1 ਏਹੂਦ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਫ਼ੇਰ ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ।
2 ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ।
3 ਸੀਸਰਾ ਕੋਲ
900 ਲੋਹੇ ਦੇ ਰਥ ਸਨ, ਅਤੇ ਉਸਨੇ
20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।
4 ਉਥੇ ਇੱਕ ਔਰਤ ਨਬੀ ਸੀ ਜਿਸਦਾ ਨਾਮ ਦਬੋਰਾਹ ਸੀ। ਉਹ ਲਪ੍ਪੀਦੋਥ ਨਾਮ ਦੇ ਇੱਕ ਆਦਮੀ ਦੀ ਪਤਨੀ ਸੀ। ਉਹ ਉਸ ਵੇਲੇ ਇਸਰਾਏਲ ਦੀ ਨਿਆਂਕਾਰ ਸੀ।
5 ਦਬੋਰਾਹ ਇੱਕ ਰੁਖ ਹੇਠਾਂ ਬੈਠੀ ਹੁੰਦੀ ਸੀ ਜੋ, “ਦਬੋਰਾਹ ਦਾ ਖਜ਼ੂਰ ਦਾ ਰੁਖ” ਕਹਾਉਂਦਾ ਸੀ। ਇਸਰਾਏਲ ਦੇ ਲੋਕ ਉਸ ਕੋਲ ਨਿਆਂ ਲਈ ਆਏ। ਦਬੋਰਾਹ ਦਾ ਖਜ਼ੂਰ ਦਾ ਰੁਖ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਾਮਾਹ ਅਤੇ ਬੈਤੇਲ ਦੇ ਸ਼ਹਿਰਾਂ ਦੇ ਵਿਚਕਾਰ ਸੀ।
6 ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸਨੇ, ਉਸਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ
10,000 ਆਦਮੀ ਇਕਠੇ ਕਰ। ਉਨ੍ਹਾਂ ਆਦਿਮਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ।
7 ਮੈਂ ਰਜੇ ਯਬੀਨ ਦੀ ਫ਼ੌਜ ਦੇ ਕਮਾਂਡਰ ਸੀਸਰਾਂ ਨੂੰ ਤੇਰੇ ਕੋਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਸੀਸਰਾ, ਉਸਦੇ ਰਥਾਂ ਅਤੇ ਉਸਦੀ ਫ਼ੌਜ ਨੂੰ ਕੀਸ਼ੋਨ ਨਦੀ ਵੱਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਉਥੇ ਸੀਸਰਾ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।’”
8 ਤਾਂ ਬਾਰਾਕ ਨੇ ਦਬੋਰਾਹ ਨੂੰ ਆਖਿਆ, “ਮੈਂ ਜਾਵਾਂਗਾ ਅਤੇ ਇਹੋ ਕੁਝ ਕਰਾਂਗਾ ਪਰ ਜੇ ਤੂੰ ਵੀ ਮੇਰੇ ਨਾਲ ਚੱਲੇਂ। ਪਰ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ ਤਾਂ ਮੈਂ ਨਹੀਂ ਜਾਵਾਂਗਾ।”
9 “ਬੇਸ਼ਕ ਮੈਂ ਤੇਰੇ ਨਾਲ ਚੱਲਾਂਗੀ” ਦਬੋਰਾਹ ਨੇ ਜਵਾਬ ਦਿੱਤਾ। “ਪਰ ਆਪਣੇ ਵਤੀਰੇ ਕਾਰਣ ਜਦੋਂ ਸੀਸਰਾ ਹਾਰ ਗਿਆ ਤਾਂ ਤੇਰਾ ਆਦਰ ਨਹੀਂ ਹੋਵੇਗਾ। ਯਹੋਵਾਹ ਇੱਕ ਔਰਤ ਨੂੰ ਸੀਸਰਾ ਨੂੰ ਹਰਾਉਣ ਦੀ ਇਜਾਜ਼ਤ ਦੇਵੇਗਾ।”ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕੇਦਸ਼ ਸ਼ਹਿਰ ਵੱਲ ਗਈ।
10 ਕੇਦਸ਼ ਸ਼ਹਿਰ ਵਿਖੇ, ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਨੂੰ ਇਕਠਿਆਂ ਕੀਤਾ। ਬਾਰਾਕ ਨੇ ਉਨ੍ਹਾਂ ਪਰਿਵਾਰ-ਸਮੂਹਾਂ ਦੇ
10,000 ਆਦਮੀਆਂ ਨੂੰ ਆਪਣੇ ਪਿਛੇ ਆਉਣ ਲਈ ਇਕਠਿਆਂ ਕੀਤਾ। ਦਬੋਰਾਹ ਵੀ ਬਾਰਾਕ ਦੇ ਨਾਲ ਗਈ।
11 ਉਥੇ ਕੇਨੀ ਲੋਕਾਂ ਵਿੱਚੋਂ ਹਬਰ ਨਾਮ ਦਾ ਇੱਕ ਬੰਦਾ ਸੀ। ਹਬਰ ਨੇ ਹੋਰਨਾਂ ਲੋਕਾਂ ਨੂੰ ਛੱਡ ਦਿੱਤਾ ਸੀ। ਕੇਨੀ ਲੋਕ ਹੋਬਾਬ ਪਰਿਵਾਰ ਦੇ ਉੱਤਰਾਧਿਕਾਰੀ ਸਨ। ਹੋਬਾਬ ਮੂਸਾ ਦਾ ਸਹੁਰਾ ਸੀ। ਹਬਰ ਨੇ ਸਅਨਈਮ ਵਿਖੇ ਇੱਕ ਬੋਹੜ ਦੇ ਰੁਖ ਦੇ ਲਾਗੇ ਆਪਣਾ ਘਰ ਬਣਾਇਆ ਹੋਇਆ ਸੀ, ਕੇਦਸ਼ ਦੇ ਸ਼ਹਿਰ ਦੇ ਨਜ਼ਦੀਕ ਇੱਕ ਸ਼ਹਿਰ।
12 ਕਿਸੇ ਨੇ ਸੀਸਰਾ ਨੂੰ ਜਾ ਦੱਸਿਆ ਕਿ ਅਬ੍ਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਵਿਖੇ ਸੀ।
13 ਇਸ ਲਈ ਸੀਸਰਾ ਨੇ ਆਪਣੇ
900 ਲੋਹੇ ਦੇ ਰਥ ਇਕਠੇ ਕਰ ਲਈ। ਸੀਸਰਾ ਨੇ ਆਪਣੇ ਸਾਰੇ ਬੰਦੇ ਵੀ ਇਕਠੇ ਕਰ ਲਈ। ਉਨ੍ਹਾਂ ਨੇ ਹਾਰੋਸਥ ਹਾਗੋਯਿਮ ਸ਼ਹਿਰ ਤੋਂ ਕੀਸ਼ੋਨ ਨਦੀ ਵੱਲ ਕੂਚ ਕਰ ਦਿੱਤਾ।
14 ਤਾਂ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਅੱਜ ਯਹੋਵਾਹ ਤੇਰੀ ਸੀਸਰਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਅਵੱਸ਼ ਹੀ ਤੂੰ ਜਾਣਦਾ ਹੈਂ ਕਿ ਯਹੋਵਾਹ ਨੇ ਪਹਿਲਾਂ ਹੀ ਤੇਰੇ ਲਈ ਰਸਤਾ ਸਾਫ਼ ਕਰ ਦਿੱਤਾ ਹੈ।” ਇਸ ਲਈ ਬਾਰਾਕ ਨੇ
10,000 ਬੰਦਿਆਂ ਦੀ ਤਾਬੋਰ ਪਰਬਤ ਤੋਂ ਅਗਵਾਈ ਕੀਤੀ।
15 ਬਾਰਾਕ ਅਤੇ ਉਸਦੇ ਬੰਦਿਆਂ ਨੇ ਸੀਸਰਾ ਉੱਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ, ਯਹੋਵਾਹ ਨੇ ਸੀਸਰਾ ਅਤੇ ਫ਼ੌਜ ਅਤੇ ਰਥਾਂ ਨੂੰ ਭਂਭਲ-ਭੂਸੇ ਵਿੱਚ ਪਾ ਦਿੱਤਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਇਸ ਲਈ ਬਾਰਾਕ ਅਤੇ ਉਸਦੇ ਬੰਦਿਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ। ਪਰ ਸੀਸਰਾ ਆਪਣਾ ਰਥ ਛੱਡਕੇ ਪੈਦਲ ਦੌੜ ਗਿਆ।
16 ਬਾਰਾਕ ਨੇ ਸੀਸਰਾ ਦੀ ਫ਼ੌਜ ਨਾਲ ਲੜਾਈ ਜਾਰੀ ਰਖੀ। ਬਾਰਾਕ ਅਤੇ ਉਸਦੇ ਬੰਦਿਆਂ ਨੇ ਸੀਸਰਾ ਦੇ ਰਥਾਂ ਅਤੇ ਉਸਦੀ ਫ਼ੌਜ ਦਾ ਹਾਰੋਸ਼ਥ ਹਾਗੋਯਿਮ ਤੱਕ ਪਿੱਛਾ ਕੀਤਾ। ਬਾਰਾਕ ਅਤੇ ਉਸਦੇ ਬੰਦਿਆਂ ਨੇ ਆਪਣੀਆਂ ਤਲਵਾਰਾਂ ਨਾਲ ਸੀਸਰਾ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਸੀਸਰਾ ਦਾ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ।
17 ਪਰ ਸੀਸਰਾ ਭੱਜ ਗਿਆ। ਉਹ ਇੱਕ ਤੰਬੂ ਕੋਲ ਆਇਆ ਜਿਥੇ ਯਾਏਲ ਨਾਮ ਦੀ ਇੱਕ ਔਰਤ ਰਹਿੰਦੀ ਸੀ। ਯਾਏਲ ਹਬਰ ਨਾਮ ਦੇ ਬੰਦੀ ਦੀ ਪਤਨੀ ਸੀ। ਉਹ ਕੇਨੀ ਲੋਕਾਂ ਵਿੱਚੋਂ ਸੀ। ਹਬਰ ਦੇ ਪਰਿਵਾਰ ਦਾ ਹਸੋਰ ਦੇ ਰਾਜੇ ਯਾਬੀਨ ਨਾਲ ਸ਼ਾਂਤੀ ਦਾ ਸਮਝੌਤਾ ਸੀ। ਇਸ ਲਈ ਸੀਸਰਾ ਯਾਏਲ ਦੇ ਤੰਬੂ ਵੱਲ ਭਜਿਆ।
18 ਯ੍ਯਾਏਲ ਨੇ ਸੀਸਰਾ ਨੂੰ ਆਉਂਦਿਆਂ ਦੇਖਿਆ, ਇਸ ਲਈ ਉਹ ਬਾਹਰ ਆਕੇ ਉਸਨੂੰ ਮਿਲਣ ਆਈ। ਯਾਏਲ ਨੇ ਸੀਸਰਾ ਨੂੰ ਆਖਿਆ, “ਸ਼੍ਰੀ ਮਾਨ ਜੀ, ਮੇਰੇ ਤੰਬੂ ਵਿੱਚ ਆ ਜਾਉ। ਆ ਜਾਓ ਡਰੋ ਨਾ।” ਇਸ ਲਈ ਸੀਸਰਾ ਯਾਏਲ ਦੇ ਤੰਬੂ ਵਿੱਚ ਚਲਾ ਗਿਆ ਅਤੇ ਉਸਨੇ ਉਸਨੂੰ ਇੱਕ ਦਰੀ ਨਾਲ ਢਕ ਦਿੱਤਾ।”
19 ਸੀਸਰਾ ਨੇ ਯਾਏਲ ਨੂੰ ਆਖਿਆ, “ਮੈਨੂੰ ਪਿਆਸ ਲਗੀ ਹੈ ਕਿਰਪਾ ਕਰਕੇ ਮੈਨੂੰ ਪੀਣ ਲਈ ਥੋੜਾ ਪਾਣੀ ਦੇ।” ਯਾਏਲ ਕੋਲ ਪਾਣੀ ਦੀ ਇੱਕ ਮਸ਼ਕ ਸੀ ਜਿਸ ਵਿੱਚ ਉਸਨੇ ਦੁਧ ਰੱਖਿਆ ਹੋਇਆ ਸੀ। ਉਸਨੇ ਸੀਸਰਾ ਨੂੰ ਪੀਣ ਲਈ ਉਸ ਵਿੱਚੋਂ ਥੋੜਾ ਜਿਹਾ ਦੁਧ ਦਿੱਤਾ। ਫ਼ੇਰ ਉਸਨੇ ਸੀਸਰਾ ਨੂੰ ਢਕ ਦਿੱਤਾ।
20 ਤਾਂ ਸੀਸਰਾ ਨੇ ਯਾਏਲ ਨੂੰ ਆਖਿਆ, “ਜਾ ਜਾਕੇ ਤੰਬੂ ਦੇ ਪ੍ਰਵੇਸ਼ ਉੱਤੇ ਖੜੀ ਹੋ ਜਾ। ਜੇ ਕੋਈ ਆਵੇ ਅਤੇ ਮੈਨੂੰ ਪੁਛੇ, ‘ਅੰਦਰ ਕੋਈ ਹੈ?’ ਤਾਂ ਉਸਨੂੰ ਆਖੀਂ, ‘ਨਹੀਂ ਕੋਈ ਨਹੀਂ।’”
21 ਪਰ ਯਾਏਲ ਨੇ ਤੰਬੂ ਦੀ ਕਿਲ੍ਲੀ ਅਤੇ ਹਥੌੜਾ ਲਿਆ। ਅਤੇ ਚੁਪ੍ਪਚਾਪ ਸੀਸਰਾ ਕੋਲ ਗਈ। ਸੀਸਰਾ ਬਹੁਤ ਥਕਿਆ ਹੋਇਆ ਸੀ, ਇਸ ਲਈ ਉਹ ਸੌਂ ਗਿਆ ਸੀ ਯਾਏਲ ਨੇ ਸੀਸਰਾ ਦੇ ਸਿਰ ਦੇ ਇੱਕ ਪਾਸੇ ਤੰਬੂ ਦੀ ਕਿਲ੍ਲੀ ਰਖੀ ਅਤੇ ਹਥੌੜੇ ਨਾਲ ਠੋਕ ਦਿੱਤੀ। ਕਿਲ੍ਲੀ ਉਸਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਚਲੀ ਗਈ ਅਤੇ ਸੀਸਰਾ ਮਰ ਗਿਆ।
22 ਉਸੇ ਵੇਲੇ ਬਾਰਾਕ ਸੀਸਰਾ ਨੂੰ ਲਭਦਾ ਹੋਇਆ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਬਾਰਾਕ ਨੂੰ ਮਿਲਣ ਬਾਹਰ ਆਈ ਅਤੇ ਉਸਨੇ ਆਖਿਆ, “ਅੰਦਰ ਲੰਘ ਆਓ, ਅਤੇ ਮੈਂ ਤੁਹਾਨੂੰ ਉਹ ਬੰਦਾ ਵਿਖਾਵਾਂਗੀ ਜਿਸਨੂੰ ਤੁਸੀਂ ਲਭ ਰਹੇ ਹੋ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ। ਉਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸੇਦੇ ਸਿਰ ਦੇ ਪਾਸੇ ਤੰਬੂ ਵਾਲੀ ਕਿਲ੍ਲੀ ਧਸੀ ਹੋਈ ਸੀ।
23 ਉਸ ਦਿਨ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਕਨਾਨ ਦੇ ਰਾਜੇ ਯਾਬੀਨ ਨੂੰ ਹਾਰ ਦਿੱਤੀ।
24 ਇਸ ਤਰ੍ਹਾਂ ਇਸਰਾਏਲ ਦੇ ਲੋਕ ਉਦੋਂ ਤੱਕ ਹੋਰ-ਹੋਰ ਤਾਕਤਵਰ ਹੁੰਦੇ ਗਏ ਜਦੋਂ ਤੀਕ ਕਿ ਉਨ੍ਹਾਂ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਹਰਾ ਨਹੀਂ ਦਿੱਤੀ। ਇਸਰਾਏਲ ਦੇ ਲੋਕਾਂ ਨੇ ਆਖਿਰਕਾਰ ਕਨਾਨ ਦੇ ਰਾਜੇ ਯਾਬੀਨ ਨੂੰ ਤਬਾਹ ਕਰ ਦਿੱਤਾ।