1 ਇਹ ਦੇ ਪਿੱਛੋਂ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ।
2 ਅਰ ਉੱਥੇ ਅਕੂਲਾ ਨਾਉਂ ਦਾ ਯਹੂਦੀ ਉਹ ਨੂੰ ਮਿਲਿਆ ਜਿਹ ਦੀ ਜੰਮਣ ਭੂਮੀ ਪੁੰਤੁਸ ਸੀ ਅਤੇ ਥੋੜੇ ਚਿਰ ਦਾ ਆਪਣੀ ਤੀਵੀਂ ਪ੍ਰਿਸਕਿੱਲਾ ਸਣੇ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਭਈ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ।
3 ਅਤੇ ਇਸ ਲਈ ਜੋ ਓਹ ਇੱਕੋ ਕਿਰਤ ਕਰਮ ਵਾਲੇ ਸਨ ਉਨ੍ਹਾਂ ਦੇ ਸੰਗ ਰਿਹਾ ਅਤੇ ਓਹ ਕੰਮ ਕਰਨ ਲੱਗੇ ਕਿਉਂ ਜੋ ਕਿਰਤ ਵਿੱਚ ਓਹ ਤੰਬੂ ਬਣਾਉਣ ਵਾਲੇ ਸਨ।
4 ਅਤੇ ਉਹ ਹਰ ਸਬਤ ਨੂੰ ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।
5 ਪਰ ਜਦ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਸਾਖੀ ਦੇ ਰਿਹਾ ਸੀ ਜੋ ਯਿਸੂ ਓਹੋ ਮਸੀਹ ਹੈ।
6 ਜਾਂ ਓਹ ਸਾਹਮਣਾ ਕਰਨ ਅਤੇ ਕੁਫ਼ਰ ਬਕਣ ਲੱਗੇ ਤਾਂ ਉਸ ਨੇ ਆਪਣੇ ਲੀੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਤੁਹਾਡਾ ਖੂਨ ਤੁਹਾਡੇ ਸਿਰ ! ਮੈਂ ਬੇਦੋਸ਼ ਹਾਂ ! ਏਦੋਂ ਅੱਗੇ ਮੈਂ ਪਰਾਈਆਂ ਕੌਮਾਂ ਵੱਲ ਜਾਵਾਂਗਾ।
7 ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮੇ ਪਰਮੇਸ਼ੁਰ ਦੇ ਇੱਕ ਭਗਤ ਦੇ ਘਰ ਗਿਆ ਜਿਹ ਦਾ ਘਰ ਸਮਾਜ ਮੰਦਰ ਦੇ ਨਾਲ ਲੱਗਦਾ ਸੀ।
8 ਅਤੇ ਸਮਾਜ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਣੇ ਪ੍ਰਭੁ ਦੀ ਪਰਤੀਤ ਕੀਤੀ ਅਤੇ ਕੁਰਿੰਥੀਆਂ ਵਿੱਚੋਂ ਬਥੇਰੇ ਲੋਕਾਂ ਨੇ ਸੁਣ ਕੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ।
9 ਤਾਂ ਪ੍ਰਭੁ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾਹ ਅਤੇ ਚੁੱਪ ਨਾ ਰਹੁ।
10 ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁਖ ਦੇਣ ਲਈ ਤੇਰੇ ਉੱਤੇ ਹੱਲਾ ਨਾ ਕਰੇਗਾ ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।
11 ਸੋ ਉਹ ਡੂਢ ਬਰਸ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ।
12 ਪਰ ਜਦ ਗਾਲੀਓ ਅਖਾਯਾ ਦਾ ਡਿਪਟੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾਕੇ ਬੋਲੇ।
13 ਇਹ ਮਨੁੱਖ ਲੋਕਾਂ ਨੂੰ ਸ਼ਰਾ ਤੋਂ ਉਲਟਾ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਉਭਾਰਦਾ ਹੈ।
14 ਪਰ ਜਾਂ ਪੌਲੁਸ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਜ਼ੁਲਮ ਯਾ ਸਖਤ ਬਦਮਾਸ਼ੀ ਦੀ ਗੱਲ ਹੁੰਦੀ ਤਾਂ ਜੋਗ ਸੀ ਜੋ ਮੈਂ ਤੁਹਾਡੀ ਸੁਣਦਾ।
15 ਪਰ ਏਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਸ਼ਰਾ ਵਿਖੇ ਹਨ ਤਾਂ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।
16 ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ।
17 ਤਾਂ ਉਨ੍ਹਾਂ ਸਭਨਾਂ ਨੇ ਸਮਾਜ ਦੇ ਸਰਦਾਰ ਸੋਸਥਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ।
18 ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਾਈਆਂ ਕੋਲੋਂ ਵਿਦਿਆ ਹੋਇਆ ਅਤੇ ਕੰਖਰਿਯਾ ਵਿੱਚ ਸਿਰ ਮੁਨਾ ਕੇ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ, ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੁਰਿਯਾ ਦੀ ਵੱਲ ਨੂੰ ਚੱਲਿਆ ਗਿਆ।
19 ਅਤੇ ਅਫ਼ਸੁਸ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਉੱਥੇ ਹੀ ਛੱਡਿਆ ਪਰ ਆਪ ਸਮਾਜ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਗਿਆਨ ਗੋਸ਼ਟ ਕੀਤੀ।
20 ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਭਈ ਉਹ ਕੁਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ।
21 ਪਰੰਤੁ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਿਆ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ।
22 ਉਹ ਕੈਸਰਿਯਾ ਵਿੱਚ ਉਤਰਿਆ ਅਰ ਜਾਂ ਉਹ ਨੇ ਜਾ ਕੇ ਕਲੀਸਿਯਾ ਦੀ ਸੁਖ ਸਾਂਦ ਪੁੱਛੀ ਤਾਂ ਅੰਤਾਕਿਯਾ ਵਿੱਚ ਆਇਆ।
23 ਅਰ ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ ਵਿੱਚ ਥਾਂ ਥਾਂ ਫਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ।
24 ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿਕੰਦਰਿਯਾ ਸੀ ਅਰ ਜੋ ਸੁਆਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਅਫ਼ਸੁਸ ਵਿੱਚ ਆਇਆ।
25 ਇਹ ਨੇ ਪ੍ਰਭੁ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ ਪਰ ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ।
26 ਉਹ ਸਮਾਜ ਵਿੱਚ ਬੇਧੜਕ ਬੋਲਣ ਲੱਗਾ ਪਰ ਜਾਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।
27 ਜਦ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਾਈਆਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਭਈ ਉਸ ਦਾ ਆਦਰ ਭਾਉ ਕਰਨ। ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਹਚਾ ਕੀਤੀ ਸੀ।
28 ਕਿਉਂ ਜੋ ਉਸ ਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉਹੋ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।