1 ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵਧੀਆ ਚੁਣੇ ਹੋਏ
30 ,000 ਸਿਪਾਹੀ ਇਕੱਠੇ ਕੀਤੇ।
2 ਤੱਦ ਦਾਊਦ ਅਤੇ ਉਸਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਗਏ ਅਤੇ ਉਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ।
3 ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚਲਾ ਰਹੇ ਸਨ।
4 ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ।
5 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖਂਜਰੀਆਂ, ਚਿਮਟਾ ਅਤੇ ਛੈਣੇ ਲੈਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ।
6 ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ।
7 ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸਨੂੰ ਮਾਰ ਸੁਟਿਆ। ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸਂਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ।
8 ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁਟਿਆ ਸੀ। ਉਸ ਨੇ ਉਸ ਥਾਂ ਦਾ ਨਾਂ "ਪਰਸ-ਊਜ਼ਾਹ' ਰੱਖਿਆ।
9 ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, "ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸਕਦਾ ਹਾਂ?'
10 ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਥੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ।
11 ਯਹੋਵਾਹ ਦਾ ਸੰਦੂਕ ਓਥੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਥੇਦ-ਅਦੋਮ ਨੂੰ ਅਤੇ ਉਸਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।
12 ਉਪਰੰਤ, ਲੋਕਾਂ ਨੇ ਦਾਊਦ ਨੂੰ ਕਿਹਾ, "ਓਥੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਕਾਰਣ ਯਹੋਵਾਹ ਨੇ ਬਰਕਤ ਦਿੱਤੀ ਹੈ।' ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਓਥੇਦ-ਅਦੋਮ ਦੇ ਘਰੋ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋਕੇ ਚੜਾ ਲਿਆਇਆ।
13 ਜਦੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਚੁੱਕਣ ਵਾਲੇ ਛੇ ਕਦਮ ਹੀ ਤੁਰੇ ਤਾਂ ਉਸਨੇ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ।
14 ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।
15 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ।
16 ਉਸ ਵਕਤ ਸ਼ਾਊਲ ਦੀ ਧੀ ਮੀਕਲ ਬਾਰੀ ਵਿੱਚੋਂ ਇਹ ਸਭ ਵੇਖ ਰਹੀ ਸੀ, ਜਦ ਉਸਨੇ ਵੇਖਿਆ ਕਿ ਦਾਊਦ ਪਾਤਸ਼ਾਹ ਯਹੋਵਾਹ ਦੇ ਅੱਗੇ ਨੱਚਦਾ-ਟਪ੍ਪਦਾ ਆ ਰਿਹਾ ਹੈ ਤਾਂ ਉਹ ਦਾਊਦ ਦੀ ਅਜਿਹੀ ਹਰਕਤ ਤੇ ਬੜੀ ਦੁੱਖੀ ਹੋਈ ਉਸਨੂੰ ਜਾਪਿਆ ਕਿ ਉਹ ਆਪਣਾ ਮਜ਼ਾਕ ਆਪ ਬਣਾ ਰਿਹਾ ਹੈ।
17 ਦਾਊਦ ਨੇ ਪਵਿੱਤਰ ਸੰਦੂਕ ਲਈ ਤੰਬੂ ਲਾਇਆ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਤੰਬੂ ਦੇ ਹੇਠਾਂ ਜਾ ਟਿਕਾਇਆ। ਉਪਰੰਤ ਦਾਊਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਈਆਂ।
18 ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਉਣ ਤੋਂ ਬਾਅਦ ਦਾਊਦ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਨਾਉਂ ਤੇ ਲੋਕਾਂ ਨੂੰ ਅਸੀਸ ਦਿੱਤੀ।
19 ਦਾਊਦ ਨੇ ਲੋਕਾਂ ਨੂੰ ਪ੍ਰਸਾਦ ਵਜੋਂ ਭਾਵੇਂ ਉਹ ਮਰਦ ਸਨ ਭਾਵੇਂ ਔਰਤਾਂ ਸਭਨਾਂ ਨੂੰ ਰੋਟੀ, ਸੌਗੀ ਵਾਲਾ ਕੇਕ ਅਤੇ ਖਜੂਰੀ ਰੋਟੀ ਦਿੱਤੀ। ਉਪਰੰਤ ਸਭ ਇਸਰਾਏਲੀ ਘਰਾਂ ਨੂੰ ਪਰਤ ਗਏ।
20 ਤੱਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, "ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਮ੍ਹਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਮ੍ਹਣੇ ਨੰਗਾ ਕਰਦਾ ਹੈ।'
21 ਤੱਦ ਦਾਊਦ ਨੇ ਮੀਕਲ ਨੂੰ ਕਿਹਾ, "ਯਹੋਵਾਹ ਨੇ ਮੈਨੂੰ ਤੇਰੇ ਪਿਉ ਅਤੇ ਉਸਦੇ ਸਾਰੇ ਘਰਾਣੇ ਦੇ ਅੱਗੇ ਚੁਣਿਆ ਹੈ। ਯਹੋਵਾਹ ਨੇ ਮੈਨੂੰ ਆਪਣੇ ਲੋਕਾਂ, ਇਸਰਾਏਲੀਆਂ ਦਾ ਆਗੂ ਬਣਾਇਆ ਹੈ ਸੋ ਮੈਂ ਤਾਂ ਯਹੋਵਾਹ ਦੇ ਅੱਗੇ ਇੰਝ ਹੀ ਨੱਚਾਂਗਾ ਅਤੇ ਜਸ਼ਨ ਮਨਾਵਾਂਗਾ।
22 ਸਗੋਁ ਮੈਂ ਤਾਂ ਇਸ ਨਾਲੋਂ ਵੀ ਵਧੇਰੇ ਸ਼ਰਮਨਾਕ ਹਰਕਤਾਂ ਕਰਾਂਗਾ। ਤੂੰ ਭਾਵੇਂ ਮੇਰੀ ਇੱਜ਼ਤ ਨਾ ਕਰ ਪਰ ਜਿਨ੍ਹਾਂ ਕੁੜੀਆਂ ਬਾਰੇ ਤੂੰ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਮੇਰੇ ਉੱਪਰ ਮਾਨ ਹੈ।'
23 ਸ਼ਾਊਲ ਦੀ ਧੀ ਮੀਕਲ ਨੂੰ ਕਦੇ ਵੀ ਕੋਈ ਬੱਚਾ ਨਾ ਹੋਇਆ, ਉਹ ਬੇਔਲਾਦ ਹੀ ਮਰ ਗਈ।