1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਯਹੋਵਾਹ ਦੇ ਚੁਣੇ ਹੋਏ ਤਿਉਹਾਰਾਂ ਦਾ ਪਵਿੱਤਰ ਸਭਾਵਾਂ ਵਜੋਂ ਐਲਾਨ ਕਰੋਂਗੇ। ਮੇਰੀਆਂ ਪਵਿੱਤਰ ਛੁੱਟੀਆਂ ਇਹ ਹਨ;
3 “ਛੇ ਦਿਨ ਕੰਮ ਕਰੋ। ਪਰ ਸੱਤਵਾਂ ਦਿਨ, ਸਬਤ, ਅਰਾਮ ਦਾ ਖਾਸ ਦਿਨ ਪਵਿੱਤਰ ਸਭਾ ਦਾ ਹੋਵੇਗਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਸਾਰੇ ਘਰਾਂ ਵਿੱਚ ਯਹੋਵਾਹ ਲਈ ਸਬਤ ਹੈ।
4 “ਇਹ ਯਹੋਵਾਹ ਦੀਆਂ ਚੁਣੀਆਂ ਹੋਈਆਂ ਛੁੱਟੀਆਂ ਹਨ। ਤੁਸੀਂ ਇਨ੍ਹਾਂ ਲਈ ਚੁਣੇ ਹੋਏ ਸਮਿਆਂ ਵਾਸਤੇ ਪਵਿੱਤਰ ਸਭਾਵਾਂ ਦਾ ਐਲਾਨ ਕਰੋਂਗੇ।
5 ਯਹੋਵਾਹ ਦਾ ਪਸਾਹ ਪਹਿਲੇ ਮਹੀਨੇ ਦੇ
14 ਵੇਂ ਦਿਨ ਨੂੰ ਸ਼ਾਮ ਵੇਲੇ ਹੈ।
6 “ਯਹੋਵਾਹ ਦਾ ਪਤੀਰੀ ਰੋਟੀ ਦਾ ਪਰਬ ਉਸੇ ਮਹੀਨੇ ਦੇ
15 ਵੇਂ ਦਿਨ ਤੇ ਹੈ। ਤੁਸੀਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਵੋਂਗੇ।
7 ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ, ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
8 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਬਲੀਆਂ ਚੜਾਉਣੀਆਂ ਚਾਹੀਦੀਆਂ ਹਨ। ਫ਼ੇਰ ਸੱਤਵੇਂ ਦਿਨ ਉਥੇ ਇੱਕ ਹੋਰ ਪਵਿੱਤਰ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।”
9 ਯਹੋਵਾਹ ਨੇ ਮੂਸਾ ਨੂੰ ਆਖਿਆ,
10 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਮੈਂ ਤੁਹਾਨੂੰ ਦੇਵਾਂਗਾ। ਤੁਸੀਂ ਇਸਦੀ ਫ਼ਸਲ ਵਢੋਂਗੇ। ਉਸ ਸਮੇਂ ਤੁਹਾਨੂੰ ਆਪਣੀ ਫ਼ਸਲ ਦੀ ਪਹਿਲੀ ਭਰੀ ਜਾਜਕ ਕੋਲ ਲੈਕੇ ਆਉਣੀ ਚਾਹੀਦੀ ਹੈ।
11 ਉਹ ਭਰੀ ਨੂੰ ਤੁਹਾਡੇ ਲਈ ਯਹੋਵਾਹ ਅੱਗੇ ਹਿਲਾਵੇਗਾ। ਫ਼ੇਰ ਇਹ ਪ੍ਰਵਾਨ ਹੋ ਜਾਵੇਗੀ। ਉਹ ਭਰੀ ਨੂੰ ਸਬਤ ਤੋਂ ਅਗਲੇ ਦਿਨ ਨੂੰ ਹਿਲਾਵੇਗਾ।
12 “ਉਸ ਦਿਨ, ਜਦੋਂ ਜਾਜਕ ਭਰੀ ਨੂੰ ਤੁਹਾਡੇ ਲਈ ਹਿਲਾਵੇ, ਤੁਸੀਂ ਇੱਕ ਸਾਲ ਦਾ ਬੇਨੁਕਸ ਲੇਲਾ ਵੀ ਭੇਟ ਕਰੋਂਗੇ। ਲੇਲੇ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਭੇਟ ਕੀਤਾ ਜਾਵੇਗਾ।
13 ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲੇ ਮੈਦੇ ਦੇ
16 ਕੱਪ ਅਨਾਜ਼ ਦੀ ਭੇਟ ਵਜੋਂ ਚੜਾਉਣੇ ਚਾਹੀਦੇ ਹਨ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਮੈਅ ਦਾ ਇੱਕ ਕੁਆਟਰ ਪੀਣ ਦੀ ਭੇਟ ਵਜੋਂ ਚੜਾਉਣਾ ਚਾਹੀਦਾ ਹੈ।
14 ਜਿੰਨਾ ਚਿਰ ਤੁਸੀਂ ਇਹ ਸੁਗਾਤ ਯਹੋਵਾਹ ਲਈ ਨਹੀਂ ਲਿਆਉਂਦੇ, ਤੁਹਾਨੂੰ ਆਪਣੀ ਵਾਢੀ ਚੋਂ ਅਨਾਜ਼, ਰੋਟੀ ਜਾਂ ਫ਼ਲ ਨਹੀਂ ਖਾਣਾ ਚਾਹੀਦਾ। ਇਹ ਨੇਮ ਜਿਥੇ ਵੀ ਤੁਸੀਂ ਰਹੋਂ ਤੁਹਾਡੀਆਂ ਸਾਰੀਆਂ ਪੀੜੀਆਂ ਤਾਈਂ ਜਾਰੀ ਰਹੇਗਾ।
15 “ਸਬਤ ਤੋਂ ਅਗਲੇ ਦਿਨ ਜਿਸ ਦਿਨ ਤੁਸੀਂ ਭਰੀ ਨੂੰ ਹਿਲਾਉਣ ਦੀ ਭੇਟ ਵਜੋਂ ਲਿਆਉਂਦੇ ਹੋ, ਸੱਤ ਹਫ਼ਤੇ ਗਿਣ ਲਵੋ।
16 ਸੱਤਵੇਂ ਹਫ਼ਤੇ ਦੇ ਪਿਛੋਂ ਆਉਣ ਵਾਲੇ ਦਿਨ (ਅਰਥਾਤ
50 ਵੇਂ ਦਿਨ) ਤੁਸੀਂ ਯਹੋਵਾਹ ਲਈ ਇੱਕ ਨਵੀਂ ਅਨਾਜ਼ ਦੀ ਭੇਟ ਲੈਕੇ ਆਵੋਂਗੇ।
17 ਉਸ ਦਿਨ, ਆਪਣੇ ਘਰਾਂ ਵਿੱਚੋਂ ਦੋ ਰੋਟੀਆਂ ਹਿਲਾਉਣ ਦੀ ਭੇਟ ਵਜੋਂ ਲੈਕੇ ਆਵੋ। ਇਨ੍ਹਾਂ ਰੋਟੀਆਂ ਨੂੰ
16 ਕੱਪ ਮੈਦੇ ਵਿੱਚ ਖਮੀਰ ਪਾਕੇ ਬਣਾਉ। ਇਹ ਤੁਹਾਡੀ ਪਹਿਲੀ ਵਾਢੀ ਵਿੱਚੋਂ ਯਹੋਵਾਹ ਲਈ ਸੁਗਾਤ ਹੋਵੇਗੀ।
18 “ਇੱਕ ਬਲਦ, ਦੋ ਭੇਡੂ ਅਤੇ ਸੱਤ ਇੱਕ ਸਾਲ ਦੇ ਲੇਲੇ ਲੋਕਾਂ ਵੱਲੋਂ ਅਨਾਜ਼ ਦੀ ਭੇਟ ਦੇ ਨਾਲ ਭੇਟ ਕੀਤੇ ਜਾਣਗੇ। ਇਹ ਜਾਨਵਰ ਬੇਨੁਕਸ ਹੋਣੇ ਚਾਹੀਦੇ ਹਨ। ਇਹ ਉਨ੍ਹਾਂ ਦੀਆਂ ਅਨਾਜ਼ ਅਤੇ ਪੀਣ ਦੀਆਂ ਭੇਟਾਂ ਸਮੇਤ ਹੋਮ ਦੀ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
19 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਇੱਕ ਸਾਲ ਦੇ ਲੇਲੇ ਵੀ ਭੇਟ ਕਰਨੇ ਚਾਹੀਦੇ ਹਨ।
20 “ਜਾਜਕ ਇਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਦੋ ਲੇਲਿਆਂ ਅਤੇ ਪਹਿਲੀ ਫ਼ਸਲ ਦੀ ਰੋਟੀ ਨਾਲ ਹਿਲਾਉਣ ਦੀ ਭੇਟ ਵਜੋਂ ਲਹਿਰਾਵੇਗਾ। ਇਹ ਯਹੋਵਾਹ ਲਈ ਪਵਿੱਤਰ ਹਨ। ਇਹ ਜਾਜਕ ਦੇ ਹੋਣਗੇ।
21 ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਬੁਲਾਵੋਂਗੇ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਜਿਥੇ ਵੀ ਤੁਸੀਂ ਰਹੋਂ, ਤੁਹਾਡੀਆਂ ਸਾਰੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ।
22 “ਇਸਤੋਂ ਇਲਾਵਾ, ਜਦੋਂ ਤੁਸੀਂ ਆਪਣੀ ਧਰਤੀ ਤੋਂ ਫ਼ਸਲਾਂ ਦੀ ਵਾਢੀ ਕਰੋ ਤਾਂ ਆਪਣੇ ਖੇਤ ਨੂੰ ਪੂਰੇ ਕਿਨਾਰਿਆਂ ਤੱਕ ਨਾ ਵਢੋ। ਜਿਹੜਾ ਅਨਾਜ਼ ਧਰਤੀ ਉੱਤੇ ਡਿੱਗ ਪੈਂਦਾ ਹੈ ਉਸਨੂੰ ਨਾ ਚੁੱਕੋ। ਇਹ ਚੀਜ਼ਾਂ ਗਰੀਬ ਲੋਕਾਂ ਅਤੇ ਤੁਹਾਡੇ ਦੇਸ਼ ਵਿੱਚੋਂ ਗੁਜ਼ਰਨ ਵਾਲੇ ਪਰਦੇਸੀਆਂ ਲਈ ਛੱਡ ਦਿਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23 ਇੱਕ ਵਾਰ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
24 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਨੂੰ ਛੁੱਟੀ ਦਾ ਖਾਸ ਦਿਨ ਮਿਲਿਆ ਹੈ। ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਾਦਗਾਰੀ ਵਜੋਂ ਤੂਰ੍ਹੀ ਵਜਾਵੋਂਗੇ।
25 ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਯਹੋਵਾਹ ਨੂੰ ਅੱਗ ਦੁਆਰਾ ਇੱਕ ਦੁਆਰਾ ਇੱਕ ਭੇਟ ਚੜਾਵੋਂਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ,
27 “ਪਰਾਸਚਿਤ ਦਾ ਦਿਨ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਹੋਵੇਗਾ। ਇੱਥੇ ਇੱਕ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ ਅਤੇ ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜਾਉਣੀ ਚਾਹੀਦੀ ਹੈ।
28 ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਰਾਸਚਿਤ ਦਾ ਦਿਨ ਤੁਹਾਡੇ ਲਈ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਾਮ੍ਹਣੇ ਪਰਾਸਚਿਤ ਕਰਨ ਲਈ ਹੋਵੇਗਾ।
29 “ਜੇ ਕੋਈ ਬੰਦਾ ਇਸ ਦਿਨ ਵਰਤ ਰੱਖਣ ਤੋਂ ਇਨਕਾਰ ਕਰਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
30 ਜੇ ਕੋਈ ਬੰਦਾ ਇਸ ਦਿਨ ਕੋਈ ਕੰਮ ਕਰਦਾ ਹੈ ਮੈਂ (ਪਰਮੇਸ਼ੁਰ) ਉਸ ਬੰਦੇ ਨੂੰ ਉਸਦੇ ਲੋਕਾਂ ਵਿੱਚੋਂ ਤਬਾਹ ਕਰ ਦਿਆਂਗਾ।
31 ਤੁਹਾਨੂੰ ਬਿਲਕੁਲ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਲਈ ਜਾਰੀ ਰਹੇਗਾ ਭਾਵੇਂ ਤੁਸੀਂ ਕਿਧਰੇ ਵੀ ਰਹਿੰਦੇ ਹੋਵੋ।
32 ਇਹ ਤੁਹਾਡੇ ਲਈ ਅਰਾਮ ਦਾ ਖਾਸ ਦਿਨ ਹੋਵੇਗਾ। ਤੁਹਾਨੂੰ ਭੋਜਨ ਨਹੀਂ ਖਾਣਾ ਚਾਹੀਦਾ। ਤੁਸੀਂ ਇਸ ਦਿਨ ਨੂੰ ਅਰਾਮ ਦੇ ਖਾਸ ਦਿਨ ਵਜੋਂ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਨੂੰ ਸ਼ੁਰੂ ਕਰੋਂਗੇ - ਇਹ ਅਰਾਮ ਦਾ ਖਾਸ ਦਿਨ ਉਸ ਸ਼ਾਮ ਤੋਂ ਲੈਕੇ ਅਗਲੀ ਸ਼ਾਮ ਤੱਕ ਜਾਰੀ ਰਹੇਗਾ।”
33 ਯਹੋਵਾਹ ਨੇ ਮੂਸਾ ਨੂੰ ਫ਼ੇਰ ਆਖਿਆ,
34 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ
15 ਵੇਂ ਦਿਨ ਡੇਰਿਆਂ ਦਾ ਪਰਬ ਹੈ। ਯਹੋਵਾਹ ਲਈ ਇਹ ਛੁੱਟੀ
7 ਦਿਨ ਰਹੇਗੀ।
35 ਪਹਿਲੇ ਦਿਨ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
36 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਭੇਟ ਚੜਾਉਣੀ ਚਾਹੀਦੀ ਹੈ। ਅਠਵੇਂ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜਾਵੋਂਗੇ। ਇਹ ਪਰਬ ਦਾ ਖਾਸ ਦਿਨ ਹੈ। ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
37 “ਇਹ ਯਹੋਵਾਹ ਦੀਆਂ ਖਾਸ ਛੁੱਟੀਆਂ ਹਨ। ਇਨ੍ਹਾਂ ਛੁੱਟੀਆਂ ਤੇ ਪਵਿੱਤਰ ਸਭਾਵਾਂ ਹੋਣਗੀਆਂ। ਤੁਸੀਂ ਯਹੋਵਾਹ ਲਈ ਸੁਗਾਤਾਂ ਲਿਆਵੋਂਗੇ - ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ। ਤੁਹਾਨੂੰ ਇਹ ਸੁਗਾਤਾਂ ਸਹੀ ਦਿਨਾਂ ਤੇ ਲਿਆਉਣੀਆਂ ਚਾਹੀਦੀਆਂ ਹਨ।
38 ਤੁਸੀਂ ਇਨ੍ਹਾਂ ਛੁੱਟੀਆਂ ਨੂੰ ਯਹੋਵਾਹ ਦੇ ਸਬਤਾਂ ਤੋਂ ਇਲਾਵਾ ਮਨਾਉਂਗੇ। ਤੁਸੀਂ ਸੁਗਾਤਾਂ ਨੂੰ ਯਹੋਵਾਹ ਨੂੰ ਆਪਣੀਆਂ ਹੋਰਨਾਂ ਭੇਟਾਂ, ਖਾਸ ਇਕਰਾਰਾਂ ਲਈ ਤੁਹਾਡੀਆਂ ਭੇਟਾਂ, ਅਤੇ ਤੁਹਾਡੀਆਂ ਮਨ-ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ ਚੜਾਵੋਂਗੇ।
39 “ਸੱਤਵੇਂ ਮਹੀਨੇ ਦੇ
15 ਵੇਂ ਦਿਨ ਜਦੋਂ ਤੁਸੀਂ ਧਰਤੀ ਦੀਆਂ ਫ਼ਸਲਾਂ ਸਾਂਭ ਹਟੋਂਗੇ, ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਦਾ ਤਿਉਹਾਰ ਮਨਾਉਂਗੇ। ਪਹਿਲਾ ਦਿਨ ਅਤੇ ਅਠਵਾਂ ਦਿਨ ਅਰਾਮ ਦੇ ਖਾਸ ਦਿਨ ਹੋਣਗੇ।
40 ਪਹਿਲੇ ਦਿਨ, ਤੁਸੀਂ ਫ਼ਲਦਾਰ ਰੁਖਾਂ ਤੋਂ ਚੰਗੇ ਫ਼ਲ ਅਤੇ ਨਦੀ ਕੰਢੇ ਉਗ੍ਗੇ ਹੋਏ ਖਜ਼ੂਰ ਦੇ ਰੁਖਾਂ, ਪੋਪਲਰ ਦੇ ਰੁਖਾਂ ਅਤੇ ਵਿਲੋ ਦੇ ਰੁਖਾਂ ਦੀਆਂ ਟਾਹਣੀਆਂ ਲਵੋਂਗੇ। ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਜਸ਼ਨ ਮਨਾਉਂਗੇ।
41 ਤੁਸੀਂ ਹਰ ਸਾਲ ਸੱਤ ਦਿਨ ਇਹ ਛੁੱਟੀ ਯਹੋਵਾਹ ਲਈ ਮਨਾਉਂਗੇ। ਇਹ ਨੇਮ ਹਮੇਸ਼ਾ ਰਹੇਗਾ। ਤੁਸੀਂ ਇਹ ਛੁੱਟੀ ਸੱਤਵੇਂ ਮਹੀਨੇ ਵਿੱਚ ਮਨਾਉਂਗੇ।
42 ਤੁਸੀਂ ਸੱਤਾਂ ਦਿਨਾਂ ਤੀਕ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹੋਂਗੇ। ਇਸਰਾਏਲ ਦਾ ਹਰ ਨਾਗਰਿਕ ਇਨ੍ਹਾਂ ਸ਼ਰਣ ਸਥਾਨਾਂ ਵਿੱਚ ਰਹੇਗਾ।
43 ਫ਼ੇਰ ਤੁਹਾਡੇ ਸਾਰੇ ਉੱਤਰਾਧਿਕਾਰੀ ਜਾਣ ਲੈਣਗੇ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਸਮੇਂ ਦੌਰਾਨ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹਿਣ ਦਿੱਤਾ ਜਦੋਂ ਮੈਂ ਉਨ੍ਹਾਂ ਨੂੰ ਮਿਸਰ ਤੋਂ ਲੈਕੇ ਆਇਆ ਸਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
44 ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਛੁੱਟੀਆਂ ਬਾਰੇ ਦੱਸਿਆ।