1 ਪਸ਼ਹੂਰ ਨਾਂ ਦਾ ਇੱਕ ਜਾਜਕ ਸੀ। ਉਹ ਯਹੋਵਾਹ ਦੇ ਮੰਦਰ ਦਾ ਸਰਬ ਉੱਚ ਅਧਿਕਾਰੀ ਸੀ। ਪਸ਼ਹੂਰ ਇਂਮੇਰ ਨਾਂ ਦੇ ਬੰਦੇ ਦਾ ਪੁੱਤਰ ਸੀ। ਪਸ਼ਹੂਰ ਨੇ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਿਆਂ ਸੁਣਿਆ।
2 ਇਸ ਲਈ ਉਸਨੇ ਨਬੀ ਯਿਰਮਿਯਾਹ ਨੂੰ ਕੁਟਵਾ ਦਿੱਤਾ। ਅਤੇ ਉਸਨੇ ਯਿਰਮਿਯਾਹ ਦੇ ਹੱਥਾਂ ਪੈਰਾਂ ਨੂੰ ਲੱਕੜੀ ਦੇ ਵੱਡੇ ਫ਼ਟਿਆਂ ਵਿਚਕਾਰ ਬਂਨ੍ਹਵਾ ਦਿੱਤਾ। ਇਹ ਘਟਨਾ ਬਿਨਯਾਮੀਨ ਮੰਦਰ ਦੇ ਉੱਪਰ ਵੱਲ ਦੇ ਦਰਵਾਜ਼ੇ ਤੇ ਵਾਪਰੀ।
3 ਅਗਲੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਲੱਕੜ ਦੇ ਫ਼ਟਿਆਂ ਵਿੱਚੋਂ ਬਾਹਰ ਕਢਿਆ। ਤਾਂ ਯਿਰਮਿਯਾਹ ਨੇ ਪਸ਼ਹੂਰ ਨੂੰ ਆਖਿਆ, "ਤੇਰੇ ਲਈ ਯਹੋਵਾਹ ਦਾ ਨਾਮ ਪਸ਼ਹੂਰ ਨਹੀਂ। ਹੁਣ ਯਹੋਵਾਹ ਦਾ ਤੇਰੇ ਲਈ ਨਾਮ ਹੈ 'ਚੁਫ਼ੇਰੇ ਦਾ ਆਤਂਕ।'
4 ਇਹੀ ਤੇਰਾ ਨਾਮ ਹੈ, ਕਿਉਂ ਕਿ ਯਹੋਵਾਹ ਆਖਦਾ ਹੈ, 'ਮੈਂ ਛੇਤੀ ਤੈਨੂੰ ਤੇਰੇ ਆਪਣੇ ਲਈ ਆਤਂਕ ਬਣਾ ਦਿਆਂਗਾ। ਛੇਤੀ ਹੀ ਮੈਂ ਤੈਨੂੰ ਤੇਰੇ ਸਾਰੇ ਦੋਸਤਾਂ ਲਈ ਆਤਂਕ ਬਣਾ ਦਿਆਂਗਾ। ਤੂੰ ਦੁਸ਼ਮਣਾਂ ਨੂੰ ਆਪਣੇ ਦੋਸਤਾਂ ਨੂੰ ਤਲਵਾਰ ਨਾਲ ਮਾਰਦਿਆਂ ਦੇਖੇਂਗਾ। ਮੈਂ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਉਹ ਯਹੂਦਾਹ ਦੇ ਲੋਕਾਂ ਨੂੰ ਦੂਰ ਬਾਬਲ ਦੇਸ਼ ਵਿੱਚ ਲੈ ਜਾਵੇਗਾ। ਅਤੇ ਉਸਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਵੇਗੀ।
5 ਯਰੂਸ਼ਲਮ ਦੇ ਲੋਕਾਂ ਨੇ ਸਖਤ ਮਿਹਨਤ ਕਰਕੇ ਚੀਜ਼ਾਂ ਬਣਾਈਆਂ ਸਨ ਅਤੇ ਅਮੀਰ ਹੋ ਗਏ ਸਨ। ਪਰ ਮੈਂ ਉਹ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਯਰੂਸ਼ਲਮ ਦੇ ਰਾਜੇ ਕੋਲ ਬਹੁਤ ਖਜ਼ਾਨੇ ਹਨ। ਪਰ ਮੈਂ ਉਹ ਸਾਰੇ ਖਜ਼ਾਨੇ ਦੁਸ਼ਮਣ ਨੂੰ ਦੇ ਦਿਆਂਗਾ। ਦੁਸ਼ਮਣ ਉਨ੍ਹਾਂ ਚੀਜ਼ਾਂ ਨੂੰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਦੂਰ ਬਾਬਲ ਦੇ ਦੇਸ਼ ਵਿੱਚ ਲੈ ਜਾਵੇਗਾ।
6 ਅਤੇ ਪਸ਼ਹੂਰ, ਤੂੰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਬੰਦੇ ਫ਼ੜ ਲੇ ਜਾਣਗੇ। ਤੁਹਾਨੂੰ ਬਾਬਲ ਦੇਸ਼ ਵਿੱਚ ਜਾਕੇ ਰਹਿਣ ਲਈ ਮਜ਼ਬੂਰ ਕੀਤਾ ਜਾਵੇਗਾ। ਤੁਸੀਂ ਬਾਬਲ ਵਿੱਚ ਮਰੋਗੇ। ਅਤੇ ਤੁਹਾਨੂੰ ਉਸੇ ਬਾਹਰਲੇ ਦੇਸ਼ ਵਿੱਚ ਦਫ਼ਨਾਇਆ ਜਾਵੇਗਾ। ਤੂੰ ਆਪਣੇ ਦੋਸਤਾਂ ਨੂੰ ਝੂਠ ਦਾ ਪ੍ਰਚਾਰ ਕੀਤਾ। ਤੂੰ ਆਖਿਆ ਸੀ ਕਿ ਇਹ ਗੱਲਾਂ ਨਹੀਂ ਵਾਪਰਨਗੀਆਂ। ਪਰ ਤੇਰੇ ਸਾਰੇ ਦੋਸਤ ਵੀ ਛੇਤੀ ਹੀ ਮਰ ਜਾਣਗੇ ਅਤੇ ਬਾਬਲ ਵਿੱਚ ਦਫ਼ਨਾੇ ਜਾਣਗੇ।"'
7 ਯਹੋਵਾਹ ਜੀ, ਤੁਸੀਂ ਮੇਰੇ ਨਾਲ ਚਲਾਕੀ ਕੀਤੀ, ਅਤੇ ਯਕੀਨਨ ਮੈਂ ਮੂਰਖ ਬਣਿਆ। ਤੁਸੀਂ ਮੇਰੇ ਨਾਲੋਂ ਤਾਕਤਵਰ ਹੋ ਇਸ ਲਈ ਤੁਸੀਂ ਜਿੱਤ ਗਏ। ਮੈਂ ਇੱਕ ਮਜ਼ਾਕ ਬਣ ਗਿਆ ਹਾਂ। ਲੋਕ ਮੇਰੇ ਉੱਤੇ ਹੱਸਦੇ ਨੇ ਅਤੇ ਦਿਨ ਭਰ ਮੇਰਾ ਮਜ਼ਾਕ ਉਡਾਉਂਦੇ ਨੇ।
8 ਹਰ ਵਾਰੀ ਜਦੋਂ ਮੈਂ ਬੋਲਦਾ ਹਾਂ, ਮੈਂ ਕੂਕਦਾ ਹਾਂ। ਮੈਂ ਹਮੇਸ਼ਾ, ਹਿੰਸਾ ਅਤੇ ਤਬਾਹੀ ਬਾਰੇ ਕੂਕਦਾ ਰਹਿੰਦਾ ਹਾਂ। ਮੈਂ ਲੋਕਾਂ ਨੂੰ ਉਸ ਸੰਦੇਸ਼ ਬਾਰੇ ਦੱਸਦਾ ਹਾਂ, ਜਿਹੜਾ ਮੈਨੂੰ ਯਹੋਵਾਹ ਕੋਲੋਂ ਮਿਲਿਆ ਸੀ। ਪਰ ਲੋਕ ਸਿਰਫ਼ ਮੈਨੂੰ ਬੇਇੱਜ਼ਤ ਕਰਦੇ ਨੇ ਅਤੇ ਮੇਰਾ ਮਜ਼ਾਕ ਉਡਾਉਂਦੇ ਨੇ।
9 ਕਦੇ-ਕਦੇ ਮੈਂ ਆਪਣੇ-ਆਪ ਨੂੰ ਆਖਦਾ ਹਾਂ, ਮੈਂ ਯਹੋਵਾਹ ਬਾਰੇ ਭੁੱਲ ਜਾਵਾਂਗਾ। ਮੈਂ ਫ਼ੇਰ ਕਦੇ ਯਹੋਵਾਹ ਦੇ ਨਾਮ ਉੱਤੇ ਨਹੀਂ ਬੋਲਾਂਗਾ।" ਪਰ ਜਦੋਂ ਮੈਂ ਇਹ ਆਖਦਾ ਹਾਂ, ਯਹੋਵਾਹ ਦਾ ਸੰਦੇਸ਼, ਮੇਰੇ ਅੰਦਰ ਅੱਗ ਵਰਗਾ ਬਲਦਾ ਹੋਇਆ ਹੁੰਦਾ ਹੈ! ਇਹ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੇਰੀਆਂ ਹੱਡੀਆਂ ਅੰਦਰ ਡੂੰਘਾ ਬਲ ਰਿਹਾ ਹੋਵੇ! ਮੈਂ ਯਹੋਵਾਹ ਦੇ ਸੰਦੇਸ਼ ਨੂੰ ਆਪਣੇ ਅੰਦਰ ਰੋਕ ਕੇ ਰੱਖਦਿਆਂ ਬਕ੍ਕ ਜਾਂਦਾ ਹਾਂ। ਅਤੇ ਆਖਰਕਾਰ ਮੈਂ ਇਸ ਨੂੰ ਅੰਦਰ ਨਹੀਂ ਰੋਕ ਸਕਦਾ।
10 ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ। ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ। ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ। ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ। ਉਹ ਆਖ ਰਹੇ ਨੇ, "ਆਓ ਝੂਠ ਬੋਲੀੇ ਅਤੇ ਆਖੀਏ ਕਿ ਉਸਨੇ ਕੁਝ ਮੰਦਾ ਕੀਤਾ ਸੀ, ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ। ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ। ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ। ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।"
11 ਪਰ ਯਹੋਵਾਹ ਮੇਰੇ ਅੰਗ-ਸੰਗ ਹੈ। ਯਹੋਵਾਹ ਮਜ਼ਬੂਤ ਸਿਪਾਹੀ ਵਰਗਾ ਹੈ। ਇਸ ਲਈ ਉਹ ਲੋਕ ਡਿੱਗ ਪੈਣਗੇ ਜਿਹੜੇ ਮੇਰਾ ਪਿੱਛਾ ਕਰ ਰਹੇ ਨੇ। ਉਹ ਲੋਕ ਮੈਨੂੰ ਹਰਾਉਣਗੇ ਨਹੀਂ। ਉਹ ਲੋਕ ਅਸਫ਼ਲ ਹੋ ਜਾਣਗੇ। ਉਹ ਲੋਕ ਨਿਰਾਸ਼ ਹੋਣਗੇ। ਉਹ ਲੋਕ ਸ਼ਰਮਸਾਰ ਹੋ ਜਾਣਗੇ। ਅਤੇ ਲੋਕ ਉਸ ਸ਼ਰਮਿਂਦਗੀ ਨੂੰ ਕਦੇ ਵੀ ਨਹੀਂ ਭੁੱਲਣਗੇ।
12 ਸਰਬ-ਸ਼ਕਤੀਮਾਨ ਯਹੋਵਾਹ ਤੁਸੀਂ ਨੇਕ ਬੰਦਿਆਂ ਦਾ ਇਮਤਿਹਾਨ ਲੈਂਦੇ ਹੋ। ਤੁਸੀਂ ਬੰਦੇ ਦੇ ਮਨ ਅੰਦਰ ਧੁਰ ਵੇਖਦੇ ਹੋ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਵਿਰੁਦ੍ਦ ਆਪਣੀਆਂ ਦਲੀਲਾਂ ਦੱਸ ਦਿੱਤੀਆਂ। ਇਸ ਲਈ ਮੈਨੂੰ ਦੇਖਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ, ਜਿਸਦੇ ਉਹ ਅਧਿਕਾਰੀ ਹਨ।
13 ਯਹੋਵਾਹ ਲਈ ਗੀਤ ਗਾਓ! ਯਹੋਵਾਹ ਦੀ ਉਸਤਤ ਕਰੋ! ਯਹੋਵਾਹ ਗਰੀਬ ਲੋਕਾਂ ਦੀਆਂ ਜਾਨਾਂ ਬਚਾਉਂਦਾ ਹੈ। ਉਹ ਉਨ੍ਹਾਂ ਨੂੰ ਮੰਦੇ ਲੋਕਾਂ ਕੋਲੋਂ ਬਚਾਉਂਦਾ ਹੈ!
14 ਉਸ ਦਿਨ ਨੂੰ ਸਰਾਪ ਦਿਓ ਜਿਸ ਦਿਨ ਮੈਂ ਜੰਮਿਆ ਸਾਂ! ਉਸ ਦਿਨ ਨੂੰ ਅਸੀਸ ਨਾ ਦਿਓ, ਜਦੋਂ ਮੇਰੀ ਮਾਂ ਨੇ ਮੈਨੂੰ ਜੰਮਿਆ।
15 ਉਸ ਬੰਦੇ ਨੂੰ ਸਰਾਪ ਦਿਓ ਜਿਸਨੇ ਮੇਰੇ ਪਿਤਾ ਨੂੰ ਖਬਰ ਦਿੱਤੀ ਕਿ ਮੈਂ ਜੰਮਿਆ ਹਾਂ। "ਤੁਹਾਡੇ ਘਰ ਪੁੱਤਰ ਜੰਮਿਆ ਹੈ", ਉਸਨੇ ਆਖਿਆ ਸੀ। "ਇਹ ਮੁੰਡਾ ਹੈ!" ਉਸਨੇ ਮੇਰੇ ਪਿਤਾ ਨੂੰ ਬਹੁਤ ਖੁਸ਼ ਕੀਤਾ, ਜਦੋਂ ਉਸ ਨੂੰ ਇਹ ਖਬਰ ਦਿੱਤੀ।
16 ਉਸ ਬੰਦੇ ਨੂੰ ਵੀ ਉਨ੍ਹਾਂ ਸ਼ਹਿਰਾਂ ਵਰਗਾ ਹੋਣ ਦਿਓ, ਜਿਨ੍ਹਾਂ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ। ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਉੱਤੇ ਕੋਈ ਰਹਿਮ ਨਹੀਂ ਕੀਤਾ। ਉਸ ਬੰਦੇ ਨੂੰ ਸੁਬਹ-ਸਵੇਰੇ ਜੰਗ ਦਾ ਸ਼ੋਰ ਸੁਣਨ ਦਿਓ। ਅਤੇ ਉਸ ਨੂੰ ਦੁਪਿਹਰ ਨੂੰ ਜੰਗ ਦੇ ਲਲਕਾਰੇ ਸੁਣਨ ਦਿਓ।
17 ਕਿਉਂ? ਕਿਉਂ ਕਿ ਉਸ ਬੰਦੇ ਨੇ ਮੈਨੂੰ ਨਹੀਂ ਮਾਰਿਆ ਜਦੋਂ ਮੈਂ ਆਪਣੀ ਮਾਤਾ ਦੇ ਗਰਭ ਵਿੱਚ ਸਾਂ। ਜੇ ਉਹ ਮੈਨੂੰ ਉਸ ਵੇਲੇ ਮਾਰ ਦਿੰਦਾ, ਮੇਰੀ ਮਾਤਾ ਹੀ ਮੇਰੀ ਕਬਰ ਹੁੰਦੀ ਅਤੇ ਮੈਂ ਕਦੇ ਵੀ ਨਾ ਜੰਮਦਾ।
18 ਮੈਨੂੰ ਗਰਭ ਵਿੱਚੋਂ ਬਾਹਰ ਆਉਣ ਦੀ ਕੀ ਲੋੜ ਪਈ? ਮੈਂ ਤਾਂ ਸਿਰਫ਼ ਦੁੱਖ-ਤਕਲੀਫ਼ਾਂ ਹੀ ਦੇਖੀਆਂ ਨੇ। ਅਤੇ ਮੇਰੀ ਜ਼ਿੰਦਗੀ ਸ਼ਰਮਿਂਦਗੀ ਨਾਲ ਮੁੱਕ ਜਾਵੇਗੀ।