਕਮ ਵੱਲ ਜਾਂਦੇ ਦਰਵਾਜ਼ੇ ਦੇ ਨੇੜੇ ਦੇ ਸਥਾਨ ਉੱਤੇ ਭੱਜਕੇ ਗਿਆ। ਦੂਸਰੇ ਦੋ ਟੋਲੇ ਬਾਹਰ ਖੇਤਾਂ ਵਿੱਚਲੇ ਲੋਕਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ। 45 ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਉਹ ਸਾਰਾ ਦਿਨ ਸ਼ਕਮ ਸ਼ਹਿਰ ਦੇ ਵਿਰੁੱਧ ਲੜਦੇ ਰਹੇ ਅਬੀਮਲਕ ਅਤੇ ਉਸ ਦੇ ਆਦਮੀਆਂ ਨੇ ਸ਼ਕਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ ਫ਼ੇਰ ਅਬੀਮਲਕ ਨੇ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਖੰਡਰਾਂ ਉੱਤੇ ਨਮਕ ਛਿੜਕ ਦਿੱਤਾ।
46 ਉੱਥੇ ਸ਼ਕਮ ਵਿੱਚਲੇ ਮੁਨਾਰੇ ਵਿੱਚ ਕੁਝ ਲੋਕ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਸੁਣਿਆ ਕਿ ਸ਼ਕਮ ਦੇ ਲੋਕਾਂ ਨਾਲ ਕੀ ਵਾਪਰਿਆ ਸੀ, ਉਹ ਜਾਕੇ ਆਪਣੇ ਦੇਵਤੇ ਏਲ ਬੇਰੀਥ, ਦੇ ਮੰਦਰ ਦੇ ਸਭ ਤੋਂ ਸੁਰੱਖਿਅਤ ਕਮਰੇ ਵਿੱਚ ਲੁਕ ਗਏ।
47 ਅਬੀਮਲਕ ਨੇ ਸੁਣਿਆ ਕਿ ਸ਼ਕਮ ਮੁਨਾਰੇ ਦੇ ਸਾਰੇ ਆਗੂ ਇਕੱਠੇ ਹੋਏ ਸਨ। 48 ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਆਦਮੀ ਸਲਮੋਨ ਪਰਬਤ ਉੱਪਰ ਗਏ। ਅਬੀਮਲਕ ਨੇ ਇੱਕ ਕੁਹਾੜਾ ਚੁੱਕਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ। ਉਸ ਨੇ ਉਨ੍ਹਾਂ ਟਹਿਣੀਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਫ਼ੇਰ ਅਬੀਮਲਕ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਆਖਿਆ, “ਛੇਤੀ ਕਰੋ! ਜਿਵੇਂ ਮੈਂ ਕੀਤਾ ਹੈ ਤੁਸੀਂ ਵੀ ਉਵੇਂ ਹੀ ਕਰੋ।” 49 ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟ ਲਈਆਂ ਅਤੇ ਅਬੀਮਲਕ ਦੇ ਪਿੱਛੇ ਹੋ ਤੁਰੇ। ਉਨ੍ਹਾਂ ਨੇ ਉਹ ਟਹਿਣੀਆਂ ਦੇਵਤੇ ਏਲ ਬਰੀਥ ਦੇ ਸਭ ਤੋਂ ਸੁਰੱਖਿਅਤ ਕਮਰੇ ਦੇ ਨਾਲ ਢੇਰੀ ਲਾਕੇ ਰੱਖ ਦਿੱਤੀਆਂ। ਫ਼ੇਰ ਉਨ੍ਹਾਂ ਨੇ ਕਮਰੇ ਨੂੰ ਅੱਗ ਲਾ ਦਿੱਤੀ। ਇੰਝ ਸ਼ਕਮ ਦੇ ਮੁਨਾਰੇ ਵਿੱਚ ਰਹਿਣ ਵਾਲੇ ਤਕਰੀਬਨ 1,000 ਔਰਤਾਂ ਅਤੇ ਮਰਦ ਮਾਰੇ ਗਏ।
ਅਬੀਮਲਕ ਦੀ ਮੌਤ
50 ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਤੇਬੇਸ਼ ਸ਼ਹਿਰ ਨੂੰ ਗਏ। ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਉਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਪਰ ਉਸ ਸ਼ਹਿਰ ਅੰਦਰ ਇੱਕ ਮਜ਼ਬੂਤ ਮੁਨਾਰਾ ਸੀ। 51 ਸਾਰੇ ਆਗੂ, ਮਰਦ ਅਤੇ ਔਰਤਾਂ ਮੁਨਾਰੇ ਵੱਲ ਭੱਜੇ। ਜਦੋਂ ਉਹ ਮੁਨਾਰੇ ਅੰਦਰ ਚੱਲੇ ਗਏ, ਉਨ੍ਹਾਂ ਨੇ ਆਪਣੇ-ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਛੱਤ ਉੱਤੇ ਚੜ੍ਹ ਗਏ। 52 ਅਬੀਮਲਕ ਅਤੇ ਉਸ ਦੇ ਆਦਮੀ ਮੁਨਾਰੇ ਕੋਲ ਉਸ ਉੱਤੇ ਹਮਲਾ ਕਰਨ ਲਈ ਆਏ। ਉਹ ਅੱਗ ਲਾਉਣ ਲਈ ਮੁਨਾਰੇ ਦੇ ਦਰਵਾਜ਼ੇ ਤੱਕ ਗਏ। 53 ਪਰ ਜਦੋਂ ਉਹ ਮੁਨਾਰੇ ਦੇ ਦਰਵਾਜ਼ੇ ਉਤੇ ਖਲੋਤਾ ਸੀ, ਇੱਕ ਔਰਤ ਨੇ ਛੱਤ ਉੱਤੋਂ ਚੱਕੀ ਦਾ ਪੁੜ ਉਸ ਦੇ ਸਿਰ ਉੱਤੇ ਸੁੱਟ ਦਿੱਤਾ। ਜਿਸਨੇ ਉਸ ਦੇ ਸਿਰ ਦੇ ਟੋਟੇ-ਟੋਟੇ ਕਰ ਦਿੱਤੇ। 54 ਅਬੀਮਲਕ ਨੇ ਛੇਤੀ ਨਾਲ ਉਸ ਨੌਕਰ ਨੂੰ, ਜਿਹੜਾ ਉਸ ਦੇ ਹਥਿਆਰ ਚੁੱਕੀ ਖਲੋਤਾ ਸੀ, ਆਖਿਆ, “ਆਪਣੀ ਤਲਵਾਰ ਸੂਤ ਲੈ ਅਤੇ ਮੈਨੂੰ ਮਾਰਦੇ। ਮੈਂ ਚਾਹੁੰਦਾ ਹਾਂ ਕਿ ਮੈਨੂੰ ਮਾਰ ਦੇਵੇਂ ਤਾਂ ਜੋ ਲੋਕ ਮੈਨੂੰ ਇਹ ਨਾ ਆਖਣ, ‘ਇੱਕ ਔਰਤ ਨੇ ਅਬੀਮਲਕ ਨੂੰ ਮਾਰ ਦਿੱਤਾ।’” ਇਸ ਲਈ ਨੌਕਰ ਨੇ ਅਬੀਮਲਕ ਉੱਪਰ ਤਲਵਾਰ ਦਾ ਵਾਰ ਕੀਤਾ ਅਤੇ ਅਬੀਮਲਕ ਮਰ ਗਿਆ। 55 ਇਸਰਾਏਲ ਦੇ ਲੋਕਾਂ ਨੇ ਦੇਖਿਆ ਕਿ ਅਬੀਮਲਕ ਮਾਰਿਆ ਗਿਆ ਹੈ। ਇਸ ਲਈ ਉਹ ਸਾਰੇ ਘਰ ਚਏ ਗਏ।
56 ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਉਸ ਦੇ ਮੰਦੇ ਕਂਮਾ ਦੀ ਸਜ਼ਾ ਦਿੱਤੀ। ਅਬੀਮਲਕ ਨੇ ਆਪਣੇ 70 ਭਰਾਵਾਂ ਨੂੰ ਮਾਰਕੇ ਆਪਣੇ ਹੀ ਪਿਤਾ ਦੇ ਖਿਲਾਫ਼ ਪਾਪ ਕੀਤਾ ਸੀ। 57 ਪਰਮੇਸ਼ੁਰ ਨੇ ਸ਼ਕਮ ਦੇ ਸ਼ਹਿਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿੱਤੀ। ਇਸ ਲਈ ਜਿਹੜੀਆਂ ਗੱਲਾਂ ਯੋਥਾਮ ਨੇ ਆਖੀਆਂ ਸਨ ਉਹ ਸੱਚ ਸਿੱਧ ਹੋਈਆਂ। (ਯੋਥਾਮ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਸੀ। ਯਰੁੱਬਆਲ ਗਿਦਾਊਨ ਸੀ।)