1 ਯਹੋਵਾਹ ਨੇ ਮੂਸਾ ਨੂੰ ਆਖਿਆ
2 “ਹਾਰੂਨ ਅਤੇ ਉਸਦੇ ਪੁੱਤਰਾਂ ਨਾਲ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ;
3 ਇਸਰਾਏਲ ਦਾ ਕੋਈ ਵੀ ਬੰਦਾ ਜੋ ਬਲਦ ਜਾਂ ਲੇਲੇ ਜਾਂ ਬੱਕਰੇ ਨੂੰ ਡੇਰੇ ਦੇ ਅੰਦਰ ਜਾਂ ਬਾਹਰ ਮਾਰਦਾ ਹੈ।
4 ਉਸਨੂੰ ਉਹ ਜਾਨਵਰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਉਸਨੂੰ ਇਹ ਜਾਨਵਰ ਯਹੋਵਾਹ ਨੂੰ ਸੁਗਾਤ ਵਜੋਂ ਯਹੋਵਾਹ ਦੇ ਪਵਿੱਤਰ ਤੰਬੂ ਦੇ ਅੱਗੇ ਭੇਟ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ, ਉਹ ਖੂਨ ਖਰਾਬੇ ਦਾ ਦੋਸ਼ੀ ਹੋਵੇਗਾ ਅਤੇ ਉਸਨੂੰ ਆਪਣੇ ਲੋਕਾਂ ਤੋਂ ਅਲੱਗ ਕਰ ਦਿੱਤਾ ਜਾਵੇ।
5 ਇਹ ਨੇਮ ਇਸ ਵਾਸਤੇ ਹੈ ਕਿ ਲੋਕ ਜਾਨਵਰਾਂ ਨੂੰ ਖੇਤਾਂ ਵਿੱਚ ਕੁਰਬਾਨ ਕਰਨ ਦੀ ਬਜਾਇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਕੋਲ ਲੈਕੇ ਆਉਣ। ਉਨ੍ਹਾਂ ਨੂੰ ਉਹ ਜਾਨਵਰ ਯਹੋਵਾਹ ਲਈ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨਜ਼ਦੀਕ ਜਾਜਕ ਕੋਲ ਲੈਕੇ ਆਉਣੇ ਚਾਹੀਦੇ ਹਨ।
6 ਫ਼ੇਰ ਜਾਜਕ ਨੂੰ ਉਨ੍ਹਾਂ ਜਾਨਵਰਾਂ ਦਾ ਖੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਜਾਨਵਰਾਂ ਦੀ ਚਰਬੀ ਨੂੰ ਜਗਵੇਦੀ ਉੱਤੇ ਸਾੜੇਗਾ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
7 ਉਨ੍ਹਾਂ ਨੂੰ ਆਪਣੇ ‘ਬੱਕਰੇ ਦੇਵਤਿਆਂ’ ਨੂੰ ਹੋਰ ਬਲੀਆਂ ਨਹੀਂ ਚੜਾਉਣੀਆਂ ਚਾਹੀਦੀਆਂ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਦਾ ਅਨੁਸਰਣ ਕੀਤਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਵੇਸਵਾਵਾਂ ਵਾਂਗੂ ਵਿਹਾਰ ਕੀਤਾ ਹੈ। ਇਹ ਨੇਮ ਹਮੇਸ਼ਾ ਲਈ ਜਾਰੀ ਰਹਿਣਗੇ।
8 “ਲੋਕਾਂ ਨੂੰ ਦੱਸ; ਇਸਰਾਏਲ ਦਾ ਕੋਈ ਨਾਗਰਿਕ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਮੁਸਾਫ਼ਰ ਜਾਂ ਪਰਦੇਸੀ ਵੀ ਸ਼ਾਇਦ ਹੋਮ ਦੀ ਭੇਟ ਜਾਂ ਬਲੀ ਭੇਟ ਕਰੇ।
9 ਉਸ ਬੰਦੇ ਨੂੰ ਆਪਣੀ ਬਲੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ ਅਤੇ ਇਸਨੂੰ ਯਹੋਵਾਹ ਨੂੰ ਭੇਟ ਕਰਨਾ ਚਾਹੀਦਾ ਹੈ। ਜੇ ਉਹ ਬੰਦਾ ਅਜਿਹਾ ਨਹੀਂ ਕਰਦਾ, ਉਸਨੂੰ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ।
10 “ਮੈਂ (ਪਰਮੇਸ਼ੁਰ) ਉਸ ਕਿਸੇ ਵੀ ਬੰਦੇ ਦੇ ਖਿਲਾਫ਼ ਹੋਵਾਂਗਾ ਜਿਹੜਾ ਖੂਨ ਖਾਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਕੋਈ ਸ਼ਹਿਰੀ ਹੈ ਜਾਂ ਉਹ ਤੁਹਾਡੇ ਦਰਮਿਆਨ ਰਹਿੰਦਾ ਕੋਈ ਵਿਦੇਸ਼ੀ ਹੈ। ਮੈਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਵਾਂਗਾ।
11 ਕਿਉਂਕਿ ਸ਼ਰੀਰ ਦੀ ਜਾਨ ਖੂਨ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਖੂਨ ਨੂੰ ਖੁਦ ਲਈ ਪਰਾਸਚਿਤ ਕਰਨ ਖਾਤਰ, ਜਗਵੇਦੀ ਉੱਤੇ ਪਾਉਣ ਲਈ ਦਿੱਤਾ ਹੈ। ਇਹ ਜੀਵਨ ਖੂਨ ਹੈ ਜੋ ਲੋਕਾਂ ਲਈ ਪਰਾਸਚਿਤ ਕਰਦਾ ਹੈ।
12 ਇਸੇ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਆਖਦਾ ਹਾਂ; ਤੁਹਾਡੇ ਵਿੱਚੋਂ ਕੋਈ ਵੀ ਖੂਨ ਨਾ ਖਾਵੇ ਅਤੇ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵੀ ਵਿਦੇਸ਼ੀ ਖੂਨ ਨਾ ਖਾਵੇ।
13 “ਜੇ ਕੋਈ ਬੰਦਾ ਕਿਸੇ ਜੰਗਲੀ ਜਾਨਵਰ ਨੂੰ ਜਾਂ ਪੰਛੀ ਨੂੰ ਫ਼ੜ ਲੈਂਦਾ, ਜਿਸਨੂੰ ਖਾਧਾ ਜਾ ਸਕਦਾ ਹੈ ਤਾਂ ਉਸਨੂੰ ਉਸਦਾ ਖੂਨ ਧਰਤੀ ਤੇ ਡੋਲ੍ਹਕੇ ਗੰਦਗੀ ਨਾਲ ਢਕ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸਰਾਏਲ ਦਾ ਕੋਈ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ।
14 ਤੁਹਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਜੇ ਹਾਲੇ ਵੀ ਖੂਨ ਮਾਸ ਵਿੱਚ ਹੈ ਤਾਂ ਉਸ ਜਾਨਵਰ ਦੀ ਜਾਨ ਮਾਸ ਵਿੱਚ ਹੈ। ਇਸ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦਿੰਦਾ ਹਾਂ; ਅਜਿਹਾ ਮਾਸ ਨਾ ਖਾਉ ਜਿਸ ਵਿੱਚ ਹਾਲੇ ਖੂਨ ਹੈ। ਕੋਈ ਵੀ ਬੰਦਾ ਜਿਹੜਾ ਖੂਨ ਨੂੰ ਖਾਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
15 “ਇਸਤੋਂ ਇਲਾਵਾ, ਜੇ ਕੋਈ ਬੰਦਾ ਕਿਸੇ ਆਪਣੇ-ਆਪ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਜਾਂ ਕੋਈ ਬੰਦਾ ਕਿਸੇ ਦੂਸਰੇ ਜਾਨਵਰ ਦੁਆਰਾ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। ਫ਼ੇਰ ਉਹ ਪਾਕ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ।
16 ਜੇ ਉਹ ਬੰਦਾ ਆਪਣੇ ਕੱਪੜੇ ਨਹੀਂ ਧੋਂਦਾ ਜਾਂ ਆਪਣੇ-ਆਪ ਨੂੰ ਨਹੀਂ ਧੋਂਦਾ ਤਾਂ ਉਹ ਆਪਣੇ ਪਾਪ ਦੀ ਸਜ਼ਾ ਭੁਗਤੇਗਾ।”