1 ਕਣਕ ਦੀ ਵਾਢੀ ਵੇਲੇ ਸਮਸੂਨ ਆਪਣੀ ਪਤਨੀ ਨੂੰ ਮਿਲਣ ਲਈ ਗਿਆ। ਉਸਨੇ ਇੱਕ ਜਵਾਨ ਬਕਰਾ ਸੁਗਾਤ ਵਜੋਂ ਨਾਲ ਲੈ ਲਿਆ। ਉਸਨੇ ਆਖਿਆ, “ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਰਿਹਾ ਹਾਂ।”ਪਰ ਉਸਦਾ ਪਿਤਾ ਸਮਸੂਨ ਨੂੰ ਅੰਦਰ ਨਾ ਆਉਣ ਦੇਵੇ।
2 ਉਸਦੇ ਪਿਤਾ ਨੇ ਸਮਸੂਨ ਨੂੰ ਆਖਿਆ, “ਮੈਂ ਤਾਂ ਸੋਚਿਆ ਸੀ ਕਿ ਤੂੰ ਉਸਨੂੰ ਨਫ਼ਰਤ ਕਰਦਾ ਹੈਂ। ਇਸ ਲਈ ਮੈਂ ਉਸਦੀ ਸ਼ਾਦੀ ਤੇਰੇ ਸਭ ਤੋਂ ਚੰਗੇ ਆਦਮੀ ਨਾਲ ਹੀ ਕਰਨ ਦਿੱਤੀ ਹੈ। ਉਸਦੀ ਛੋਟੀ ਭੈਣ ਉਸ ਨਾਲੋਂ ਵੀ ਵਧੇਰੇ ਸੋਹਣੀ ਹੈ, ਤੂੰ ਉਸ ਨਾਲ ਵਿਆਹ ਕਰ ਸਕਦਾ ਹੈਂ।”
3 ਪਰ ਸਮਸੂਨ ਨੇ ਉਸਨੂੰ ਆਖਿਆ, “ਹੂਣ ਮੇਰੇ ਕੋਲ ਤੁਹਾਨੂੰ ਫ਼ਲਿਸਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਚੰਗਾ ਕਾਰਣ ਹੈ। ਹੁਣ ਕੋਈ ਵੀ ਮੈਨੂੰ ਕਸੂਰਵਾਰ ਨਹੀਂ ਠਹਿਰਾਵੇਗਾ।”
4 ਇਸ ਲਈ ਸਮਸੂਨ ਬਾਹਰ ਗਿਆ ਅਤੇ
300 ਲੂਮੜੀਆਂ ਫ਼ੜ ਲਿਆਇਆ? ਉਸਨੇ ਦੋ-ਦੋ ਲੂਮੜੀਆਂ ਲਈਆਂ ਅਤੇ ਉਨ੍ਹਾਂ ਦੀਆਂ ਪੂਛਾਂ ਬੰਨ੍ਹਕੇ ਜੋੜੇ ਬਣਾ ਦਿੱਤੇ। ਫ਼ੇਰ ਉਸਨੇ ਲੂਮੜੀਆਂ ਦੇ ਹਰ ਜੋੜੇ ਦੀਆਂ ਪੂਛਾਂ ਦੇ ਇਵਚਕਾਰ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ।
5 ਸਮਸੂਨ ਨੇ ਉਹ ਮਸ਼ਾਲਾਂ ਬਾਲ ਦਿੱਤੀਆਂ ਜਿਹੜੀਆਂ ਉਸਨੇ ਲੂਮੜੀਆਂ ਦੀਆਂ ਪੂਛਾਂ ਵਿਚਕਾਰ ਬਂਨ੍ਹੀਆਂ ਸਨ। ਫ਼ੇਰ ਉਸਨੇ ਲੂਮੜੀਆਂ ਨੂੰ ਫ਼ਲਿਸਤੀਆਂ ਦੇ ਕਣਕ ਦੇ ਖੇਤਾਂ ਵਿੱਚ ਭੱਜਣ ਲਈ ਛੱਡ ਦਿੱਤਾ। ਇੰਝ ਉਸਨੇ ਉਨ੍ਹਾਂ ਦੇ ਖੇਤਾਂ ਵਿੱਚ ਉਗ੍ਗੇ ਬੂਟਿਆਂ, ਅਤੇ ਕੱਟੇ ਹੋਏ ਅਨਾਜ਼ ਦੀਆਂ ਢੇਰੀਆਂ, ਉਨ੍ਹਾਂ ਦੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਗੀਚਿਆਂ ਨੂੰ ਨਾਸ਼ ਕਰ ਦਿੱਤਾ।
6 ਫ਼ਲਿਸਤੀ ਲੋਕਾਂ ਨੇ ਪੁਛਿਆ, “ਇਹ ਕਿਸਨੇ ਕੀਤਾ ਹੈ?”ਕਿਸਨੇ ਉਨ੍ਹਾਂ ਨੂੰ ਦੱਸਿਆ, “ਤਿਮ੍ਮਨਾਥ ਦੇ ਬੰਦੇ ਜਵਾਈ ਸਮਸੂਨ ਨੇ ਅਜਿਹਾ ਕੀਤਾ ਹੈ। ਉਸਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਸਦੇ ਸਹੁਰੇ ਨੇ ਸਮਸੂਨ ਦੀ ਪਤਨੀ ਵਿਆਹ ਵੇਲੇ ਦੇ ਸਰਬਾਲ੍ਹੇ ਨੂੰ ਦੇ ਦਿੱਤੀ।” ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਪਤਨੀ ਅਤੇ ਉਸਦੇ ਪਿਤਾ ਨੂੰ ਅੱਗ ਲਾਕੇ ਸਾੜ ਦਿੱਤਾ।
7 ਫ਼ੇਰ ਸਮਸੂਨ ਨੇ ਫ਼ਲਿਸਤੀ ਲੋਕਾਂ ਨੂੰ ਆਖਿਆ, “ਤੁਸੀਂ ਮੇਰੇ ਨਾਲ ਇਹ ਬੁਰਾ ਸਲੂਕ ਕੀਤਾ ਹੈ। ਇਸ ਲਈ ਹੁਣ ਮੈਂ ਵੀ ਤੁਹਾਡੇ ਨਾਲ ਬੁਰਾ ਸਲੂਕ ਕਰਾਂਗਾ। ਤਾਂ ਮੇਰਾ ਤੁਹਾਡੇ ਨਾਲ ਹਿਸਾਬ ਬਰਾਬਰ ਹੋਵੇਗਾ।”
8 ਤਾਂ ਸਮਸੂਨ ਨੇ ਫ਼ਲਿਸਤੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੰਦੇ ਮਾਰ ਦਿੱਤੇ। ਫ਼ੇਰ ਉਹ ਚਲਿਆ ਗਿਆ ਅਤੇ ਇੱਕ ਗੁਫ਼ਾ ਵਿਚ ਰਹਿਣ ਲੱਗਾ। ਉਹ ਗੁਫ਼ਾ ਏਟਾਮ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਸੀ।
9 ਫ਼ੇਰ ਫ਼ਲਿਸਤੀ ਲੋਕ ਯਹੂਦਾਹ ਦੀ ਧਰਤੀ ਉੱਤੇ ਗਏ। ਉਹ ਲੇਹੀ ਨਾਮ ਦੇ ਇੱਕ ਸਥਾਨ ਉੱਤੇ ਰੁਕ ਗਏ। ਉਨ੍ਹਾਂ ਦੀ ਫ਼ੌਜ ਨੇ ਉਥੇ ਡੇਰਾ ਲਾ ਲਿਆ (ਅਤੇ ਜੰਗ ਦੀ ਤਿਆਰੀ ਕਰਨ ਲਗੀ।)
10 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਉਨ੍ਹਾਂ ਨੂੰ ਪੁਛਿਆ, “ਤੁਸੀਂ ਫ਼ਲਿਸਤੀ ਲੋਕ ਇੱਥੇ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?”ਉਸਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਫ਼ੜਨ ਆਏ ਹਾਂ। ਅਸੀਂ ਉਸਨੂੰ ਆਪਣਾ ਕੈਦੀ ਬਨਾਉਣਾ ਚਾਹੁੰਦੇ ਹਾਂ। ਅਸੀਂ ਉਸਨੂੰ ਉਨ੍ਹਾਂ ਗੱਲਾਂ ਦੀ ਸਜ਼ਾ ਦੇਣੀ ਚਾਹੁੰਦੇ ਹਾਂ ਜਿਹੜੀਆਂ ਉਸਨੇ ਸਾਡੇ ਲੋਕਾਂ ਨਾਲ ਕੀਤੀਆਂ ਹਨ।”
11 ਫ਼ੇਰ ਯਹੂਦਾਹ ਦੇ ਪਰਿਵਾਰ-ਸਮੂਹ ਦੇ
3,000 ਆਦਮੀ ਸਮਸੂਨ ਕੋਲ ਗਏ। ਉਹ ਏਟਾਮ ਦੀ ਚੱਟਾਨ ਨੇੜੇ ਦੀ ਗੁਫ਼ਾ ਕੋਲ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਕੀ ਤੈਨੂੰ ਨਹੀਂ ਪਤਾ ਕਿ ਫ਼ਲਿਸਤੀ ਲੋਕ ਸਾਡੇ ਉੱਤੇ ਹਕੂਮਤ ਕਰਦੇ ਹਨ?”ਸਮਸੂਨ ਨੇ ਜਵਾਬ ਦਿੱਤਾ, “ਮੈਂ ਸਿਰਫ਼ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਦਿੱਤੀ ਹੈ ਜਿਹੜੇ ਉਨ੍ਹਾਂ ਨੇ ਮੇਰੇ ਨਾਲ ਕੀਤੇ ਹਨ।”
12 ਫ਼ੇਰ ਉਨ੍ਹਾਂ ਨੇ ਸਮਸੂਨ ਨੂੰ ਆਖਿਆ, “ਅਸੀਂ ਤੈਨੂੰ ਬੰਨ੍ਹਣ ਲਈ ਆਏ ਹਾਂ। ਅਸੀਂ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ।”ਸਮਸੂਨ ਨੇ ਯਹੂਦਾਹ ਦੇ ਬੰਦਿਆਂ ਨੂੰ ਆਖਿਆ, “ਇਕਰਾਰ ਕਰੋ ਕਿ ਤੁਸੀਂ ਖੁਦ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ।”
13 ਫ਼ੇਰ ਯਹੂਦਾਹ ਦੇ ਬੰਦਿਆਂ ਨੇ ਆਖਿਆ, “ਸਾਨੂੰ ਮਨਜ਼ੂਰ ਹੈ। ਅਸੀਂ ਬਸ ਤੈਨੂੰ ਬਂਨ੍ਹਾਂਗੇ ਅਤੇ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ। ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹ ਦਿੱਤਾ। ਉਹ ਉਸਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ।
14 ਜਦੋਂ ਸਮਸੂਨ ਲਹੀ ਨਾਮ ਦੇ ਸਥਾਨ ਉੱਤੇ ਅੱਪੜਿਆ, ਫ਼ਲਿਸਤੀ ਲੋਕ ਉਸਨੂੰ ਮਿਲਣ ਲਈ ਆਏ। ਉਹ ਖੁਸ਼ੀ ਨਾਲ ਚੀਕਾਂ ਮਾਰ ਰਹੇ ਸਨ। ਫ਼ੇਰ ਯਹੋਵਾਹ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਿਆ। ਸਮਸੂਨ ਨੇ ਰੱਸੇ ਤੋੜ ਦਿੱਤੇ। ਰੱਸੇ ਸੜੀਆਂ ਹੋਈਆਂ ਕਮਜ਼ੋਰ ਰਸੀਆਂ ਵਰਗੇ ਜਾਪਦੇ ਸਨ। ਰੱਸੇ ਉਸਦੇ ਬਾਜੂਆਂ ਤੋਂ ਇਸ ਤਰ੍ਹਾਂ ਡਿੱਗ ਪਏ ਜਿਵੇਂ ਉਹ ਪਿਘਲ ਗਏ ਹੋਣ।
15 ਸਮਸੂਨ ਨੂੰ ਇੱਕ ਮਰੇ ਹੋਏ ਖੋਤੇ ਦਾ ਜਬੜਾ ਮਿਲ ਗਿਆ। ਉਸਨੇ ਜਬਾੜੇ ਦੀ ਹੱਡੀ ਫ਼ੜੀ ਅਤੇ
1,000 ਫ਼ਲਿਸਤੀ ਲੋਕਾਂ ਨੂੰ ਇਸਦੇ ਨਾਲ ਮਾਰ ਦਿੱਤਾ।
16 ਫ਼ੇਰ ਸਮਸੂਨ ਨੇ ਆਖਿਆ,“ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲਮੈਂ
1 ,000 ਬੰਦਿਆਂ ਨੂੰ ਮਾਰ ਦਿੱਤਾ,ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲਮੈਂ ਉਨ੍ਹਾਂ ਦੀ ਇੱਕ ਵੱਡੀ ਢੇਰੀ ਲਾ ਦਿੱਤੀ ਹੈ।”
17 ਜਦੋਂ ਸਮਸੂਨ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਹੇਠਾਂ ਸੁੱਟ ਦਿੱਤੀ। ਇਸ ਲਈ ਉਸਦਾ ਨਾਮ ਰਾਮਥ ਲਹੀ ਰੱਖਿਆ ਗਿਆ।
18 ਸਮਸੂਨ ਬਹੁਤ ਪਿਆਸਾ ਸੀ। ਇਸ ਲਈ ਉਸਨੇ ਯਹੋਵਾਹ ਅੱਗੇ ਪ੍ਰਾਰਥਨਾ ਕਿਤੀ। ਉਸਨੇ ਆਖਿਆ, “ਮੈਂ ਤੁਹਾਡਾ ਸੇਵਕ ਹਾਂ। ਤੁਸੀਂ ਮੈਨੂੰ ਇਹ ਮਹਾਨ ਜਿੱਤ ਬਖਸ਼ੀ ਹੈ। ਮਿਹਰ ਕਰਕੇ ਹੁਣ ਮੈਨੂੰ ਪਿਆਸਾ ਨਾ ਮਰਨ ਦਿਉ। ਮਿਹਰ ਕਰਕੇ ਮੈਨੂੰ ਉਨ੍ਹਾਂ ਲੋਕਾਂ ਦੇ ਹੱਥ ਨਾ ਪੈਣ ਦਿਉ ਜਿਨ੍ਹਾਂ ਦੀ ਸੁੰਨਤ ਵੀ ਨਹੀਂ ਹੋਈ!”
19 ਲਹੀ ਵਿਖੇ ਧਰਤੀ ਵਿੱਚ ਇੱਕ ਸੁਰਾਖ ਹੈ। ਪਰਮੇਸ਼ੁਰ ਨੇ ਉਸ ਸੁਰਾਖ ਨੂੰ ਪਾੜਕੇ ਖੋਲ੍ਹ ਦਿੱਤਾ, ਅਤੇ ਪਾਣੀ ਬਾਹਰ ਨਿਕਲ ਆਇਆ। ਸਮਸੂਨ ਨੇ ਪਾਣੀ ਪੀਤਾ ਅਤੇ ਬਿਹਤਰ ਮਹਿਸੂਸ ਕੀਤਾ। ਉਸਨੇ ਆਪਣੇ-ਆਪ ਨੂੰ ਫ਼ੇਰ ਸ਼ਕਤੀਸ਼ਾਲੀ ਮਹਿਸੂਸ ਕੀਤਾ। ਇਸ ਲਈ ਉਸਨੇ ਪਾਣੀ ਦੇ ਉਸ ਚਸ਼ਮੇ ਨੂੰ ਏਨ ਹਕ੍ਕੋਰੇ ਨਾਮ ਦਿੱਤਾ। ਉਹ ਹਾਲੇ ਵੀ ਲਹੀ ਦੇ ਸ਼ਹਿਰ ਵਿੱਚ ਹੈ।
20 ਇਸ ਲਈ ਸਮਸੂਨ ਇਸਰਾਏਲ ਦੇ ਲੋਕਾਂ ਦਾ
20 ਸਾਲ ਤੱਕ ਨਿਆਂਕਾਰ ਰਿਹਾ। ਇਹ ਗੱਲ ਫ਼ਲਿਸਤੀਨ ਲੋਕਾਂ ਦੇ ਵੇਲੇ ਦੀ ਹੈ।