1 ਤਾਂ ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਪਰਵਾਨਗੀ ਹੈ। ਤਦ ਪੌਲੁਸ ਬਾਂਹ ਕੱਢ ਕੇ ਇਹ ਉਜ਼ਰ ਕਰਨ ਲੱਗਾ, -
2 ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਚੰਗੇ ਭਾਗ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦੀ ਯਹੂਦੀ ਮੇਰੇ ਉੱਤੇ ਨਾਲਸ਼ ਕਰਦੇ ਹਨ ਉਨ੍ਹਾਂ ਸਭਨਾਂ ਦਾ ਅੱਜ ਤੁਹਾਡੇ ਅੱਗੇ ਉਜ਼ਰ ਕਰਾਂ।
3 ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਦੀਨੀ ਝਗੜਿਆਂ ਤੋਂ ਅੱਛੀ ਤਰਾਂ ਮਹਿਰਮ ਹੋ। ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਧੀਰਜ ਨਾਲ ਮੇਰੀ ਗੱਲ ਸੁਣਿਓ।
4 ਜੁਆਨੀ ਤੋਂ ਮੇਰੀ ਚਾਲ ਨੂੰ ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ ਸਾਰੇ ਯਹੂਦੀ ਜਾਣਦੇ ਹਨ।
5 ਸੋ ਜੇ ਓਹ ਸਾਖੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਭਈ ਸਾਡੇ ਧਰਮ ਦੇ ਸਭਨਾਂ ਤੋਂ ਖਰੇ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਦੀ ਚਾਲ ਚੱਲਿਆ।
6 ਅਤੇ ਹੁਣ ਮੈਂ ਉਸ ਕਰਾਰ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਨਾਲ ਕੀਤਾ ਸੀ ਅਦਾਲਤ ਲਈ ਖੜਾ ਹਾਂ।
7 ਓਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਤੇ ਸਾਡੀਆਂ ਬਾਰਾਂ ਗੋਤਾਂ ਦਿਨ ਰਾਤ ਵੱਡੇ ਜਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ, ਇਸੇ ਆਸ ਦੇ ਬਦਲੇ ਯਹੂਦੀ ਮੇਰੇ ਉੱਤੇ ਨਾਲਸ਼ ਕਰਦੇ ਹਨ !
8 ਇਹ ਗੱਲ ਕਿਉਂ ਤੁਹਾਡੇ ਲੇਖੇ ਬੇ ਇਤਬਾਰ ਗਿਣੀਦੀ ਹੈ ਜੋ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ ?
9 ਮੈਂ ਤਾਂ ਆਪਣੇ ਚਿੱਤ ਵਿੱਚ ਇਹ ਸਮਝਿਆ ਭਈ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ।
10 ਸੋ ਇਹੋ ਮੈਂ ਯਰੂਸ਼ਲਮ ਵਿੱਚ ਕੀਤਾ ਵੀ ਅਤੇ ਪਰਧਾਨ ਜਾਜਕਾਂ ਕੋਲੋਂ ਇਖ਼ਤਿਆਰ ਪਾ ਕੇ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ ਅਤੇ ਜਾਂ ਓਹ ਮਾਰੇ ਜਾਂਦੇ ਸਨ ਤਾਂ ਮੈਂ ਉਨ੍ਹਾਂ ਦੇ ਵਿਰੁੱਧ ਹਾਮੀ ਭਰਦਾ ਸਾਂ।
11 ਮੈਂ ਹਰੇਕ ਸਮਾਜ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਕੁਫ਼ਰ ਬਕਵਾਉਣ ਲਈ ਉਨ੍ਹਾਂ ਨੂੰ ਤੰਗ ਕੀਤਾ ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੀਕ ਵੀ ਉਨ੍ਹਾਂ ਨੂੰ ਸਤਾਉਂਦਾ ਸਾਂ।
12 ਜਾਂ ਮੈਂ ਪਰਧਾਨ ਜਾਜਕਾਂ ਤੋਂ ਇਖ਼ਤਿਆਰ ਅਤੇ ਹੁਕਮ ਪਾ ਕੇ ਐਸ ਗੱਲ ਉੱਤੇ ਦੰਮਿਸਕ ਨੂੰ ਚੱਲਿਆ ਜਾਂਦਾ ਸਾਂ।
13 ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਬਹੁਤ ਉਜਲੀ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫੇਰੇ ਚਮਕਦੀ ਵੇਖੀ।
14 ਅਤੇ ਜਾਂ ਅਸੀਂ ਸੱਭੇ ਭੋਂ ਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਖਿਆ ਵਿੱਚ ਮੈਨੂੰ ਐਉਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ !
15 ਤਾਂ ਮੈਂ ਆਖਿਆ, ਪ੍ਰਭੁ ਜੀ, ਤੂੰ ਕੌਣ ਹੈਂ ? ਪ੍ਰਭੁ ਬੋਲਿਆ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।
16 ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾਹ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ ਭਈ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੈਂ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ।
17 ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਹਾਂ।
18 ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਭਈ ਓਹ ਅਨ੍ਹੇਰੇ ਤੋਂ ਚਾਨਣ ਦੀ ਵੱਲ ਅਤੇ ਸ਼ਤਾਨ ਦੇ ਵੱਸ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਕਿ ਓਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਵਿੱਚ ਜੋ ਮੇਰੇ ਉੱਤੇ ਨਿਹਚਾ ਕਰ ਕੇ ਪਵਿੱਤ੍ਰ ਹੋਏ ਹਨ ਵਿਰਸਾ ਪਾਉਣ।
19 ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸੁਰਗੀ ਦਰਸ਼ਣ ਤੋਂ ਬੇਮੁਖ ਨਾ ਹੋਇਆ।
20 ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਭਈ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ।
21 ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੇਰੇ ਮਾਰ ਸੁੱਟਣ ਦੇ ਪਿੱਛੇ ਪਏ।
22 ਸੋ ਪਰਮੇਸ਼ੁਰ ਦੀ ਮੱਦਤ ਪਾ ਕੇ ਮੈਂ ਅੱਜ ਤਾਈਂ ਖੜਾ ਹਾਂ ਅਤੇ ਛੋਟੇ ਵੱਡੇ ਦੇ ਅੱਗੇ ਸਾਖੀ ਦਿੰਦਾ ਹਾਂ ਅਰ ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਭਈ ਹੋਣਗੀਆਂ ਉਨ੍ਹਾਂ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਕਹਿੰਦਾ।
23 ਕਿ ਜਰੂਰ ਹੈ ਜੋ ਮਸੀਹ ਦੁੱਖ ਝੱਲੇ ਅਤੇ ਪਹਿਲਾਂ ਉਹ ਮੁਰਦਿਆਂ ਦੇ ਜੀ ਉੱਠਣ ਤੋਂ ਐਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।
24 ਜਾਂ ਉਹ ਆਪਣਾ ਇਹ ਉਜ਼ਰ ਕਰ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਕਮਲਾ ਹੈਂ, ਬਹੁਤੀ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ !
25 ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਕਮਲਾ ਨਹੀਂ ਸਗੋਂ ਸਚਿਆਈ ਅਤੇ ਸੋਝੀ ਦੀਆਂ ਗੱਲਾਂ ਕਰਦਾ ਹਾਂ।
26 ਕਿਉਂਕਿ ਰਾਜਾ ਜਿਹ ਦੇ ਸਾਹਮਣੇ ਮੈਂ ਬੇਧੜਕ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਕਿਉਂ ਜੋ ਮੈਨੂੰ ਨਿਹਚਾ ਹੈ ਭਈ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਇਸ ਲਈ ਜੋ ਇਹ ਵਾਰਤਾ ਖੂੰਜੇ ਵਿੱਚ ਨਹੀਂ ਹੋਈ।
27 ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਦੀ ਪਰਤੀਤ ਕਰਦੇ ਹੋ ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪਰਤੀਤ ਕਰਦੇ ਹੋ।
28 ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕੀਤੇ ਮਸੀਹੀ ਕਰ ਲਵੇਂ !
29 ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜੇ ਭਾਵੇਂ ਬਹੁਤ ਕੀਤੇ, ਨਿਰਾ ਤੁਸੀਂ ਹੀ ਨਹੀਂ ਪਰ ਓਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ ਇਨ੍ਹਾਂ ਬੰਧਨਾਂ ਤੋਂ ਬਿਨਾ ਏਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ !
30 ਤਦੋਂ ਰਾਜਾ, ਹਾਕਮ, ਬਰਨੀਕੇ ਅਰ ਓਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ।
31 ਅਤੇ ਅੱਡ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਯਾ ਕੈਦ ਹੋਣ ਦੇ ਲਾਇਕ ਕੁਝ ਨਹੀਂ ਕਰਦਾ।
32 ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸੱਕਦਾ।