Israel Turned Away From God
20
1 ਇੱਕ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਮੇਰੇ ਪਾਸ ਯਹੋਵਾਹ ਕੋਲੋ ਸਲਾਹ ਪੁੱਛਣ ਲਈ ਆਏ। ਇਹ ਦੇਸ ਨਿਕਾਲੇ ਦੇ 7ਵੇਂ ਵਰ੍ਹੇ ਦੇ 5ਵੇਂ ਮਹੀਨੇ (ਅਗਸਤ) ਦਾ 10ਵਾਂ ਦਿਨ ਸੀ। ਬਜ਼ੁਰਗ ਮੇਰੇ ਸਾਹਮਣੇ ਬੈਠ ਗਏ।
2 ਤਾਂ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,
3 “ਆਦਮੀ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਕੀ ਤੁਸੀਂ ਲੋਕ ਮੇਰੀ ਸਲਾਹ ਮੰਗਣ ਆਏ ਹੋ? ਜੇ ਤੁਸੀਂ ਅਜਿਹਾ ਕਰਨ ਲਈ ਆਏ ਹੋ, ਤਾਂ ਮੈਂ ਤੁਹਾਨੂੰ ਇਹ ਨਹੀਂ ਦੇਵਾਂਗਾ। ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।’
4 ਕੀ ਤੁਹਾਨੂੰ ਉਨ੍ਹਾਂ ਬਾਰੇ ਨਿਆਂ ਕਰਨਾ ਚਾਹੀਦਾ ਹੈ? ਕੀ ਤੁਸੀਂ ਉਨ੍ਹਾਂ ਦਾ ਨਿਆਂ ਕਰੋਂਗੇ, ਆਦਮੀ ਦੇ ਪੁੱਤਰ? ਤੁਹਾਨੂੰ ਉਨ੍ਹਾਂ ਨੂੰ ਉਹ ਭਿਆਨਕ ਗੱਲਾਂ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਦੇ ਪੁਰਖਿਆਂ ਨੇ ਕੀਤੀਆਂ ਹਨ।
5 ਤੁਹਾਨੂੰ ਉਨ੍ਹਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ: ਜਿਸ ਦਿਨ ਮੈ ਇਸਰਾਏਲ ਨੂੰ ਚੁਣਿਆ ਸੀ, ਮੈਂ ਯਕੱੂਬ ਦੇ ਪਰਿਵਾਰ ਲਈ ਹੱਥ ਖੜਾ ਕੀਤਾ ਸੀ ਅਤੇ ਉਨ੍ਹਾਂ ਨਾਲ ਮਿਸਰ ਵਿੱਚ ਇੱਕ ਇਕਰਾਰ ਕੀਤਾ ਸੀ। ਮੈਂ ਆਪਣਾ ਹੱਥ ਖੜਾ ਕੀਤਾ ਸੀ ਅਤੇ ਆਖਿਆ ਸੀ, “ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ।”
6 ਉਸ ਦਿਨ, ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਜਾਣ ਦਾ ਇਕਰਾਰ ਕੀਤਾ ਸੀ ਉਸ ਧਰਤੀ ਵੱਲ ਤੁਹਾਡੀ ਅਗਵਾਈ ਕੀਤੀ ਸੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਸਾਂ। ਉਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਚੰਗੀ ਧਰਤੀ ਸੀ। ਇਹ ਸਾਰੇ ਦੇਸਾਂ ਵਿੱਚੋਂ ਸਭ ਤੋਂ ਸੁੰਦਰ ਸੀ!
7 “‘ਮੈਂ ਇਸਰਾਏਲ ਦੇ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣੇ ਭਿਆਨਕ ਬੁੱਤਾਂ ਨੂੰ ਪਰ੍ਹਾਂ ਸੁੱਟ ਦੇਣ। ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਮਿਸਰ ਦੀਆਂ ਮੂਰਤੀਆਂ ਨਾਲ ਨਾਪਾਕ ਨਾ ਹੋਣ। “ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
8 ਪਰ ਉਹ ਮੇਰੇ ਵਿਰੁੱਧ ਹੋ ਗਏ ਅਤੇ ਮੈਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨੂੰ ਨਹੀਂ ਸੁੱਟਿਆ। ਉੱਨ੍ਹਾਂ ਨੇ ਆਪਣੀਆਂ ਮੂਰਤੀਆਂ ਨੂੰ ਮਿਸਰ ਵਿੱਚ ਨਹੀਂ ਛੱਡਿਆ। ਇਸ ਲਈ ਮੈਂ (ਪਰਮੇਸ਼ੁਰ ਨੇ) ਉਨ੍ਹਾਂ ਨੂੰ ਮਿਸਰ ਵਿੱਚ ਤਬਾਹ ਕਰਨ ਦਾ ਨਿਆਂ ਕੀਤਾ-ਮੈਂ ਉਨ੍ਹਾਂ ਨੂੰ ਆਪਣੇ ਕਹਿਰ ਦੀ ਪੂਰੀ ਤਾਕਤ ਮਹਿਸੂਸ ਕਰਨ ਦਿੱਤੀ।
9 ਪਰ ਮੈਂ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਮੈਂ ਆਪਣੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਜਾਵਾਂਗਾ। ਮੈਂ ਆਪਣੀ ਨੇਕ-ਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਹਮਣੇ ਬਰਬਾਦ ਨਹੀਂ ਕੀਤਾ, ਜਿਨ੍ਹਾਂ ਦਰਮਿਆਨ ਇਸਰਾਏਲੀ ਰਹਿੰਦੇ ਸਨ।
10 ਮੈਂ ਇਸਰਾਏਲ ਦੇ ਪਰਿਵਾਰ ਨੂੰ ਮਿਸਰ ਤੋਂ ਬਾਹਰ ਲੈ ਆਇਆ। ਮੈਂ ਉਨ੍ਹਾਂ ਦੀ ਮਾਰੂਬਲ ਵਿੱਚ ਅਗਵਾਈ ਕੀਤੀ।
11 ਫ਼ੇਰ ਮੈਂ ਉਨ੍ਹਾਂ ਨੂੰ ਅਪਣੇ ਕਨੂੰਨ ਦਿੱਤੇ। ਮੈਂ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਬਿਧੀਆਂ ਦੱਸ ਦਿੱਤੀਆਂ। ਜੇ ਕੋਈ ਬੰਦਾ ਉਨ੍ਹਾਂ ਬਿਧੀਆਂ ਤੇ ਚੱਲੇਗਾ ਤਾਂ ਉਹ ਜੀਵੇਗਾ।
12 ਮੈਂ ਉਨ੍ਹਾਂ ਨੂੰ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਵੀ ਦੱਸ ਦਿੱਤਾ ਸੀ। ਉਹ ਖਾਸ ਦਿਨ ਮੇਰੇ ਅਤੇ ਉਨ੍ਹਾਂ ਦੇ ਦਰਮਿਆਨ ਖਾਸ ਨਿਸ਼ਾਨ ਸਨ। ਉਨ੍ਹਾਂ ਨੇ ਦਰਸਾਇਆ ਕਿ ਮੈਂ ਯਹੋਵਾਹ ਹਾਂ ਅਤੇ ਉਨ੍ਹਾਂ ਨੂੰ ਆਪਣੇ ਲਈ ਖਾਸ ਬਣਾ ਰਿਹਾ ਸਾਂ।
13 “‘ਪਰ ਇਸਰਾਏਲ ਦਾ ਪਰਿਵਾਰ ਮਾਰੂਬਲ ਵਿੱਚ ਮੇਰੇ ਵਿਰੁੱਧ ਹੋ ਗਿਆ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜੇ ਕੋਈ ਬੰਦਾ ਉਨ੍ਹਾਂ ਕਨੂੰਨ ਨੂੰ ਮਂਨੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਉਨ੍ਹਾਂ ਨੇ ਉਨ੍ਹਾਂ ਦਿਨਾਂ ਵਿੱਚ ਕਈ ਵਾਰੀ ਕੰਮ ਕੀਤਾ। ਮੈਂ ਉਨ੍ਹਾਂ ਨੂੰ ਮਾਰੂਬਲ ਵਿੱਚ ਬਰਬਾਦ ਕਰਨ ਦਾ ਨਿਆਂ ਕੀਤਾ-ਆਪਣੇ ਕਹਿਰ ਦੀ ਪੂਰੀ ਤਾਕਤ ਉਨ੍ਹਾਂ ਨੂੰ ਮਹਿਸੂਸ ਕਰਨ ਦਿੱਤੀ।
14 ਪਰ ਮੈਂ ਉਨ੍ਹਾਂ ਨੂੰ ਬਰਬਾਦ ਨਹੀਂ ਕੀਤਾ। ਹੋਰਨਾਂ ਕੌਮਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕਨਾਮੀ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਦੇ ਸਾਹਮਣੇ ਤਬਾਹ ਨਹੀਂ ਕੀਤਾ।
15 ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਵਿੱਚ ਇੱਕ ਹੋਰ ਇਕਰਾਰ ਕੀਤਾ। ਮੈਂ ਇਕਰਾਰ ਕੀਤਾ ਕਿ ਮੈਂ ਉਨ੍ਹਾਂ ਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਮੈਂ ਉਨ੍ਹਾਂ ਨੂੰ ਦੇ ਰਿਹਾ ਸਾਂ। ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਭਰੀ ਹੋਈ ਚੰਗੀ ਧਰਤੀ ਸੀ। ਉਹ ਸਾਰੇ ਦੇਸਾਂ ਨਾਲੋਂ ਸੁੰਦਰ ਸੀ!
16 “‘ਇਸਰਾਏਲ ਦੇ ਲੋਕਾਂ ਨੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਇਸ ਲਈ ਕੀਤੀਆਂ ਕਿਉਂ ਕਿ ਉਨ੍ਹਾਂ ਦੇ ਦਿਲ ਬੁੱਤਾਂ ਨਾਲ ਜੁੜੇ ਹੋਏ ਸਨ।
17 ਪਰ ਮੈਂ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ, ਇਸ ਲਈ ਮੈਂ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਮਾਰੂਬਲ ਅੰਦਰ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ।
18 ਮੈਂ ਉਨ੍ਹਾਂ ਦੇ ਬੱਚਿਆਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਆਖਿਆ, “ਆਪਣੇ ਮਾਪਿਆਂ ਵਰਗੇ ਨਾ ਬਣੋ। ਆਪਣੇ ਆਪਨੂੰ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਨਾ ਹੋਣ ਦੇਣਾ। ਉਨ੍ਹਾਂ ਦੇ ਕਨੂੰਨਾਂ ਤੇ ਨਾ ਚੱਲਣਾ। ਉਨ੍ਹਾਂ ਦੇ ਹੁਕਮ ਨਾ ਮੰਨਣਾ,
19 ਮੈਂ ਯਹੋਵਾਹ ਹਾਂ। ਮੈਂ ਤੁਹਾਡਾ ਪਰਮੇਸ਼ੁਰ ਹਾਂ। ਮੇਰੇ ਕਨੂੰਨ ਨੂੰ ਮੰਨਣਾ। ਮੇਰੇ ਹੁਕਮ ਦਾ ਪਾਲਣ ਕਰਣਾ। ਉਹੀ ਗੱਲਾਂ ਕਰਨੀਆਂ ਜਿਹੜੀ ਮੈਂ ਤੁਹਾਨੂੰ ਆਖਦਾ ਹਾਂ।
20 ਇਹ ਦਰਸਾਉਣਾ ਕਿ ਮੇਰੇ ਆਰਾਮ ਦੇ ਦਿਨ ਤੁਹਾਡੇ ਲਈ ਮਹੱਤਵਪੂਰਣ ਹਨ। ਯਾਦ ਰੱਖਣਾ ਕਿ ਉਹ ਮੇਰੇ ਅਤੇ ਤੁਹਾਡੇ ਵਿੱਚਕਾਰ ਖਾਸ ਨਿਸ਼ਾਨ ਹਨ। ਮੈਂ ਯਹੋਵਾਹ ਹਾਂ। ਅਤੇ ਉਹ ਛੁੱਟੀਆਂ ਦੇ ਦਿਨ ਤੁਹਾਨੂੰ ਦਰਸਾਉਂਦੇ ਹਨ ਕਿ ਮੈਂ ਤੁਹਾਡਾ ਪਰਮੇਸ਼ੁਰ ਹਾਂ।”
21 “‘ਪਰ ਉਹ ਬੱਚੇ ਵੀ ਮੇਰੇ ਵਿਰੁੱਧ ਹੋ ਗਏ। ਉਨ੍ਹਾਂ ਨੇ ਮੇਰੇ ਕਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੇਰੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੈਂ ਉਨ੍ਹਾਂ ਨੂੰ ਆਖੀਆਂ ਸਨ। ਅਤੇ ਉਹ ਚੰਗੇ ਕਨੂੰਨ ਹਨ। ਜੇ ਕੋਈ ਬੰਦਾ ਉਨ੍ਹਾਂ ਦੀ ਪਾਲਣਾ ਕਰੇਗਾ ਤਾਂ ਉਹ ਜੀਵੇਗਾ। ਉਨ੍ਹਾਂ ਨੇ ਮੇਰੇ ਆਰਾਮ ਦੇ ਦਿਨਾਂ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਉਹ ਮਹੱਤਵਪੂਰਣ ਨਹੀਂ ਸਨ। ਇਸ ਲਈ ਮੈਂ ਉਨ੍ਹਾਂ ਨੂੰ ਮਾਰੂਬਲ ਅੰਦਰ ਪੂਰੀ ਤਰ੍ਹਾਂ ਤਬਾਹ ਕਰਨ ਦਾ ਨਿਆਂ ਕੀਤਾ ਅਤੇ ਆਪਣੇ ਕਹਿਰ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਵਾਇਆ।
22 ਪਰ ਮੈਂ ਆਪਣੇ ਆਪਨੂੰ ਰੋਕ ਲਿਆ। ਹੋਰਨਾਂ ਲੋਕਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕ ਨਾਮੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸਾਂ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਸਾਹਮਣੇ ਬਰਬਾਦ ਨਹੀਂ ਕੀਤਾ।
23 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਅੰਦਰ ਇੱਕ ਹੋਰ ਇਕਰਾਰ ਕੀਤਾ, ਮੈਂ ਉਨ੍ਹਾਂ ਨੂੰ ਹੋਰਾਂ ਕੌਮਾਂ ਅੰਦਰ ਖਿਡਾਉਣ ਦਾ ਇਕਰਾਰ ਕੀਤਾ, ਉਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਨਿਆਂ ਕੀਤਾ।
24 “‘ਇਸਰਾਏਲ ਦੇ ਲੋਕਾਂ ਨੇ ਮੇਰੇ ਹੁਕਮਾਂ ਨੂੰ ਨਹੀਂ ਕਬੂਲਿਆ। ਉਨ੍ਹਾਂ ਨੇ ਮੇਰੇ ਕਨੂੰਨ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਨ ਨਾ ਹੋਣ। ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਬੁੱਤਾਂ ਦੀ ਉਪਾਸਨਾ ਕੀਤੀ।
25 ਇਸ ਲਈ ਮੈਂ ਉਨ੍ਹਾਂ ਨੂੰ ਅਜਿਹੇ ਕਨੂੰਨ ਦਿੱਤੇ ਜਿਹੜੇ ਚੰਗੇ ਨਹੀਂ ਸਨ। ਮੈਂ ਉਨ੍ਹਾਂ ਨੂੰ ਅਜਿਹੇ ਆਦੇਸ ਦਿੱਤੇ ਜਿਹੜੇ ਜ਼ਿੰਦਗੀ ਨਹੀਂ ਦਿੰਦੇ ਸਨ।
26 ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੁਗਾਤਾਂ ਨਾਲ ਨਾਪਾਕ ਹੋਣ ਦਿੱਤਾ। ਉਨ੍ਹਾਂ ਨੇ ਆਪਣੇ ਜੇਠੇ ਪੁੱਤਰਾਂ ਦੀ ਬਲੀ ਚੜ੍ਹਾਉਣੀ ਵੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਮੈਂ ਹੀ ਯਹੋਵਾਹ ਹਾਂ।’
27 ਇਸ ਲਈ ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਲੋਕਾਂ ਨੇ ਮੇਰੇ ਬਾਰੇ ਮੰਦਾ ਬੋਲਿਆ ਅਤੇ ਮੈਨੂੰ ਧੋਖਾ ਦੇਣ ਦੀਆਂ ਵਿਉਂਤਾ ਬਣਾਈਆਂ।
28 ਪਰ ਮੈਂ ਫ਼ੇਰ ਵੀ ਉਨ੍ਹਾਂ ਨੂੰ ਉਸ ਧਰਤੀ ਤੇ ਲਿਆਂਦਾ ਜਿਸ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਪਹਾੜੀਆਂ ਅਤੇ ਹਰੇ ਰੁੱਖਾਂ ਨੂੰ ਦੇਖਿਆ, ਇਸ ਲਈ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਉਪਾਸਨਾ ਕਰਨ ਲਈ ਗਏ। ਅਤੇ ਉਹ ਉਨ੍ਹਾਂ ਥਾਵਾਂ ਉੱਤੇ ਆਪਣੀਆਂ ਬਲੀਆਂ ਅਤੇ ਕ੍ਰੋਧ ਦਿਵਾਉਣ ਦੇ ਚੜ੍ਹਾਵੇ ਲੈ ਗਏ। ਉਨ੍ਹਾਂ ਨੇ ਅਜਿਹੀਆਂ ਬਲੀਆਂ ਚੜ੍ਹਾਈਆਂ ਜਿਹੜੀਆਂ ਮਿੱਠੀ ਸੁਗੰਧ ਵਾਲੀਆਂ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਥਾਵਾਂ ਉੱਤੇ ਪੀਣ ਦੀਆਂ ਭੇਟਾਂ ਵੀ ਦਿੱਤੀਆਂ।
29 ਮੈਂ ਇਸਰਾਏਲ ਦੇ ਲੋਕਾਂ ਨੂੰ ਪੁੱਛਿਆ ਕਿ ਉਹ ਇਨ੍ਹਾਂ ਉੱਚੀਆਂ ਥਾਵਾਂ ਉੱਤੇ ਕਿਉਂ ਜਾ ਰਹੇ ਸਨ। ਪਰ ਉਹ ਉੱਚੀ ਥਾਂ ਹਾਲੇ ਵੀ ਓਥੇ ਹੀ ਹੈ।’”
30 ਪਰਮੇਸ਼ੁਰ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਤੁਸੀਂ ਲੋਕਾਂ ਨੇ ਆਪਣੇ-ਆਪ ਨੂੰ ਉਹ ਗੱਲਾਂ ਕਰਕੇ ਨਾਪਾਕ ਕਰ ਲਿਆ ਹੈ ਜੋ ਤੁਹਾਡੇ ਪੁਰੱਖੇ ਕਰਦੇ ਸਨ। ਤੁਸੀਂ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ। ਤੁਸੀਂ ਮੈਨੂੰ ਛੱਡ ਕੇ ਉਨ੍ਹਾਂ ਭਿਆਨਕ ਦੇਵਤਿਆਂ ਵੱਲ ਹੋ ਗਏ ਜਿਨ੍ਹਾਂ ਦੀ ਤੁਹਾਡੇ ਪੁਰੱਖੇ ਉਪਾਸਨਾ ਕਰਦੇ ਸਨ।
31 ਤੁਸੀਂ ਉਸੇ ਤਰ੍ਹਾਂ ਦੀਆਂ ਸੁਗਾਤਾਂ ਦੇ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਅੱਗ ਵਿੱਚ ਸੁੱਟ ਰਹੇ ਹੋ। ਆਪਣੇ ਝੂਠੇ ਦੇਵਤਿਆਂ ਨੂੰ ਦਿੱਤੇ ਦਾਨ ਵਜੋਂ ਤੁਸੀਂ ਅੱਜ ਤੱਕ ਵੀ ਆਪਣੇ ਆਪ ਨੂੰ ਉਨ੍ਹਾਂ ਬੁੱਤਾਂ ਨਾਲ ਨਾਪਾਕ ਬਣਾ ਰਹੇ ਹੋ! ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਮੈਨੂੰ ਇਹ ਚਾਹੀਦਾ ਹੈ ਕਿ ਮੈਂ ਤੁਹਾਨੂੰ ਆਪਣੇ ਵੱਲ ਆਉਣ ਦਿਆਂ ਅਤੇ ਸਲਾਹ ਮੰਗਣ ਦੇਵਾਂ? ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿਆਂਗਾ ਅਤੇ ਤੁਹਾਨੂੰ ਸਲਾਹ ਨਹੀਂ ਦਿਆਂਗਾ!
32 ਤੁਸੀਂ ਆਖੀ ਜਾ ਰਹੇ ਹੋ ਕਿ ਤੁਸੀਂ ਹੋਰਨਾਂ ਕੌਮਾਂ ਵਾਂਗ ਹੋਣਾ ਚਾਹੁੰਦੇ ਹੋ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਵਾਂਗ ਜਿਉਂਦੇ ਹੋ। ਤੁਸੀਂ ਲੱਕੜੀ ਅਤੇ ਪੱਥਰ ਦੇ ਟੁਕੜਿਆਂ ਦੀ ਸੇਵਾ ਕਰਦੇ ਹੋ!’”
33 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਆਪਣੇ ਜੀਵਨ ਨੂੰ ਸਾਖੀ ਕਰਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਉੱਤੇ ਇੱਕ ਰਾਜੇ ਵਾਂਗ ਰਾਜ ਕਰਾਂਗਾ। ਪਰ ਮੈਂ ਆਪਣੇ ਤਾਕਤਵਰ ਹੱਥਾਂ ਨੂੰ ਚੁੱਕਾਂਗਾ ਅਤੇ ਤੁਹਾਨੂੰ ਸਜ਼ਾ ਦੇਵਾਂਗਾ। ਮੈਂ ਆਪਣੇ ਕਹਿਰ ਤੁਹਾਡੇ ਲਈ ਦਰਸਾਵਾਂਗਾ!
34 ਮੈਂ ਤੁਹਾਨੂੰ ਉਨ੍ਹਾਂ ਹੋਰਨਾਂ ਕੌਮਾਂ ਤੋਂ ਬਾਹਰ ਲੈ ਆਵਾਂਗਾ। ਮੈਂ ਤੁਹਾਨੂੰ ਉਨ੍ਹਾਂ ਕੌਮਾਂ ਵਿੱਚਕਾਰ ਖਿੰਡਾਇਆ ਸੀ। ਪਰ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਅਤੇ ਤੁਹਾਨੂੰ ਉਨ੍ਹਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਪਰ ਮੈਂ ਆਪਣਾ ਤਾਕਤਵਰ ਹੱਥ ਉੱਠਾਵਾਂਗਾ ਅਤੇ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ।
35 ਮੈਂ ਤੁਹਾਨੂੰ ਇੱਕ ਮਾਰੂਬਲ ਵਿੱਚ ਲੈ ਜਾਵਾਂਗਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਪਰ ਇਹ ਥਾਂ ਅਜਿਹੀ ਹੋਵੇਗੀ ਜਿੱਥੇ ਹੋਰ ਕੌਮਾਂ ਰਹਿੰਦੀਆਂ ਹੋਣਗੀਆਂ। ਅਸੀਂ ਆਮ੍ਹੋ ਸਾਹਮਣੇ ਖੜੇ ਹੋਵਾਂਗੇ ਅਤੇ ਮੈਂ ਤੁਹਾਡੇ ਬਾਰੇ ਨਿਆਂ ਕਰਾਂਗ।
36 ਮੈਂ ਤੁਹਾਡੇ ਬਾਰੇ ਓਸੇ ਤਰ੍ਹਾਂ ਨਿਆਂ ਕਰਾਂਗਾ ਜਿਵੇਂ ਮੈਂ ਤੁਹਾਡੇ ਪੁਰਖਿਆਂ ਬਾਰੇ ਮਿਸਰ ਦੇ ਨਜ਼ਦੀਕ ਮਾਰੂਬਲ ਅੰਦਰ ਕੀਤਾ ਸੀ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
37 “ਮੈਂ ਤੁਹਾਡਾ ਦੋਸ਼ੀਆਂ ਵਜੋਂ ਨਿਆਂ ਕਰਾਂਗਾ ਅਤੇ ਇਕਰਾਰਨਾਮੇ ਅਨੁਸਾਰ ਤੁਹਾਨੂੰ ਸਜ਼ਾ ਦੇਵਾਂਗਾ।
38 ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕੱਢ ਦਿਆਂਗਾ ਜਿਹੜੇ ਮੇਰੇ ਵਿਰੁੱਧ ਹੋ ਗਏ ਸਨ ਅਤੇ ਜਿਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੀ ਮਾਤਭੂਮੀ ਵਿੱਚੋਂ ਕੱਢ ਦਿਆਂਗਾ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
39 ਹੁਣ, ਇਸਰਾਏਲ ਦੇ ਪਰਿਵਾਰ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਜੇ ਕੋਈ ਬੰਦਾ ਆਪਣੇ ਬੁੱਤਾਂ ਦੀ ਉਪਾਸਨਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦਿਓ ਅਤੇ ਕਰਨ ਦਿਓ ਉਪਾਸਨਾ ਉਨ੍ਹਾਂ ਦੀ। ਪਰ ਬਾਦ ਵਿੱਚ, ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਮੇਰੇ ਕੋਲੋਂ ਸਲਾਹ ਪ੍ਰਾਪਤ ਕਰੋਂਗੇ! ਤੁਸੀਂ ਮੇਰੇ ਨਾਮ ਨੂੰ ਹੋਰ ਵੱਧੇਰੇ ਬਰਬਾਦ ਨਹੀਂ ਕਰੋਂਗੇ! ਜਦੋਂ ਤੀਕ ਤੁਸੀਂ ਆਪਣੇ ਬੁੱਤਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਰਹੋਁਗੇ।”
40 ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, “ਲੋਕਾਂ ਨੂੰ ਮੇਰੇ ਪਵਿੱਤਰ ਪਰਬਤ ਵੱਲ ਜ਼ਰੂਰ ਆਉਣਾ ਚਾਹੀਦਾ ਹੈ-ਇਸਰਾਏਲ ਦੇ ਉੱਚੇ ਪਰਬਤ ਵੱਲ-ਮੇਰੀ ਸੇਵਾ ਕਰਨ ਲਈ। ਇਸਰਾਏਲ ਦਾ ਪੂਰਾ ਪਰਿਵਾਰ ਆਪਣੀ ਧਰਤੀ ਉੱਤੇ ਹੋਵੇਗਾ। ਉਹ ਉੱਥੇ ਆਪਣੇ ਦੇਸ ਅੰਦਰ ਹੋਣਗੇ। ਉਹੀ ਉਹ ਥਾਂ ਹੈ ਜਿੱਥੇ ਤੁਸੀਂ ਮੇਰੇ ਕੋਲ ਸਲਾਹ ਲੈਣ ਲਈ ਆ ਸੱਕਦੇ ਹੋ। ਅਤੇ ਤੁਹਾਨੂੰ ਮੇਰੇ ਕੋਲ ਉਸੇ ਥਾਂ ਉੱਤੇ ਆਪਣੀਆਂ ਭੇਟਾਂ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਉਸੇ ਥਾਂ ਉੱਤੇ ਮੇਰੇ ਲਈ ਆਪਣੀਆਂ ਫ਼ਸਲਾਂ ਦਾ ਪਹਿਲਾ ਹਿੱਸਾ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਸਾਰੀਆਂ ਪਵਿੱਤਰ ਸੁਗ਼ਾਤਾਂ ਮੇਰੇ ਲਈ ਓਸੇ ਥਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ।
41 ਫ਼ੇਰ ਮੈਂ ਤੁਹਾਡੀਆਂ ਬਲੀਆਂ ਦੀ ਮਿੱਠੀ ਸੁਗੰਧ ਤੋਂ ਪ੍ਰਸੰਨ ਹੋਵਾਂਗਾ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮੈਂ ਤੁਹਾਨੂੰ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਪਰ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਅਤੇ ਤੁਹਾਨੂੰ ਮੁੜਕੇ ਆਪਣੇ ਖਾਸ ਬੰਦੇ ਬਣਾ ਲਵਾਂਗਾ। ਅਤੇ ਉਹ ਸਾਰੀਆਂ ਕੌਮਾਂ ਇਸ ਨੂੰ ਦੇਖਣਗੀਆਂ।
42 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਓਦੋਁ ਜਾਣੋਗੇ ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਇਹ ਓਹੀ ਥਾਂ ਹੈ ਜਿਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਮੈਂ ਇਕਰਾਰ ਕੀਤਾ ਸੀ।
43 ਉਸ ਦੇਸ਼ ਵਿੱਚ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਨੂੰ ਚੇਤੇ ਕਰੋਂਗੇ ਜਿਹੜੀਆਂ ਤੁਸੀਂ ਕੀਤੀਆਂ ਸਨ ਅਤੇ ਜਿਨ੍ਹਾਂ ਨੇ ਤੁਹਾਨੂੰ ਨਾਪਾਕ ਬਣਾਇਆ ਸੀ। ਅਤੇ ਤੁਸੀਂ ਆਪਣੀਆਂ ਕੀਤੀਆਂ ਬਦ-ਗੱਲਾਂ ਕਾਰਣ ਆਪਣੇ-ਆਪ ਨਾਲ ਨਫ਼ਰਤ ਕਰੋਂਗੇ।
44 ਇਸਰਾਏਲ ਦੇ ਪਰਿਵਾਰ, ਤੂੰ ਬਹੁਤ ਮੰਦੀਆਂ ਗੱਲਾਂ ਕੀਤੀਆਂ। ਅਤੇ ਤੈਨੂੰ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਹੈ। ਪਰ ਆਪਣੇ ਚੰਗੇ ਨਾਮ ਦਾ ਬਚਾਉ ਕਰਨ ਖਾਤਰ, ਮੈਂ ਤੁਹਾਨੂੰ ਉਹ ਸਜ਼ਾ ਨਹੀਂ ਦੇਵਾਂਗਾ ਜਿਸਦੇ ਤੁਸੀਂ ਸੱਚਮੁੱਚ ਅਧਿਕਾਰੀ ਹੋ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।
45 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,
46 “ਆਦਮੀ ਦੇ ਪੁੱਤਰ, ਦੱਖਣ ਵੱਲ ਵੇਖ, ਯਹੂਦਾਹ ਦੇ ਦੱਖਣੀ ਭਾਗ ਵੱਲ। ਦੱਖਣ ਦੇ ਜੰਗਲ ਦੇ ਵਿਰੁੱਧ ਬੋਲ।
47 ਦੱਖਣ ਦੇ ਜੰਗਲ ਨੂੰ ਆਖ, ‘ਯਹੋਵਾਹ ਦੇ ਸ਼ਬਦ ਨੂੰ ਸੁਣੋ। ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ: ਦੇਖੋ, ਮੈਂ ਤੁਹਾਡੇ ਜੰਗਲ ਵਿੱਚ ਅੱਗ ਲਾਉਣ ਲਈ ਤਿਆਰ ਹਾਂ। ਅੱਗ ਹਰ ਹਰੇ ਤੇ ਸੁੱਕੇ ਰੁੱਖ ਨੂੰ ਬਰਬਾਦ ਕਰ ਦੇਵੇਗੀ। ਬਲਦੀ ਲਾਟ ਬੁਝੇਗੀ ਨਹੀਂ। ਦੱਖਣ ਤੋਂ ਉੱਤਰ ਤੀਕ ਦੀ ਸਾਰੀ ਧਰਤੀ ਅੱਗ ਵਿੱਚ ਸੜ ਜਾਵੇਗੀ।
48 ਫ਼ੇਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਨੇ ਅੱਗ ਲਾਈ ਹੈ। ਅੱਗ ਬੁਝੇਗੀ ਨਹੀਂ।’”
49 ਫ਼ੇਰ ਮੈਂ ਹਿਜ਼ਕੀਏਲ ਨੇ ਆਖਿਆ, “ਹੇ, ਯਹੋਵਾਹ ਮੇਰਾ ਪ੍ਰਭੂ! ਜੇ ਮੈਂ ਇਹ ਗੱਲਾਂ ਆਖਾਂ, ਤਾਂ ਲੋਕ ਇਹ ਆਖਣਗੇ ਕਿ ਮੈਂ ਉਨ੍ਹਾਂ ਨੂੰ ਸਿਰਫ਼ ਕਹਾਣੀਆਂ ਸੁਣਾ ਰਿਹਾ ਹਾਂ। ਉਹ ਇਹ ਨਹੀਂ ਸੋਚਣਗੇ ਕਿ ਇਹ ਗੱਲ ਸੱਚਮੁੱਚ ਵਾਪਰੇਗੀ!”