1 ਲੇਵੀ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਸੀ। ਉਸਨੇ ਇੱਕ ਔਰਤ ਨਾਲ ਸ਼ਾਦੀ ਕੀਤੀ ਸੀ ਜੋ ਲੇਵੀ ਦੇ ਪਰਿਵਾਰ ਵਿੱਚੋਂ ਹੀ ਸੀ।
2 ਔਰਤ ਗਰਭਵਤੀ ਹੋਈ, ਅਤੇ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਂ ਨੇ ਦੇਖਿਆ ਕਿ ਬੱਚਾ ਬਹੁਤ ਸੁਹਣਾ ਸੀ, ਅਤੇ ਉਸਨੇ ਉਸਨੂੰ ਤਿੰਨ ਮਹੀਨੇ ਤੱਕ ਲੁਕਾਈ ਰੱਖਿਆ।
3 ਮਾਂ ਡਰਦੀ ਸੀ ਕਿ ਬੱਚੇ ਦਾ ਜ਼ਰੂਰ ਪਤਾ ਚੱਲ ਜਾਵੇਗਾ ਅਤੇ ਉਸਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਉਹ ਮੁੰਡਾ ਸੀ। ਤਿੰਨਾ ਮਹੀਨਿਆਂ ਮਗਰੋਂ ਉਸਨੇ ਇੱਕ ਟੋਕਰਾ ਬਣਾਇਆ ਅਤੇ ਉਸ ਉੱਪਰ ਇੱਕ ਲੇਪ ਲਗਾਇਆ ਤਾਂ ਕਿ ਉਹ ਪਾਣੀ ਵਿੱਚ ਤਰ ਸਕੇ। ਉਸਨੇ ਬੱਚੇ ਨੂੰ ਟੋਕਰੇ ਵਿੱਚ ਰੱਖ ਦਿੱਤਾ। ਫ਼ੇਰ ਉਸਨੇ ਟੋਕਰੇ ਨੂੰ ਨਦੀ ਵਿਚਲੀ ਕਾਹੀ ਦੇ ਅੰਦਰ ਰੱਖ ਦਿੱਤਾ।
4 ਬੱਚੇ ਦੀ ਭੈਣ ਇਹ ਵੇਖਣ ਲਈ ਉਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ।
5 ਓਸੇ ਵੇਲੇ, ਫ਼ਿਰਊਨ ਦੀ ਧੀ ਨਦੀ ਉੱਤੇ ਨਹਾਉਣ ਲਈ ਆਈ। ਉਸਨੇ ਕਾਹੀ ਅੰਦਰ ਟੋਕਰਾ ਦੇਖਿਆ। ਉਸ ਦੀਆਂ ਦਾਸੀਆਂ ਨਦੀ ਕੰਢੇ ਤੁਰ ਰਹੀਆਂ ਸਨ। ਇਸਲਈ ਉਸਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ ਕਿ ਟੋਕਰਾ ਲੈਕੇ ਆ।
6 ਉਸਨੇ ਟੋਕਰਾ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ, ਜੋ ਕਿ ਰੋ ਰਿਹਾ ਸੀ। ਉਸਨੂੰ ਉਸ ਉੱਤੇ ਤਰਸ ਆ ਗਿਆ। ਉਸਨੇ ਆਖਿਆ; ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।
7 ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁਧ ਚੁਂਘਾ ਸਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸਕੇ?”
8 ਰਾਜੇ ਦੀ ਧੀ ਨੇ ਆਖਿਆ, “ਹਾਂ, ਮਿਹਰਬਾਨੀ ਕਰਕੇ।”ਇਸ ਲਈ ਕੁੜੀ ਗਈ ਅਤੇ ਬੱਚੇ ਦੀ ਆਪਣੀ ਮਾਂ ਨੂੰ ਲੈ ਆਈ।
9 ਰਾਜੇ ਦੀ ਧੀ ਨੇ ਮਾਂ ਨੂੰ ਆਖਿਆ, “ਇਸ ਬੱਚੇ ਨੂੰ ਚੁੱਕ ਲੈ ਅਤੇ ਮੇਰੀ ਖਾਤਰ ਇਸਨੂੰ ਦੁਧ ਚੁਂਘਾ। ਮੈਂ ਇਸਦੀ ਦੇਖ-ਭਾਲ ਕਰਨ ਲਈ ਤੈਨੂੰ ਮਜ਼ਦੂਰੀ ਦੇਵਾਂਗੀ।”ਇਸ ਲਈ ਔਰਤ ਨੇ ਆਪਣਾ ਬੱਚਾ ਚੁੱਕ ਲਿਆ ਅਤੇ ਉਸਦੀ ਦੇਖ-ਭਾਲ ਕੀਤੀ।
10 ਬੱਚਾ ਵੱਡਾ ਹੋ ਗਿਆ, ਅਤੇ ਕੁਝ ਸਮੇਂ ਬਾਦ, ਔਰਤ ਨੇ ਬੱਚਾ ਰਾਜੇ ਦੀ ਧੀ ਨੂੰ ਦੇ ਦਿੱਤਾ। ਰਾਜੇ ਧੀ ਨੇ ਬੱਚੇ ਨੂੰ ਆਪਣੇ ਪੁੱਤਰ ਵਜੋਂ ਪ੍ਰਵਾਨ ਕਰ ਲਿਆ। ਉਸਨੇ ਉਸਦਾ ਨਾਮ ਮੂਸਾ ਰੱਖਿਆ, ਕਿਉਂਕਿ ਉਸਨੇ ਉਸਨੂੰ ਪਾਣੀ ਵਿੱਚੋਂ ਕਢਿਆ ਸੀ।
11 ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ।
12 ਮੂਸਾ ਨੇ ਆਲੇ-ਦੁਆਲੇ ਦੇਖਿਆ ਅਤੇ ਉਸਨੇ ਦੇਖਿਆ ਕਿ ਕੋਈ ਵੀ ਨਹੀਂ ਦੇਖ ਰਿਹਾ ਸੀ। ਫ਼ੇਰ ਮੂਸਾ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸਨੂੰ ਰੇਤੇ ਵਿੱਚ ਦਫ਼ਨਾ ਦਿੱਤਾ।
13 ਅਗਲੇ ਦਿਨ ਮੂਸਾ ਨੇ ਦੋ ਇਬਰਾਨੀ ਬੰਦਿਆਂ ਨੂੰ ਦੇਖਿਆ ਜੋ ਆਪਸ ਵਿੱਚ ਲੜ ਰਹੇ ਸਨ। ਮੂਸਾ ਨੇ ਦੇਖਿਆ ਕਿ ਇੱਕ ਆਦਮੀ ਗਲਤ ਸੀ। ਮੂਸਾ ਨੇ ਉਸ ਆਦਮੀ ਨੂੰ ਆਖਿਆ, “ਤੂੰ ਆਪਣੇ ਗੁਆਂਢੀ ਨੂੰ ਕਿਉਂ ਦੁੱਖ ਦੇ ਰਿਹਾ ਹੈਂ?”
14 ਆਦਮੀ ਨੇ ਜਵਾਬ ਦਿੱਤਾ, “ਕੀ ਤੈਨੂੰ ਕਿਸੇ ਨੇ ਆਖਿਆ ਹੈ ਕਿ ਤੂੰ ਸਾਡਾ ਨਿਆਂਕਾਰ ਹੋਵੇਂ? ਨਹੀਂ। ਮੈਨੂੰ ਦੱਸ, ਕੀ ਤੂੰ ਮੈਨੂੰ ਉਸੇ ਤਰ੍ਹਾਂ ਮਾਰ ਦੇਵੇਂਗਾ ਜਿਵੇਂ ਕਲ ਤੂੰ ਮਿਸਰੀ ਨੂੰ ਮਾਰਿਆ ਸੀ?”ਤਾਂ ਮੂਸਾ ਡਰ ਗਿਆ। ਮੂਸਾ ਨੇ ਦਿਲ ਵਿੱਚ ਸੋਚਿਆ, “ਹੁਣ ਤਾਂ ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕੀਤਾ ਹੈ।”
15 ਜਦੋਂ ਫ਼ਿਰਊਨ ਨੇ ਮੂਸਾ ਦੀ ਇਸ ਹਰਕਤ ਬਾਰੇ ਸੁਣਿਆ, ਉਸਨੇ ਉਸਨੂੰ ਮਾਰ ਦੇਣ ਦਾ ਨਿਰਣਾ ਕਰ ਲਿਆ। ਪਰ ਮੂਸਾ ਫ਼ਿਰਊਨ ਤੋਂ ਦੂਰ ਨੱਸ ਗਿਆ ਅਤੇ ਮਿਦਯਾਨ ਦੀ ਧਰਤੀ ਤੇ ਠਹਿਰ ਗਿਆ। ਉਹ ਇੱਕ ਖੂਹ ਦੇ ਨੇੜੇ ਬੈਠ ਗਿਆ।ਮੂਸਾ ਮਿਦਯਾਨ ਵਿੱਚ ਇੱਕ ਖੂਹ ਤੇ ਜਾਕੇ ਰੁਕ ਗਿਆ।
16 ਮਿਦਯਾਨ ਵਿੱਚ ਇੱਕ ਜਾਜਕ ਸੀ ਜਿਸਦੀਆਂ ਸੱਤ ਧੀਆਂ ਸਨ। ਉਹ ਕੁੜੀਆਂ ਆਪਣੇ ਪਿਤਾ ਦੀਆਂ ਭੇਡਾਂ ਲਈ ਪਾਣੀ ਭਰਨ ਵਾਸਤੇ ਉਸ ਖੂਹ ਤੇ ਆਈਆਂ। ਉਹ ਚੁਬੱਚੇ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।
17 ਪਰ ਉਥੇ ਕੁਝ ਅਯਾਲੀ ਸਨ ਜਿਨ੍ਹਾਂ ਨੇ ਕੁੜੀਆਂ ਨੂੰ ਦੂਰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ। ਇਸ ਲਈ ਮੂਸਾ ਨੇ ਕੁੜੀਆਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਦਿੱਤਾ।
18 ਤਾਂ ਉਹ ਆਪਣੇ ਪਿਤਾ, ਰਊਏਲ ਕੋਲ ਵਾਪਸ ਚਲੀਆਂ ਗਈਆਂ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, “ਅੱਜ ਤੁਸੀਂ ਛੇਤੀ ਘਰ ਆ ਗਈਆਂ ਹੋ।”
19 ਕੁੜੀਆਂ ਨੇ ਜਵਾਬ ਦਿੱਤਾ, “ਹਾਂ ਜੀ, ਅਯਾਲੀਆਂ ਨੇ ਸਾਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਮਿਸਰੀ ਆਦਮੀ ਨੇ ਸਾਡੀ ਮਦਦ ਕੀਤੀ। ਉਸਨੇ ਸਾਡੇ ਲਈ ਪਾਣੀ ਲਿਆਂਦਾ ਅਤੇ ਸਾਡੇ ਪਸ਼ੂਆਂ ਨੂੰ ਵੀ ਪਿਲਾਇਆ।”
20 ਇਸ ਲਈ ਰਊਏਲ ਨੇ ਆਪਣੀਆਂ ਧੀਆਂ ਨੂੰ ਆਖਿਆ, “ਕਿਥੇ ਹੈ ਉਹ ਆਦਮੀ? ਤੁਸੀਂ ਉਸਨੂੰ ਛੱਡਕੇ ਕਿਉਂ ਆ ਗਈਆਂ? ਉਸਨੂੰ ਇਥੋਂ ਸੱਦੋ ਅਤੇ ਉਸਨੂੰ ਸਾਡੇ ਨਾਲ ਖਾਣਾ ਖੁਆਓ।”
21 ਮੂਸਾ ਉਸ ਆਦਮੀ ਕੋਲ ਠਹਿਰ ਕੇ ਖੁਸ਼ ਸੀ। ਰਊਏਲ ਨੇ ਮੂਸਾ ਨੇ ਆਪਣੀ ਧੀ ਸਿੱਪੋਰਾ ਦਾ ਵਿਆਹ ਕਰ ਦਿੱਤਾ।
22 ਸਿੱਪੋਰਾ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੂਸਾ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ। ਮੂਸਾ ਨੇ ਆਪਣੇ ਪੁੱਤਰ ਨੂੰ ਇਹ ਨਾਮ ਇਸ ਲਈ ਦਿੱਤਾ ਕਿ ਉਹ ਇੱਕ ਪਰਾਈ ਧਰਤੀ ਉੱਤੇ ਅਜਨਬੀ ਸੀ।
23 ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ।
24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ।
25 ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀਆਂ ਮੁਸੀਬਤਾਂ ਦੇਖਿਆਂ, ਅਤੇ ਉਹ ਜਾਣਦਾ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ।