1 ਇੱਕ ਵਾਰ ਫੇਰ ਯਹੋਵਾਹ ਇਸਰਾਏਲ ਉੱਪਰ ਬਹੁਤ ਕ੍ਰੋਧਿਤ ਸੀ ਅਤੇ ਦਾਊਦ ਨੂੰ ਇਸਰਾਏਲ ਦੇ ਖਿਲਾਫ਼ ਮੋੜ ਦਿੱਤਾ, "ਯਹੋਵਾਹ ਨੇ ਆਖਿਆ, ਜਾ ਅਤੇ ਜਾਕੇ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੀ ਗਿਣਤੀ ਕਰ।"
2 ਦਾਊਦ ਪਾਤਸ਼ਾਹ ਨੇ ਯੋਆਬ ਨੂੰ ਜੋ ਕਿ ਸੈਨਾਪਤੀ ਸੀ ਉਸ ਨੂੰ ਜੋ ਉਸ ਦੇ ਨਾਲ ਸੀ ਕਿਹਾ, "ਇਸਰਾਏਲ ਦੇ ਸਾਰੇ ਪਰਿਵਾਰ ਸਮੂਹਾਂ ਵਿੱਚ ਦਾਨ ਤੋਂ ਲੈਕੇ ਬੇਰਸ਼ਬਾ ਤੀਕ ਲੰਘ ਜਾ ਅਤੇ ਜਾਕੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਮੈਨੂੰ ਪਤਾ ਚੱਲੇ ਕਿ ਲੋਕਾਂ ਦੀ ਗਿਣਤੀ ਕਿੰਨੀ ਹੈ?"
3 ਪਰ ਯੋਆਬ ਨੇ ਪਾਤਸ਼ਾਹ ਨੂੰ ਕਿਹਾ, "ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ ਜੇਕਰ ਸੌ ਗੁਣਾ ਵੀ ਵਧ ਕਰ ਦੇਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਵੀ ਇਹ ਗੱਲ ਵੇਖਣ, ਪਰ ਇਸ ਗੱਲ ਦੇ ਕਾਰਣ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਿਸ ਲਈ ਖੁਸ਼ ਹੁੰਦਾ ਹੈ ਅਤੇ ਤੁਸੀਂ ਇੰਝ ਕਿਉਂ ਕਰਨਾ ਚਾਹੁੰਦੇ ਹੋ?"
4 ਦਾਊਦ ਪਾਤਸ਼ਾਹ ਨੇ ਬੜੀ ਸਖਤੀ ਨਾਲ ਯੋਆਬ ਅਤੇ ਸੈਨਾ ਦੇ ਹੋਰ ਕਪਤਾਨਾਂ ਨੂੰ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਤਾਂ ਫਿਰ ਯੋਆਬ ਅਤੇ ਸੈਨਾ ਦੇ ਹੋਰ ਕਪਤਾਨ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨਿਕਲ ਪਏ।
5 ਜਦੋਂ ਉਹ ਯਰਦਨੋਁ ਪਾਰ ਲੰਘੇ ਤਾਂ ਉਨ੍ਹਾਂ ਨੇ ਯਾਜ਼ੇਰ ਵਿੱਚ ਆਪਣੇ ਤੰਬੂ ਲਾਏ। ਉਨ੍ਹਾਂ ਦਾ ਡੇਰਾ ਸ਼ਹਿਰ ਦੇ ਸੱਜੇ ਪਾਸੇ ਵੱਲ ਸੀ ਅਤੇ ਸ਼ਹਿਰ ਗਾਦ ਵਾਦੀ ਦੇ ਮਧ੍ਧ ਵਿੱਚ ਸਬਾਪਤ ਸੀ ਜੋ ਕਿ ਯਾਜ਼ੇਰ ਵੱਲ ਸੀ।
6 ਉਬ੍ਬੋਁ ਉਹ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਅਤੇ ਫ਼ੇਰ ਦਾਨ ਯਾਨ ਵੱਲ ਨੂੰ ਆਏ ਅਤੇ ਭੌਁ ਕੇ ਸੀਦੋਨ ਤੀਕ ਪੁੱਜੇ।
7 ਉਬ੍ਬੋਁ ਫ਼ਿਰ ਸੋਰ ਦੇ ਗਢ਼ ਤੀਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰੇ ਸ਼ਹਿਰਾਂ ਤੀਕ ਅਤੇ ਯਹੂਦਾਹ ਦੇ ਦੱਖਣ ਨੂੰ ਬੇਰਸਬਾ ਤੀਕ ਨਿਕਲ ਗਏ।
8 ਇਉਂ ਸਾਰੇ ਦੇਸ਼ ਵਿੱਚੋਂ ਲੰਘਕੇ ਨੌ ਮਹੀਨੇ ਅਤੇ ਵੀਹਾਂ ਦਿਨਾਂ ਪਿੱਛੋਂ ਯਰੂਸ਼ਲਮ ਨੂੰ ਵਾਪਸ ਮੁੜ ਆਏ।
9 ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦੀ ਸੂਚੀ ਪਾਤਸ਼ਾਹ ਨੂੰ ਦਿੱਤੀ, ਜਿਸ ਵਿੱਚ ਇਸਰਾਏਲ ਦੇ
8,00,000 ਸੂਰਮੇ ਤਲਵਾਰ ਧਾਰੀ ਅਤੇ
5 ,00,000 ਸੂਰਮੇ ਤਲਵਾਰਧਾਰੀ ਯਹੂਦਾਹ ਦੇ ਸਨ।
10 ਲੋਕਾਂ ਦੀ ਗਿਣਤੀ ਗਿਣਨ ਤੋਂ ਬਾਅਦ ਦਾਊਦ ਨੂੰ ਸ਼ਰਮਿਂਦਗੀ ਦਾ ਅਹਿਸਾਸ ਹੋਇਆ। ਦਾਊਦ ਨੇ ਯਹੋਵਾਹ ਨੂੰ ਕਿਹਾ, "ਇਹ ਕੰਮ ਜੋ ਮੈਂ ਕੀਤਾ ਹੈ, ਮੇਰੇ ਤੋਂ ਵੱਡਾ ਪਾਪ ਹੋਇਆ ਹੈ। ਸੋ ਹੁਣ ਹੇ ਯਹੋਵਾਹ, ਕਿਰਪਾ ਕਰਕੇ ਆਪਣੇ ਦਾਸ ਦੇ ਪਾਪ ਨੂੰ ਦੂਰ ਕਰ ਦੇਵੋ, ਮੈਂ ਵੱਡੀ ਮੂਰਖਤਾਈ ਕਰ ਬੈਠਾ ਹਾਂ।"
11 ਜਦੋਂ ਦਾਊਦ ਸਵੇਰੇ ਉਠਿਆ, ਉਸ ਦੇ ਨਬੀ ਗਾਦ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ।
12 ਯਹੋਵਾਹ ਨੇ ਗਾਦ ਨੂੰ ਆਖਿਆ, "ਜਾ, ਅਤੇ ਜਾਕੇ ਦਾਊਦ ਨੂੰ ਆਖ ਕਿ ਯਹੋਵਾਹ ਨੇ ਇਉਂ ਆਖਿਆ ਹੈ: ਮੈਂ ਤੇਰੇ ਅੱਗੇ ਤਿੰਨ ਵਸਤਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਪਰ ਪਾਵਾਂ।"
13 ਗਾਦ ਦਾਊਦ ਕੋਲ ਗਿਆ ਅਤੇ ਜਾਕੇ ਉਸਨੂੰ ਕਿਹਾ, "ਇਨ੍ਹਾਂ ਤਿੰਨਾਂ ਵਸਤਾਂ ਵਿੱਚੋਂ ਇੱਕ ਨੂੰ ਚੁਣ ਲੈ:(1) ਇੱਕ ਤਾਂ ਕੀ ਤੂੰ ਚਾਹੁੰਦਾ ਹੈਂ ਕਿ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਅੰਣ ਦਾ ਕਾਲ ਪਵੇ।(2) ਜਾਂ ਤਿੰਨਾਂ ਮਹੀਨਿਆਂ ਤੀਕ ਤੂੰ ਆਪਣੇ ਵੈਰੀਆਂ ਤੋਂ ਭੱਜਦਾ ਫ਼ਿਰੇਁ ਤੇ ਉਹ ਤੇਰੇ ਮਗਰ ਪਏ ਰਹਿਣ।(3) ਜਾਂ ਤੇਰੇ ਦੇਸ਼ ਵਿੱਚ ਤਿੰਨਾਂ ਦਿਨਾਂ ਲਈ ਮਹਾਮਾਰੀ ਪਵੇ।ਹੁਣ ਇਸ ਬਾਰੇ ਸੋਚ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਮੈਂ ਯਹੋਵਾਹ ਨੂੰ ਜਾਕੇ ਤੇਰੀ ਮਰਜ਼ੀ ਬਾਰੇ ਦੱਸ ਦੇਵਾਂਗਾ। ਯਹੋਵਾਹ ਨੇ ਇਸੇ ਵਾਸਤੇ ਮੈਨੂੰ ਤੇਰੇ ਕੋਲ ਭੇਜਿਆ ਹੈ।"
14 ਦਾਊਦ ਨੇ ਗਾਦ ਨੂੰ ਕਿਹਾ, "ਮੈਂ ਸੱਚਮੁੱਚ ਵੱਡੀ ਮੁਸੀਬਤ ਵਿੱਚ ਫ਼ਸਿਆ ਹੋਇਆ ਹਾਂ ਪਰ ਯੋਹਵਾਹ ਬੜਾ ਦਿਆਲੂ ਹੈ। ਇਸ ਲਈ ਯਹੋਵਾਹ ਨੂੰ ਹੀ ਮੈਨੂੰ ਦੰਡ ਦੇਣ ਦੇ ਇਹ ਨਾ ਹੋਵੇ ਕਿ ਮੈਨੂੰ ਲੋਕਾਂ ਵੱਲੋਂ ਦੰਡਿਤ ਹੋਣਾ ਪਵੇ ਸੋ ਚੰਗਾ ਹੈ ਕਿ ਇਸ ਕੋਲੋਂ ਮੈਂ ਯਹੋਵਾਹ ਦੇ ਹੱਥੋਂ ਹੀ ਦੰਡਿਤ ਹੋਵਾਂ।"
15 ਤਾਂ ਫ਼ਿਰ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਹਾਮਾਰੀ ਭੇਜੀ ਜੋ ਉਸ ਸਵੇਰ ਤੋਂ ਲੈਕੇ ਠਹਿਰਾਏ ਹੋਏ ਵਕਤ ਤੱਕ ਪਈ ਰਹੀ ਅਤੇ ਦਾਨ ਤੋਂ ਲੈਕੇ ਬੇਰਸ਼ਬਾ ਤੀਕ ਲੋਕਾਂ ਵਿੱਚੋਂ
70 ,000 ਮਨੁੱਖ ਮਰ ਗਏ।
16 ਜਦੋਂ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨ ਤੋਂ ਹਟ ਗਿਆ। ਜਿਸ ਦੂਤ ਨੇ ਲੋਕਾਂ ਨੂੰ ਨਸ਼ਠ ਕੀਤਾ ਉਸਨੂੰ ਯਹੋਵਾਹ ਨੇ ਆਖਿਆ, "ਬਸ ਕਰ, ਬਹੁਤ ਹੋ ਗਿਆ, ਆਪਣਾ ਹੱਥ ਨੀਵੇਂ ਕਰ ਲੈ।" ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ ਕੋਲ ਖੜੋਤਾ ਸੀ।
17 ਜਦੋਂ ਦਾਊਦ ਨੇ ਲੋਕਾਂ ਨੂੰ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਦਾਊਦ ਨੇ ਯਹੋਵਾਹ ਨੂੰ ਕਿਹਾ, "ਮੈਂ ਪਾਪੀ, ਮੈਂ ਭੁੱਲ ਕੀਤੀ! ਇਨ੍ਹਾਂ ਲੋਕਾਂ ਨੇ ਤਾਂ ਸਿਰਫ਼ ਉਹੀ ਕੀਤਾ ਜੋ ਮੈਂ ਇਨ੍ਹਾਂ ਨੂੰ ਹੁਕਮ ਕੀਤਾ, ਉਹ ਤਾਂ ਇੱਜੜਾਂ ਵਾਂਗ ਸਿਰਫ਼ ਮੇਰੇ ਪਿੱਛੇ ਲੱਗੇ, ਅਤੇ ਮੇਰਾ ਆਖਾ ਮੰਨਿਆ। ਇਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਸ ਲਈ ਕਿਰਪਾ ਕਰਕੇ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਉਹ ਇਨ੍ਹਾਂ ਮਾਸੂਮ ਲੋਕਾਂ ਨੂੰ ਨਹੀਂ ਸਗੋਂ ਮੈਨੂੰ ਦੇਵੋ ਜਾਂ ਮੇਰੇ ਪਿਤਾ ਦੇ ਘਰਾਣੇ ਨੂੰ।"
18 ਉਸ ਦਿਨ ਗਾਦ ਦਾਉਦ ਕੋਲ ਆਇਆ ਅਤੇ ਆਕੇ ਉਸਨੂੰ ਕਿਹਾ, "ਜਾ ਅਤੇ ਜਾਕੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਉਸਾਰ।"
19 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਗਾਦ ਨੇ ਕਿਹਾ ਅਤੇ ਦਾਊਦ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਦਾਊਦ ਅਰਵਨਾਹ ਨੂੰ ਵੇਖਣ ਗਿਆ।
20 ਅਰਵਨਾਹ ਨੇ ਵੇਖਿਆ ਅਤੇ ਪਾਤਸ਼ਾਹ ਅਤੇ ਉਸਦੇ ਅਫ਼ਸਰ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਅਰਵਨਾਹ ਬਾਹਰ ਨਿਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਪਰ ਮੂੰਹ ਪਰਨੇ ਮੱਥਾ ਟੇਕਿਆ।
21 ਅਰਵਨਾਹ ਨੇ ਆਖਿਆ, "ਕੀ ਗੱਲ ਮੇਰੇ ਮਾਹਾਰਾਜ ਅਤੇ ਪਾਤਸ਼ਾਹ ਅੱਜ ਮੇਰੇ ਵੱਲ ਤਸ਼ਰੀਫ਼ ਲਿਆਏ ਹਨ?"ਦਾਊਦ ਨੇ ਆਖਿਆ, "ਮੈਂ ਤੇਰੇ ਕੋਲੋਂ ਇਹ ਪਿੜ ਖਰੀਦਣ ਆਇਆ ਹਾਂ ਤਾਂ ਜੋ ਇੱਥੇ ਮੈਂ ਯਹੋਵਾਹ ਲਈ ਜਗਵੇਦੀ ਬਣਾ ਸਕਾਂ। ਤੱਦ ਇਸ ਦੇਸ਼ ਵਿੱਚੋਂ ਮਹਾਮਾਰੀ ਖਤਮ ਹੋ ਜਾਵੇਗੀ।"
22 ਅਰਵਨਾਹ ਨੇ ਦਾਊਦ ਨੂੰ ਕਿਹਾ, "ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ ਬਲੀ ਚੜਾਉਣ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤੁਸੀਂ ਲੈਜਾ ਸਕਦੇ ਹੋ। ਵੇਖੋ! ਇੱਥੇ ਹੋਮ ਦੀ ਭੇਟ ਲਈ ਕੁਝ ਗਊਆਂ ਵੀ ਹਨ, ਬਲਦਾਂ ਦੇ ਵਲੇਵੇ ਸਣੇ ਇਹ ਸਭ ਲੱਕੜ ਦੇ ਲਈ ਹੈ।
23 ਹੇ ਪਾਤਸ਼ਾਹ! ਮੈਂ ਇਹ ਸਭ ਕੁਝ ਤੁਹਾਨੂੰ ਭੇਟ ਕਰਦਾ ਹਾਂ!" ਅਰਵਨਾਹ ਨੇ ਇਹ ਵੀ ਕਿਹਾ, "ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਉੱਤੇ ਪ੍ਰਸੰਨ ਹੋਵੇ।"
24 ਪਰ ਪਾਤਸ਼ਾਹ ਨੇ ਅਰਵਨਾਹ ਨੂੰ ਕਿਹਾ, "ਨਹੀਂ! ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੈਨੂੰ ਇਸ ਜ਼ਮੀਨ ਦਾ ਮੁੱਲ ਚੁਕਾਵਾਂਗਾ ਕਿਉਂ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਹੋਮ ਦੀ ਭੇਟ ਨਹੀਂ ਚੜਾਵਾਂਗਾ ਜਿਸਦੇ ਉੱਪਰ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ।"ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ
50 ਸ਼ੈਕਲ ਦੇਕੇ ਮੁੱਲ ਲੈ ਲਿਆ।
25 ਤੱਦ ਦਾਊਦ ਨੇ ਉੱਥੇ ਯਹੋਵਾਹ ਵਾਸਤੇ ਜਗਵੇਦੀ ਬਣਾਈ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜਾਈਆਂ। ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਿਮਾਰੀ ਹਟ ਗਈ।