ਪਤਰਸ ਦੀ ਦੂਜੀ ਪੱਤ੍ਰੀ
1
1 ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹੜੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂ ਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪੱਖ ਹੈ।
2 ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ।
ਪਰਮੇਸ਼ੁਰ ਨੇ ਸਾਨੂੰ ਹਰ ਲੋੜੀਂਦੀ ਚੀਜ਼ ਦਿੱਤੀ ਹੈ
3 ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸੱਦਿਆ ਹੈ।
4 ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਵਾਅਦਾ ਉਸ ਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸੱਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ।
5 ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਜੋੜਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋੜੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋੜੋ;
6 ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋੜੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋੜੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋੜੋ;
7 ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋੜੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋੜ ਲਵੋ।
8 ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵੱਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇੱਕ ਬਨਾਉਣਗੀਆਂ।
9 ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪੱਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁੱਕਿਆ ਹੈ, ਕਿ ਉਸ ਨੂੰ ਆਪਣੇ ਪਿੱਛਲੇ ਪਾਪਾਂ ਤੋਂ ਛੁਟਕਾਰਾ ਮਿਲ ਚੁੱਕਿਆ ਸੀ।
10 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਂ ਹੀ ਕਦੇ ਡਿੱਗੋਂਗੇ।
11 ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿੱਘਾ ਸਵਾਗਤ ਪ੍ਰਾਪਤ ਕਰੋਂਗੇ ਜਿਹੜਾ ਰਾਜ ਸਦੀਵੀ ਜਾਰੀ ਰਹਿੰਦਾ ਹੈ।
12 ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ।
13 ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ।
14 ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ।
15 ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ।
ਅਸੀਂ ਮਸੀਹ ਦੀ ਮਹਿਮਾ ਦੇਖੀ
16 ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ।
17 ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸ ਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।”
18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ।
19 ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ।
20 ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿੱਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ।
21 ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।