1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਉਹ ਫ਼ਿਰਊਨ ਕੋਲ ਜਾਵੇ ਤਾਂ ਆਖੇ; “ਇਬਰਾਨੀ ਲੋਕਾਂ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ।’
2 ਜੇ ਤੂੰ ਉਨ੍ਹਾਂ ਨੂੰ ਰੋਕੀ ਰੱਖੇਂਗਾ ਅਤੇ ਜਾਣ ਨਹੀਂ ਦੇਵੇਂਗਾ,
3 ਤਾਂ ਯਹੋਵਾਹ ਆਪਣੀ ਸ਼ਕਤੀ ਖੇਤਾਂ ਵਿਚਲੇ ਤੁਹਾਡੇ ਪਸ਼ੂਆਂ ਦੇ ਖਿਲਾਫ਼ ਵਰਤੇਗਾ। ਯਹੋਵਾਹ ਤੁਹਾਡੇ ਘੋੜਿਆਂ, ਖੋਤਿਆਂ, ਊਠਾਂ, ਪਸ਼ੂਆਂ ਅਤੇ ਭੇਡਾਂ ਵਿੱਚ ਭਿਆਨਕ ਬਿਮਾਰੀ ਫ਼ੈਲਾ ਦੇਵੇਗਾ।
4 ਯਹੋਵਾਹ ਇਸਰਾਏਲ ਦੇ ਜਾਨਵਰਾਂ ਨਾਲ ਮਿਸਰ ਦੇ ਜਾਨਵਰਾਂ ਨਾਲੋਂ ਵੱਖਰਾ ਸਲੂਕ ਕਰੇਗਾ। ਇਸਰਾਏਲ ਦੇ ਲੋਕਾਂ ਦਾ ਕੋਈ ਵੀ ਜਾਨਵਰ ਨਹੀਂ ਮਰੇਗਾ।
5 ਯਹੋਵਾਹ ਨੇ ਅਜਿਹਾ ਵਾਪਰਨ ਲਈ ਸਮਾਂ ਨਿਸ਼ਚਿੰਤ ਕਰ ਦਿੱਤਾ ਹੈ। ਕਲ ਨੂੰ ਇਸ ਦੇਸ਼ ਵਿੱਚ ਯਹੋਵਾਹ ਦੀ ਰਜ਼ਾ ਕਾਰਣ ਅਜਿਹਾ ਹੀ ਵਾਪਰੇਗਾ।”‘
6 ਅਗਲੀ ਸਵੇਰ, ਮਿਸਰ ਦੇ ਸਾਰੇ ਪਾਲਤੂ ਪਸ਼ੂ ਮਰ ਗਏ। ਪਰ ਇਸਰਾਏਲ ਦੇ ਲੋਕਾਂ ਦਾ ਕੋਈ ਵੀ ਪਸ਼ੂ ਨਹੀਂ ਮਰਿਆ।
7 ਫ਼ਿਰਊਨ ਨੇ ਲੋਕਾਂ ਨੂੰ ਦੇਖਣ ਲਈ ਭੇਜਿਆ ਕਿ ਕੀ ਇਸਰਾਏਲੀਆਂ ਦਾ ਕੋਈ ਪਸ਼ੂ ਮਰਿਆ ਅਤੇ ਉਸਨੇ ਸੁਣਿਆ ਕਿ ਇਸਰਾਏਲੀਆਂ ਦਾ ਇੱਕ ਵੀ ਪਸ਼ੂ ਨਹੀਂ ਮਰਿਆ ਸੀ। ਪਰ ਫ਼ਿਰਊਨ ਜ਼ਿੱਦੀ ਹੀ ਰਿਹਾ। ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਕਿਸੇ ਚੁਲ੍ਹੇ ਵਿੱਚੋਂ ਰਾਖ ਲੈਕੇ ਆਪਣੇ ਹੱਥਾਂ ਵਿੱਚ ਭਰੋ। ਮੂਸਾ ਨੇ, ਫ਼ਿਰਊਨ ਦੇ ਸਾਮ੍ਹਣੇ ਉਹ ਰਾਖ ਹਵਾ ਵਿੱਚ ਸੁੱਟੀ।
9 ਇਹ ਅਜਿਹੀ ਰਾਖ ਬਣ ਜਾਵੇਗੀ ਜਿਹੜੀ ਮਿਸਰ ਦੀ ਸਾਰੀ ਧਰਤੀ ਤੇ ਫ਼ੈਲ ਜਾਵੇਗੀ। ਜਦੋਂ ਵੀ ਰਾਖ ਮਿਸਰ ਦੇ ਕਿਸੇ ਬੰਦੇ ਜਾਂ ਜਾਨਵਰ ਨੂੰ ਛੂਹੇਗੀ, ਚਮੜੀ ਉੱਤੇ ਫ਼ੋੜੇ ਨਿਕਲ ਆਉਣਗੇ।”
10 ਤਾਂ ਮੂਸਾ ਤੇ ਹਾਰੂਨ ਨੇ ਭਠੀ ਵਿੱਚੋਂ ਰਾਖ ਲਈ। ਫ਼ੇਰ ਉਹ ਜਾਕੇ ਫ਼ਿਰਊਨ ਦੇ ਸਾਮ੍ਹਣੇ ਖਲੋ ਗਏ। ਉਨ੍ਹਾਂ ਨੇ ਰਾਖ ਹਵਾ ਵਿੱਚ ਉਡਾ ਦਿੱਤੀ, ਅਤੇ ਲੋਕਾਂ ਅਤੇ ਪਸ਼ੂਆਂ ਉੱਤੇ ਫ਼ੋੜੇ ਨਿਕਲਣੇ ਸ਼ੁਰੂ ਹੋ ਗਏ।
11 ਜਾਦੂਗਰ ਮੂਸਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕੇ, ਜਾਦੂਗਰਾਂ ਦੇ ਵੀ ਫ਼ੋੜੇ ਨਿਕਲ ਆਏ। ਇਹ ਮਿਸਰ ਵਿੱਚ ਹਰ ਥਾਂ ਵਾਪਰਿਆ।
12 ਪਰ ਯਹੋਵਾਹ ਨੇ ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ। ਅਜਿਹਾ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।
13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉਠੀ ਅਤੇ ਫ਼ਿਰਊਨ ਵੱਲ ਜਾਵੀਂ। ਉਸਨੂੰ ਆਖੀਂ ਕਿ ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ।
14 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ।
15 ਮੈਂ ਆਪਣੀ ਸ਼ਕਤੀ ਵਰਤ ਸਕਦਾ ਸਾਂ ਅਤੇ ਅਜਿਹੀ ਬਿਮਾਰੀ ਫ਼ੈਲਾ ਸਕਦਾ ਸਾਂ ਜਿਹੜੀ ਤੈਨੂੰ ਤੇ ਤੇਰੇ ਲੋਕਾਂ ਦਾ ਧਰਤੀ ਉੱਤੋਂ ਨਾਮੋ ਨਿਸ਼ਾਨ ਮਿਟਾ ਦੇਵੇਗੀ।
16 ਪਰ ਮੈਂ ਤੈਨੂੰ ਇੱਥੇ ਕਿਸੇ ਕਾਰਣ ਰੱਖਿਆ ਹੈ। ਮੈਂ ਤੈਨੂੰ ਇੱਥੇ ਇਸ ਲਈ ਰੱਖਿਆ ਹੈ ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਦਿਖਾ ਸਕਾਂ। ਫ਼ੇਰ ਸਾਰੀ ਦੁਨੀਆਂ ਦੇ ਲੋਕ ਮੇਰੇ ਬਾਰੇ ਜਾਣ ਲੈਣਗੇ।
17 ਤੂੰ ਫ਼ੇਰ ਵੀ ਮੇਰੇ ਲੋਕਾਂ ਦੇ ਵਿਰੁੱਧ ਹੈ। ਤੂੰ ਉਨ੍ਹਾਂ ਨੂੰ ਅਜ਼ਾਦ ਹੋਕੇ ਜਾਣ ਨਹੀਂ ਦੇ ਰਿਹਾ।
18 ਇਸ ਲਈ ਕਲ ਇਸੇ ਵੇਲੇ, ਮੈਂ ਭਿਆਨਕ ਗੜੇਮਾਰ ਕਰਾਂਗਾ। ਇਸ ਤਰ੍ਹਾਂ ਦੀ ਗੜੇਮਾਰ ਮਿਸਰ ਵਿੱਚ ਕਦੇ ਵੀ ਨਹੀਂ ਹੋਈ, ਉਦੋਂ ਤੋਂ ਲੈਕੇ ਵੀ ਨਹੀਂ ਜਦੋਂ ਦਾ ਮਿਸਰ ਇੱਕ ਕੌਮ ਬਣਿਆ ਹੈ।
19 ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਜਾਨਵਰਾਂ ਨੂੰ ਕਿਸੇ ਸੁਰਖਿਅਤ ਥਾਂ ਤੇ ਰਖੇਂ। ਤੂੰ ਆਪਣੀ ਹਰ ਸ਼ੈਅ ਨੂੰ ਜਿਹੜੀ ਹੁਣ ਖੇਤਾਂ ਵਿੱਚ ਹੈ, ਕਿਸੇ ਸੁਰਖਿਅਤ ਥਾਂ ਰਖੀਂ। ਕਿਉਂਕਿ ਜਿਹੜਾ ਵੀ ਬੰਦਾ ਜਾਂ ਜਾਨਵਰ ਖੇਤਾਂ ਵਿੱਚ ਹੋਵੇਗਾ, ਮਾਰਿਆ ਜਾਵੇਗਾ। ਗੜੇ ਹਰ ਉਸ ਚੀਜ਼ ਉੱਤੇ ਵਰ੍ਹਣਗੇ ਜਿਹੜੀ ਤੁਹਾਡੇ ਘਰਾਂ ਵਿੱਚ ਜਮ੍ਹਾ ਨਹੀਂ ਕੀਤੀ ਗਈ।’”
20 ਫ਼ਿਰਊਨ ਦੇ ਕੁਝ ਅਧਿਕਾਰੀਆਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦਿੱਤਾ। ਉਨ੍ਹਾਂ ਆਦਮੀਆਂ ਨੇ ਕਾਹਲੀ ਨਾਲ ਆਪਣੇ ਸਾਰੇ ਜਾਨਵਰਾਂ ਅਤੇ ਗੁਲਾਮਾਂ ਨੂੰ ਘਰਾਂ ਅੰਦਰ ਲੈ ਆਂਦਾ।
21 ਪਰ ਬਾਕੀ ਲੋਕ ਜਿਨ੍ਹਾਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਾ ਦਿੱਤਾ ਆਪਣੇ ਸਾਰੇ ਜਾਨਵਰ ਅਤੇ ਗੁਲਾਮਾਂ ਨੂੰ, ਖੇਤਾਂ ਵਿੱਚ ਛੱਡ ਗਏ।
22 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੀਆਂ ਬਾਹਾਂ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਰ ਥਾਂ ਗੜੇਮਾਰ ਹੋਣੀ ਸ਼ੁਰੂ ਹੋ ਜਾਵੇਗੀ। ਗੜੇ ਮਿਸਰ ਦੇ ਖੇਤਾਂ ਵਿੱਚ ਸਾਰੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਉੱਤੇ ਵਰ੍ਹਣਗੇ।”
23 ਤਾਂ ਮੂਸਾ ਨੇ ਆਪਣੀ ਸੋਟੀ ਹਵਾ ਵਿੱਚ ਹਿਲਾਈ ਅਤੇ ਯਹੋਵਾਹ ਨੇ ਧਰਤੀ ਉੱਤੇ ਗਰਜ, ਚਮਕ ਅਤੇ ਗੜੇ ਵਰ੍ਹਾ ਦਿੱਤੇ। ਗੜੇ ਸਾਰੇ ਮਿਸਰ ਉੱਤੇ ਵਰ੍ਹੇ।
24 ਗੜੇ ਵਰ੍ਹ ਰਹੇ ਸਨ ਅਤੇ ਇਸੇ ਦੌਰਾਨ ਬਿਜਲੀ ਲਿਸ਼ਕ ਰਹੀ ਸੀ। ਜਦੋਂ ਦਾ ਮਿਸਰ ਇੱਕ ਕੌਮ ਬਣਿਆ ਸੀ, ਇਹ ਸਭ ਤੋਂ ਭਿਆਨਕ ਗੜੇਮਾਰ ਸੀ।
25 ਤੂਫ਼ਾਨ ਨੇ ਮਿਸਰ ਦੇ ਖੇਤਾਂ ਦੀ ਹਰ ਸ਼ੈਅ ਤਬਾਹ ਕਰ ਦਿੱਤੀ। ਗੜਿਆਂ ਨੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਨੂੰ ਤਬਾਹ ਕਰ ਦਿੱਤਾ। ਗੜਿਆਂ ਨੇ ਖੇਤਾਂ ਦੇ ਸਾਰੇ ਰੱਖ ਵੀ ਝੰਬ ਦਿੱਤੇ।
26 ਸਿਰਫ਼ ਇੱਕ ਥਾਂ ਜਿਥੇ ਗੜੇਮਾਰ ਨਹੀਂ ਹੋਈ ਉਹ ਗੋਸ਼ਨ ਦੀ ਧਰਤੀ ਸੀ ਜਿਥੇ ਇਸਰਾਏਲ ਦੇ ਲੋਕ ਰਹਿੰਦੇ ਸਨ।
27 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਵਾਰੀ ਮੈਂ ਪਾਪ ਕੀਤਾ ਹੈ। ਯਹੋਵਾਹ ਠੀਕ ਹੈ, ਅਤੇ ਮੈਂ ਤੇ ਮੇਰੇ ਲੋਕ ਗਲਤ ਹਨ।
28 ਪਰਮੇਸ਼ੁਰ ਵੱਲੋਂ ਗਰਜ ਅਤੇ ਗੜੇਮਾਰ ਬਹੁਤ ਜ਼ਿਆਦਾ ਹੋਈ ਹੈ। ਪਰਮੇਸ਼ੁਰ ਨੂੰ ਆਖੋ ਕਿ ਤੂਫ਼ਾਨ ਨੂੰ ਰੋਕੇ ਅਤੇ ਮੈਂ ਤੁਹਾਨੂੰ ਜਾਣ ਦੇਵਾਂਗਾ। ਤੁਹਾਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ।”
29 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ।
30 ਪਰ ਮੈਂ ਜਾਣਦਾ ਹਾਂ ਕਿ ਤੂੰ ਅਤੇ ਤੇਰੇ ਅਧਿਕਾਰੀ ਅਜੇ ਤੱਕ ਅਸਲ ਵਿੱਚ ਯਹੋਵਾਹ ਤੋਂ ਡਰਦੇ ਤੇ ਉਸਦਾ ਆਦਰ ਨਹੀਂ ਕਰਦੇ।”
31 ਸਣ ਦੇ ਬੀਜ ਪੁੰਗਰ ਚੁੱਕੇ ਸਨ। ਅਤੇ ਜੌ ਪਹਿਲਾਂ ਹੀ ਪਲਰ ਰਹੇ ਸਨ। ਇਸ ਲਈ ਇਹ ਪੌਦੇ ਤਬਾਹ ਹੋ ਗਏ।
32 ਪਰ ਕਣਕ ਦੂਜਿਆਂ ਅਨਾਜਾਂ ਤੋਂ ਪਛੇਤੀ ਪਕਦੀ ਹੈ ਇਸ ਲਈ ਉਸ ਦੇ ਪੌਦੇ ਤਬਾਹ ਨਹੀਂ ਹੋਏ।
33 ਮੂਸਾ ਫ਼ਿਰਊਨ ਨੂੰ ਛੱਡਕੇ ਸ਼ਹਿਰ ਦੇ ਬਾਹਰ ਚਲਾ ਗਿਆ। ਉਸਨੇ ਯਹੋਵਾਹ ਅੱਗੇ ਪ੍ਰਾਰਥਨਾ ਵਿੱਚ ਹੱਥ ਚੁੱਕੇ। ਅਤੇ ਗਰਜ ਅਤੇ ਗੜੇਮਾਰ ਰੁਕ ਗਈ ਅਤੇ ਫ਼ੇਰ ਬਾਰਿਸ਼ ਵੀ ਹਟ ਗਈ।
34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜੇਮਾਰ ਅਤੇ ਗਰਜ ਰੁਕ ਗਈ ਹੈ, ਉਸਨੇ ਫ਼ੇਰ ਗਲਤੀ ਕੀਤੀ। ਉਸਨੇ ਤੇ ਉਸਦੇ ਅਧਿਕਾਰੀਆਂ ਨੇ ਫ਼ੇਰ ਜ਼ਿਦ ਫ਼ੜ ਲਈ।
35 ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਅਜ਼ਾਦੀ ਨਾਲ ਜਾਣ ਨਹੀਂ ਦਿੱਤਾ। ਇਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਆਖਿਆ ਸੀ।