1 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਦੂਸਰੀ ਵਾਰੀ ਮਿਲਿਆ। ਯਿਰਮਿਯਾਹ ਹਾਲੇ ਤੱਕ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ।
2 ਯਹੋਵਾਹ ਹੀ ਹੈ ਜਿਸ ਨੇ ਧਰਤੀ ਨੂੰ ਬਣਾਇਆ। ਉਸ ਨੇ ਇਸ ਨੂੰ ਸਿਰਜਿਆ ਅਤੇ ਇਸ ਦੀ ਬੁਨਿਆਦ ਉੱਤੇ ਸਬਾਪਿਤ ਕੀਤਾ ਹੈ। ਯਹੋਵਾਹ ਉਸਦਾ ਨਾਮ ਹੈ। ਯਹੋਵਾਹ ਆਖਦਾ ਹੈ,
3 "ਯਹੂਦਾਹ, ਮੇਰੇ ਅੱਗੇ ਪ੍ਰਾਰਥਨਾ ਕਰ। ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਮੈਂ ਤੈਨੂੰ ਬਹੁਤ ਮਹੱਤਵਪੂਰਣ ਭੇਤ ਦੱਸਾਂਗਾ। ਤੂੰ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ।
4 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਇਹ ਗੱਲਾਂ ਯਰੂਸ਼ਲਮ ਦੇ ਘਰਾਂ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲਾਂ ਬਾਰੇ ਆਖਦਾ ਹੈ। ਦੁਸ਼ਮਣ ਉਨ੍ਹਾਂ ਮਕਾਨਾਂ ਨੂੰ ਢਾਹ ਕੇ ਢੇਰੀ ਕਰ ਦੇਵੇਗਾ। ਦੁਸ਼ਮਣ ਸ਼ਹਿਰ ਦੀਆਂ ਕੰਧਾਂ ਦੇ ਸ਼ਿਖਰ ਤੱਕ ਅਪੜਨ ਵਾਲੇ ਬਢ਼ੇ ਉਸਾਰੇਗਾ। ਦੁਸ਼ਮਣ ਤਲਵਾਰ ਦੀ ਵਰਤੋਂ ਕਰੇਗਾ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਲੜੇਗਾ।
5 "ਯਰੂਸ਼ਲਮ ਦੇ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ। ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਹਾਂ। ਇਸ ਲਈ ਮੈਂ ਉਥੋਂ ਦੇ ਬਹੁਤ-ਬਹੁਤ ਸਾਰੇ ਬੰਦਿਆਂ ਨੂੰ ਮਾਰ ਮੁਕਾਵਾਂਗਾ। ਬਾਬਲ ਦੀ ਫ਼ੌਜ ਯਰੂਸ਼ਲਮ ਨਾਲ ਲੜਨ ਲਈ ਆਵੇਗੀ। ਯਰੂਸ਼ਲਮ ਦੇ ਘਰਾਂ ਅੰਦਰ ਬਹੁਤ-ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ।
6 "ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ।
7 ਮੈਂ ਯਹੂਦਾਹ ਅਤੇ ਇਸਰਾਏਲ ਉੱਤੇ ਚੰਗੀਆਂ ਗੱਲਾਂ ਫ਼ੇਰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਓਸੇ ਤਰ੍ਹਾਂ ਫ਼ੇਰ ਤਾਕਤਵਰ ਬਣਾ ਦਿਆਂਗਾ ਜਿਵੇਂ ਉਹ ਅਤੀਤ ਵਿੱਚ ਸਨ।
8 ਉਨ੍ਹਾਂ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ - ਪਰ ਮੈਂ ਉਸ ਪਾਪ ਨੂੰ ਧੋ ਸੁੱਟਾਂਗਾ। ਉਹ ਮੇਰੇ ਖਿਲਾਫ਼ ਲੜੇ ਸਨ - ਪਰ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਆਂਗਾ।
9 ਫ਼ੇਰ ਯਰੂਸ਼ਲਮ ਬੜੀ ਸ਼ਾਨਦਾਰ ਥਾਂ ਹੋਵੇਗੀ। ਲੋਕ ਪ੍ਰਸੰਨ ਹੋਣਗੇ। ਅਤੇ ਹੋਰਨਾਂ ਕੌਮਾਂ ਦੇ ਲੋਕ ਇਸਦੀ ਵਡਿਆਈ ਕਰਨਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਇੱਥੇ ਵਾਪਰਨ ਵਾਲੀਆਂ ਚੰਗੀਆਂ ਗੱਲਾਂ ਬਾਰੇ ਸੁਣਨਗੇ।। ਉਹ ਉਨ੍ਹਾਂ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਿਹੜੀਆਂ ਮੈਂ ਯਰੂਸ਼ਲਮ ਲਈ ਕਰ ਰਿਹਾ ਹਾਂ।
10 "ਤੁਸੀਂ ਲੋਕ ਆਖ ਰਹੇ ਹੋ, 'ਸਾਡਾ ਦੇਸ਼ ਸਖਣਾ ਮਾਰੂਬਲ ਹੈ। ਇੱਥੇ ਨਾ ਮਨੁੱਖ ਰਹਿੰਦੇ ਨੇ ਅਤੇ ਨਾ ਪਸ਼ੂ।' ਇੱਥੇ ਹੁਣ ਯਰੂਸ਼ਲਮ ਦੀਆਂ ਗਲੀਆਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਚੁੱਪ ਹੈ। ਪਰ ਛੇਤੀ ਹੀ ਇੱਥੇ ਸ਼ੋਰ ਹੋਵੇਗਾ।
11 ਇੱਥੇ ਖੁਸ਼ੀ ਅਤੇ ਆਨੰਦ ਦੀਆਂ ਆਵਾਜ਼ਾਂ ਆਉਣਗੀਆਂ। ਇੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਸੁਣਨਗੀਆਂ। ਇੱਥੇ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਜਿਹੜੇ ਯਹੋਵਾਹ ਦੇ ਮੰਦਰ ਲਈ ਦਾਤਾਂ ਲਿਆ ਰਹੇ ਹੋਣਗੇ। ਉਹ ਲੋਕ ਆਖਣਗੇ, 'ਉਸਤਤ ਕਰੋ ਸਰਬ ਸ਼ਕਤੀਮਾਨ ਯਹੋਵਾਹ ਦੀ! ਯਹੋਵਾਹ ਨੇਕ ਹੈ! ਯਹੋਵਾਹ ਦੀ ਮਿਹਰ ਹਮੇਸ਼ਾ ਜਾਰੀ ਰਹਿੰਦੀ ਹੈ!' ਲੋਕ ਇਹ ਗੱਲਾਂ ਇਸ ਲਈ ਆਖਣਗੇ ਕਿਉਂ ਕਿ ਮੈਂ ਯਹੂਦਾਹ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਦਿ ਵਿੱਚ ਸੀ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
12 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਇਹ ਥਾਂ ਹੁਣ ਖਾਲੀ ਹੈ। ਇੱਥੇ ਬੰਦੇ ਅਤੇ ਪਸ਼ੂ ਨਹੀਂ ਰਹਿੰਦੇ ਹਨ। ਪਰ ਇੱਥੇ ਯਹੂਦਾਹ ਦੇ ਸਾਰੇ ਕਸਬਿਆਂ ਵਿੱਚ ਲੋਕ ਹੋਣਗੇ। ਇੱਥੇ ਆਜੜੀ ਹੋਣਗੇ, ਅਤੇ ਇੱਥੇ ਉਹ ਚਰਾਂਦਾ ਹੋਣਗੀਆਂ ਜਿੱਥੇ ਉਹ ਆਪਣੇ ਇੱਜੜਾਂ ਨੂੰ ਆਰਾਮ ਕਰਾਉਣਗੇ।
13 ਜਦੋਂ ਭੇਡਾਂ ਸਾਮ੍ਹਣੇ ਚਲਦੀਆਂ ਹਨ ਤਾਂ ਆਜੜੀ ਆਪਣੀਆਂ ਭੇਡਾਂ ਦੀ ਗਿਣਤੀ ਕਰਦੇ ਹਨ। ਲੋਕੀ ਦੇਸ਼ ਵਿੱਚ ਸਭ ਬਾਈਁ ਆਪਣੀਆਂ ਭੇਡਾਂ ਦੀ ਗਿਣਤੀ ਕਰ ਰਹੇ ਹੋਣਗੇ - ਪਹਾੜੀ ਇਲਾਕੇ ਵਿੱਚ, ਪੱਛਮੀ ਤਰਾਈ ਵਿੱਚ, ਨਿਜੀਬ ਵਿੱਚ ਅਤੇ ਯਹੂਦਾਹ ਦੇ ਹੋਰ ਸਾਰੇ ਕਸਬਿਆਂ ਵਿੱਚ ਵੀ।"
14 ਇਹ ਸੰਦੇਸ਼ ਯਹੋਵਾਹ ਵੱਲੋਂ ਹੈ: ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਖਾਸ ਇਕਰਾਰ ਕੀਤਾ ਸੀ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਓਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
15 ਉਸ ਸਮੇਂ, ਮੈਂ ਦਾਊਦ ਦੇ ਪਰਿਵਾਰ ਵਿੱਚੋਂ ਇੱਕ ਚੰਗੀ 'ਟਹਿਣੀ' ਉਗਾਵਾਂਗਾ। ਉਹ ਚੰਗੀ 'ਟਹਿਣੀ' ਉਹੀ ਗੱਲਾਂ ਕਰੇਗੀ ਜਿਹੜੀਆਂ ਦੇਸ਼ ਲਈ ਚੰਗੀਆਂ ਅਤੇ ਸਹੀ ਹਨ।
16 ਇਸ 'ਟਹਿਣੀ' ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ। ਲੋਕੀ ਯਰੂਸ਼ਲਮ ਵਿੱਚ ਨਿਸ਼ਚਿੰਤ ਹੋਕੇ ਰਹਿਣਗੇ। ਉਸ ਟਹਿਣੀ ਦਾ ਨਾਮ ਹੈ: ਸਾਡਾ ਯਹੋਵਾਹ ਨੇਕ ਹੈ।"'
17 ਯਹੋਵਾਹ ਆਖਦਾ ਹੈ, "ਦਾਊਦ ਦੇ ਪਰਿਵਾਰ ਦਾ ਬੰਦਾ ਹੀ ਹਮੇਸ਼ਾ ਤਖਤ ਉੱਤੇ ਬੈਠੇਗਾ ਅਤੇ ਇਸਰਾਏਲ ਦੇ ਪਰਿਵਾਰ ਉੱਤੇ ਹਕੂਮਤ ਕਰੇਗਾ।
18 ਅਤੇ ਇੱਥੇ ਹਮੇਸ਼ਾ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਹੋਣਗੇ। ਉਹ ਜਾਜਕ ਹਮੇਸ਼ਾ ਮੇਰੇ ਸਨਮੁਖ ਖਲੋਣਗੇ ਅਤੇ ਮੈਨੂੰ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਦੀ ਬਲੀ ਅਤੇ ਬਲੀਆਂ ਚੜਾਉਣਗੇ।"
19 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ।
20 ਯਹੋਵਾਹ ਆਖਦਾ ਹੈ, "ਮੇਰਾ ਦਿਨ ਅਤੇ ਰਾਤ ਨਾਲ ਇਕਰਾਰਨਾਮਾ ਹੈ। ਮੈਂ ਪ੍ਰਵਾਨ ਕੀਤਾ ਸੀ ਕਿ ਉਹ ਹਮੇਸ਼ਾ ਰਹਿਣਗੇ। ਤੁਸੀਂ ਇਸ ਇਕਰਾਰਨਾਮੇ ਨੂੰ ਨਹੀਂ ਬਦਲ ਸਕਦੇ। ਦਿਨ ਅਤੇ ਰਾਤ ਹਮੇਸ਼ਾ ਠੀਕ ਸਮੇਂ ਸਿਰ ਆਉਣਗੇ। ਜੇ ਕਿਤੇ ਤੁਸੀਂ ਇਸ ਇਕਰਾਰ ਨੂੰ ਬਦਲ ਸਕਦੇ
21 ਤਾਂ ਤੁਸੀਂ ਮੇਰੇ ਦਾਊਦ ਅਤੇ ਲੇਵੀ ਨਾਲ ਇਕਰਾਰਨਾਮੇ ਨੂੰ ਵੀ ਬਦਲ ਸਕਦੇ। ਫ਼ੇਰ ਦਾਊਦ ਦੇ ਉਤਰਾਧਿਕਾਰੀਆਂ ਵਿੱਚੋਂ ਰਾਜੇ ਨਹੀਂ ਸੀ ਹੋਣੇ ਅਤੇ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਨਹੀਂ ਸੀ ਹੋਣੇ।
22 ਪਰ ਮੈਂ ਆਪਣੇ ਸੇਵਕ ਦਾਊਦ ਨੂੰ ਅਤੇ ਲੇਵੀ ਦੇ ਪਰਿਵਾਰ-ਸਮੂਹ ਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਉਹ ਉਤਨੇ ਹੀ ਹੋਣਗੇ ਜਿਤਨੇ ਆਕਾਸ਼ ਵਿੱਚ ਤਾਰੇ ਹਨ - ਕੋਈ ਵੀ ਬੰਦਾ ਉਨ੍ਹਾਂ ਸਾਰੇ ਤਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ। ਅਤੇ ਉਹ ਉਤਨੇ ਹੀ ਹੋਣਗੇ ਜਿਤਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਨੇ - ਕੋਈ ਵੀ ਬੰਦਾ ਰੇਤ ਦੇ ਉਨ੍ਹਾਂ ਕਣਾਂ ਨੂੰ ਗਿਣ ਨਹੀਂ ਸਕਦਾ।"
23 ਯਿਰਮਿਯਾਹ ਨੂੰ ਇਹ ਸੰਦੇਸ਼ ਯਹੋਵਾਹ ਪਾਸੋਂ ਮਿਲਿਆ:
24 "ਯਿਰਮਿਯਾਹ, ਕੀ ਤੂੰ ਸੁਣਿਆ ਹੈ ਕਿ ਲੋਕ ਕੀ ਆਖ ਰਹੇ ਨੇ? ਉਹ ਲੋਕ ਆਖ ਰਹੇ ਨੇ, 'ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਦੇ ਦੋਹਾਂ ਪਰਿਵਾਰਾਂ ਤੋਂ ਮੁੱਖ ਮੋੜ ਲਿਆ। ਪਹਿਲਾਂ ਯਹੋਵਾਹ ਨੇ ਉਨ੍ਹਾਂ ਦੀ ਚੋਣ ਕੀਤੀ ਅਤੇ ਫ਼ੇਰ ਉਨ੍ਹਾਂ ਨੂੰ ਤਿਆਗ ਦਿੱਤਾ।' ਉਹ ਲੋਕ ਮੇਰੇ ਬੰਦਿਆਂ ਨੂੰ ਇੰਨੀ ਨਫ਼ਰਤ ਕਰਦੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਉਹ ਇੱਕ ਕੌਮ ਬਣੇ ਰਹਿਣ।"
25 ਯਹੋਵਾਹ ਆਖਦਾ ਹੈ, "ਜੇ ਮੇਰਾ ਦਿਨ ਤੇ ਰਾਤ ਨਾਲ ਇਕਰਾਰ ਜਾਰੀ ਨਹੀਂ ਰਹਿੰਦਾ, ਅਤੇ ਜੇ ਮੈਂ ਆਕਾਸ਼ ਅਤੇ ਧਰਤੀ ਲਈ ਕਨੂੰਨ ਨਹੀਂ ਬਣਾਏ, ਤਾਂ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਦਾ ਤਿਆਗ ਕਰ ਦਿਆਂ।
26 ਫ਼ੇਰ ਹੋ ਸਕਦਾ ਹੈ ਕਿ ਮੈਂ ਯਾਕੂਬ ਦੇ ਉਤਰਾਧਿਕਾਰੀਆਂ ਕੋਲੋਂ ਮੁਖ ਮੋੜ ਲਵਾਂ। ਅਤੇ ਫ਼ੇਰ ਹੋ ਸਕਦਾ ਹੈ ਕਿ ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਉਤਰਾਧਿਕਾਰੀਆਂ ਉੱਤੇ ਰਾਜ ਨਾ ਕਰਨ ਦਿਆਂ। ਪਰ ਦਾਊਦ ਮੇਰਾ ਸੇਵਕ ਹੈ। ਅਤੇ ਮੈਂ ਉਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ।"