141
ਸ਼ਾਮ ਦੀ ਪ੍ਰਾਰਥਨਾ
ਦਾਊਦ ਦਾ ਭਜਨ।
1 ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ,
ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ!
2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ,
ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ।
3 ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ,
ਮੇਰੇ ਬੁੱਲ੍ਹਾਂ ਉੱਤੇ ਰਾਖ਼ਾ ਰੱਖ!
4 ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ,
ਕਿ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ,
ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇ!
5 ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ,
ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ,
ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ,
ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ।
6 ਉਨ੍ਹਾਂ ਦੇ ਨਿਆਈਂ ਚੱਟਾਨ ਦੇ ਪਾਸੇ ਤੋਂ ਡੇਗੇ ਗਏ,
ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਕਿ ਓਹ ਮਿੱਠੀਆਂ ਹਨ।
7 ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰੇ,
ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਖਿੰਡਾਈਆਂ ਗਈਆਂ।
8 ਹੇ ਪ੍ਰਭੂ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ,
ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ!
9 ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ,
ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ!
10 ਦੁਸ਼ਟ ਆਪਣੇ ਜਾਲ਼ਾਂ ਵਿੱਚ ਡਿੱਗ ਪੈਣ,
ਜਿਸ ਵੇਲੇ ਮੈਂ ਲੰਘ ਜਾਂਵਾਂ!