1 "ਆਓ, ਆਪਾਂ ਯਹੋਵਾਹ ਵੱਲ ਮੁੜੀੇ। ਉਸਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤਂਦਰੁਸਤ ਵੀ ਕਰੇਗਾ। ਉਸਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
2 ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ, ਉਹ ਸਾਨੂੰ ਉਭਾਰੇਗਾ। ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸਕਾਂਗੇ।
3 ਆਓ, ਆਪਾਂ ਯਹੋਵਾਹ ਨੂੰ ਜਾਣੀੇ। ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ। ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕ੍ਕਤਾ ਨਾਲ ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ। ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ, ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।"
4 "ਓ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਓ ਯਹੂਦਾਹ! ਮੈਂ ਤੇਰੇ ਨਾਲ ਕੀ ਕਰਾਂ? ਤੇਰੀ ਵਫ਼ਾਦਾਰੀ ਸਵੇਰ ਦੀ ਧੁੰਦ ਵਾਂਗ ਹੈ ਤੇਰੀ ਵਫਾਦਾਰੀ ਉਸ ਤਰੇਲ ਵਾਂਗ ਹੈ ਜਿਹੜੀ ਸਵੇਰ ਸਾਰ ਹੀ ਅਲੋਪ ਹੋ ਜਾਂਦੀ ਹੈ।
5 ਮੈਂ ਲੋਕਾਂ ਨੂੰ ਟੁਕੜਿਆਂ ਵਿੱਚ ਕੱਟਣ ਲਈ ਨਬੀਆਂ ਨੂੰ ਵਰਤਿਆ। ਉਹ ਮੇਰੇ ਆਦੇਸ਼ਾਂ ਤੇ ਮਾਰੇ ਗਏ ਸਨ। ਮੇਰਾ ਨਿਆਂ ਰੌਸ਼ਨੀ ਵਾਂਗ ਆਉਂਦਾ ਹੈ।
6 ਕਿਉਂ ਕਿ ਮੈਂ ਵਫ਼ਾਦਾਰ ਪ੍ਰੇਮ ਚਾਹੁੰਦਾ ਹਾਂ ਬਲੀਦਾਨ ਨਹੀਂ। ਮੈਂ ਚਾਹੁਂਨਾ ਲੋਕ ਪਰਮੇਸ਼ੁਰ ਨੂੰ ਜਾਨਣ, ਨਾ ਕਿ ਹੋਮ ਚੜਾਵੇ ਲਿਆਉਣ।
7 ਪਰ ਲੋਕਾਂ ਨੇ ਆਦਮ ਵਿਖੇ ਇਕਰਾਰਨਾਮਾ ਤੋੜ ਦਿੱਤਾ। ਉਹ ਓਥੇ ਮੇਰੇ ਨਾਲ ਬੇਵਫ਼ਾ ਸਨ।
8 ਗਿਲਆਦ ਉਨ੍ਹਾਂ ਲੋਕਾਂ ਦਾ ਸ਼ਹਿਰ ਹੈ ਜੋ ਬਦੀ ਕਰਦੇ ਹਨ। ਉਹ ਗੁਮਰਾਹ ਕਰਕੇ ਦੂਸਰਿਆਂ ਨੂੰ ਮਾਰ ਦਿੰਦੇ ਹਨ।
9 ਡਾਕੂ ਛੁਪ ਕੇ ਹਮਲਾ ਕਰਨ ਦੀ ਉਡੀਕ ਕਰਦੇ ਹਨ ਉਸਦੇ ਤਰ੍ਹਾਂ ਪੁਜਾਰੀ ਇਕੱਠੇ ਹੋਕੇ, ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਉਹ ਬਦਕਾਰੀ ਕਰਦੇ ਹਨ।
10 ਇਸਰਾਏਲੀ ਕੌਮ ਵਿੱਚ, ਮੈਂ ਇੱਕ ਭਿਆਨਕ ਚੀਜ਼ ਵੇਖੀ। ਅਫ਼ਰਾਈਮ ਪਰਮੇਸ਼ੁਰ ਨੂੰ ਵਫ਼ਾਦਾਰ ਨਹੀਂ ਸੀ ਅਤੇ ਇਸਰਾਏਲ ਪਾਪ ਨਾਲ ਦੂਸ਼ਿਤ ਹੋ ਗਿਆ।
11 ਯਹੂਦਾਹ, ਤੇਰੇ ਲਈ ਵੀ ਇੱਕ ਵਾਢੀ ਦਾ ਸਮਾਂ ਹੈ। ਇਹ ਉਦੋਂ ਵਾਪਰੇਗਾ ਜਦੋਂ ਮੈਂ ਆਪਣੇ ਲੋਕਾਂ ਨੂੰ ਕੈਦਖਾਨੇ ਤੋਂ ਮੋੜ ਲਿਆਵਾਂਗਾ।"