1 ਯਹੋਵਾਹ ਨੇ ਸਮੂਏਲ ਨੂੰ ਆਖਿਆ, "ਤੂੰ ਸ਼ਾਊਲ ਲਈ ਭਲਾ ਇੰਨੀ ਦੇਰ ਦੁੱਖ ਮਨਾਵੇਂਗਾ? ਤੂੰ ਅਜੇ ਤੀਕ ਉਸ ਲਈ ਉਦਾਸ ਹੋ ਰਿਹਾ ਹੈ ਜਦ ਕਿ ਮੈਂ ਤੈਨੂੰ ਦੱਸਿਆ ਹੈ ਕਿ ਮੈਂ ਉਸਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਤੋਂ ਹਟਕਿਆ ਹੈ। ਤੂੰ ਸਿੰਗ ਵਿੱਚ ਤੇਲ ਭਰ ਅਤੇ ਬੈਤਲਹਮ ਨੂੰ ਜਾ। ਉਥੇ ਮੈਂ ਤੈਨੂੰ ਯਸੀ ਨਾਮ ਦੇ ਇੱਕ ਮਨੁੱਖ ਕੋਲ ਭੇਜ ਰਿਹਾ ਹਾਂ ਜੋ ਕਿ ਬੈਤਲਹਮ ਵਿੱਚ ਰਹਿੰਦਾ ਹੈ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਨਵਾਂ ਪਾਤਸ਼ਾਹ ਚੁਣਿਆ ਹੈ।"
2 ਪਰ ਸਮੂਏਲ ਨੇ ਕਿਹਾ, "ਮੈਂ ਕਿਵੇਂ ਜਾਵਾਂ? ਜੇਕਰ ਮੈਂ ਜਾਵਾਂਗਾ ਅਤੇ ਕਦੇ ਸ਼ਾਊਲ ਨੂੰ ਪਤਾ ਚੱਲੇਗਾ ਤਾਂ ਉਹ ਮੈਨੂੰ ਮਾਰ ਸੁੱਟੇਗਾ।"ਯਹੋਵਾਹ ਨੇ ਕਿਹਾ, "ਜਦ ਤੂੰ ਬੈਤਲਹਮ ਵਿੱਚ ਜਾਵੇਂ ਇੱਕ ਵਛੜਾ ਆਪਣੇ ਨਾਲ ਲੈਂਦਾ ਜਾ ਅਤੇ ਆਖੀਂ 'ਮੈਂ ਯਹੋਵਾਹ ਅੱਗੇ ਬਲੀ ਚੜਾਉਣ ਆਇਆ ਹਾਂ।'
3 ਬਲੀ ਲਈ ਯਸੀ ਨੂੰ ਨਿਉਂਤਾ ਦੇ ਦੇਵੀਂ। ਫ਼ਿਰ ਅਗਾਂਹ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ। ਜਿਹੜੇ ਮਨੁੱਖ ਬਾਰੇ ਮੈਂ ਤੈਨੂੰ ਦੱਸਾਂ ਅਤੇ ਦਿਖਾਵਾਂ ਉਸ ਨੂੰ ਮਸਹ ਜ਼ਰੂਰ ਕਰੀਂ।"
4 ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁਛਣ ਲੱਗੇ, "ਕੀ ਤੂੰ ਸ਼ਾਂਤੀ 'ਚ ਆਇਆ ਹੈਂ?"
5 ਸਮੂਏਲ ਨੇ ਆਖਿਆ, "ਹਾਂ ਮੈਂ ਸ਼ਾਂਤੀ 'ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।" ਸਮੂਏਲ ਨੇ ਯਸੀ ਅਤੇ ਉਸਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।
6 ਜਦੋਂ ਯਸੀ ਅਤੇ ਉਸਦੇ ਪੁੱਤਰ ਆਏ ਤਾਂ ਸਮੂਏਲ ਨੇ ਉਥੇ ਅਲੀਆਬ ਨੂੰ ਵੇਖਿਆ। ਸਮੂਏਲ ਨੇ ਸੋਚਿਆ, "ਜ਼ਰੂਰੀ ਹੈ ਕਿ ਇਹੀ ਮਨੁੱਖ ਹੋਵੇਗਾ ਜਿਸਨੂੰ ਯਹੋਵਾਹ ਨੇ ਚੁਣਿਆ।"
7 ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, "ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।"
8 ਤਦ ਯਸੀ ਨੇ ਆਪਨੇ ਦੂਜੇ ਪੁੱਤਰ ਨੂੰ ਬੁਲਾਇਆ ਜਿਸਦਾ ਨਾਉਂ ਅਬੀਨਾਦਾਬ। ਫ਼ਿਰ ਅਬੀਨਾਦਾਬ ਨੂੰ ਯਸੀ ਨੇ ਸਮੂਏਲ ਦੇ ਅੱਗੇ ਕੀਤਾ ਤਾਂ ਸਮੂਏਲ ਨੇ ਕਿਹਾ, "ਨਹੀਂ, ਇਸਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।"
9 ਤਦ ਯਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਸਮੂਏਲ ਬੋਲਿਆ, "ਨਹੀਂ, ਯਹੋਵਾਹ ਨੇ ਇਸ ਆਦਮੀ ਨੂੰ ਵੀ ਨਹੀਂ ਚੁਣਿਆ।"
10 ਯਸੀ ਨੇ ਆਪਨੇ ਸੱਤ ਪੁੱਤਰ ਸਮੂਏਲ ਨੂੰ ਵਿਖਾਏ ਪਰ ਉਸਨੇ ਯਸੀ ਨੂੰ ਕਿਹਾ, "ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।"
11 ਤਦ ਸਮੂਏਲ ਨੇ ਯਸੀ ਨੂੰ ਕਿਹਾ, "ਕੀ ਇਹੀ ਤੇਰੇ ਪੁੱਤਰ ਸਨ?"ਯਸੀ ਨੇ ਆਖਿਆ, "ਨਹੀਂ! ਮੇਰਾ ਇੱਕ ਹੋਰ ਪੁੱਤਰ ਵੀ ਹੈ ਜੋ ਇਨ੍ਹਾਂ ਸਭਨਾ ਤੋਂ ਛੋਟਾ ਹੈ, ਪਰ ਉਹ ਇਸ ਵਖਤ ਇੱਜੜ ਨੂੰ ਅਜੇ ਚਰਾਉਂਦਾ ਹੈ।"ਸਮੂਏਲ ਨੇ ਕਿਹਾ, "ਉਸਨੂੰ ਨੂੰ ਵੀ ਬੁਲਾ ਉਸ ਨੂੰ ਇੱਥੇ ਲੈਕੇ ਆ। ਅਸੀਂ ਉਸ ਵਕਤ ਤੱਕ ਭੋਜਨ ਨਹੀਂ ਛਕਾਂਗੇ ਜਦ ਤੀਕ ਉਹ ਇੱਥੇ ਨਹੀਂ ਆਉਂਦਾ।"
12 ਯਸੀ ਨੇ ਕਿਸੇ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਇੱਥੇ ਬੁਲਾਉਣ ਲਈ ਭੇਜਿਆ। ਇਹ ਉਸਦਾ ਪੁੱਤਰ ਵੇਖਣ ਵਿੱਚ ਸੋਹਣਾ ਲਾਲ ਰੰਗ ਅਤੇ ਸੁੰਦਰ ਦਿਖਣ ਵਾਲਾ ਨੌਜੁਵਾਨ ਸੀ।ਯਹੋਵਾਹ ਨੇ ਸਮੂਏਲ ਨੂੰ ਕਿਹਾ, "ਉਠ ਅਤੇ ਇਸਦਾ ਮਸਹ ਕਰ। ਇਹੀ ਹੈ ਉਹ।"
13 ਸਮੂਏਲ ਨੇ ਉਹ ਸਿੰਗ ਜਿਸ ਵਿੱਚ ਤੇਲ ਭਰਿਆ ਹੋਇਆ ਸੀ ਚੁਕਿਆ ਅਤੇ ਯਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਉਸਦੇ ਸਾਰੇ ਭਰਾਵਾਂ ਦੇ ਸਾਮ੍ਹਣੇ ਉਸਦੇ ਸਿਰ ਵਿੱਚ ਉਹ ਤੇਲ ਰੋੜਕੇ ਉਸਨੂੰ ਮਸਹ ਕੀਤਾ। ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਬੜੀ ਜ਼ੋਰ ਦੀ ਦਾਊਦ ਉੱਪਰ ਆਉਂਦਾ ਰਿਹਾ। ਉਸਤੋਂ ਬਾਦ ਸਮੂਏਲ ਰਾਮਾਹ ਨੂੰ ਵਿਦਾ ਹੋਇਆ।
14 ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ।
15 ਸ਼ਾਊਲ ਦੇ ਨੌਕਰਾਂ ਨੇ ਉਸਨੂੰ ਕਿਹਾ, "ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ।"
16 ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚਢ਼ੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।"
17 ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, "ਜਾਓ ਅਤੇ ਅਜਿਹਾ ਸਂਜਿਦਾ ਲਭੋ ਜਿਹੜਾ ਅਜਿਹਾ ਹੁਸ਼ਿਆਰ ਹੋਵੇ ਧੁਨ ਵਜਾਉਣ ਵਿੱਚ ਉਸਨੂੰ ਮੇਰੇ ਕੋਲ ਲੈਕੇ ਆਵੋ।"
18 ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, "ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯਸੀ ਹੈ। ਮੈਂ ਉਸਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨਖਾ ਵੀ ਹੈ ਅਤੇ ਯਹੋਵਾਹ ਵੀ ਉਸਦੇ ਵੱਲ ਹੈ।
19 ਤਾਂ ਸ਼ਾਊਲ ਨੇ ਯਸੀ ਵੱਲ ਆਪਣੇ ਹਰਕਾਰੇ ਭੇਜੇ। ਉਨ੍ਹਾਂ ਨੇ ਯਸੀ ਨੂੰ ਕਿਹਾ, "ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸਨੂੰ ਮੇਰੇ ਨਾਲ ਭੇਜ।"
20 ਉਪਰੰਤ ਯਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲਦ੍ਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈਕੇ ਆਪਣੇ ਪੁੱਤਰ ਦਾਊਦ ਦੇ ਹਥੀਂ ਸ਼ਾਊਲ ਕੋਲ ਭੇਜਿਆ।
21 ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸਦੇ ਸਾਮ੍ਹਣੇ ਖੜਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸਦੇ ਸ਼ਸਤਰ ਚੁੱਕਦਾ ਸੀ।
22 ਸ਼ਾਊਲ ਨੇ ਯਸੀ ਨੂੰ ਇੱਕ ਸੁਨਿਹਾ ਭੇਜਿਆ, "ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।"
23 ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜਦਾ ਤਾਂ ਦਾਊਦ ਬਰਬਤ ਸਾਜ਼ ਲੈਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।