1 ਜਦੋਂ ਸਮੂਏਲ ਬੁਢਾ ਹੋ ਗਿਆ ਤਾਂ ਉਸਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ।
2 ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਆਤੇ ਦੂਜੇ ਪੁੱਤਰ ਦਾ ਅਬਿਯ੍ਯਾਹ। ਯੋਏਲ ਅਤੇ ਅਬਿਯ੍ਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ।
3 ਪਰ ਸਮੂਏਲ ਦੇ ਪੁੱਤਰ ਉਸਦੇ ਵਾਂਗ ਨਾ ਰਹੇ। ਯੋਏਲ ਅਤੇ ਅਬਿਯ੍ਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ।
4 ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ।
5 ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, "ਤੂੰ ਹੁਣ ਬੁਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸਕੇ।"
6 ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸਨੂੰ ਦੁਰਵਿਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
7 ਯਹੋਵਾਹ ਨੇ ਸਮੂਏਲ ਨੂੰ ਕਿਹਾ, "ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰਦ੍ਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰਦ੍ਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ।
8 ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ।
9 ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!"
10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸਨੂੰ ਯਹੋਵਾਹ ਨੇ ਆਖਿਆ ਸੀ।
11 ਸਮੂਏਲ ਨੇ ਕਿਹਾ, "ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰਥ ਦੇ ਅੱਗੇ ਉਸਦੇ ਰਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸਦੇ ਅੱਗੇ-ਅੱਗੇ ਭੱਜਣਗੇ।
12 ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ
1 ,000 ਮਨੁਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ
50 ਦੇ ਉੱਪਰ।ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹਲ੍ਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।
13 "ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।
14 "ਪਾਤਸ਼ਾਹ ਤੁਹਾਡੀਆਂ ਸਭ ਤੋਂ ਵਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ।
15 ਉਹ ਤੁਹਾਡੇ ਅਨਾਜ਼ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।
16 ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ।
17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ। "ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ।
18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।"
19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, "ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸਕੇ।
20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸਕੇ।"
21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ।
22 ਯਹੋਵਾਹ ਨੇ ਆਖਿਆ, "ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।"ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, "ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।"