1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਚਾਂਦੀ ਦੀ ਵਰਤੋਂ ਕਰੋ ਇਸਨੂੰ ਹਥੌੜਿਆਂ ਨਾਲ ਚੰਡਕੇ ਦੋ ਤੂਰ੍ਹੀਆਂ ਬਣਾਉ। ਇਹ ਤੂਰ੍ਹੀਆਂ ਲੋਕਾਂ ਨੂੰ ਇਕਠਿਆਂ ਕਰਨ ਲਈ ਹੋਣਗੀਆਂ ਅਤ ਉਨ੍ਹਾਂ ਨੂੰ ਇਹ ਦੱਸਣ ਲਈ ਹੋਣਗਿਆਂ ਕਿ ਕੂਚ ਦਾ ਸਮਾਂ ਆ ਚੁਕਿਆ ਹੈ।
3 ਜੇ ਤੁਸੀਂ ਇਨ੍ਹਾਂ ਤੂਰ੍ਹੀਆਂ ਨੂੰ ਲੰਮੀ ਧੁਨ ਵਿੱਚ ਵਜਾਵੋਂਗੇ ਤਾਂ ਸਮੂਹ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕਠੇ ਹੋ ਜਾਣਾ ਚਾਹੀਦਾ ਹੈ।
4 ਜਦੋਂ ਤੁਸੀਂ ਲੰਮੀ ਧੁਨ ਵਿੱਚ ਸਿਰਫ਼ ਇੱਕ ਤੂਰ੍ਹੀ ਨੂੰ ਵਜਾਵੋਂ, ਤਾਂ ਹੀ ਆਗੂਆਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। (ਇਹ ਆਗੂ ਇਸਰਾਏਲ ਦੇ
12 ਪਰਿਵਾਰ-ਸਮੂਹਾਂ ਵਿੱਚੋਂ ਹਨ।)
5 “ਤੂਰ੍ਹੀ ਨਾਲ ਪੈਦਾ ਕੀਤੀਆਂ ਗਈਆਂ ਛੋਟੀਆਂ ਧੁਨਾਂ ਲੋਕਾਂ ਨੂੰ ਡੇਰਾ ਉਠਾ ਲੈਣ ਦੀ ਸੂਚਨਾ ਹੋਵੇਗੀ। ਤੁਸੀਂ ਪਹਿਲੀ ਵਾਰ ਤੂਰ੍ਹੀਆਂ ਉੱਤੇ ਛੋਟੀ ਧੁਨ ਪੈਦਾ ਕਰੋਂਗੇ ਤਾਂ ਮੰਡਲੀ ਵਾਲੇ ਤੰਬੂ ਦੇ ਪੂਰਬ ਵਾਲੇ ਪਾਸੇ ਦੇ ਪਰਿਵਾਰ-ਸਮੂਹ ਡੇਰੇ ਤੋਂ ਚੱਲਣਾ ਸ਼ੁਰੂ ਕਰ ਦੇਣਗੇ।
6 ਦੂਜੀ ਵਾਰੀ ਤੁਸੀਂ ਤੂਰ੍ਹੀਆਂ ਤੇ ਛੋਟੀ ਜਿਹੀ ਧੁਨ ਪੈਦਾ ਕਰੋਂਗੇ, ਮੰਡਲੀ ਵਾਲੇ ਤੰਬੂ ਦੇ ਦੱਖਣੀ ਪਾਸੇ ਵਾਲੇ ਪਰਿਵਾਰ-ਸਮੂਹ ਅੱਗੇ ਵਧਣਾ ਸ਼ੁਰੂ ਕਰਗੇ।
7 ਪਰ ਜੇ ਤੁਸੀਂ ਲੋਕਾਂ ਨੂੰ ਖਾਸ ਮੰਡਲੀ ਵਿੱਚ ਇਕਠਿਆ ਕਰਨਾ ਚਾਹੁੰਦੇ ਹੋ ਤਾਂ ਤੂਰ੍ਹੀਆਂ ਨੂੰ ਵਖਰੇ ਢੰਗ ਨਾਲ ਵਜਾਉ, ਤੂਰ੍ਹੀ ਉੱਤੇ ਇੱਕ ਲੰਮੀ ਸਥਿਰ ਧੁਨ ਪੈਦਾ ਕਰੋ।
8 ਸਿਰਫ਼ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਹੀ ਤੂਰ੍ਹੀਆਂ ਵਜਾਉਣੀਆ ਚਾਹੀਦੀਆਂ ਹਨ। ਇਹ ਤੁਹਾਡੇ ਲਈ ਅਜਿਹੀ ਬਿਧੀ ਹੈ ਜਿਹੜਾ ਸਦਾ ਜਾਰੀ ਰਹੇਗਾ, ਆਉਣ ਵਾਲੀਆਂ ਪੀੜੀਆਂ ਤੀਕ।
9 “ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੂਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ।
10 ਤੁਹਾਨੂੰ ਇਨ੍ਹਾਂ ਤੂਰ੍ਹੀਆਂ ਨੂੰ ਆਪਣੀਆਂ ਸਾਰੀਆਂ ਖਾਸ ਸਭਾਵਾਂ, ਮਹੀਨੇ ਦੇ ਪਹਿਲੇ ਦਿਨਾ ਉੱਤੇ ਅਤੇ ਤੁਹਾਡੀ ਖੁਸ਼ੀ ਦੇ ਸਰਿਆਂ ਮੌਕਿਆਂ ਉੱਤੇ ਵਜਾਉਣਾ ਚਾਹੀਦਾ ਹੈ। ਜਦੋਂ ਤੁਸੀਂ ਹੋਮ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾ ਚੜਾਵੋਂ ਤਾਂ ਤੂਰ੍ਹੀਆਂ ਵਜਾਉ। ਇਹ ਤੁਹਾਡੇ ਯਹੋਵਾਹ ਲਈ ਤੁਹਾਡੇ ਨਾਲ ਉਸਦੇ ਇਕਰਾਰਨਾਮੇ ਚੇਤੇ ਕਰਾਉਣ ਦਾ ਖਾਸ ਢੰਗ ਹੋਵੇਗਾ। ਮੈਂ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੰਦਾ ਹਾਂ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
11 ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਵਰ੍ਹੇ ਦੇ ਦੂਸਰੇ ਮਹੀਨੇ ਦੇ
20 ਵੇਂ ਦਿਨ, ਇਕਰਾਰਨਾਮੇ ਵਾਲੇ ਤੰਬੂ ਤੋਂ ਬੱਦਲ ਉਠਿਆ।
12 ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ।
13 ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਆਪਣਾ ਡੇਰਾ ਅੱਗੇ ਤੋਂਰਿਆ। ਉਨ੍ਹਾਂ ਨੇ ਇਸਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਿਵੇਂ ਮੂਸਾ ਨੇ ਯਹੋਵਾਹ ਨੂੰ ਆਦੇਸ਼ ਦਿੱਤਾ ਸੀ।
14 ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ।
15 ਉਸਤੋਂ ਮਗਰੋਂ ਯਿੱਸਾਕਾਰ ਦਾ ਪਰਿਵਾਰ-ਸਮੂਹ ਆਇਆ। ਸੂਆਰ ਦਾ ਪੁੱਤਰ ਨਥਨਿਏਲ ਉਸ ਟੋਲੇ ਦਾ ਆਗੂ ਸੀ।
16 ਅਤੇ ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਵਾਰੀ ਆਈ। ਹੇਲੋਨ ਦਾ ਪੁੱਤਰ ਅਲੀਆਬ ਉਸ ਟੋਲੇ ਦਾ ਆਗੂ ਸੀ।
17 ਫ਼ੇਰ ਪਵਿੱਤਰ ਤੰਬੂ ਉਤਾਰਿਆ ਗਿਆ। ਅਤੇ ਗੇਰਸ਼ੋਨ ਅਤੇ ਮਰਾਰੀ ਪਰਿਵਾਰਾਂ ਦੇ ਆਦਮੀਆਂ ਨੇ ਪਵਿੱਤਰ ਤੰਬੂ ਨੂੰ ਚੁਕਿਆ। ਇਸ ਲਈ ਇਨ੍ਹਾਂ ਪਰਿਵਾਰਾਂ ਦੇ ਲੋਕ ਅਗਲੀ ਕਤਾਰ ਵਿੱਚ ਸਨ।
18 ਫ਼ੇਰ ਰਊਬੇਨ ਦੇ ਡੇਰੇ ਦੇ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਰਊਬੇਨ ਦਾ ਪਰਿਵਾਰ-ਸਮੂਹ ਸੀ। ਸ਼ਦੇਊਰ ਦਾ ਪੁੱਤਰ ਅਲੀਸੂਰ ਉਸ ਟੋਲੇ ਦਾ ਆਗੂ ਸੀ।
19 ਫ਼ੇਰ ਸ਼ਿਮੋਨ ਦੇ ਪਰਿਵਾਰ-ਸਮੂਹ ਦੀ ਵਾਰੀ ਸੀ। ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਉਸ ਟੋਲੇ ਦਾ ਆਗੂ ਸੀ।
20 ਅਤੇ ਫ਼ੇਰ ਗਾਦ ਦਾ ਪਰਿਵਾਰ-ਸਮੂਹ ਆਇਆ। ਦਊਏਲ ਦਾ ਪੁੱਤਰ ਅਲਯਾਸਾਫ਼ ਉਸ ਟੋਲੇ ਦਾ ਆਗੂ ਸੀ।
21 ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸਕਣ ਅਤੇ ਉਨ੍ਹਾਂ ਦੇ ਉਥੇ ਆਉਣ ਤੋਂ ਪਹਿਲਾਂ ਇਸਨੂੰ ਤਿਆਰ ਕਰ ਸਕਣ।
22 ਇਸਤੋਂ ਅੱਗੇ ਅਫ਼ਰਾਈਮ ਦੇ ਡੇਰੇ ਵਿੱਚੋਂ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਅਫ਼ਰਾਈਮ ਦੇ ਪਰਿਵਾਰ ਵਿੱਚੋਂ ਸੀ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਇਸ ਟੋਲੇ ਦਾ ਆਗੂ ਸੀ।
23 ਫ਼ੇਰ ਮਹਸ਼ਹ ਦਾ ਪਰਿਵਾਰ-ਸਮੂਹ ਆਇਆ। ਪਦਾਹਸੂਰ ਦਾ ਪੁੱਤਰ ਗਮਲੀਏਲ ਉਸ ਸਮੂਹ ਦਾ ਆਗੂ ਸੀ।
24 ਫ਼ੇਰ ਬਿਨਯਾਮੀਨ ਦਾ ਪਰਿਵਾਰ-ਸਮੂਹ ਆਇਆ। ਗਿਦਓਨੀ ਦਾ ਪੁੱਤਰ ਅਬੀਦਾਨ ਇਸ ਟੋਲੇ ਦਾ ਆਗੂ ਸੀ।
25 ਅਗਲੀ ਕਤਾਰ ਵਿਚਲੇ ਤਿੰਨ ਆਖਰੀ ਪਰਿਵਾਰ-ਸਮੂਹ ਹੋਰ ਸਾਰੇ ਪਰਿਵਾਰ-ਸਮੂਹਾਂ ਪਿਛਲੇ ਦਸਤੇ ਵਿੱਚ ਸਨ। ਇਹ ਸਮੂਹ ਦਾਨ ਦੇ ਪਰਿਵਾਰ-ਸਮੂਹ ਦੇ ਡੇਰੇ ਵਿੱਚੋਂ ਸਨ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਸਮੂਹ ਦਾਨ ਦਾ ਪਰਿਵਾਰ-ਸਮੂਹ ਸੀ। ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਉਨ੍ਹਾਂ ਦਾ ਆਗੂ ਸੀ।
26 ਫ਼ੇਰ ਆਸ਼ੇਰ ਦਾ ਪਰਿਵਾਰ-ਸਮੂਹ ਆਇਆ। ਆਕਰਾਨ ਦਾ ਪੁੱਤਰ ਪਗੀਏਲ ਉਸ ਟੋਲੇ ਦਾ ਆਗੂ ਸੀ।
27 ਫ਼ੇਰ ਨਫ਼ਤਾਲੀ ਦਾ ਪਰਿਵਾਰ-ਸਮੂਹ ਆਇਆ। ਏਨਾਨ ਦਾ ਪੁੱਤਰ ਅਹੀਰਾ ਉਸ ਟੋਲੇ ਦਾ ਆਗੂ ਸੀ।
28 ਇਹੀ ਉਹ ਢੰਗ ਸੀ ਜਦੋਂ ਇਸਰਾਏਲ ਦੇ ਲੋਕ ਇੱਕ ਥਾਂ ਤੋਂ ਦੂਸਰੀ ਥਾ ਜਾਣ ਬਾਰੇ ਪੇਸ਼ ਕਦਮੀ ਕਰਦੇ ਸਨ।
29 ਹੋਬਾਬ ਰਊਏਲ ਦਾ ਪੁੱਤਰ ਸੀ ਜਿਹੜਾ ਮਿਦਯਾਨੀ ਸੀ। (ਰਊਏਲ ਮੂਸਾ ਦਾ ਸਹੁਰਾ ਸੀ।) ਮੂਸਾ ਨੇ ਹੋਬਾਬ ਨੂੰ ਆਖਿਆ, “ਅਸੀਂ ਉਸ ਧਰਤੀ ਵੱਲ ਸਫ਼ਰ ਕਰ ਰਹੇ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਸੀ। ਸਾਡੇ ਨਾਲ ਆ ਜਾਉ ਅਤੇ ਅਸੀਂ ਤੁਹਾਡੇ ਨਾਲ ਚੰਗਾ ਸਲੂਕ ਕਰਾਂਗੇ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਇਕਰਾਰ ਕੀਤਾ ਹੈ।”
30 ਪਰ ਹੋਬਾਬ ਨੇ ਜਵਾਬ ਦਿੱਤਾ, “ਨਹੀਂ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਮੈਂ ਆਪਣੀ ਮਾਤ੍ਰ ਭੂਮੀ ਵੱਲ ਜਾਵਾਂਗਾ ਅਤੇ ਆਪਣੇ ਲੋਕਾਂ ਕੋਲ ਜਾਵਾਂਗਾ।”
31 ਮੂਸਾ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਛੱਡਕੇ ਨਾ ਜਾਉ। ਤੁਸੀਂ ਮਾਰੂਥਲ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਤੁਸੀਂ ਸਾਡੇ ਰਾਹ ਬਰ ਹੋ ਸਕਦੇ ਹੋ।
32 ਜੇ ਤੁਸੀਂ ਸਾਡੇ ਨਾਲ ਆਵੋਂਗੇ, ਤਾਂ ਅਸੀਂ ਤੁਹਾਡੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਝਿਆ ਕਰਾਂਗੇ, ਜਿਹੜੀਆਂ ਯਹੋਵਾਹ ਸਾਨੂੰ ਦੇਵੇਗਾ।”
33 ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲਭਦਿਆ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ।
34 ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਪਰ ਹਰ ਰੋਜ਼ ਸੀ। ਅਤੇ ਜਦੋਂ ਉਨ੍ਹਾਂ ਨੇ ਹਰ ਸਵੇਰੇ ਆਪਣਾ ਡੇਰਾ ਛੱਡਿਆ, ਬੱਦਲ ਉਨ੍ਹਾਂ ਦੀ ਅਗਵਾਈ ਲਈ ਉਥੇ ਹੀ ਸੀ।
35 ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉਠਾਇਆ, ਮੂਸਾ ਨੇ ਹਮੇਸ਼ਾ ਆਖਿਆ,“ਉਠੋ ਯਹੋਵਾਹ ਜੀ!ਸਾਰੇ ਤੁਹਾਡੇ ਦੁਸ਼ਮਣ ਖਿਂਡ ਜਾਣ।ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
36 ਅਤੇ ਜਦੋਂ ਪਵਿੱਤਰ ਸੰਦੂਕ ਨੂੰ ਉਸਦੀ ਥਾਵੇਂ ਰੱਖਿਆ ਗਿਆ ਮੂਸਾ ਨੇ ਹਮੇਸ਼ਾ ਆਖਿਆ,“ਵਾਪਸ ਆ ਜਾਉ, ਯਹੋਵਾਹ, ਇਸਰਾਏਲ ਦੇ ਲਖਾਂ ਲੋਕਾਂ ਕੋਲ।”