Home

ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


-Reset+

ਕਾਂਡ 19

1 ਇਉਂ ਹੋਇਆ ਕਿ ਜਾਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫ਼ਸੁਸ ਨੂੰ ਆਇਆ।
2 ਅਤੇ ਕਈਆਂ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਾਂ ਤੁਸਾਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤ੍ਰ ਆਤਮਾ ਮਿਲਿਆ ? ਉਨ੍ਹਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਭੀ ਨਹੀਂ ਪਵਿੱਤ੍ਰ ਆਤਮਾ ਹੈਗਾ ਹੈ।
3 ਓਨ ਆਖਿਆ, ਫੇਰ ਤੁਸਾਂ ਕਾਹ ਦਾ ਬਪਤਿਸਮਾ ਲਿਆ ? ਓਹ ਬੋਲੇ, ਯੂਹੰਨਾ ਦਾ ਬਪਤਿਸਮਾ।
4 ਉਪਰੰਤ ਪੌਲੁਸ ਨੇ ਕਿਹਾ, ਯੂਹੰਨਾ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ ਭਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਨਿਹਚਾ ਕਰੋ।
5 ਇਹ ਸੁਣ ਕੇ ਉਨ੍ਹਾਂ ਨੇ ਪ੍ਰਭੁ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ।
6 ਅਤੇ ਜਾਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਧਰੇ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਅਰ ਓਹ ਬੋਲੀਆਂ ਬੋਲਣ ਅਤੇ ਅਗੰਮ ਵਾਕ ਕਰਨ ਲੱਗੇ।
7 ਓਹ ਸਭ ਬਾਰਾਂਕੁ ਪੁਰਖ ਸਨ।
8 ਫੇਰ ਪੌਲੁਸ ਸਮਾਜ ਵਿੱਚ ਜਾ ਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਬਚਨ ਸੁਣਾਉਂਦਿਆਂ ਅਤੇ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਤਿੰਨ ਮਹੀਨੇ ਬੇਧੜਕ ਬੋਲਦਾ ਰਿਹਾ।
9 ਪਰ ਜਾਂ ਕਿੰਨਿਆਂ ਨੇ ਕਠੋਰ ਹੋ ਕੇ ਨਾ ਮੰਨਿਆ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਸ ਨੇ ਓਹਨਾਂ ਕੋਲੋਂ ਅੱਡ ਹੋ ਕੇ ਚੇਲਿਆਂ ਨੂੰ ਅਲੱਗ ਕੀਤਾ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ ਬਚਨ ਸੁਣਾਉਂਦਾ ਸੀ।
10 ਇਹ ਦੋ ਵਰਿਹਾਂ ਤੀਕ ਹੁੰਦਾ ਰਿਹਾ ਐਥੋਂ ਤੋੜੀ ਜੋ ਅਸਿਯਾ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੁ ਦਾ ਬਚਨ ਸੁਣਿਆ।
11 ਪਰਮੇਸ਼ੁਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ।
12 ਐਥੋਂ ਤੀਕ ਜੋ ਰੁਮਾਲ ਅਰ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿੱਕਲ ਜਾਂਦੇ ਸਨ।
13 ਤਦੋਂ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ ਉੱਧਰ ਫਿਰਦਿਆਂ ਹੋਇਆਂ ਝਾੜ ਫੂੰਕ ਕਰਦੇ ਹੁੰਦੇ ਸਨ ਇਹ ਦਿਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮੇ ਚਿੰਬੜੇ ਹੋਏ ਸਨ ਉਨ੍ਹਾਂ ਉੱਤੇ ਪ੍ਰਭੁ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਭਈ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸੌਂਹ ਦਿੰਦਾ ਹਾਂ ਜਿਹ ਦੀ ਪੌਲੁਸ ਮਨਾਦੀ ਕਰਦਾ ਹੈ।
14 ਅਤੇ ਸਕੇਵਾ ਨਾਮੇ ਕਿਸੇ ਯਹੂਦੀ ਪਰਧਾਨ ਜਾਜਕ ਦੇ ਸੱਤ ਪੁੱਤ੍ਰ ਸਨ ਜਿਹੜੇ ਇਹੋ ਕਰਦੇ ਸਨ।
15 ਪਰ ਦੁਸ਼ਟ ਆਤਮਾ ਨੇ ਓਹਨਾਂ ਨੂੰ ਉੱਤਰ ਦਿੱਤਾ ਭਈ ਮੈਂ ਯਿਸੂ ਨੂੰ ਸਿਆਣਦਾ ਹਾਂ ਅਤੇ ਪੌਲੁਸ ਨੂੰ ਮੈਂ ਜਾਣਦਾ ਹਾਂ ਪਰ ਤੁਸੀਂ ਕੌਣ ਹੋ ?
16 ਅਤੇ ਉਹ ਮਨੁੱਖ ਜਿਹ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਓਹਨਾਂ ਉੱਤੇ ਆਣ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਓਹਨਾਂ ਤੇ ਐਡੀ ਸਖ਼ਤੀ ਕੀਤੀ ਜੋ ਓਹ ਨੰਗੇ ਅਤੇ ਘਾਇਲ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17 ਇਹ ਗੱਲ ਸਭ ਯਹੂਦੀਆਂ ਅਰ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ ਉਜਾਗਰ ਹੋ ਗਈ ਅਤੇ ਓਹ ਸਭ ਡਰ ਗਏ ਅਤੇ ਪ੍ਰਭੁ ਯਿਸੂ ਦੇ ਨਾਮ ਦੀ ਵਡਿਆਈ ਹੋਈ।
18 ਜਿਨ੍ਹਾਂ ਨਿਹਚਾ ਕੀਤੀ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਣ ਕੇ ਆਪਣਿਆਂ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ।
19 ਅਰ ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਾਂ ਓਹਨਾਂ ਦੇ ਮੁੱਲ ਦਾ ਜੋੜ ਕੀਤਾ ਤਾਂ ਪੰਜਾਹ ਹਜ਼ਾਰ ਰੁਪਿਆ ਹੋਇਆ !
20 ਇਸੇ ਤਰਾਂ ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।
21 ਜਾਂ ਏਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਦਾਯਾ ਕੀਤਾ ਜੋ ਮਕਦੂਨਿਯਾ ਅਰ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਾਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਰੋਮ ਭੀ ਵੇਖਣਾ ਚਾਹੀਦਾ ਹੈ।
22 ਸੋ ਉਨ੍ਹਾਂ ਵਿੱਚੋਂ ਜਿਹੜੇ ਉਹ ਦੀ ਟਹਿਲ ਕਰਦੇ ਸਨ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ ਉਹ ਆਪ ਅਸਿਯਾ ਵਿੱਚ ਕੁਝ ਚਿਰ ਅਟਕਿਆ।
23 ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਪਸਾਦ ਉੱਠਿਆ।
24 ਕਿਉਂ ਜੋ ਦੇਮੇਤ੍ਰਿਯੁਮ ਨਾਮੇ ਇੱਕ ਸੁਨਿਆਰ ਅਰਤਿਮਿਸ ਦੇ ਰੁਪਹਿਲੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25 ਉਸ ਨੇ ਉਨ੍ਹਾਂ ਨੂੰ ਅਤੇ ਉਸ ਕਿਰਤ ਦੇ ਹੋਰ ਕਾਰੀਗਰਾਂ ਨੂੰ ਇਕੱਠਿਆ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਭਈ ਇਸੇ ਕੰਮ ਤੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ।
26 ਅਰ ਤੁਸੀਂ ਤਾਂ ਵੇਖਦੇ ਅਰ ਸੁਣਦੇ ਹੋ ਜੋ ਇਸ ਪੌਲੁਸ ਨੇ ਇਹ ਕਹਿ ਕੇ ਭਈ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਓਹ ਦਿਓਤੇ ਨਹੀਂ ਹੁੰਦੇ, ਨਿਰਾ ਅਫ਼ਸੁਸ ਵਿੱਚ ਨਹੀਂ ਸਗੋਂ ਸਾਰੇਕੁ ਅਸਿਯਾ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ ਬਹਿਕਾ ਦਿੱਤਾ ਹੈ।
27 ਸੋ ਨਿਰਾ ਇਹੋ ਸੰਸਾ ਨਹੀਂ ਜੋ ਸਾਡੀ ਕਿਰਤ ਮਾਤ ਪੈ ਜਾਵੇ ਸਗੋਂ ਇਹ ਭੀ ਕਿ ਮਹਾਂ ਦੇਵੀ ਅਰਤਿਮਿਸ ਦਾ ਮੰਦਰ ਰੁਲ ਜਾਵੇ ਅਰ ਜਿਹ ਨੂੰ ਸਰਬੱਤ ਅਸਿਯਾ ਸਗੋਂ ਦੁਨੀਆ ਪੂਜਦੀ ਹੈ ਉਹ ਦੀ ਮਹਿਮਾ ਜਾਂਦੀ ਰਹੇ।
28 ਇਹ ਗੱਲ ਸੁਣ ਕੇ ਓਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ ਉੱਚੀ ਬੋਲੇ ਭਈ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ !
29 ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਓਹ ਇੱਕ ਮਨ ਹੋ ਕੇ ਗਾਯੁਸ ਅਰ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਟੁੱਟ ਪਏ।
30 ਜਾਂ ਪੌਲੁਸ ਨੇ ਲੋਕਾਂ ਵਿੱਚ ਅੰਦਰ ਜਾਣ ਦੀ ਦਲੀਲ ਕੀਤੀ ਤਾਂ ਚੇਲਿਆਂ ਨੇ ਉਹ ਨੂੰ ਜਾਣ ਨਾ ਦਿੱਤਾ।
31 ਅਰ ਅਸਿਯਾ ਦੇ ਸਰਦਾਰਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿੱਤ੍ਰ ਸਨ ਮਿੰਨਤ ਨਾਲ ਉਹ ਦੇ ਕੋਲ ਕਹਾ ਭੇਜਿਆ ਭਈ ਤਮਾਸ਼ੇ ਘਰ ਵਿੱਚ ਨਾ ਵੜਨਾ !
32 ਉਪਰੰਤ ਡੰਡ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ ਇਸ ਲਈ ਕਿ ਜਮਾਤ ਘਬਰਾ ਰਹੀ ਸੀ ਅਰ ਬਹੁਤਿਆਂ ਨੂੰ ਪਤਾ ਨਾ ਲੱਗਾ ਭਈ ਅਸੀਂ ਕਾਹਦੇ ਲਈ ਇਕੱਠੇ ਹੋਏ ਹਾਂ।
33 ਓਹਨਾਂ ਨੇ ਸਿੰਕਦਰ ਨੂੰ ਜਿਹ ਨੂੰ ਯਹੂਦੀ ਅਗਾਹਾਂ ਧੱਕਦੇ ਸਨ ਭੀੜ ਵਿੱਚੋਂ ਸਾਹਮਣੇ ਕਰ ਦਿੱਤਾ ਅਤੇ ਸਿੰਕਦਰ ਨੇ ਹੱਥ ਨਾਲ ਸੈਨਤ ਕਰ ਕੇ ਲੋਕਾਂ ਦੇ ਅੱਗੇ ਉਜ਼ਰ ਕਰਨਾ ਚਾਹਿਆ।
34 ਪਰ ਜਾਂ ਉਨ੍ਹਾਂ ਜਾਣਿਆ ਭਈ ਇਹ ਯਹੂਦੀ ਹੈ ਤਾਂ ਸੱਭੋ ਇੱਕ ਅਵਾਜ਼ ਨਾਲ ਦੋਕੁ ਘੰਟਿਆਂ ਤੀਕੁਰ ਉੱਚੀ ਉੱਚੀ ਬੋਲਦੇ ਰਹੇ ਭਈ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ !
35 ਤਾਂ ਸ਼ਹਿਰ ਦੇ ਮੁਹੱਰਰ ਨੇ ਭੀੜ ਨੂੰ ਠੰਡੀ ਕਰ ਕੇ ਆਖਿਆ, ਹੇ ਅਫ਼ਸੀ ਮਰਦੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਈ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦਾ ਅਤੇ ਅਕਾਸ਼ ਦੀ ਵੱਲੋਂ ਗਿਰੀ ਹੋਈ ਮੂਰਤੀ ਦਾ ਸੇਵਕ ਹੈ !
36 ਸੋ ਜਾਂ ਇਨ੍ਹਾਂ ਗੱਲਾਂ ਦਾ ਖੰਡਣ ਨਹੀਂ ਹੋ ਸੱਕਦਾ ਤੁਹਾਨੂੰ ਚਾਹੀਦਾ ਹੈ ਭਈ ਚੁੱਪ ਰਹੋ ਅਤੇ ਬਿਨ ਸੋਚੇ ਕੁਝ ਨਾ ਕਰੋ।
37 ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਐੱਥੇ ਲਿਆਏ ਹੋ ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ।
38 ਸੋ ਜੇ ਦੇਮੇਤ੍ਰਿਯੁਸ ਅਰ ਉਹ ਦੇ ਨਾਲ ਦੇ ਕਾਰੀਗਰਾਂ ਦਾ ਕਿਸੇ ਉੱਤੇ ਕੁਝ ਦਾਵਾ ਹੋਵੇ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਡਿਪਟੀ ਵੀ ਹਨ, ਓਹ ਇੱਕ ਦੂਜੇ ਤੇ ਨਾਲਸ਼ ਕਰਨ।
39 ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਨੂਨੀ ਮਜਲਸ ਵਿੱਚ ਨਿਬੇੜਾ ਕੀਤਾ ਜਾਊ।
40 ਕਿਉਂਕਿ ਅੱਜ ਦੇ ਪਸਾਦ ਦੇ ਕਾਰਨ ਸਾਨੂੰ ਡਰ ਹੈ ਭਈ ਕਿਧਰੇ ਸਾਡੇ ਉੱਤੇ ਨਾਲਸ਼ ਨਾ ਹੋਵੇ ਇਸ ਲਈ ਜੋ ਇਹ ਦਾ ਕੋਈ ਕਾਰਨ ਨਹੀਂ ਹੈ ਅਰ ਇਹ ਦੇ ਵਿਖੇ ਭੀੜ ਦੇ ਹੋਣ ਦਾ ਕੋਈ ਉਜ਼ਰ ਸਾਥੋਂ ਨਹੀਂ ਕੀਤਾ ਜਾਊ !
41 ਅਤੇ ਉਸ ਨੇ ਇਉਂ ਕਹਿ ਕੇ ਜਮਾਤ ਨੂੰ ਵਿਦਿਆ ਕੀਤਾ।