1 ਮਨਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਅਗੇ।
2 ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ।
3 ਇਹ ਹੋ ਸਕਦਾ ਕਿ ਸ਼ਾਇਦ ਇਸਰਾਏਲ ਦੇ ਕਿਸੇ ਹੋਰ ਪਰਿਵਰ-ਸਮੂਹ ਵਿੱਚੋਂ ਕੋਈ ਹੋਰ ਆਦਮੀ ਸਲਫ਼ਹਾਦ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨਾਲ ਵਿਆਹ ਕਰਾ ਲਵੇ। ਕੀ ਉਹ ਜ਼ਮੀਨ ਸਾਡੇ ਪਰਿਵਾਰ ਵਿੱਚੋਂ ਚਲੀ ਜਾਵੇਗੀ? ਕੀ ਦੂਸਰੇ ਪਰਿਵਾਰ-ਸਮੂਹ ਦੇ ਲੋਕ ਉਸ ਜ਼ਮੀਨ ਦੇ ਮਾਲਕ ਬਣ ਜਾਣਗੇ? ਕੀ ਅਸੀਂ ਉਹ ਜ਼ਮੀਨ ਗਵਾ ਲਵਾਂਗੀਆਂ ਜਿਹੜੀ ਅਸੀਂ ਗੁਣੇ ਪਾਕੇ ਹਾਸਿਲ ਕੀਤੀ ਸੀ?
4 ਲੋਕ ਸ਼ਾਇਦ ਆਪਣੀ ਜ਼ਮੀਨ ਵੇਚ ਦੇਣ। ਪਰ ਜੁਬਲੀ ਵਰ੍ਹੇ ਵਿੱਚ ਸਾਰੀ ਜ਼ਮੀਨ ਉਸੇ ਪਰਿਵਾਰ-ਸਮੂਹ ਕੋਲ ਵਾਪਸ ਆ ਜਾਂਦੀ ਹੈ ਜਿਹੜਾ ਇਸਦਾ ਅਸਲੀ ਮਾਲਿਕ ਹੁੰਦਾ ਹੈ। ਉਸ ਸਮੇਂ ਉਸ ਜ਼ਮੀਨ ਦਾ ਮਾਲਿਕ ਕੌਣ ਹੋਵੇਗਾ ਜਿਹੜਾ ਸਲਾਫ਼ਹਾਦ ਦੀਆਂ ਧੀਆਂ ਦੀ ਹੈ? ਕੀ ਸਾਡਾ ਪਰਿਵਾਰ ਸਦਾ ਲਈ ਉਸ ਜ਼ਮੀਨ ਨੂੰ ਗਵਾ ਲਵੇਗਾ?”
5 ਮੂਸਾ ਨੇ ਇਸਰਾਲੇ ਦੇ ਲੋਕਾਂ ਨੂੰ ਇਹ ਆਦੇਸ਼ ਦਿੱਤਾ। ਇਹ ਆਦੇਸ਼ ਯਹੋਵਾਹ ਵੱਲੋਂ ਸੀ। “ਯੂਸੁਫ਼ ਦੇ ਪਰਿਵਾਰ-ਸਮੂਹ ਦੇ ਇਹ ਆਦਮੀ ਠੀਕ ਆਖਦੇ ਹਨ!
6 ਯਹੋਵਾਹ ਦਾ ਸਲਾਫ਼ਹਾਦ ਦੀਆਂ ਧੀਆਂ ਨੂੰ ਇਹ ਆਦੇਸ਼ ਹੈ: ਜੇ ਤੁਸੀਂ ਕਿਸੇ ਨਾਲ ਸ਼ਾਦੀ ਕਰਾਉਣੀ ਚਾਹੋਂ ਤਾਂ ਤੁਹਾਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ।
7 ਇਸ ਤਰ੍ਹਾਂ ਜ਼ਮੀਨ ਇਸਰਾਏਲ ਦੇ ਲੋਕਾਂ ਵਿੱਚ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਦੇ ਹੱਥਾਂ ਵਿੱਚ ਨਹੀਂ ਜਾਵੇਗੀ। ਹਰ ਇਸਰਾਏਲੀ, ਉਸੇ ਜ਼ਮੀਨ ਨੂੰ ਰਖੇਗਾ ਜਿਹੜੀ ਉਸਦੇ ਪੁਰਖਿਆ ਨੂੰ ਮਿਲੀ ਸੀ।
8 ਅਤੇ ਜੇ ਕੋਈ ਔਰਤ ਆਪਣੇ ਪਿਤਾ ਦੀ ਜ਼ਮੀਨ ਪ੍ਰਾਪਤ ਕਰਦੀ ਹੈ ਤਾਂ ਉਸਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾਲ, ਹਰ ਬੰਦਾ ਉਸ ਜ਼ਮੀਨ ਨੂੰ ਰੱਖ ਸਕੇਗਾ ਜਿਹੜੀ ਉਸਦੇ ਪੁਰਖਿਆਂ ਨੂੰ ਮਿਲੀ ਸੀ।
9 ਇਸ ਲਈ, ਇਸਰਾਏਲ ਦੇ ਲੋਕਾਂ ਅੰਦਰ ਜ਼ਮੀਨ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਵਿੱਚ ਨਹੀਂ ਜਾਣੀ ਚਾਹੀਦੀ। ਹਰੇਕ ਇਸਰਾਏਲੀ ਉਹੀ ਜ਼ਮੀਨ ਰਖੇਗਾ ਜਿਹੜੀ ਉਸਦੇ ਪੁਰਖਿਆਂ ਨੂੰ ਮਿਲੀ ਸੀ।”
10 ਸਲਾਫ਼ਹਾਦ ਦੀਆਂ ਧੀਆਂ ਨੇ ਯਹੋਵਾਹ ਦਾ ਮੂਸਾ ਨੂੰ ਦਿੱਤਾ ਹੋਇਆ ਆਦੇਸ਼ ਪ੍ਰਾਪਤ ਕਰ ਲਿਆ।
11 ਇਸ ਲਈ ਸਲਾਫ਼ਹਾਦ ਦੀਆਂ ਧੀਆਂ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ - ਨੇ ਆਪਣੇ ਪਿਤਾ ਵਾਲੇ ਪਾਸੇ ਦੇ ਚਚੇਰੇ ਭਰਾਵਾਂ ਨਾਲ ਸ਼ਾਦੀ ਕੀਤੀ।
12 ਉਨ੍ਹਾਂ ਦੇ ਪਤੀ ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਜ਼ਮੀਨ ਉਨ੍ਹਾ ਦੇ ਪਿਤਾ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਕੋਲ ਹੀ ਰਹੀ।
13 ਇਸ ਲਈ ਇਹ ਬਿਧੀਆਂ ਅਤੇ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਮੋਆਬ ਵਿੱਚ ਯਰਦਨ ਵਾਦੀ ਵਿੱਚ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਦੂਜੇ ਪਾਸੇ ਦਿੱਤੇ।