1 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, "ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।"
2 ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ
3 ,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈਕੇ ਦਾਊਦ ਅਤੇ ਉਸਦੇ ਸਾਥੀਆਂ ਨੂੰ ਲਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲਭਿਆ।
3 ਸ਼ਾਊਲ ਦਾਊਦ ਨੂੰ ਲਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚਲਾ ਗਿਆ। ਉਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸਦੇ ਸਾਥੀ ਲੁਕੇ ਹੋਏ ਸਨ।
4 ਦਾਊਦ ਦੇ ਸਾਥੀਆਂ ਨੇ ਆਖਿਆ, "ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, "ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।"ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ।
5 ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁਕਰ ਕੱਟਣ ਦਾ ਅਫ਼ਸੋਸ ਲੱਗਾ।
6 ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, "ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।"
7 ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸਦੇ ਆਦਮੀ ਸ਼ਾਊਲ ਨੂੰ ਮਾਰਨ।ਸ਼ਾਊਲ ਗੁਫ਼ਾ ਛੱਡਕੇ ਆਪਣੇ ਰਾਹ ਨੂੰ ਹੋਇਆ।
8 ਦਾਊਦ ਗੁਫ਼ਾ ਵਿੱਚੋਂ ਬਾਹਰ ਨਿਕਲਿਆ ਅਤੇ ਸ਼ਾਊਲ ਨੂੰ ਲਲਕਾਰਿਆ, "ਹੇ ਮੇਰੇ ਮਹਾਰਾਜ ਪਾਤਸ਼ਾਹ!"ਸ਼ਾਊਲ ਵੇਖਣ ਲਈ ਪਿਛੇ ਮੁੜਿਆ। ਦਾਊਦ ਉਸਨੂੰ ਇੱਜ਼ਤ ਦੇਣ ਲਈ ਧਰਤੀ ਉੱਤੇ ਝੁਕ ਗਿਆ।
9 ਦਾਊਦ ਨੇ ਸ਼ਾਊਲ ਨੂੰ ਕਿਹਾ, "ਤੂੰ ਲੋਕਾਂ ਦੀ ਕਿਉਂ ਸੁਣਦਾ ਹੈਂ ਜਦੋਂ ਉਹ ਤੈਨੂੰ ਇਹ ਆਖਦੇ ਹਨ ਕਿ, 'ਦਾਊਦ ਤੈਨੂੰ ਮਾਰਨ ਦੀ ਵਿਉਂਤ ਕਰਦਾ ਪਿਆ ਹੈ?'
10 ਮੈਂ ਤੈਨੂੰ ਦੁੱਖ ਦੇਣਾ ਨਹੀਂ ਚਾਹੁੰਦਾ! ਇਹ ਤੂੰ ਆਪਣੀਆਂ ਅਖਾਂ ਨਾਲ ਖੁਦ ਦੇਖ ਸਕਦਾ ਹੈ। ਯਹੋਵਾਹ ਨੇ ਤੈਨੂੰ ਅੱਜ ਮੈਨੂੰ ਮਿਲਣ ਦਾ ਮੌਕਾ ਦਿੱਤਾ, ਪਰ ਮੈਂ ਤੈਨੂੰ ਮਾਰਨ ਤੋਂ ਇਨਕਾਰ ਕੀਤਾ। ਮੈਨੂੰ ਤੇਰੇ ਉੱਤੇ ਤਰਸ ਆਇਆ। ਮੈਂ ਕਿਹਾ, 'ਮੈਂ ਆਪਣੇ ਸੁਆਮੀ ਉੱਤੇ ਘਾਤ ਨਹੀਂ ਕਰਾਂਗਾ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ।'
11 ਇਹ ਵੇਖ ਜੋ ਮੇਰੇ ਹੱਥ ਵਿੱਚ ਤੇਰੇ ਚੋਗੇ ਦੀ ਕਂਤਰ ਹੈ, ਮੈਂ ਤੈਨੂੰ ਮਾਰ ਸਕਦਾ ਸੀ, ਪਰ ਮੈਂ ਅਜਿਹਾ ਨਾ ਕੀਤਾ। ਹੁਣ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਅਤੇ ਤੈਨੂੰ ਇਹ ਦੱਸਣ ਚਾਹੁੰਦਾ ਹਾਂ ਕਿ ਮੇਰਾ ਤੇਰੇ ਵਿਰਧ ਕੋਈ ਚਾਲ ਚੱਲਣ ਦਾ ਵਿਚਾਰ ਨਹੀਂ। ਮੈਂ ਤੇਰੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਤੂੰ ਸ਼ਿਕਾਰੀਆਂ ਵਾਂਗ ਮੇਰਾ ਸ਼ਿਕਾਰ ਕਰਕੇ ਮੈਨੂੰ ਮਾਰ ਉੱਤੇ ਤੁਲਿਆ ਹੋਇਆ ਹੈ।
12 ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ।
13 ਇੱਕ ਪੁਰਾਨੀ ਕਹਾਵਤ ਹੈ ਨਾ ਕਿ, 'ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ।'ਮੈਂ ਕੁਝ ਵੀ ਤੇਰੇ ਨਾਲ ਮਾੜਾ ਨਹੀਂ ਕੀਤਾ, ਮੈਂ ਬੁਰਾ ਆਦਮੀ ਨਹੀਂ ਹਾਂ। ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ।
14 ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿਸ੍ਸੂ ਦਾ ਪਿੱਛਾ ਕਰ ਰਿਹਾ ਹੈ?
15 ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸਨੂੰ ਹੀ ਤੇਰੇ ਅਤੇ ਮੇਰੇ ਵਿਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।"
16 ਜਦੋਂ ਦਾਊਦ ਬੋਲ ਹਟਿਆ ਤਾਂ ਸ਼ਾਊਲ ਨੇ ਕਿਹਾ, "ਦਾਊਦ! ਮੇਰੇ ਪੁੱਤਰ! ਕੀ ਇਹ ਤੂੰ ਆਪਣੀ ਆਵਾਜ਼ 'ਚ ਬੋਲ ਰਿਹਾ ਸੀ?" ਤੱਦ ਸ਼ਾਊਲ ਨੇ ਰੋਣਾ ਸ਼ੁਰੂ ਕਰ ਦਿੱਤਾ।
17 ਉਹ ਬਹੁਤ ਰੋਇਆ ਅਤੇ ਕਹਿਣ ਲੱਗਾ, "ਹਾਂ ਤੂੰ ਸਹੀ ਸੀ ਅਤੇ ਮੈਂ ਗਲਤ।" ਤੂੰ ਤਾਂ ਹਮੇਸ਼ਾ ਮੇਰੇ ਨਾਲ ਭਲਾਈ ਕੀਤੀ ਹੈ ਪਰ ਮੈਂ ਹੀ ਤੇਰੇ ਨਾਲ ਬੁਰਾ ਕਰਦਾ ਰਿਹਾ ਹਾਂ।
18 ਅੱਜ ਤੂੰ ਮੈਨੂੰ ਦੱਸਿਆ ਜੋ ਨੇਕਨਾਮੀਆਂ ਤੂੰ ਮੇਰੇ ਨਾਲ ਕੀਤੀਆਂ। ਯਹੋਵਾਹ ਨੇ ਤੈਨੂੰ ਮੇਰੇ ਸਾਮ੍ਹਣੇ ਕਰਕੇ ਮੈਨੂੰ ਤੇਰੇ ਹਵਾਲੇ ਕੀਤਾ, ਪਰ ਤੂੰ ਮੈਨੂੰ ਨਾ ਮਾਰਿਆ।
19 ਇਥੋਂ ਪਤਾ ਚਲਿਆ ਕਿ ਤੂੰ ਮੇਰਾ ਵੈਰੀ ਨਹੀਂ ਹੈ। ਕੋਈ ਵੀ ਮਨੁੱਖ ਆਪਣੇ ਦੁਸ਼ਮਣ ਨੂੰ ਫ਼ੜਕੇ ਛੱਡਦਾ ਨਹੀਂ। ਉਹ ਆਪਣੇ ਦੁਸ਼ਮਣ ਨਾਲ ਭਲਾਈ ਨਹੀਂ ਕਰਦਾ। ਮੈਂ ਆਸ ਕਰਦਾ ਹਾਂ ਕਿ ਯਹੋਵਾਹ ਤੇਰੀ ਅੱਜ ਦੀ ਇਸ ਭਲਾਈ ਦਾ ਤੈਨੂੰ ਜ਼ਰੂਰ ਇਨਾਮ ਦੇਵੇਗਾ।
20 ਮੈਂ ਜਾਣਦਾ ਹਾਂ ਕਿ ਇਸਰਾਏਲ ਦਾ ਤੂੰ ਨਵਾਂ ਪਾਤਸ਼ਾਹ ਬਣ ਕੇ ਇਸਰਾਏਲ ਉੱਤੇ ਰਾਜ ਕਰੇਂਗਾ।
21 ਹੁਣ ਮੇਰੇ ਨਾਲ ਸੌਂਹ ਚੁੱਕ। ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕਿ ਤੂੰ ਮੇਰੇ ਪਿਛੇ ਮੇਰੇ ਉੱਤਰਾਧਿਕਾਰੀਆਂ ਦਾ ਨਾਸ਼ ਨਹੀਂ ਕਰੇਂਗਾ ਅਤੇ ਮੇਰੇ ਨਾਮ ਅਤੇ ਮੇਰੇ ਪਿਉ ਦੀ ਅੰਸ਼ ਨੂੰ ਖਤਮ ਨਹੀਂ ਕਰੇਂਗਾ।"
22 ਤੱਦ ਦਾਊਦ ਨੇ ਸ਼ਾਊਲ ਨੂੰ ਵਚਨ ਕੀਤਾ। ਉਸਨੇ ਸੌਂਹ ਚੁੱਕੀ ਕਿ ਉਹ ਸ਼ਾਊਲ ਦੇ ਪਰਿਵਾਰ ਦਾ ਨਾਸ਼ ਨਹੀਂ ਕਰੇਂਗਾ। ਤੱਦ ਸ਼ਾਊਲ ਘਰ ਨੂੰ ਵਾਪਸ ਪਰਤ ਗਿਆ। ਦਾਊਦ ਅਤੇ ਉਸਦੇ ਸਾਥੀ ਪੱਕੀ ਥਾਂ ਨੂੰ ਪਰਤ ਗਏ।