True Justice
18
ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਤੁਸੀਂ ਲੋਕ ਇਹ ਮੁਹਾਵਰਾ ਦੁਹਰਾਉਂਦੇ ਰਹਿੰਦੇ ਹੋ। ਤੁਸੀਂ ਆਖਦੇ ਹੋ:
‘ਮਾਪਿਆਂ ਨੇ ਖਾਧੇ ਖੱਟੇ ਅੰਗੂਰ,
ਪਰ ਬੱਚਿਆਂ ਨੂੰ ਆਇਆ ਖੱਟਾ ਸੁਆਦ।’”
ਤੁਸੀਂ ਸੋਚਦੇ ਹੋ ਕਿ ਤੁਸੀਂ ਪਾਪ ਕਰ ਸੱਕਦੇ ਹੋਂ, ਅਤੇ ਇਸ ਲਈ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨੂੰ ਸਜ਼ਾ ਮਿਲੇਗੀ। ਪਰ ਯਹੋਵਾਹ ਮੇਰੇ ਪ੍ਰਭੂ ਆਖਦਾ ਹੈ, “ਮੈਂ ਆਪਣੇ ਜੀਵਨ ਨੂੰ ਸਾਹਮਣੇ ਰੱਖ ਕੇ ਇਕਰਾਰ ਕਰਦਾ ਹਾਂ ਕਿ ਇਸਰਾਏਲ ਦੇ ਲੋਕ ਹੋਰ ਵੱਧੇਰੇ ਇਹ ਆਖਣੀ ਨਹੀਂ ਵਰਤਣਗੇ। ਮੈਂ ਹਰ ਬੰਦੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਾਂਗਾ। ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਉਹ ਬੰਦਾ ਮਾਪਾ ਹੈ ਜਾਂ ਬੱਚਾ। ਜਿਹੜਾ ਬੰਦਾ ਪਾਪ ਕਰਦਾ ਹੈ ਓਹੀ ਮਰੇਗਾ!
“ਜੇ ਕੋਈ ਬੰਦਾ ਨੇਕ ਹੈ ਤਾਂ ਉਹ ਜੀਵੇਗਾ! ਉਹ ਨੇਕ ਬੰਦਾ ਲੋਕਾਂ ਨਾਲ ਨਿਰਪੱਖ ਹੋਕੇ ਵਿਹਾਰ ਕਰਦਾ ਹੈ। ਉਹ ਨੇਕ ਬੰਦਾ ਪਰਬਤਾਂ ਤੇ ਨਹੀਂ ਜਾਂਦਾ ਅਤੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਵਿੱਚਲੇ ਉਨ੍ਹਾਂ ਬੁੱਤਾਂ ਅੱਗੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ। ਉਹ ਮਹਾਵਾਰੀ ਸਮੇਂ ਆਪਣੀ ਪਤਨੀ ਨਾਲ ਸੰਭੋਗ ਨਹੀਂ ਕਰਦਾ। ਉਹ ਨੇਕ ਬੰਦਾ ਲੋਕਾਂ ਦਾ ਫ਼ਾਇਦਾ ਨਹੀਂ ਉੱਠਾਂਦਾ। ਜੇ ਕੋਈ ਬੰਦਾ ਉਸ ਪਾਸੋਂ ਪੈਸਾ ਉਧਾਰ ਲੈਂਦਾ ਹੈ ਉਹ ਬੰਦਾ ਕੋਈ ਚੀਜ਼ ਗਹਿਣੇ ਰੱਖ ਕੇ ਦੂਸਰੇ ਬੰਦੇ ਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਉਧਾਰ ਚੁਕਾ ਦਿੰਦਾ ਹੈ ਤਾਂ ਉਹ ਉਹ ਗਹਿਣੇ ਧਰੀ ਚੀਜ਼ ਵਾਪਸ ਕਰ ਦਿੰਦਾ ਹੈ। ਉਹ ਨੇਕ ਬੰਦਾ ਭੁੱਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦਾਂ ਨੂੰ ਕੱਪੜੇ ਦਿੰਦਾ ਹੈ। ਜੇ ਕੋਈ ਬੰਦਾ ਪੈਸਾ ਉਧਾਰ ਲੈਣਾ ਚਾਹੁੰਦਾ ਹੈ ਤਾਂ ਨੇਕ ਬੰਦਾ ਉਸ ਨੂੰ ਪੈਸਾ ਉਧਾਰ ਦੇ ਦਿੰਦਾ ਹੈ। ਅਤੇ ਉਹ ਕਰਜ਼ੇ ਉੱਤੇ ਸੂਦ ਵਸੂਲ ਨਹੀਂ ਕਰਦਾ। ਉਹ ਨੇਕ ਬੰਦਾ ਧੋਖੇਬਾਜ਼ ਹੋਣ ਤੋਂ ਇਨਕਾਰ ਕਰਦਾ ਹੈ। ਉਹ ਹਰੇਕ ਬੰਦੇ ਨਾਲ ਬੇਲਾਗ ਹੁੰਦਾ ਹੈ। ਲੋਕ ਉਸ ਉੱਤੇ ਭਰੋਸਾ ਕਰ ਸੱਕਦੇ ਹਨ। ਉਹ ਮੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹੈ। ਉਹ ਮੇਰੇ ਨਿਆਂਇਆਂ ਬਾਰੇ ਸੋਚਦਾ ਹੈ ਅਤੇ ਨਿਰਪੱਖ ਅਤੇ ਭਰੋਸੇਯੋਗ ਹੋਣਾ ਸਿੱਖਦਾ ਹੈ। ਉਹ ਨੇਕ ਬੰਦਾ ਹੈ ਇਸ ਲਈ ਜੀਵੇਗਾ।
10 “ਪਰ ਹੋ ਸੱਕਦਾ ਹੈ ਕਿ ਉਸ ਨੇਕ ਬੰਦੇ ਦਾ ਕੋਈ ਪੁੱਤਰ ਅਜਿਹਾ ਹੋਵੇ ਜਿਹੜਾ ਇਹੋ ਜਿਹੀ ਕੋਈ ਵੀ ਚੰਗੀ ਗੱਲ ਨਹੀਂ ਕਰਦਾ। ਉਹ ਪੁੱਤਰ ਭਾਵੇਂ ਚੀਜ਼ਾਂ ਚੁਰਾਂਦਾ ਹੋਵੇ ਅਤੇ ਲੋਕਾਂ ਨੂੰ ਮਾਰਦਾ ਹੋਵੇ। 11 ਹੋ ਸੱਕਦਾ ਹੈ ਕਿ ਉਹ ਪੁੱਤਰ ਇਨ੍ਹਾਂ ਵਿੱਚੋਂ ਕੋਈ ਇੱਕ ਮਾੜੀ ਗੱਲ ਕਰਦਾ ਹੋਵੇ। ਹੋ ਸੱਕਦਾ ਹੈ ਉਹ ਪਰਬਤਾਂ ਉੱਤੇ ਜਾਂਦਾ ਹੋਵੇ ਅਤੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਭੋਜਨ ਨੂੰ ਸਾਂਝਾ ਕਰਦਾ ਹੋਵੇ। ਹੋ ਸੱਕਦਾ ਹੈ ਕਿ ਉਹ ਮਾੜਾ ਪੁੱਤਰ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕਰਦਾ ਹੋਵੇ। 12 ਹੋ ਸੱਕਦਾ ਹੈ ਕਿ ਉਹ ਗਰੀਬ ਨਿਆਸਰੇ ਲੋਕਾਂ ਨਾਲ ਬਦਸਲੂਕੀ ਕਰਦਾ ਹੋਵੇ। ਹੋ ਸੱਕਦਾ ਹੈ ਕਿ ਉਹ ਕਿਸੇ ਬੰਦੇ ਦੇ ਕਰਜ਼ੇ ਵਾਪਸ ਕਰਨ ਉੱਤੇ ਅਮਾਨਤੀ ਸਮਾਨ ਵਾਪਸ ਨਾ ਕਰਦਾ ਹੋਵੇ। ਹੋ ਸੱਕਦਾ ਹੈ ਕਿ ਉਹ ਮੰਦਾ ਪੁੱਤਰ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦਾ ਹੋਵੇ ਅਤੇ ਹੋਰ ਭਿਆਨਕ ਗੱਲਾਂ ਕਰਦਾ ਹੋਵੇ। 13 ਹੋ ਸੱਕਦਾ ਹੈ ਕਿ ਕਿਸੇ ਬੰਦੇ ਨੂੰ ਉਸ ਮੰਦੇ ਪੁੱਤਰ ਕੋਲੋਂ ਪੈਸਾ ਉਧਾਰ ਲੈਣ ਦੀ ਲੋੜ ਪੈ ਜਾਵੇ। ਹੋ ਸੱਕਦਾ ਹੈ ਕਿ ਉਹ ਪੁੱਤਰ ਉਸ ਨੂੰ ਪੈਸਾ ਉਧਾਰ ਦੇ ਦੇਵੇ ਪਰ ਉਹ ਉਸ ਨੂੰ ਉਸ ਉਧਾਰ ਉੱਤੇ ਸੂਦ ਅਦਾ ਕਰਨ ਲਈ ਮਜ਼ਬੂਰ ਕਰੇਗਾ। ਇਸ ਲਈ ਉਹ ਮੰਦਾ ਪੁੱਤਰ ਨਹੀਂ ਜੀਵੇਗਾ। ਉਸ ਨੇ ਭਿਆਨਕ ਗੱਲਾਂ ਕੀਤੀਆਂ ਸਨ, ਇਸ ਲਈ ਉਹ ਮਾਰ ਦਿੱਤਾ ਜਾਵੇਗਾ। ਅਤੇ ਉਹ ਆਪਣੀ ਮੌਤ ਦਾ ਖੁਦ ਹੀ ਜ਼ਿੰਮੇਵਾਰ ਹੈ।
14 “ਹੁਣ, ਹੋ ਸੱਕਦਾ ਹੈ ਕਿ ਉਸ ਮੰਦੇ ਪੁੱਤਰ ਦਾ ਆਪਣਾ ਪੁੱਤਰ ਵੀ ਹੋਵੇ। ਹੋ ਸੱਕਦਾ ਹੈ ਕਿ ਇਹ ਪੁੱਤਰ ਆਪਣੇ ਪਿਤਾ ਦੇ ਮੰਦੇ ਕੰਮਾਂ ਨੂੰ ਦੇਖੇ ਅਤੇ ਆਪਣੇ ਪਿਤਾ ਵਾਂਗ ਜੀਵਨ ਜਿਉਣ ਤੋਂ ਇਨਕਾਰ ਕਰ ਦੇਵੇ। ਉਹ ਚੰਗਾ ਪੁੱਤਰ ਲੋਕਾਂ ਨਾਲ ਬੇਲਾਗ ਹੋਕੇ ਵਿਹਾਰ ਕਰਦਾ ਹੈ। 15 ਉਹ ਚੰਗਾ ਪੁੱਤਰ ਪਰਬਤਾਂ ਵਿੱਚ ਜਾਕੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਸਾਂਝਾ ਨਹੀਂ ਕਰਦਾ। ਉਹ ਇਸਰਾਏਲ ਦੇ ਉਨ੍ਹਾਂ ਬੁੱਤਾਂ ਸਾਹਮਣੇ ਪ੍ਰਾਰਥਨਾ ਨਹੀਂ ਕਰਦਾ। ਉਹ ਆਪਣੇ ਗਵਾਂਢੀ ਦੀ ਪਤਨੀ ਨਾਲ ਵਿਭਚਾਰ ਨਹੀਂ ਕਰਦਾ। 16 ਉਹ ਚੰਗਾ ਪੁੱਤਰ ਲੋਕਾਂ ਦਾ ਫ਼ਾਇਦਾ ਨਹੀਂ ਉੱਠਾਂਦਾ। ਜੇ ਕੋਈ ਬੰਦਾ ਉਸ ਕੋਲੋਂ ਉਧਾਰ ਲੈਂਦਾ ਹੈ ਉਹ ਚੰਗਾ ਪੁੱਤਰ ਅਮਾਨਤ ਰੱਖ ਕੇ ਉਸ ਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਪੈਸਾ ਵਾਪਸ ਕਰ ਦਿੰਦਾ ਹੈ ਤਾਂ ਉਹ ਅਮਾਨਤ ਵਾਪਸ ਕਰ ਦਿੰਦਾ ਹੈ। ਚੰਗਾ ਪੁੱਤਰ ਭੁੱਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦ ਲੋਕਾਂ ਨੂੰ ਕਪੜੇ ਦਿੰਦਾ ਹੈ। 17 ਉਹ ਗਰੀਬ ਲੋਕਾਂ ਦੀ ਸਹਾਇਤਾ ਕਰਦਾ ਹੈ। ਜੇ ਕੋਈ ਬੰਦਾ ਪੈਸਾ ਉਧਾਰ ਲੈਣਾ ਚਾਹੁੰਦਾ ਹੈ, ਉਹ ਚੰਗਾ ਪੁੱਤਰ ਉਸ ਨੂੰ ਪੈਸਾ ਉਧਾਰ ਦੇ ਦਿੰਦਾ ਹੈ। ਅਤੇ ਉਹ ਉਸ ਕਰਜ਼ੇ ਉੱਤੇ ਸੂਦ ਨਹੀਂ ਲੈਂਦਾ! ਉਹ ਚੰਗਾ ਪੁੱਤਰ ਮੇਰੇ ਕਨੂੰਨ ਨੂੰ ਕਬੂਲਦਾ ਹੈ ਅਤੇ ਮੇਰੇ ਕਨੂੰਨਾ ਦਾ ਪਾਲਣ ਕਰਦਾ ਹੈ। ਉਹ ਚੰਗਾ ਪੁੱਤਰ ਆਪਣੇ ਪਿਤਾ ਦੇ ਪਾਪਾਂ ਲਈ ਮਾਰਿਆ ਨਹੀਂ ਜਾਵੇਗਾ! ਉਹ ਚੰਗਾ ਪੁੱਤਰ ਜੀਵੇਗਾ। 18 ਪਿਤਾ ਭਾਵੇਂ ਲੋਕਾਂ ਨੂੰ ਦੁੱਖ ਦਿੰਦਾ ਹੋਵੇ ਅਤੇ ਚੀਜ਼ਾਂ ਚੋਰੀ ਕਰਦਾ ਹੋਵੇ। ਉਹ ਭਾਵੇਂ ਮੇਰੇ ਬੰਦਿਆਂ ਲਈ ਕੋਈ ਵੀ ਚੰਗਾ ਕੰਮ ਨਾ ਕਰਦਾ ਹੋਵੇ! ਉਹ ਪਿਤਾ ਆਪਣੇ ਪਾਪਾਂ ਕਾਰਣ ਮਰ ਜਾਵੇਗਾ। ਪਰ ਪੁੱਤਰ ਨੂੰ ਉਸ ਦੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ।
19 “ਤੁਸੀਂ ਪੁੱਛ ਸੱਕਦੇ ਹੋ, ‘ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਕਿਉਂ ਨਹੀਂ ਮਿਲੇਗੀ?’ ਕਾਰਣ ਇਹ ਹੈ ਕਿ ਪੁੱਤਰ ਬੇਲਾਗ ਸੀ ਅਤੇ ਉਸ ਨੇ ਚੰਗੀਆਂ ਗੱਲਾਂ ਕੀਤੀਆਂ ਸਨ! ਉਸ ਨੇ ਬੜੇ ਧਿਆਨ ਨਾਲ ਮੇਰੇ ਕਨੂੰਨਾਂ ਪਾਲਣਾ ਕੀਤੀ ਸੀ। ਇਸ ਲਈ ਉਹ ਜੀਵੇਗਾ! 20 ਜਿਹੜਾ ਬੰਦਾ ਪਾਪ ਕਰਦਾ ਹੈ ਉਹੀ ਮਾਰਿਆ ਜਾਵੇਗਾ! ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਲਈ ਸਜ਼ਾ ਨਹੀਂ ਮਿਲੇਗੀ। ਨੇਕ ਬੰਦੇ ਦੀ ਨੇਕੀ ਸਿਰਫ਼ ਓਸੇ ਦੀ ਹੀ ਹੈ। ਅਤੇ ਮਾੜੇ ਬੰਦੇ ਦੀ ਬਦੀ ਸਿਰਫ਼ ਉਸੇ ਦੀ ਹੈ।
21 “ਹੁਣ ਜੇ ਕੋਈ ਮੰਦਾ ਆਦਮੀ ਆਪਣੇ ਜੀਵਨ ਨੂੰ ਤਬਦੀਲ ਕਰ ਲੈਂਦਾ ਹੈ ਤਾਂ ਉਹ ਜੀਵੇਗਾ, ਮਰੇਗਾ ਨਹੀਂ। ਹੋ ਸੱਕਦਾ ਹੈ ਕਿ ਉਹ ਬੰਦਾ ਮੰਦੇ ਕਾਰਿਆਂ ਨੂੰ ਕਰਨੋ ਹਟ ਜਾਵੇ ਜੋ ਉਸ ਨੇ ਕੀਤੇ ਹਨ। ਹੋ ਸੱਕਦਾ ਹੈ ਕਿ ਉਹ ਮੇਰੇ ਸਾਰੇ ਕਨੂੰਨਾਂ ਨੂੰ ਧਿਆਨ ਨਾਲ ਮੰਨਣਾ ਸ਼ੁਰੂ ਕਰ ਦੇਵੇ। ਹੋ ਸੱਕਦਾ ਹੈ ਕਿ ਉਹ ਨਿਰਪੱਖ ਅਤੇ ਚੰਗਾ ਬਣ ਜਾਵੇ। 22 ਪਰਮੇਸ਼ੁਰ ਉਸ ਦੇ ਕੀਤੇ ਮਾੜੇ ਸਾਰੇ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਸਿਰਫ਼ ਉਸਦੀ ਨੇਕੀ ਨੂੰ ਚੇਤੇ ਰੱਖੇਗਾ! ਇਸ ਲਈ ਉਹ ਬੰਦਾ ਜੀਵੇਗਾ!”
23 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਮੈਂ ਨਹੀਂ ਚਾਹੁੰਦਾ ਕਿ ਮੰਦੇ ਲੋਕ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਆਪਣੀਆਂ ਜ਼ਿੰਦਗੀਆਂ ਤਬਦੀਲ ਕਰਨ ਤਾਂ ਜੋ ਉਹ ਜਿਉਂ ਸੱਕਣ!
24 “ਹੁਣ, ਹੋ ਸੱਕਦਾ ਹੈ ਕਿ ਕੋਈ ਚੰਗਾ ਬੰਦਾ ਨੇਕੀ ਛੱਡ ਦੇਵੇ। ਹੋ ਸੱਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲੇ ਅਤੇ ਉਹ ਸਾਰੀਆਂ ਭਿਆਨਕ ਗੱਲਾਂ ਕਰਨ ਲੱਗ ਜਾਵੇ ਜਿਹੜੀਆਂ ਮੰਦੇ ਬੰਦੇ ਨੇ ਅਤੀਤ ਵਿੱਚ ਕੀਤੀਆਂ ਸਨ, (ਉਹ ਮੰਦਾ ਬੰਦਾ ਤਾਂ ਤਬਦੀਲ ਹੋ ਗਿਆ ਸੀ ਇਸ ਲਈ ਉਹ ਜਿਉਂ ਸੱਕਦਾ ਹੈ!) ਇਸ ਲਈ ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬਦ ਬਣ ਜਾਂਦਾ ਹੈ, ਤਾਂ ਪਰਮੇਸ਼ੁਰ ਉਸ ਦੇ ਕੀਤੇ ਨੇਕ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਇਹ ਗੱਲ ਚੇਤੇ ਰੱਖੇਗਾ ਕਿ ਉਹ ਉਸ ਦੇ ਵਿਰੁੱਧ ਹੋ ਗਿਆ ਸੀ ਅਤੇ ਪਾਪ ਕਰਨ ਲੱਗ ਪਿਆ ਸੀ। ਇਸ ਲਈ ਉਹ ਬੰਦਾ ਅਪਣੇ ਪਾਪਾਂ ਕਾਰਣ ਮਰੇਗਾ।”
25 ਪਰਮੇਸ਼ੁਰ ਨੇ ਆਖਿਆ, “ਤੁਸੀਂ ਲੋਕ ਭਾਵੇਂ ਇਹ ਆਖੋ, ‘ਪਰਮੇਸ਼ੁਰ ਮੇਰਾ ਪ੍ਰਭੂ ਨਿਆਂਈ ਨਹੀਂ ਹੈ!’ ਪਰ ਇਸਰਾਏਲ ਦੇ ਪਰਿਵਾਰ, ਸੁਣ। ਮੈਂ ਨਿਆਈ ਹਾਂ। ਤੁਸੀਂ ਹੀ ਹੋ ਜਿਹੜੇ ਨਿਆਂਈ ਨਹੀਂ ਹੋ! 26 ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬੁਰਾ ਬਣ ਜਾਂਦਾ ਹੈ, ਤਾਂ ਉਹ ਆਪਣੇ ਕੀਤੇ ਮੰਦੇ ਕੰਮਾਂ ਕਰਕੇ ਅਵੱਸ਼ ਮਰੇਗਾ। 27 ਅਤੇ ਜੇ ਕੋਈ ਬੁਰਾ ਆਦਮੀ ਬਦਲ ਜਾਂਦਾ ਹੈ ਅਤੇ ਨੇਕ ਅਤੇ ਨਿਰਪੱਖ ਬਣ ਜਾਂਦਾ ਹੈ, ਤਾਂ ਉਹ ਆਪਣੀ ਜ਼ਿੰਦਗੀ ਬਚਾ ਲਵੇਗਾ। ਉਹ ਜੀਵੇਗਾ! 28 ਉਸ ਬੰਦੇ ਨੇ ਇਹ ਦੇਖ ਲਿਆ ਕਿ ਉਹ ਕਿੰਨਾ ਬੁਰਾ ਸੀ ਅਤੇ ਮੇਰੇ ਵੱਲ ਵਾਪਸ ਪਰਤ ਆਇਆ। ਉਸ ਨੇ ਉਹ ਮਾੜੇ ਕੰਮ ਕਰਨੇ ਛੱਡ ਦਿੱਤੇ ਜਿਹੜੇ ਉਹ ਅਤੀਤ ਵਿੱਚ ਕਰਦਾ ਸੀ। ਇਸ ਲਈ ਉਹ ਜੀਵੇਗਾ! ਉਹ ਮਰੇਗਾ ਨਹੀਂ!”
29 ਇਸਰਾਏਲ ਦੇ ਲੋਕਾਂ ਨੇ ਆਖਿਆ, “ਇਹ ਇਨਸਾਫ਼ ਵਾਲੀ ਗੱਲ ਨਹੀਂ ਹੈ! ਯਹੋਵਾਹ ਮੇਰਾ ਪ੍ਰਭੂ ਨਿਰਪੱਖ ਨਹੀਂ ਹੈ!”
ਪਰਮੇਸ਼ੁਰ ਨੇ ਆਖਿਆ, “ਮੈਂ ਨਿਰਪੱਖ ਹਾਂ! ਤੁਸੀਂ ਹੀ ਹੋ ਜਿਹੜੇ ਨਿਰਪੱਖ ਨਹੀਂ ਹੋ! 30 ਕਿਉਂ ਕਿ ਇਸਰਾਏਲ ਦੇ ਪਰਿਵਾਰ, ਮੈਂ ਹਰ ਬੰਦੇ ਦਾ ਨਿਆਂ ਉਸ ਦੇ ਕੀਤੇ ਅਮਲਾਂ ਦੇ ਅਧਾਰ ਤੇ ਹੀ ਕਰਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਇਸ ਲਈ ਮੇਰੇ ਵੱਲ ਵਾਪਸ ਪਰਤ ਆਓ! ਬੁਰੇ ਕੰਮ ਕਰਨੇ ਛੱਡ ਦਿਓ! ਤੁਹਾਡੇ ਪਾਧਾਂ ਨੂੰ ਤੁਹਾਨੂੰ ਬਰਬਾਦ ਨਾ ਕਰਨ ਦਿਓ। 31 ਉਨ੍ਹਾਂ ਸਾਰੀਆਂ ਭਿਆਨਕ ਚੀਜ਼ਾਂ ਤੋਂ ਖਹਿੜਾ ਛੁਡਾ ਲਵੋ ਜੋ ਤੁਸੀਂ ਕਰਦੇ ਰਹੇ ਹੋਂ। ਆਪਣੇ ਦਿਲ ਅਤੇ ਆਪਣੇ ਆਤਮੇ ਨੂੰ ਬਦਲ ਦਿਓ! ਇਸਰਾਏਲ ਦੇ ਲੋਕੋ, ਤੁਸੀਂ ਆਪਣੇ ਆਪ ਲਈ ਮੌਤ ਕਿਉਂ ਲਿਆਉਂਦੇ ਹੋਂ? 32 ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ! ਮੇਰੇ ਵੱਲ ਵਾਪਸ ਪਰਤ ਆਵੋ ਅਤੇ ਜੀਵੋ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।