1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਆਜੜੀਆਂ ਦੇ ਵਿਰੁੱਧ ਬੋਲ। ਉਨ੍ਹਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਇਸਰਾਏਲ ਦੇ ਆਜੜੀਆਂ ਤੇ ਲਾਹਨਤ ਜੋ ਸਿਰਫ਼ ਆਪਣਾ ਹੀ ਧਿਆਨ ਰੱਖਦੇ ਹਨ। ਕੀ ਆਜੜੀਆਂ ਨੂੰ ਇੱਜੜ ਦਾ ਧਿਆਨ ਨਹੀਂ ਰੱਖਣਾ ਚਾਹੀਦਾ?
3 ਤੁਸੀਂ ਮੋਟੀਆਂ ਭੇਡਾਂ ਨੂੰ ਖਾ ਜਾਂਦੇ ਹੋ ਅਤੇ ਉਨ੍ਹਾਂ ਦੀ ਉਨ ਦਾ ਆਪਣੇ ਕੱਪੜੇ ਬਨਾਉਣ ਲਈ ਇਸਤੇਮਾਲ ਕਰਦੇ ਹੋ। ਤੁਸੀਂ ਮੋਟੀਆਂ ਭੇਡਾਂ ਨੂੰ ਮਾਰ ਦਿੰਦੇ ਹੋ ਪਰ ਤੁਸੀਂ ਇੱਜੜ ਦਾ ਪੋਸ਼ਣ ਨਹੀਂ ਕਰਦੇ।
4 ਤੁਸੀਂ ਕਮਜ਼ੋਰਾਂ ਨੂੰ ਮਜ਼ਬੂਤ ਨਹੀਂ ਕੀਤਾ। ਤੁਸੀਂ ਬੀਮਾਰ ਭੇਡਾਂ ਦੀ ਦੇਖਭਾਲ ਨਹੀਂ ਕੀਤੀ। ਤੁਸੀਂ ਜ਼ਖਮੀ ਭੇਡਾਂ ਤੇ ਪਟ੍ਟੀਆਂ ਨਹੀਂ ਬਂਨ੍ਹੀਆਂ। ਕੁਝ ਭੇਡਾਂ ਦੂਰ ਭਟਕ ਗਈਆਂ ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਨਹੀਂ ਗਏ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ। ਤੁਸੀਂ ਉਨ੍ਹਾਂ ਗੁਆਚੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਨਹੀਂ ਤੁਸੀਂ ਜ਼ਾਲਮ ਅਤੇ ਗੰਭੀਰ ਸੀ - ਇਸੇ ਢੰਗ ਨਾਲ ਹੀ ਤੁਸੀਂ ਭੇਡਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ!
5 "'ਅਤੇ ਹੁਣ ਭੇਡਾਂ ਖਿਲਰ ਗਈਆਂ ਹਨ ਕਿਉਂ ਕਿ ਇੱਥੇ ਕੋਈ ਵੀ ਆਜੜੀ ਨਹੀਂ ਸੀ। ਉਹ ਹਰ ਜੰਗਲੀ ਜਾਨਵਰ ਦੀ ਖੁਰਾਕ ਬਣ ਗਈਆਂ। ਇਸ ਲਈ ਉਹ ਖਿਂਡ ਗਈਆਂ।
6 ਮੇਰਾ ਇੱਜੜ ਸਾਰੇ ਪਰਬਤਾਂ ਅਤੇ ਹਰ ਉੱਚੀ ਪਹਾੜੀ ਉੱਤੇ ਭਟਕਿਆ। ਮੇਰਾ ਇੱਜੜ ਧਰਤੀ ਤੇ ਹਰ ਪਾਸੇ ਖਿਂਡ ਗਿਆ। ਓਥੇ ਕੋਈ ਵੀ ਉਨ੍ਹਾਂ ਦੇਖਣ ਵਾਲਾ ਅਤੇ ਉਨ੍ਹਾਂ ਨੂੰ ਲੱਭਣ ਵਾਲਾ ਨਹੀਂ ਸੀ।"'
7 ਇਸ ਲਈ ਤੁਸੀਂ, ਆਜੜੀਓ, ਯਹੋਵਾਹ ਦਾ ਸ਼ਬਦ ਸੁਣੋ। ਮੇਰਾ ਪ੍ਰਭੂ ਯਹੋਵਾਹ ਆਖਦਾ ਹੈ,
8 "ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ। ਜੰਗਲੀ ਜਾਨਵਰਾਂ ਨੇ ਮੇਰੀਆਂ ਭੇਡਾਂ ਫ਼ੜ ਲਈਆਂ। ਹਾਂ, ਮੇਰਾ ਇੱਜੜ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਿਆ ਹੈ। ਕਿਉਂ ਕਿ ਉਨ੍ਹਾਂ ਦਾ ਕੋਈ ਅਸਲੀ ਆਜੜੀ ਨਹੀਂ ਸੀ। ਮੇਰੇ ਆਜੜੀਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ। ਨਹੀਂ, ਇਨ੍ਹਾਂ ਆਜੜੀਆਂ ਨੇ ਸਿਰਫ਼ ਭੇਡਾਂ ਨੂੰ ਮਾਰਿਆ ਅਤੇ ਆਪਣਾ ਪੋਸ਼ਣ ਕੀਤਾ। ਉਨ੍ਹਾਂ ਨੇ ਮੇਰੇ ਇੱਜੜ ਦਾ ਪੋਸ਼ਣ ਨਹੀਂ ਕੀਤਾ।"
9 ਇਸ ਲਈ, ਆਜੜੀਓ, ਤੁਸੀਂ ਯਹੋਵਾਹ ਦੇ ਸ਼ਬਦ ਨੂੰ ਸੁਣੋ!
10 ਯਹੋਵਾਹ ਆਖਦਾ ਹੈ, "ਮੈਂ ਉਨ੍ਹਾਂ ਆਜੜੀਆਂ ਦੇ ਵਿਰੁੱਧ ਹਾਂ! ਮੈਂ ਉਨ੍ਹਾਂ ਪਾਸੋਂ ਆਪਣੀਆਂ ਭੇਡਾਂ ਦੀ ਮੰਗ ਕਰਾਂਗਾ। ਮੈਂ ਉਨ੍ਹਾਂ ਦੀ ਛੁੱਟੀ ਕਰ ਦਿਆਂਗਾ! ਉਹ ਹੋਰ ਵਧੇਰੇ ਮੇਰੇ ਆਜੜੀ ਨਹੀਂ ਰਹਿਣਗੇ! ਫ਼ੇਰ ਆਜੜੀ ਆਪਣਾ ਪੋਸ਼ਣ ਨਹੀਂ ਕਰ ਸਕਣਗੇ। ਅਤੇ ਮੈਂ ਆਪਣੇ ਇੱਜੜ ਨੂੰ ਉਨ੍ਹਾਂ ਦੇ ਮੂੰਹਾਂ ਤੋਂ ਬਚਾ ਲਵਾਂਗਾ। ਫ਼ੇਰ ਮੇਰੀਆਂ ਭੇਡਾਂ ਉਨ੍ਹਾਂ ਦਾ ਭੋਜਨ ਨਹੀਂ ਹੋਣਗੀਆਂ।"
11 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ, ਖੁਦ, ਉਨ੍ਹਾਂ ਦਾ ਆਜੜੀ ਹੋਵਾਂਗਾ। ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ, ਮੈਂ ਉਨ੍ਹਾਂ ਨੂੰ ਲੱਭਾਂਗਾ।
12 ਜੇਕਰ ਕੋਈ ਆਜੜੀ ਆਪਣੀਆਂ ਭੇਡਾਂ ਦੇ ਨਾਲ ਹੁੰਦਾ ਹੈ ਜਦੋਂ ਉਹ ਦੂਰ ਭਟਕਣ ਲਗਦੀਆਂ ਹਨ, ਤਾਂ ਉਹ ਉਨ੍ਹਾਂ ਦੀ ਖੋਜ ਕਰਨ ਜਾਵੇਗਾ। ਇਸੇ ਤਰ੍ਹਾਂ, ਮੈਂ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਆਪਣੀਆਂ ਭੇਡਾਂ ਨੂੰ ਬਚਾ ਲਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਲਿਆਵਾਂਗਾ ਜਿਧ੍ਧਰ ਉਹ ਉਸ ਹਨੇਰੇ ਅਤੇ ਬਦਲਵਾਈ ਵਾਲੇ ਦਿਨ ਖਿਂਡ ਗਈਆਂ ਸਨ।
13 ਮੈਂ ਉਨ੍ਹਾਂ ਨੂੰ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਇਕਠਿਆਂ ਕਰਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਤੇ ਲਿਆਵਾਂਗਾ। ਅਤੇ ਮੈਂ ਉਨ੍ਹਾਂ ਦਾ, ਇਸਰਾਏਲ ਦੇ ਪਰਬਤਾਂ ਉੱਤੇ, ਨਦੀਆਂ ਕੰਢੇ, ਉਨ੍ਹਾਂ ਸਾਰੀਆਂ ਥਾਵਾਂ ਉੱਤੇ ਜਿੱਥੇ ਲੋਕ ਰਹਿੰਦੇ ਹਨ, ਪੋਸ਼ਣ ਕਰਾਂਗਾ।
14 ਮੈਂ ਉਨ੍ਹਾਂ ਦੀ ਘਾਹ ਦੇ ਮੈਦਾਨਾਂ ਵੱਲ ਅਗਵਾਈ ਕਰਾਂਗਾ। ਉਹ ਇਸਰਾਏਲ ਦੇ ਪਰਬਤਾਂ ਦੀ ਉੱਚੀ ਥਾਂ ਉੱਤੇ ਜਾਣਗੀਆਂ। ਓਥੇ ਉਹ ਚੰਗੀ ਧਰਤੀ ਉੱਤੇ ਲੇਟਣਗੀਆਂ ਅਤੇ ਘਾਹ ਖਾਣਗੀਆਂ। ਉਹ ਇਸਰਾਏਲ ਦੇ ਪਰਬਤਾਂ ਉੱਤੇ ਵਧ੍ਧੀਆ ਘਾਹ ਦੇ ਮੈਦਾਨ ਵਿੱਚ ਚਰਨਗੀਆਂ।
15 ਹਾਂ, ਮੈਂ ਆਪਣੇ ਇੱਜੜ ਦਾ ਪੋਸ਼ਣ ਕਰਾਂਗਾ ਅਤੇ ਮੈਂ ਉਨ੍ਹਾਂ ਦੀ ਆਰਾਮ ਵਾਲੀ ਥਾਂ ਵੱਲ ਅਗਵਾਈ ਕਰਾਂਗਾ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
16 "ਮੈਂ ਆਪਣੀਆਂ ਗੁਆਚੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਉਨ੍ਹਾਂ ਭੇਡਾਂ ਨੂੰ ਵਾਪਸ ਲਿਆਵਾਂਗਾ ਜਿਹੜੀਆਂ ਖਿਂਡ ਗਈਆਂ ਸਨ। ਮੈਂ ਜ਼ਖਮੀ ਹੋਈਆਂ ਭੇਡਾਂ ਦੇ ਪਟ੍ਟੀਆਂ ਬਂਨ੍ਹਾਂਗਾ। ਮੈਂ ਕਮਜ਼ੋਰ ਭੇਡਾਂ ਨੂੰ ਤਕੜੀਆਂ ਕਰਾਂਗਾ। ਪਰ ਮੈਂ ਉਨ੍ਹਾਂ ਮੋਟੇ ਅਤੇ ਤਾਕਤਵਰ ਆਜੜੀਆਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਓਸੇ ਤਰ੍ਹਾਂ ਦੀ ਸਜ਼ਾ ਦੀ ਖੁਰਾਕ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।"
17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, "ਤੂੰ, ਮੇਰੇ ਇੱਜੜ, ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿਚਕਾਰ ਨਿਰਣਾ ਕਰਾਂਗਾ। ਮੈਂ ਭੇਡੂਆਂ ਅਤੇ ਬਕਰਿਆਂ ਵਿਚਕਾਰ ਨਿਰਣਾ ਕਰਾਂਗਾ।
18 ਤੁਸੀਂ ਚੰਗੀ ਧਰਤੀ ਉੱਤੇ ਉੱਗਣ ਵਾਲੀ ਘਾਹ ਚਰ ਸਕਦੇ ਹੋ। ਇਸ ਲਈ ਤੁਸੀਂ ਉਸ ਘਾਹ ਨੂੰ ਕਿਉਂ ਲਿਤਾੜਦੇ ਹੋ ਜਿਸਨੂੰ ਹੋਰ ਭੇਡਾਂ ਖਾਣਾ ਚਾਹੁੰਦੀਆਂ ਹਨ? ਤੁਸੀਂ ਬਹੁਤ ਸਾਰਾ ਸਾਫ਼ ਪਾਣੀ ਪੀ ਸਕਦੇ ਹੋ। ਇਸ ਲਈ ਤੁਸੀ ਉਸ ਪਾਣੀ ਨੂੰ ਕਿਉਂ ਗੰਧਲਾ ਕਰਦੇ ਹੋ ਜਿਸਨੂੰ ਹੋਰ ਭੇਡਾਂ ਪੀਣਾ ਚਾਹੁੰਦੀਆਂ ਹਨ?
19 ਮੇਰੇ ਇੱਜੜ ਨੂੰ ਉਹੀ ਘਾਹ ਖਾਣਾ ਪੈਣਾ ਹੈ ਜੋ ਤੁਸੀਂ ਆਪਣੇ ਪੈਰਾਂ ਹੇਠਾਂ ਮਿਧਿਆ ਅਤੇ ਉਨ੍ਹਾਂ ਨੂੰ ਓਹੀ ਪਾਣੀ ਪੀਣਾ ਪਿਆ ਜਿਹੜਾ ਤੁਸੀਂ ਆਪਣੇ ਪੈਰਾਂ ਨਾਲ ਗੰਧਲਾ ਕੀਤਾ!"
20 ਇਸ ਲਈ ਮੇਰਾ ਪ੍ਰਭੂ ਯਹੋਵਾਹ ਉਨ੍ਹਾਂ ਨੂੰ ਆਖਦਾ ਹੈ: "ਮੈਂ, ਖੁਦ, ਮੋਟੀਆਂ ਅਤੇ ਪਤਲੀਆਂ ਭੇਡਾਂ ਵਿਚਕਾਰ ਨਿਰਣਾ ਕਰਾਂਗਾ।
21 ਤੁਸੀਂ ਆਪਣੇ ਪਾਸਿਆਂ ਅਤੇ ਮੋਢੇ ਨਾਲ ਧੱਕਾ ਦਿੰਦੇ ਹੋ। ਤੁਸੀਂ ਸਾਰੀਆਂ ਕਮਜ਼ੋਰ ਭੇਡਾਂ ਨੂੰ ਆਪਣੇ ਸਿੰਗਾਂ ਨਾਲ ਹੇਠਾਂ ਡੇਗ ਦਿੰਦੇ ਹੋ। ਤੁਸੀਂ ਉਨ੍ਹਾਂ ਨੂੰ ਬਾਹਰ ਕੱਢਣ ਤੀਕ ਧੱਕਦੇ ਰਹਿੰਦੇ ਹੋ।
22 ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ। ਉਹ ਹੁਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਨਹੀਂ ਹੋਵੇਗਾ। ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿਚਕਾਰ ਨਿਰਣਾ ਕਰਾਂਗਾ।
23 ਫ਼ੇਰ ਮੈਂ ਉਨ੍ਹਾਂ ਉੱਤੇ ਇੱਕ ਆਜੜੀ, ਆਪਣੇ ਸੇਵਕ ਦਾਊਦ, ਨੂੰ ਲਵਾਂਗਾ। ਉਹ ਉਨ੍ਹਾਂ ਦਾ ਪੋਸ਼ਣ ਕਰੇਗਾ ਅਤੇ ਉਨ੍ਹਾਂ ਦਾ ਆਜੜੀ ਬਣੇਗਾ।
24 ਫ਼ੇਰ ਮੈਂ, ਪ੍ਰਭੂ ਅਤੇ ਯਹੋਵਾਹ, ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਹਾਕਮ ਹੋਵੇਗਾ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ।
25 "ਅਤੇ ਫ਼ੇਰ ਮੈਂ ਆਪਣੀਆਂ ਭੇਡਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਮੈਂ ਨੁਕਸਾਨਦਾਇਕ ਜਾਨਵਰਾਂ ਨੂੰ ਇਸਰਾਏਲ ਦੀ ਧਰਤੀ ਤੋਂ ਦੂਰ ਕਰ ਦਿਆਂਗਾ। ਫ਼ੇਰ ਭੇਡਾਂ ਮਾਰੂਬਲ ਵਿੱਚ ਸੁਰਖਿਅਤ ਹੋ ਸਕਦੀਆਂ ਹਨ ਅਤੇ ਜੰਗਲ ਵਿੱਚ ਸੌਂ ਸਕਦੀਆਂ ਹਨ।
26 ਮੈਂ ਆਪਣੀ ਪਹਾੜੀ ਦੇ ਇਰਦ-ਗਿਰਦ ਦੀਆਂ ਭੇਡਾਂ ਅਤੇ ਥਾਵਾਂ ਨੂੰ ਅਸੀਸ ਦੇਵਾਂਗਾ। ਮੈਂ ਸਹੀ ਸਮੇਂ ਬਾਰਸ਼ਾਂ ਹੋਣ ਦੇਵਾਂਗਾ। ਉਹ ਉਨ੍ਹਾਂ ਉੱਤੇ ਅਸੀਸਾਂ ਵਰ੍ਹਾਉਣਗੀਆਂ।
27 ਖੇਤਾਂ ਵਿੱਚ ਉੱਗਣ ਵਾਲੇ ਰੁੱਖ ਫ਼ਲ ਪੈਦਾ ਕਰਨਗੇ। ਧਰਤੀ ਆਪਣੀ ਫ਼ਸਲ ਦੇਵੇਗੀ। ਇਸ ਲਈ ਭੇਡਾਂ ਆਪਣੀ ਧਰਤੀ ਉੱਤੇ ਸੁਰਖਿਅਤ ਹੋਣਗੀਆਂ। ਮੈਂ ਉਨ੍ਹਾਂ ਉਤਲੇ ਜੂਲੇ ਤੋੜ ਦਿਆਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਸ਼ਕਤੀ ਤੋਂ ਬਚਾਵਾਂਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਸੀ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।
28 ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਜਾਨਵਰਾਂ ਵਾਂਗ ਨਹੀਂ ਫ਼ੜੇ ਜਾਣਗੇ। ਉਹ ਜਾਨਵਰ ਉਨ੍ਹਾਂ ਨੂੰ ਫ਼ੇਰ ਨਹੀਂ ਖਾਣਗੇ। ਪਰ ਉਹ ਸੁਰਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ।
29 ਮੈਂ ਉਨ੍ਹਾਂ ਨੂੰ ਕੁਝ ਜ਼ਮੀਨ ਦਿਆਂਗਾ ਜਿਹੜਾ ਚੰਗਾ ਬਗੀਚਾ ਬਣ ਸਕੇਗੀ। ਫ਼ੇਰ ਉਨ੍ਹਾਂ ਨੂੰ ਉਸ ਧਰਤੀ ਤੇ ਭੁੱਖ ਨਹੀਂ ਝਲ੍ਲਣੀ ਪਵੇਗੀ। ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਬੇਇੱਜ਼ਤ ਨਹੀਂ ਹੋਣਗੇ।
30 ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। ਅਤੇ ਉਨ੍ਹਾਂ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। ਅਤੇ ਇਸਰਾਏਲ ਦਾ ਪਰਿਵਾਰ ਜਾਣ ਜਾਵੇਗਾ ਕਿ ਉਹ ਮੇਰੇ ਬੰਦੇ ਹਨ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
31 "ਤੁਸੀਂ ਮੇਰੀਆਂ ਭੇਡਾਂ ਹੋ, ਮੇਰੇ ਘਾਹ ਦੇ ਮੈਦਾਨ ਦੀਆਂ ਭੇਡਾਂ। ਤੁਸੀਂ ਸਿਰਫ਼ ਮਨੁੱਖ ਹੋ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।