1 ਉਨ੍ਹਾਂ ਗੱਲਾਂ ਨੂੰ ਸਮਝੋ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਯਹੂਦਾਹ ਅਤੇ ਯਰੂਸ਼ਲਮ ਕੋਲੋਂ ਉਹ ਸਾਰੀਆਂ ਚੀਜ਼ਾਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਹ ਨਿਰਭਰ ਹਨ। ਪਰਮੇਸ਼ੁਰ ਸਾਰੇ ਭੋਜਨ ਅਤੇ ਸਾਰੇ ਪਾਣੀ ਨੂੰ ਖੋਹ ਲਵੇਗਾ।
2 ਪਰਮੇਸ਼ੁਰ ਸਾਰੇ ਨਾਇਕਾਂ ਅਤੇ ਸੈਨਿਕਾਂ ਨੂੰ ਖੋਹ ਲਵੇਗਾ। ਪਰਮੇਸ਼ੁਰ ਸਾਰੇ ਨਿਆਂਕਾਰਾਂ, ਨਬੀਆਂ, ਜਾਦੂਗਰਾਂ ਅਤੇ ਬਜ਼ੁਰਗਾਂ ਨੂੰ ਖੋਹ ਲਵੇਗਾ।
3 ਪਰਮੇਸ਼ੁਰ ਫ਼ੌਜੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਖੋਹ ਲਵੇਗਾ। ਪਰਮੇਸ਼ੁਰ ਕੁਸ਼ਲ ਸਲਾਹਕਾਰਾਂ ਅਤੇ ਸਿਆਣੇ ਬੰਦਿਆਂ ਨੂੰ, ਜਿਹੜੇ ਜਾਦੂਗਰੀ ਕਰਕੇ ਭਵਿੱਖ ਦਾ ਗਿਆਨ ਦਿੰਦੇ ਹਨ, ਖੋਹ ਲਵੇਗਾ।
4 ਪਰਮੇਸ਼ੁਰ ਆਖਦਾ ਹੈ, "ਮੈਂ ਨੌਜਵਾਨ ਮੁੰਡਿਆਂ ਨੂੰ ਤੁਹਾਡੇ ਆਗੂ ਬਣਾਵਾਂਗਾ।
5 ਹਰ ਵਿਅਕਤੀ ਇੱਕ ਦੂਸਰੇ ਦੇ ਖਿਲਾਫ਼ ਹੋਵੇਗਾ ਆਪਣੇ ਦੋਸਤਾਂ ਦੇ ਵੀ ਖਿਲਾਫ ਹੋਵੇਗਾ ਇਸ ਲਈ ਸਭ ਜਾਣੇ ਸਤਾਏ ਜਾਣਗੇ। ਛੋਟੇ ਵਡਿਆਂ ਦਾ ਆਦਰ ਨਹੀਂ ਕਰਨਗੇ। ਸਾਧਾਰਣ ਲੋਕ ਮਹੱਤਵਪੂਰਣ ਲੋਕਾਂ ਦਾ ਆਦਰ ਨਹੀਂ ਕਰਨਗੇ।"
6 ਉਸ ਵੇਲੇ, ਕੋਈ ਬੰਦਾ ਆਪਣੇ ਹੀ ਪਰਿਵਾਰ ਦੇ ਕਿਸੇ ਭਰਾ ਨੂੰ ਫ਼ੜ ਲਵੇਗਾ। ਉਹ ਬੰਦਾ ਆਪਣੇ ਭਰਾ ਨੂੰ ਆਖੇਗਾ, "ਤੇਰੇ ਕੋਲ ਕੋਟ ਹੈ, ਇਸ ਲਈ ਤੂੰ ਸਾਡਾ ਆਗੂ ਹੋਵੇਂਗਾ। ਤੂੰ ਇਨ੍ਹਾਂ ਸਾਰੀਆਂ ਤਬਾਹੀਆਂ ਦਾ ਆਗੂ ਹੋਵੇਂਗਾ।"
7 ਪਰ ਉਹ ਭਰਾ ਆਖੇਗਾ, "ਮੈਂ ਕਿਵੇਂ ਵੀ ਸਹਾਇਕ ਨਹੀਂ ਹੋ ਸਕਦਾ ਕਿਉਂ ਕਿ ਮੇਰੇ ਘਰ ਵਿੱਚ ਭੋਜਨ ਜਾਂ ਕੱਪੜੇ ਨਹੀਂ ਹਨ। ਤੁਹਾਨੂੰ ਮੈਨੂੰ ਆਪਣਾ ਆਗੂ ਨਹੀਂ ਬਨਾਉਣਾ ਚਾਹੀਦਾ।"
8 ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਰੂਸ਼ਲਮ ਦਾ ਪਤਨ ਹੋ ਗਿਆ ਹੈ ਇਸ ਕੋਲੋਂ ਗ਼ਲਤੀਆਂ ਹੋਈਆਂ ਹਨ। ਯਹੂਦਾਹ ਦਾ ਪਤਨ ਹੋ ਗਿਆ ਹੈ ਉਸਨੇ ਪਰਮੇਸ਼ੁਰ ਦਾ ਪੈਰੋਕਾਰ ਹੋਣਾ ਛੱਡ ਦਿੱਤਾ ਹੈ। ਜਿਹੜੀਆਂ ਗੱਲਾਂ ਉਹ ਕਰਦੇ ਅਤੇ ਕਹਿੰਦੇ ਹਨ ਉਹ ਯਹੋਵਾਹ ਦੇ ਖਿਲਾਫ਼ ਹਨ। ਯਹੋਵਾਹ ਦੀਆਂ ਸ਼ਾਨਦਾਰ ਅੱਖਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੀਆਂ ਹਨ।
9 ਲੋਕਾਂ ਦੇ ਚਿਹਰੇ ਦਸ੍ਸਦੇ ਹਨ ਕਿ ਉਹ ਪਾਪ ਕਰਨ ਦੇ ਦੋਸ਼ੀ ਹਨ। ਅਤੇ ਉਹ ਆਪਣੇ ਪਾਪ ਉੱਤੇ ਮਾਣ ਕਰਦੇ ਹਨ। ਉਹ ਸਦੂਮ ਦੇ ਲੋਕਾਂ ਵਰਗੇ ਹਨ - ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕੌਣ ਉਨ੍ਹਾਂ ਦੇ ਪਾਪ ਨੂੰ ਦੇਖ ਰਿਹਾ ਹੈ। ਇਹ ਉਨ੍ਹਾਂ ਲਈ ਬਹੁਤ ਬੁਰੀ ਗੱਲ ਹੋਵੇਗੀ। ਉਨ੍ਹਾਂ ਨੇ ਆਪਣੇ-ਆਪ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਲਿਆ ਹੈ।
10 ਚਂਗੇ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਨੂੰ ਆਪਣੀ ਨੇਕੀ ਦਾ ਇਨਾਮ ਮਿਲੇਗਾ।
11 ਪਰ ਬਦੀ ਕਰਨ ਵਾਲਿਆਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ। ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਗ਼ਲਤ ਕੰਮਾਂ ਦੀ ਸਜ਼ਾ ਮਿਲੇਗੀ।
12 ਬੱਚੇ ਮੇਰੇ ਲੋਕਾਂ ਨੂੰ ਹਰਾ ਦੇਣਗੇ। ਔਰਤਾਂ ਮੇਰੇ ਲੋਕਾਂ ਉੱਤੇ ਹਕੂਮਤ ਕਰਨਗੀਆਂ। ਮੇਰੇ ਲੋਕੋ, ਤੁਹਾਡੇ ਆਗੂ ਤੁਹਾਨੂੰ ਕੁਰਾਹੇ ਪਾਉਂਦੇ ਹਨ। ਉਹ ਤੁਹਾਨੂੰ ਸਹੀ ਰਸਤੇ ਤੋਂ ਭਟਕਾਉਂਦੇ ਹਨ।
13 ਯਹੋਵਾਹ ਲੋਕਾਂ ਦਾ ਨਿਆਂ ਕਰਨ ਲਈ ਖਲੋਵੇਗਾ।
14 ਯਹੋਵਾਹ ਉਨ੍ਹਾਂ ਬਜ਼ੁਰਗਾਂ ਅਤੇ ਆਗੂਆਂ ਦੇ ਖਿਲਾਫ਼ ਆਪਣਾ ਨਿਰਣਾ ਦੇਵੇਗਾ ਜਿਨ੍ਹਾਂ ਨੇ ਗ਼ਲਤ ਕੰਮ ਕੀਤੇ ਹਨ।ਯਹੋਵਾਹ ਆਖਦਾ ਹੈ, "ਤੁਸਾਂ ਲੋਕਾਂ ਨੇ (ਯਹੂਦਾਹ ਦੇ) ਅੰਗੂਰਾਂ ਦੇ ਬਾਗ਼ ਜਲਾ ਦਿੱਤੇ ਹਨ। ਤੁਸੀਂ ਗਰੀਬਾਂ ਕੋਲੋਂ ਚੀਜ਼ਾਂ ਖੋਹ ਲਈਆਂ, ਅਤੇ ਉਹ ਚੀਜ਼ਾਂ ਹਾਲੇ ਵੀ ਤੁਹਾਡੇ ਘਰਾਂ ਅੰਦਰ ਹਨ।
15 ਮੇਰੇ ਲੋਕਾਂ ਨੂੰ ਦੁੱਖ ਦੇਣ ਦਾ ਅਧਿਕਾਰ ਤੁਹਾਨੂੰ ਕੌਣ ਦਿੰਦਾ ਹੈ? ਗਰੀਬ ਲੋਕਾਂ ਦੇ ਚਿਹਰਿਆਂ ਨੂੰ ਮਿੱਟੀ ਵਿੱਚ ਧੱਕਣ ਦਾ ਅਧਿਕਾਰ ਤੁਹਾਨੂੰ ਕਿਵੇਂ ਹੈ?" ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।
16 ਯਹੋਵਾਹ ਆਖਦਾ ਹੈ, "ਸੀਯੋਨ ਦੀਆਂ ਔਰਤਾਂ ਬਹੁਤ ਗੁਮਾਨੀ ਹੋ ਗਈਆਂ ਹਨ। ਉਹ ਆਪਣੇ ਸਿਰ ਉੱਚੇ ਕਰਕੇ ਤੁਰਦੀਆਂ ਹਨ ਅਤੇ ਇਸ ਤਰ੍ਹਾਂ ਦਿਖਾਵਾ ਕਰਦੀਆਂ ਹਨ ਜਿਵੇਂ ਉਹ ਹੋਰਾਂ ਲੋਕਾਂ ਨਾਲੋਂ ਬਿਹਤਰ ਹੋਣ। ਉਹ ਔਰਤਾਂ ਪਰਾੇ ਮਰਦਾਂ ਨਾਲ ਅੱਖ-ਮਟਕ੍ਕੇ ਲਾਉਂਦੀਆਂ ਹਨ। ਅਤੇ ਉਹ ਆਪਣੇ ਪੈਰਾਂ ਦੀਆਂ ਝਾਂਜਰਾਂ ਛਣਕਾਉਂਦੀਆਂ ਨੱਚ ਰਹੀਆਂ ਹਨ।"
17 ਮੇਰਾ ਪ੍ਰਭੂ ਸੀਯੋਨ ਦੀਆਂ ਇਨ੍ਹਾਂ ਔਰਤਾਂ ਦੇ ਸਿਰਾਂ ਨੂੰ ਫ਼ੋੜਿਆਂ ਨਾਲ ਭਰ ਦੇਵੇਗਾ। ਯਹੋਵਾਹ ਉਨ੍ਹਾਂ ਦੇ ਸਿਰ ਦੇ ਸਾਰੇ ਵਾਲ ਝਾੜ ਦੇਵੇਗਾ।
18 ਉਸ ਸਮੇਂ ਯਹੋਵਾਹ ਉਹ ਸਾਰੀਆਂ ਵਸਤਾਂ ਉਨ੍ਹਾਂ ਕੋਲੋਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਗੁਮਾਨ ਹੈ: ਸੁੰਦਰ ਹਂਸਲੀਆਂ, ਸੂਰਜ ਚੰਨ ਵਾਂਗ ਚਮਕਦੇ ਹਾਰ,
19 ਵਾਲੀਆਂ, ਕੜੇ ਅਤੇ ਚਿਹਰੇ ਦੇ ਨਕਾਬ,
20 ਰੁਮਾਲ, ਪੈਰਾਂ ਵਿੱਚ ਪਾਉਣ ਵਾਲੀਆਂ ਝਾਂਜਰਾਂ, ਕਮਰਬੰਦ,
21 ਅਤਰ ਦੀਆਂ ਸ਼ੀਸ਼ੀਆਂ, ਤਵੀਤ, ਨਿਸ਼ਾਨੀ ਵਾਲੀਆਂ ਮੁੰਦਰੀਆਂ, ਨਬਨੀਆਂ,
22 ਸੁੰਦਰ ਚੋਲੇ, ਸ਼ਾਲ, ਬਟੂੇ,
23 ਸ਼ੀਸ਼ੇ, ਜ਼ਰੀ ਦੇ ਕੱਪੜੇ, ਸਾਫ਼ੇ ਅਤੇ ਕੰਬਲੀਆਂ।
24 ਉਨ੍ਹਾਂ ਔਰਤਾਂ ਕੋਲ ਹੁਣ ਮਿੱਠੀ ਸੁਗੰਧ ਵਾਲਾ ਅਤਰ ਹੈ, ਪਰ ਉਸ ਸਮੇਂ ਉਨ੍ਹਾਂ ਦੀ ਸੁਗੰਧੀ ਬੁਸ ਜਾਵੇਗੀ ਅਤੇ ਖਰਾਬ ਹੋ ਜਾਵੇਗੀ। ਹੁਣ ਉਹ ਪਹਿਨਦੀਆਂ ਹਨ ਪੇਟੀਆਂ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ ਸਿਰਫ਼ ਰੱਸੇ ਹੀ ਹੋਣਗੇ ਪਹਿਨਣ ਲਈ। ਹੁਣ ਉਨ੍ਹਾਂ ਦੇ ਕੇਸ ਸਿਂਗਾਰੇ ਹੋਏ ਹਨ ਪਰ ਉਸ ਸਮੇਂ ਉਨ੍ਹਾਂ ਦੇ ਸਿਰ ਮੁੰਨੇ ਹੋਣਗੇ ਗੁਲਾਮਾਂ ਵਾਂਗ। ਹੁਣ ਉਨ੍ਹਾਂ ਕੋਲ ਹਨ ਦਾਅਵਤਾਂ ਵਾਲੇ ਵਸਤਰ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ। ਸਿਰਫ਼ ਉਦਾਸੀ ਵਾਲੇ ਵਸਤਰ। ਹੁਣ ਉਨ੍ਹਾਂ ਦੇ ਚਿਹਰਿਆਂ ਉੱਤੇ ਖੂਬਸੂਰਤੀ ਦੇ ਚਿਨ੍ਹ ਹਨ। ਪਰ ਉਸ ਸਮੇਂ ਉਨ੍ਹਾਂ ਉੱਤੇ ਸਿਰਫ਼ ਇੱਕੋ ਨਿਸ਼ਾਨ ਹੋਵੇਗਾ। ਇਹ ਨਿਸ਼ਾਨ ਉਨ੍ਹਾਂ ਦੀ ਚਮੜੀ ਉੱਤੇ ਜਲਾ ਕੇ ਬਣਾਇਆ ਗਿਆ ਹੋਵੇਗਾ।
25 ਉਸ ਸਮੇਂ ਤੁਹਾਡੇ ਆਦਮੀ ਤਲਵਾਰਾਂ ਨਾਲ ਕਤਲ ਹੋਣਗੇ। ਤੁਹਾਡੇ ਨਾਇਕ ਯੁੱਧ ਵਿੱਚ ਮਾਰੇ ਜਾਣਗੇ।
26 ਉਸ ਸਮੇਂ ਸ਼ਹਿਰ ਦੇ ਫ਼ਾਟਕਾਂ ਉੱਤੇ ਸਭਾਵਾਂ ਵਿੱਚ ਰੋਣ-ਧੋਣ ਅਤੇ ਉਦਾਸੀ ਹੀ ਹੋਵੇਗੀ। ਯਰੂਸ਼ਲਮ ਜ਼ਮੀਨ ਤੇ ਉਦਾਸ ਹੋਕੇ ਬੈਠੀ ਹੋਵੇਗੀ ਅਤੇ ਇੱਕ ਮੁਬਾਜ ਵਾਂਗ ਰੋ ਰਹੀ ਹੋਵੇਗੀ।