ਨਕਲੀ ਉਪਦੇਸ਼
2
ਅਤੀਤ ਵਿੱਚ, ਪਰਮੇਸ਼ੁਰ ਦੇ ਲੋਕਾਂ ਦਰਮਿਆਨ ਝੂਠੇ ਨਬੀ ਸਨ। ਤੁਹਾਡੇ ਦਰਮਿਆਨ ਵੀ, ਇਸ ਤਰ੍ਹਾਂ ਦੇ ਵਿਅਕਤੀ ਹੋਣਗੇ। ਉਹ ਝੂਠੇ ਉਪਦੇਸ਼ ਦੇਣਗੇ ਜਿਹੜੇ ਲੋਕਾਂ ਦੀ ਗੁਆਚਣ ਵਿੱਚ ਅਗਵਾਈ ਕਰਨਗੇ। ਤੁਹਾਨੂੰ ਇਹ ਵੇਖਣ ਵਿੱਚ ਮੁਸ਼ਕਿਲ ਪੇਸ਼ ਆਵੇਗੀ ਕਿ ਜੋ ਉਪਦੇਸ਼ ਉਹ ਦੇ ਰਹੇ ਹਨ ਉਹ ਗਲਤ ਹਨ। ਉਹ ਉਸ ਪ੍ਰਭੂ ਨੂੰ ਨਹੀਂ ਕਬੂਲਣਗੇ ਜਿਸਨੇ ਉਨ੍ਹਾਂ ਨੂੰ ਅਜ਼ਾਦੀ ਲਿਆਂਦੀ ਹੈ। ਇਸ ਲਈ ਉਹ ਜਲਦੀ ਹੀ ਆਪਣੇ ਉੱਤੇ ਤਬਾਹੀ ਲਿਆਉਣਗੇ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਅਤੇ ਜੋ ਅਨੈਤਿਕ ਗੱਲਾਂ ਉਹ ਕਰਦੇ ਹਨ ਉਹੀ ਕਰਨਗੇ। ਉਨ੍ਹਾਂ ਲੋਕਾਂ ਦੇ ਕਾਰਣ, ਦੂਸਰੇ ਲੋਕ ਸੱਚ ਦੇ ਮਾਰਗ ਬਾਰੇ ਮੰਦੀਆਂ ਗੱਲਾਂ ਆਖਣਗੇ। ਉਨ੍ਹਾਂ ਦੇ ਲਾਲਚ ਦੇ ਕਾਰਣ, ਉਹ ਤੁਹਾਨੂੰ ਝੂਠੀਆਂ ਕਹਾਣੀਆਂ ਦੱਸੱਕੇ ਤੁਹਾਡਾ ਨਜਾਇਜ਼ ਫ਼ਾਇਦਾ ਉੱਠਾਉਣਗੇ। ਪਰ ਉਨ੍ਹਾਂ ਦੀ ਸਜ਼ਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਦੁਆਰਾ ਨਿਰਧਾਰਿਤ ਹੋ ਚੁੱਕੀ ਹੈ। ਉਨ੍ਹਾਂ ਦੀ ਤਬਾਹੀ ਤਿਆਰ ਹੈ ਛੇਤੀ ਹੀ ਉਨ੍ਹਾਂ ਉੱਪਰ ਡਿੱਗ ਪਵੇਗੀ।
ਜਦੋਂ ਦੂਤਾਂ ਨੇ ਪਾਪ ਕੀਤਾ ਸੀ ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਸਜ਼ਾ ਤੋਂ ਨਹੀਂ ਬਖਸ਼ਿਆ ਅਤੇ ਸਜ਼ਾ ਦਿੱਤੀ। ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦੋਜ਼ਖ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੰਧਕਾਰ ਦੀਆਂ ਗਰਾਂ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਹਸ਼ਰ ਦੇ ਦਿਹਾੜੇ ਤੱਕ ਓਥੇ ਹੀ ਰੱਖਿਆ ਗਿਆ ਹੈ।
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵੀ ਸਜ਼ਾ ਦਿੱਤੀ ਜਿਹੜੇ ਪ੍ਰਾਚੀਨ ਕਾਲ ਵਿੱਚ ਜਿਉਂਦੇ ਸਨ। ਪਰਮੇਸ਼ੁਰ ਨੇ ਹੜ੍ਹ ਲਿਆ ਕੇ ਦੁਨੀਆਂ ਤੇ ਤਬਾਹੀ ਲਿਆਂਦੀ ਜੋ ਕਿ ਪਾਪੀਆਂ ਨਾਲ ਭਰਪੂਰ ਸੀ। ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਹੋਰ ਸੱਤਾਂ ਲੋਕਾਂ ਨੂੰ ਬਚਾਇਆ। ਨੂਹ ਹੀ ਸੀ ਜਿਸਨੇ ਲੋਕਾਂ ਨੂੰ ਧਰਮੀ ਜੀਵਨ ਬਾਰੇ ਦੱਸਿਆ।
ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜਕੇ ਸੁਆਹ ਕਰਕੇ ਉਨ੍ਹਾਂ ਨੂੰ ਤਬਾਹ ਕਰਕੇ ਸਜ਼ਾ ਦਿੱਤੀ। ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਇੱਕ ਉਦਾਹਰਣ ਬਣਾ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਨਾਲ ਕੀ ਕਰਨ ਵਾਲਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪਰਮੇਸ਼ੁਰ ਦੇ ਖਿਲਾਫ਼ ਮੁੜਨਗੇ। ਪਰ ਪਰਮੇਸ਼ੁਰ ਨੇ ਲੂਤ ਨੂੰ ਚੰਗਾ ਮਨੁੱਖ ਹੋਣ ਕਰਕੇ ਇਨ੍ਹਾਂ ਸ਼ਹਿਰਾਂ ਤੋਂ ਬਚਾ ਲਿਆ। ਉਹ ਉਨ੍ਹਾਂ ਲੋਕਾਂ ਦੀਆਂ ਅਨੈਤਿਕ ਗੱਲਾਂ ਤੋਂ ਪਰੇਸ਼ਾਨ ਸੀ ਜਿਨ੍ਹਾਂ ਨੇ ਨੇਮ ਦੀ ਅਵੱਗਿਆ ਕਰਕੇ ਜੀਵਨ ਵਤੀਤ ਕੀਤਾ। ਲੂਤ ਉਨ੍ਹਾਂ ਮੰਦੇ ਲੋਕਾਂ ਦੇ ਵਿੱਚ ਰਹਿੰਦਾ ਸੀ। ਇਸ ਚੰਗੇ ਮਨੁੱਖ ਦਾ ਦਿਲ ਉਨ੍ਹਾਂ ਬਦ ਕਰਨੀਆਂ ਨਾਲ ਦਿਨ ਰਾਤ ਪਰੇਸ਼ਾਨ ਰਹਿੰਦਾ ਸੀ ਜੋ ਉਹ ਸੁਣਦਾ ਅਤੇ ਦੇਖਦਾ ਸੀ।
ਇਸ ਲਈ ਪ੍ਰਭੂ ਪਰਮੇਸ਼ੁਰ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਨਾਲ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਆਂ ਦੇ ਦਿਨ ਲਈ ਰੱਖਿਆ ਗਿਆ ਹੈ। 10 ਸਜ਼ਾ ਖਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਬਣੀ ਹੈ ਜਿਹੜੇ ਆਪਣੇ ਪਾਪੀ ਆਪਿਆਂ ਦੀਆਂ ਭਰਿਸ਼ਟ ਕਾਮਨਾਵਾਂ ਦੇ ਅਨੁਸਾਰ ਦੁਸ਼ਟ ਗੱਲਾਂ ਕਰਦੇ ਹਨ ਅਤੇ ਪ੍ਰਭੂ ਦੇ ਅਧਿਕਾਰ ਨੂੰ ਨਫ਼ਰਤ ਕਰਦੇ ਹਨ।
ਉਹ ਬੇਪਰਵਾਹ ਹਨ ਅਤੇ ਆਪਣੀ ਮਨ ਮਰਜ਼ੀ ਕਰਦੇ ਹਨ। ਉਹ ਪ੍ਰਤਾਪੀ ਦੂਤਾਂ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਡਰਦੇ। 11 ਦੂਤ ਇਨ੍ਹਾਂ ਝੂਠੇ ਉਪਦੇਸ਼ਕਾਂ ਨਾਲੋਂ ਕਿਤੇ ਵੱਧੇਰੇ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ। ਪਰ ਦੂਤ ਵੀ ਉਦੋਂ ਇਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦੇ ਜਦੋਂ ਉਨ੍ਹਾਂ ਨੇ ਪ੍ਰਭੂ ਅੱਗੇ ਇਨ੍ਹਾਂ ਝੂਠੇ ਪ੍ਰਚਾਰਕਾਂ ਉੱਤੇ ਝੂਠੇ ਇਲਜ਼ਾਮ ਲਾਉਣੇ ਹੁੰਦੇ ਹਨ।
12 ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਗੱਲਾਂ ਦੇ ਵਿਰੁੱਧ ਵੀ ਮੰਦਾ ਬੋਲਦੇ ਹਨ ਜਿਨ੍ਹਾਂ ਨੂੰ ਉਹ ਸਮਝ ਨਹੀਂ ਸੱਕਦੇ। ਇਹ ਝੂਠੇ ਉਪਦੇਸ਼ਕ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਸੋਚ ਨਹੀ ਸੱਕਦੇ। ਉਹ ਇੰਝ ਵਰਤਾਉ ਕਰਦੇ ਹਨ ਜਿਵੇਂ ਉਨ੍ਹਾਂ ਦੀ ਅਗਵਾਈ ਆਪਣੀ ਸਹਿਜ ਪ੍ਰੇਰਣਾ ਦੁਆਰਾ ਕੀਤੀ ਗਈ ਹੋਵੇ। ਉਹ ਫ਼ੜੇ ਜਾਣ ਅਤੇ ਮਰੇ ਜਾਣ ਲਈ ਹੀ ਜੰਮਦੇ ਹਨ। ਇਸ ਲਈ ਜੰਗਲੀ ਪਸ਼ੂਆਂ ਵਾਂਗ ਇਹ ਝੂਠੇ ਪ੍ਰਚਾਰਕ ਵੀ ਤਬਾਹ ਹੋ ਜਾਣਗੇ। 13 ਇਹ ਝੂਠੇ ਪ੍ਰਚਾਰਕ ਕਈ ਲੋਕਾਂ ਨੂੰ ਤਸੀਹੇ ਦੇਣ ਦਾ ਕਾਰਣ ਬਣੇ ਹਨ। ਇਸ ਲਈ ਉਹ ਵੀ ਤਸੀਹੇ ਝੱਲਣਗੇ। ਇਹ ਉਨ੍ਹਾਂ ਦੇ ਬਦੀ ਕਰਨ ਦੀਆਂ ਤਨਖਾਹਾਂ ਹਨ।
ਉਹ ਸੋਚਦੇ ਹਨ ਕਿ ਉਨ੍ਹਾਂ ਲਈ ਖੁਲ੍ਹੇਆਮ ਬਦੀ ਕਰਨਾ ਮੌਜ ਹੈ। ਉਹ ਦੁਸ਼ਟ ਗੱਲਾਂ ਕਰਕੇ ਅਨੰਦ ਮਾਣਦੇ ਹਨ ਜੋ ਉਨ੍ਹਾਂ ਨੂੰ ਪ੍ਰਸੰਨ ਕਰਦੀਆਂ ਹਨ। ਇਸ ਲਈ ਜਦੋਂ ਉਹ ਤੁਹਾਡੇ ਨਾਲ ਸਾਂਝੀਆਂ ਦਾਅਵਤਾਂ ਵਿੱਚ ਭੋਜਨ ਖਾਂਦੇ ਹਨ, ਤਾਂ ਉਹ ਤੁਹਾਡੇ ਵਿੱਚਕਾਰ ਭੱਦੇ ਦਾਗਾਂ ਅਤੇ ਧੱਬਿਆਂ ਵਰਗੇ ਹਨ। 14 ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲੱਭਦੇ ਰਹਿੰਦੇ ਹਨ। ਉਹ ਹਮੇਛਾਂ ਪਾਪ ਕਰਨ ਵਿੱਚ ਲਗੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ।
15 ਇਨ੍ਹਾਂ ਝੂਠੇ ਪ੍ਰਚਾਰਕਾਂ ਨੇ ਸਹੀ ਰਸਤਾ ਛੱਡ ਕੇ ਗਲਤ ਰਾਹ ਫ਼ੜ ਲਿਆ ਹੈ। ਉਨ੍ਹਾਂ ਨੇ ਉਹੀ ਰਸਤਾ ਫ਼ੜਿਆ ਹੈ ਜਿਹੜਾ ਬਿਲਆਮ ਨੇ ਫ਼ੜਿਆ ਸੀ। ਬਿਲਆਮ ਬਿਓਰ ਦਾ ਪੁੱਤਰ ਸੀ। ਬਿਲਆਮ ਗਲਤ ਕਰਨ ਲਈ ਪੈਸੇ ਕੁਮਾਉਣ ਨੂੰ ਚੰਗਾ ਸਮਝਦਾ ਸੀ। 16 ਪਰ ਇੱਕ ਗਧੇ ਨੇ ਬਿਲਆਮ ਨੂੰ ਦੱਸਿਆ ਕਿ ਉਹ ਗਲਤ ਕੰਮ ਕਰ ਰਿਹਾ ਸੀ। ਗਧਾ ਬੋਲ ਨਹੀਂ ਸੱਕਦਾ, ਪਰ ਇਹ ਇੱਕ ਮਨੁੱਖ ਦੀ ਅਵਾਜ਼ ਵਿੱਚ ਬੋਲਿਆ ਅਤੇ ਨਬੀ ਨੂੰ ਉਸ ਕਮਲੀ ਗੱਲ ਕਰਨ ਤੋਂ ਰੋਕਿਆ।
17 ਇਹ ਝੂਠੇ ਪ੍ਰਚਾਰਕ ਪਾਣੀ ਦੇ ਸੁੱਕੇ ਹੋਏ ਝਰਨੇ ਹਨ। ਇਹ ਉਨ੍ਹਾਂ ਬੱਦਲਾਂ ਵਰਗੇ ਹਨ ਜਿਨ੍ਹਾਂ ਨੂੰ ਇੱਕ ਬੁੱਲਾ ਉਡਾ ਲੈ ਜਾਂਦਾ ਹੈ। ਘੋਰ ਅੰਧਕਾਰ ਵਾਲੀ ਥਾਂ ਇਨ੍ਹਾਂ ਲਈ ਜਮ੍ਹਾਂ ਕੀਤੀ ਗਈ ਹੈ। 18 ਇਹ ਝੂਠੇ ਪ੍ਰਚਾਰਕ ਅਜਿਹੇ ਸ਼ਬਦਾਂ ਨਾਲ ਪਾਪ ਕਰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਭਟਕਾਉਂਦੇ ਹਨ, ਜਿਨ੍ਹਾਂ ਨੇ ਹੁਣੇ ਗਲਤ ਕਰਨ ਵਾਲਿਆਂ ਦੀ ਸੰਗਤ ਛੱਡੀ ਹੋਵੇ। ਉਹ ਅਜਿਹਾ ਆਪਣੇ ਪਾਪੀ ਆਪਿਆਂ ਦੀਆਂ ਦੁਸ਼ਟ ਇੱਛਾਵਾਂ ਦੁਆਰਾ ਕਰਦੇ ਹਨ। 19 ਇਹ ਝੂਠੇ ਪ੍ਰਚਾਰਕ ਵਾਅਦਾ ਕਰਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਆਜ਼ਾਦੀ ਮਿਲੇਗੀ। ਪਰ ਇਹ ਝੂਠੇ ਪ੍ਰਚਾਰਕ ਤਾਂ ਖੁਦ ਵੀ ਅਜ਼ਾਦ ਨਹੀਂ ਹਨ। ਇਹ ਭ੍ਰਸ਼ਟਾਚਾਰ ਦੇ ਗੁਲਾਮ ਹਨ। ਇੱਕ ਵਿਅਕਤੀ ਹਰ ਉਸ ਚੀਜ਼ ਦਾ ਗੁਲਾਮ ਹੈ ਜਿਸਨੇ ਉਸ ਨੂੰ ਆਪਣੇ ਕਾਬੂ ਹੇਠਾਂ ਕਰ ਲਿਆ ਹੈ।
20 ਇਹ ਲੋਕ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਨੂੰ ਡੂੰਘਾਈ ਨਾਲ ਜਾਨਣ ਦੁਆਰਾ ਦੁਨੀਆਂ ਦੇ ਮੰਦੇ ਰਾਹਾਂ ਤੋਂ ਬਚਾਏ ਗਏ ਸਨ। ਪਰ ਜਦੋਂ ਇਹ ਲੋਕ ਇਨ੍ਹਾਂ ਮੰਦੀਆਂ ਗੱਲਾਂ ਵਿੱਚ ਵਾਪਸ ਮੁੜ ਪੈਂਦੇ ਹਨ ਅਤੇ ਫ਼ੇਰ ਇਸਦੇ ਨਿਯੰਤ੍ਰਣ ਹੇਠਾਂ ਆ ਜਾਂਦੇ ਹਨ, ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧੇਰੇ ਖਰਾਬ ਹੋ ਜਾਂਦੀ ਹੈ। 21 ਹਾਂ, ਇਹ ਚੰਗਾ ਹੁੰਦਾ ਜੇ ਉਹ ਸਹੀ ਰਾਹ ਨੂੰ ਜਾਨਣ ਦੀ ਬਜਾਏ ਇਸ ਨੂੰ ਨਾ ਹੀ ਜਾਣਦੇ ਅਤੇ ਫ਼ੇਰ ਉਸ ਪਵਿੱਤਰ ਹੁਕਮ ਤੋਂ ਮੁੜ ਜਾਂਦੇ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ।
22 ਜੋ ਉਨ੍ਹਾਂ ਨੇ ਕੀਤਾ ਹੈ ਉਹ ਸਾਬਤ ਕਰਦਾ ਹੈ ਕਿ ਉਹ ਆਖਣੀਆਂ ਸੱਚ ਹਨ: “ਇੱਕ ਕੁੱਤਾ ਉਲਟੀ ਕਰਦਾ ਹੈ ਅਤੇ ਆਪਣੀ ਉਲਟੀ ਵੱਲ ਵਾਪਸ ਪਰਤਦਾ ਹੈ।” ਅਤੇ, “ਇੱਕ ਸੂਰ ਨੁਹਾਉਣ ਤੋਂ ਬਾਦ, ਮੁੜ ਚਿੱਕੜ ਵਿੱਚ ਲੇਟਣ ਲਈ ਵਾਪਸ ਚੱਲਿਆ ਜਾਂਦਾ ਹੈ।”
2:22 ਕਹਾਉਤਾਂ 26:11