1 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉਥੇ ਡੇਰਾ ਲਾ ਲਿਆ।
2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ।
3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿਛੇ ਜ਼ਰੂਰ ਲੱਗਣਾ ਚਾਹੀਦਾ ਹੈ।
4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ
1 ,000 ਗਜ ਪਿਛੇ ਰਹਿਣਾ। ਤੁਸੀਂ ਉਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।”
5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।”
6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਮ੍ਹਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸਨੂੰ ਲੋਕਾਂ ਦੇ ਸਾਮ੍ਹਣੇ ਲੈ ਗਏ।
7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ।
8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।”
9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ।
10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿਜ਼ੀਆਂ, ਗਿਰ੍ਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।
11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਸੁਆਮੀ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ।
12 ਹੁਣ ਬਾਰ੍ਹਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ।
13 ਜਾਜਕ, ਯਹੋਵਾਹ ਦਾ ਸੰਦੂਕ ਲੈਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਸੁਆਮੀ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਮ੍ਹਣੇ ਯਰਦਨ ਨਦੀ ਵਿੱਚ ਲੈਕੇ ਜਾਣਗੇ ਜਦੋਂ ਉਹ ਪਾਣੀ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿਛੇ ਬੰਨ੍ਹ ਵਾਂਗ ਭਰ ਜਾਵੇਗਾ।”
14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ।
15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ।
16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉਠਿਆ ਹੋਇਆ ਸੀ - (ਜ਼ਾਰੇਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ।
17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕੇ ਨਦੀ ਦੇ ਅਧ ਵਿਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉਥੇ ਖਲੋਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰਕੇ ਪਾਰ ਹੋ ਗਏ।