1 ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਥੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਸੀ ਜਿਸਦਾ ਨਾਮ ਸੀ ਆਕਾਨ ਵਲਦ ਕਰਮੀ ਜਿਹੜਾ ਜ਼ਬਦੀ ਦਾ ਪੋਤਾ ਸੀ। ਆਕਾਨ ਨੇ ਕੁਝ ਉਹ ਚੀਜ਼ਾਂ ਰੱਖ ਲਈਆਂ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ।
2 ਜਦੋਂ ਉਨ੍ਹਾਂ ਨੇ ਯਰੀਹੋ ਨੂੰ ਹਰਾ ਦਿੱਤਾ ਤਾਂ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਵਿਖੇ ਭੇਜਿਆ। ਅਈ ਬੈਤਏਲ ਦੇ ਪੂਰਬ ਵੱਲ ਬੈਤ-ਆਵਾਨ ਦੇ ਨੇੜੇ ਸੀ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਅਈ ਵਲ ਜਾਉ ਅਤੇ ਉਸ ਇਲਾਕੇ ਦੀਆਂ ਕਮਜ਼ੋਰੀਆਂ ਦਾ ਪਤਾ ਲਾਉ।” ਇਸ ਲਈ ਉਹ ਆਦਮੀ ਉਸ ਧਰਤੀ ਦੀ ਜਸੂਸੀ ਕਰਨ ਲਈ ਗਏ।
3 ਬਾਦ ਵਿੱਚ ਉਹ ਆਦਮੀ ਯਹੋਸ਼ੁਆ ਵੱਲ ਵਾਪਸ ਆ ਗਏ। ਉਨ੍ਹਾਂ ਨੇ ਆਖਿਆ, “ਅਈ ਇੱਕ ਕਮਜ਼ੋਰ ਇਲਾਕਾ ਹੈ। ਇਸ ਥਾਂ ਨੂੰ ਹਰਾਉਣ ਲਈ ਸਾਨੂੰ ਆਪਣੇ ਸਾਰੇ ਬੰਦਿਆਂ ਦੀ ਲੋੜ ਨਹੀਂ ਪਵੇਗੀ। ਦੋ ਜਾਂ ਤਿੰਨ ਹਜ਼ਾਰ ਬੰਦੇ ਉਥੇ ਲੜਨ ਲਈ ਭੇਜ ਦਿਉ। ਸਾਰੀ ਫ਼ੌਜ ਨੂੰ ਵਰਤਨ ਦੀ ਕੋਈ ਲੋੜ ਨਹੀਂ। ਉਥੇ ਸਾਡੇ ਵਿਰੁੱਧ ਲੜਨ ਵਾਲੇ ਕੁਝ ਹੀ ਆਦਮੀ ਹਨ।”
4 ਇਸ ਲਈ ਤਕਰੀਬਨ
3,000 ਆਦਮੀ ਅਈ ਨੂੰ ਗਏ। ਪਰ ਅਈ ਦੇ ਲੋਕਾਂ ਨੇ ਇਸਰਾਏਲ ਦੇ ਤਕਰੀਬਨ
36 ਆਦਮੀਆਂ ਨੂੰ ਮਾਰ ਦਿੱਤਾ। ਇਸ ਲਈ ਇਸਰਾਏਲ ਦੇ ਲੋਕ ਭੱਜ ਗਏ ਅਤੇ ਅਈ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕਾਂ ਤੋਂ ਲੈਕੇ ਖਦਾਨਾ ਤੀਕ ਭਜਾਇਆ। ਅਈ ਦੇ ਲੋਕਾਂ ਨੇ ਢਲਾਣ ਉੱਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ।ਜਦੋਂ ਇਸਰਾਏਲ ਦੇ ਲੋਕਾਂ ਨੇ ਇਹ ਦੇਖਿਆ, ਉਹ ਬਹੁਤ ਭੈਭੀਤ ਹੋ ਗਏ ਅਤੇ ਆਪਣਾ ਹੌਂਸਲਾ ਗੁਆ ਬੈਠੇ।
5
6 ਜਦੋਂ ਯਹੋਸ਼ੁਆ ਨੇ ਇਸ ਬਾਰੇ ਸੁਣਿਆ, ਉਸਨੇ ਆਪਣਾ ਗਮ ਪ੍ਰਗਟਾਉਣ ਲਈ ਕੱਪੜੇ ਪਾੜ ਲਈ। ਉਹ ਪਵਿੱਤਰ ਸੰਦੂਕ ਅੱਗੇ ਧਰਤੀ ਉੱਤੇ ਝੁਕ ਗਿਆ। ਯਹੋਸ਼ੁਆ ਸ਼ਾਮ ਤੀਕ ਉਥੇ ਹੀ ਰਿਹਾ। ਇਸਰਾਏਲ ਦੇ ਆਗੂਆਂ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਆਪਣੇ ਸਿਰਾਂ ਵਿੱਚ ਘਟ੍ਟਾ ਪਾ ਲਿਆ। ਆਪਣਾ ਗਮ ਪ੍ਰਗਟ ਕਰਨ ਲਈ।
7 ਯਹੋਸ਼ੁਆ ਨੇ ਆਖਿਆ, “ਯਹੋਵਾਹ ਮੇਰੇ ਪ੍ਰਭੂ! ਤੁਸੀਂ ਸਾਡੇ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਲਿਆਂਦਾ। ਤੁਸੀਂ ਸਾਨੂੰ ਇੰਨੀ ਦੂਰ ਤੀਕ ਕਿਉਂ ਲਿਆਂਦਾ ਅਤੇ ਫ਼ੇਰ ਅਮੋਰੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਹ ਸਾਨੂੰ ਤਬਾਹ ਕਰ ਸਕਣ? ਸਾਨੂੰ ਯਰਦਨ ਨਦੀ ਦੇ ਦੂਸਰੇ ਕੰਢੇ ਰਹਿਕੇ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ।
8 ਮੈਂ ਆਪਣੀ ਜਾਨ ਦੀ ਕਸਮ ਖਾਂਦਾ ਹਾਂ, ਯਹੋਵਾਹ! ਇੱਥੇ ਹੁਣ ਮੇਰੇ ਆਖਣ ਲਈ ਹੋਰ ਕੁਝ ਵੀ ਨਹੀਂ ਹੈ। ਇਸਰਾਏਲ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
9 ਕਨਾਨੀ ਲੋਕ ਅਤੇ ਇਸ ਦੇਸ਼ ਦੇ ਹੋਰ ਸਾਰੇ ਲੋਕ ਇਸ ਘਟਨਾ ਬਾਰੇ ਸੁਣਨਗੇ। ਫ਼ੇਰ ਉਹ ਸਾਡੇ ਉੱਤੇ ਹਮਲਾ ਕਰ ਦੇਣਗੇ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ! ਫ਼ੇਰ ਤੁਸੀਂ ਮਹਾਨ ਨਾਮ ਦੀ ਰੱਖਿਆ ਕਰਨ ਲਈ ਕੀ ਕਰੋਂਗੇ?”
10 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੂੰ ਆਪਣਾ ਮੂੰਹ ਧਰਤੀ ਵੱਲ ਸੁੱਟਕੇ ਉਦਾਸ ਕਿਉਂ ਹੈ? ਉਠ ਖਲੋ!
11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ।
12 ਇਹੀ ਕਾਰਣ ਹੈ ਕਿ ਇਸਰਾਏਲ ਦੀ ਫ਼ੌਜ ਆਪਣੀ ਪਿਠ ਦਿਖਾਕੇ ਭੱਜ ਗਈ। ਕਿਉਂਕਿ ਉਨ੍ਹਾਂ ਨੇ ਪਾਪ ਕੀਤਾ ਸੀ ਇਸ ਲਈ ਉਨ੍ਹਾਂ ਨੂੰ ਤਬਾਹ ਕੀਤਾ ਜਾਣਾ ਚਾਹੀਦਾ। ਮੈਂ ਹੋਰ ਵਧੇਰੇ ਤੁਹਾਡੇ ਸੰਗ ਨਹੀਂ ਹੋਵਾਂਗਾ ਜਦੋਂ ਤੀਕ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਤਬਾਹ ਨਹੀਂ ਕਰ ਦਿੰਦੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।
13 “ਹੁਣ ਜਾਉ ਅਤੇ ਲੋਕਾਂ ਨੂੰ ਪਵਿੱਤਰ ਬਣਾਉ। ਲੋਕਾਂ ਨੂੰ ਆਖੋ, ‘ਆਪਣੇ-ਆਪ ਨੂੰ ਪਵਿੱਤਰ ਬਣਾਉ। ਕਲ੍ਹ੍ਹ ਦੀ ਤਿਆਰੀ ਕਰੋ। ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ ਕਿ ਕੁਝ ਲੋਕਾਂ ਨੇ ਉਹ ਚੀਜ਼ਾਂ ਰੱਖ ਲਈਆਂ ਹਨ ਜਿਨ੍ਹਾਂ ਨੂੰ ਤਬਾਹ ਕਰਨ ਦਾ ਉਸਨੇ ਆਦੇਸ਼ ਦਿੱਤਾ ਸੀ। ਤੁਸੀਂ ਕਦੇ ਵੀ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਸਕੋਂਗੇ ਜਦੋਂ ਤੀਕ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਨਹੀਂ ਦਿੰਦੇ।
14 “‘ਕਲ੍ਹ੍ਹ ਸਵੇਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਯਹੋਵਾਹ ਦੇ ਸਾਮ੍ਹਣੇ ਖਲੋਣਾ ਚਾਹੀਦਾ ਹੈ। ਫ਼ੇਰ ਯਹੋਵਾਹ ਤੁਹਾਡੇ ਵਿੱਚੋਂ ਇੱਕ ਪਰਿਵਾਰ-ਸਮੂਹ ਨੂੰ ਕੱਢੇਗਾ। ਯਹੋਵਾਹ ਦੁਆਰਾ ਕੱਢੇ ਹੋਏ ਪਰਿਵਾਰ-ਸਮੂਹ ਨੂੰ ਵੰਸ਼ ਦਰ ਵੰਸ਼ ਅੱਗੇ ਆਉਣਾ ਚਾਹੀਦਾ। ਜਿਸ ਵੰਸ਼ ਨੂੰ ਯਹੋਵਾਹ ਕਢੇਗਾ, ਪਰਿਵਾਰ ਦਰ ਪਰਿਵਾਰ ਅੱਗੇ ਆਵੇਗਾ। ਜਿਸ ਪਰਿਵਾਰ ਨੂੰ ਯਹੋਵਾਹ ਕੱਢੇਗਾ ਆਦਮੀ ਦਰ ਆਦਮੀ ਅੱਗੇ ਆਵੇਗਾ।
15 ਜਿਹੜਾ ਆਦਮੀ ਉਨ੍ਹਾਂ ਚੀਜ਼ਾਂ ਨੂੰ ਰਖੇਗਾ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ, ਫ਼ੜਿਆ ਜਾਵੇਗਾ। ਫ਼ੇਰ ਉਸਨੂੰ ਸਾੜਕੇ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਹਰ ਸ਼ੈਅ ਉਸਦੇ ਨਾਲ ਹੀ ਤਬਾਹ ਕਰ ਦਿੱਤੀ ਜਾਵੇਗੀ। ਉਸਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਸੀ ਅਤੇ ਉਸਨੇ ਇਸਰਾਏਲ ਦੇ ਲੋਕਾਂ ਦਰਮਿਆਨ ਬਹੁਤ ਭਿਆਨਕ ਪਾਪ ਕੀਤਾ ਹੈ!’”
16 ਅਗਲੀ ਸਵੇਰ ਸੁਵਖਤੇ ਹੀ, ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਯਹੋਵਾਹ ਦੇ ਸਾਮ੍ਹਣੇ ਇਕੱਠਾ ਕੀਤਾ। ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਸਾਮ੍ਹਣੇ ਖਲੋ ਗਏ। ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਚੋਣ ਕੀਤੀ।
17 ਇਸ ਲਈ ਯਹੂਦਾਹ ਦੇ ਸਾਰੇ ਵੰਸ਼ ਯਹੋਵਾਹ ਦੇ ਸਾਮ੍ਹਣੇ ਖਲੋ ਗਏ ਯਹੋਵਾਹ ਨੇ ਜ਼ਰਾਹ ਵੰਸ਼ ਦੀ ਚੋਣ ਕੀਤੀ। ਫ਼ੇਰ ਜ਼ਰਾਹ ਵੰਸ਼ ਦੇ ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਅੱਗੇ ਖਲੋ ਗਏ। ਜ਼ਬਦੀ ਦੇ ਪਰਿਵਾਰ ਦੀ ਚੋਣ ਕੀਤੀ ਗਈ।
18 ਯਹੋਵਾਹ ਨੇ ਕਰਮੀ ਦੇ ਪੁੱਤਰ ਆਕਾਨ ਦੀ ਚੋਣ ਕੀਤੀ। ਕਰਮੀ ਜ਼ਬਦੀ ਦਾ ਪੁੱਤਰ ਸੀ। ਅਤੇ ਜ਼ਬਦੀ ਜ਼ਰਾਹ ਦਾ ਪੁੱਤਰ ਸੀ।
19 ਫ਼ੇਰ ਯਹੋਸ਼ੁਆ ਨੇ ਆਕਾਨ ਨੂੰ ਆਖਿਆ, “ਪੁੱਤਰ, ਆਪਣੀ ਪ੍ਰਾਰਥਨਾ ਕਰ ਲੈ ਤੈਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸਦੇ ਸਾਮ੍ਹਣੇ ਆਪਣੇ ਪਾਪਾ ਦਾ ਇਕਬਾਲ ਕਰਨਾ ਚਾਹੀਦਾ ਹੈ। ਮੈਨੂੰ ਦੱਸ ਕਿ ਤੂੰ ਕੀ ਕੀਤਾ ਸੀ, ਅਤੇ ਕੋਈ ਵੀ ਗੱਲ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਨਾ ਕਰ!”
20 ਆਕਾਨ ਨੇ ਜਵਾਬ ਦਿੱਤਾ, “ਇਹ ਠੀਕ ਹੈ! ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਹੈ ਜੋ ਮੈਂ ਕੀਤਾ ਸੀ:
21 ਅਸੀਂ ਯਰੀਹੋ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਸਦੇ ਨਾਲ ਸਾਰੀਆਂ ਚੀਜ਼ਾਂ ਉੱਤੇ ਵੀ ਮੈਂ ਬੇਬੀਲੋਨ ਦਾ ਇੱਕ ਖੂਬਸੂਰਤ ਕੋਟ ਤਕਰੀਬਨ
15 ਪੌਂਡ ਚਾਂਦੀ, ਅਤੇ ਸੋਨੇ ਦਾ ਇੱਕ ਪੌਂਡ ਦੇਖਿਆ। ਮੈਂ ਇਹ ਚੀਜ਼ਾਂ ਆਪਣੇ ਵਾਸਤੇ ਚਾਹੁੰਦਾ ਸੀ। ਇਸ ਲਈ ਮੈਂ ਇਹ ਚੁੱਕ ਲਈਆਂ। ਤੁਹਾਨੂੰ ਉਹ ਚੀਜ਼ਾਂ ਮੇਰੇ ਤੰਬੂ ਦੀ ਜ਼ਮੀਨ ਹੇਠਾਂ ਦੱਬੀਆਂ ਹੋਈਆਂ ਮਿਲਣਗੀਆਂ। ਚਾਂਦੀ ਕੋਟ ਦੇ ਹੇਠਾਂ ਹੈ।”
22 ਇਸ ਲਈ ਯਹੋਸ਼ੁਆ ਨੇ ਕੁਝ ਆਦਮੀਆਂ ਨੂੰ ਤੰਬੂ ਵੱਲ ਭੇਜਿਆ। ਉਹ ਤੰਬੂ ਵੱਲ ਦੌੜ ਗਏ ਅਤੇ ਤੰਬੂ ਵਿੱਚ ਛੁਪੀਆਂ ਹੋਈਆਂ ਉਨ੍ਹਾਂ ਚੀਜ਼ਾਂ ਨੂੰ ਲਭ ਲਿਆ। ਚਾਂਦੀ ਕੋਟ ਦੇ ਹੇਠਾਂ ਸੀ।
23 ਆਡਮੀਆਂ ਨੇ ਤੰਬੂ ਵਿੱਚੋਂ ਚੀਜ਼ਾਂ ਬਾਹਰ ਲਿਆਂਦੀਆਂ। ਉਹ ਉਨ੍ਹਾਂ ਚੀਜ਼ਾਂ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਦੇ ਕੋਲ ਲੈ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਧਰਤੀ ਉੱਤੇ ਸੁੱਟ ਦਿੱਤਾ।
24 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਕਾਨ ਵਲਦ ਜ਼ਰਹ ਨੂੰ ਆਕੋਰ ਦੀ ਵਾਦੀ ਵਿੱਚ ਲੈ ਗਏ। ਉਨ੍ਹਾਂ ਨੇ ਚਾਂਦੀ, ਕੋਟ, ਸੋਨਾ, ਆਕਾਨ ਦੇ ਧੀਆਂ, ਪੁੱਤਰਾਂ ਉਸਦੇ ਪਸ਼ੂਆਂ ਉਸਦੇ ਗਧਿਆਂ ਉਸ ਦੀਆਂ ਭੇਡਾਂ ਉਸਦੇ ਤੰਬੂ ਅਤੇ ਉਸਦੀ ਹਰ ਸ਼ੈਅ ਨੂੰ ਵੀ ਨਾਲ ਲੈ ਲਿਆ। ਉਹ ਇਹ ਸਾਰੀਆਂ ਚੀਜ਼ਾਂ ਆਕਾਨ ਦੇ ਨਾਲ ਹੀ ਆਕੋਰ ਦੀ ਵਾਦੀ ਵਿੱਚ ਲੈ ਗਏ।
25 ਫ਼ੇਰ ਯਹੋਸ਼ੁਆ ਨੇ ਆਖਿਆ, “ਤੂੰ ਸਾਡੇ ਲਈ ਬਹੁਤ ਮੁਸੀਬਤ ਪੈਦਾ ਕੀਤੀ! ਪਰ ਹੁਣ ਯਹੋਵਾਹ ਤੈਨੂੰ ਮੁਸੀਬਤ ਵਿੱਚ ਪਾਏਗਾ!” ਫ਼ੇਰ ਸਾਰੇ ਲੋਕਾਂ ਨੇ ਉਦੋਂ ਤੀਕ ਆਕਾਨ ਅਤੇ ਉਸਦੇ ਪਰਿਵਾਰ ਉੱਤੇ ਪੱਥਰ ਸੁੱਟੇ ਜਦੋਂ ਤੀਕ ਕਿ ਉਹ ਮਰ ਨਹੀਂ ਗਏ। ਫ਼ੇਰ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਸਾੜ ਦਿੱਤਾ।
26 ਜਦੋਂ ਉਨ੍ਹਾਂ ਨੇ ਆਕਾਨ ਨੂੰ ਸਾੜ ਦਿੱਤਾ ਤਾਂ ਉਨ੍ਹਾਂ ਨੇ ਉਸਦੇ ਸ਼ਰੀਰ ਉੱਤੇ ਬਹੁਤ ਸਾਰੇ ਪੱਥਰ ਰੱਖ ਦਿੱਤੇ। ਉਹ ਪੱਥਰ ਅੱਜ ਤੱਕ ਉਥੇ ਹੀ ਹਨ। ਇਸ ਲਈ ਪਰਮੇਸ਼ੁਰ ਨੇ ਆਕਾਨ ਲਈ ਮੁਸੀਬਤ ਲਿਆਂਦੀ। ਇਹੀ ਕਾਰਣ ਹੈ ਕਿ ਉਸ ਥਾਂ ਨੂੰ ਆਕੋਰ ਦੀ ਵਾਦੀ ਆਖਿਆ ਜਾਂਦਾ ਹੈ। ਇਸ ਤੋਂ ਮਗਰੋਂ ਯਹੋਵਾਹ ਲੋਕਾਂ ਨਾਲ ਕਰੋਧਵਾਨ ਨਹੀਂ ਸੀ।