1 ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਅਫ਼ਸਰਾਂ ਨੂੰ ਦਾਊਦ ਨੂੰ ਮਾਰ ਮੁਕਾਉਣ ਲਈ ਕਿਹਾ ਪਰ ਯੋਨਾਥਾਨ ਦਾਊਦ ਨੂੰ ਬੜਾ ਪਿਆਰ ਕਰਦਾ ਸੀ।
2 ਯੋਨਾਥਾਨ ਨੇ ਦਾਊਦ ਨੂੰ ਖਬਰਦਾਰ ਕੀਤਾ ਕਿ, "ਸਤਰਕ ਰਹੀ! ਸ਼ਾਊਲ ਤੈਨੂੰ ਮਾਰ ਮੁਕਾਉਣ ਦਾ ਮੌਕਾ ਲਭ ਰਿਹਾ ਹੈ। ਤੂੰ ਸਵੇਰੇ ਜਾਕੇ ਖੇਤਾਂ ਵਿੱਚ ਲੁਕ ਜਾ। ਮੈਂ ਆਪਣੇ ਪਿਉ ਨਾਲ ਖੇਤਾਂ ਨੂੰ ਜਾਵਾਂਗਾ ਅਤੇ ਖੇਤਾਂ ਵਿੱਚ ਉਥੇ ਖਲੋਵਾਂਗੇ ਜਿਥੇ ਤੂੰ ਲੁਕਿਆ ਹੋਇਆ ਹੋਵੇਂਗਾ ਫ਼ਿਰ ਮੈਂ ਆਪਣੇ ਪਿਉ ਨਾਲ ਤੇਰੇ ਬਾਰੇ ਗੱਲਾਂ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਤੈਨੂੰ ਦੱਸਾਂਗਾ।"
3
4 ਸੋ ਯੋਨਾਥਾਨ ਨੇ ਆਪਣੇ ਪਿਉ ਨਾਲ ਦਾਊਦ ਦੀ ਵਡਿਆਈ ਕੀਤੀ ਅਤੇ ਕਿਹਾ, "ਤੂੰ ਪਾਤਸ਼ਾਹ ਹੈਂ ਅਤੇ ਦਾਊਦ ਤੇਰਾ ਸੇਵਕ ਹੈ ਅਤੇ ਉਸਨੇ ਤੇਰਾ ਕੁਝ ਵਿਗਾੜਿਆ ਵੀ ਨਹੀਂ ਇਸ ਲਈ ਤੂੰ ਉਸ ਨਾਲ ਬੁਰਾ ਨਾ ਕਰ।
5 ਦਾਊਦ ਨੇ ਤਾਂ ਸਗੋਂ ਆਪਣੀ ਜਾਨ ਖਤੇਰੇ ਵਿੱਚ ਪਾਕੇ ਉਸ ਫ਼ਲਿਸਤੀ (ਗੋਲਿਆਥ) ਨੂੰ ਵੀ ਜਾਨੋਂ ਮਾਰਿਆ ਸੀ। ਯਹੋਵਾਹ ਨੇ ਇਸਰਾਏਲ ਨੂੰ ਵੱਡੀ ਜਿੱਤ ਦਿੱਤੀ ਸੀ। ਤੂੰ ਇਹ ਸਭ ਵੇਖਿਆ ਅਤੇ ਵੇਖਕੇ ਖੁਸ਼ ਵੀ ਹੋਇਆ। ਤਾਂ ਫ਼ਿਰ ਤੂੰ ਦਾਊਦ ਨੂੰ ਦੁੱਖ ਕਿਉਂ ਦੇਣਾ ਚਾਹੁੰਦਾ ਹੈਂ? ਉਹ ਮਾਸੂਮ ਹੈ। ਮੈਨੂੰ ਤਾਂ ਉਸਨੂੰ ਮਾਰਨ ਦੀ ਕੋਈ ਵਜਹ ਨਜ਼ਰ ਨਹੀਂ ਆਉਂਦੀ।"
6 ਸ਼ਾਊਲ ਨੇ ਯੋਨਾਥਾਨ ਦੀ ਸਾਰੀ ਗੱਲ ਸੁਣੀ ਤਾਂ ਉਸਨੇ ਵਚਨ ਦਿੱਤਾ ਅਤੇ ਆਖਿਆ, "ਜਦ ਤੱਕ ਯਹੋਵਾਹ ਜਿਉਂਦਾ ਹੈ, ਦਾਊਦ ਨੂੰ ਮਾਰਿਆ ਨਾ ਜਾਵੇਗਾ।"
7 ਤਾਂ ਯੋਨਾਥਾਨ ਨੇ ਉਹ ਸਭ ਕੁਝ ਜੋ ਗੱਲ-ਬਾਤ ਸ਼ਾਊਲ ਨਾਲ ਹੋਈ ਸਭ ਦਾਊਦ ਨੂੰ ਬੁਲਾਕੇ ਦਸੀ। ਫ਼ੇਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਅਤੇ ਇਹ ਮੁੜ ਤੋਂ ਪਹਿਲਾਂ ਵਾਂਗ ਇਕਠੇ ਹੋ ਗਏ।
8 ਜੰਗ ਦੁਬਾਰਾ ਸ਼ੁਰੂ ਹੋਈ ਅਤੇ ਦਾਊਦ ਫ਼ੇਰ ਫ਼ਲਿਸਤਿਆਂ ਦੇ ਖਿਲਾਫ਼ ਲੜਨ ਗਿਆ। ਫ਼ਲਿਸਤੀ ਉਸ ਕੋਲੋਂ ਹਾਰਕੇ ਭੱਜ ਗਏ।
9 ਪਰ ਇੱਕ ਦੁਸ਼ਟ ਆਤਮਾ ਯਹੋਵਾਹ ਵੱਲੋਂ ਸ਼ਾਊਲ ਕੋਲ ਆਇਆ। ਸ਼ਾਊਲ ਆਪਣੇ ਘਰੀਂ ਬੈਠਾ ਹੋਇਆ ਸੀ, ਉਸਦੇ ਹੱਥ ਵਿੱਚ ਇੱਕ ਸਾਂਗ ਫ਼ੜੀ ਹੋਈ ਸੀ ਅਤੇ ਦਾਊਦ ਬਰਬਤ ਵਜਾ ਰਿਹਾ ਸੀ।
10 ਸ਼ਾਊਲ ਨੇ ਆਪਣੀ ਸਾਂਗ ਦਾਊਦ ਦੇ ਸ਼ਰੀਰ ਵਿੱਚ ਖੋਭਕੇ ਉਸਨੂੰ ਕੰਧ ਵਿੱਚ ਖੋਭਣਾ ਚਾਹਿਆ ਪਰ ਦਾਊਦ ਇੱਕ ਪਾਸੇ ਨੂੰ ਕੁਦ੍ਦ ਗਿਆ ਤਾਂ ਸਾਂਗ ਦਾਊਦ ਨੂੰ ਵੱਜਣ ਦੀ ਬਜਾਈ ਕੰਧ ਵਿੱਚ ਜਾ ਵਜ੍ਜੀ। ਉਸੇ ਰਾਤ ਦਾਊਦ ਉਥੋਂ ਭੱਜ ਗਿਆ।
11 ਸ਼ਾਊਲ ਨੇ ਉਸ ਉੱਤੇ ਨਜ਼ਰ ਰੱਖਣ ਅਤੇ ਸਵੇਰੇ ਉਸਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਰਕਾਰੇ ਭੇਜੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸਨੂੰ ਚਿਤਾਵਨੀ ਦਿੰਦੇ ਆਖਿਆ, "ਤੂੰ ਇਥੋਂ ਭੱਜ ਜਾ! ਜੇ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਤੂੰ ਨੱਸ ਜਾ ਨਹੀਂ ਤਾਂ ਕੱਲ ਤੱਕ ਤੂੰ ਮਾਰਿਆ ਜਾਵੇਂਗਾ।"
12 ਤਾਂ ਮੀਕਲ ਨੇ ਦਾਊਦ ਨੂੰ ਬਾਰੀ ਵਾਲੇ ਪਾਸਿਉਂ ਥੱਲੇ ਕਢਿਆ ਅਤੇ ਉਹ ਬਚਕੇ ਉਥੋਂ ਨੱਸ ਗਿਆ।
13 ਤਦ ਮੀਕਲ ਨੇ ਘਰ ਵਿੱਚ ਪਿਆ ਇੱਕ ਬੁੱਤ ਲੈਕੇ ਮੰਜੇ ਉੱਤੇ ਲੰਮਾ ਪਾ ਛੱਡਿਆ ਅਤੇ ਉਸਦੇ ਸਿਰਾਹਣੇ ਬੱਕਰੇ ਦੇ ਵਾਲ ਰੱਖ ਦਿੱਤੇ।
14 ਸ਼ਾਊਲ ਨੇ ਹਰਕਾਰੇ ਭੇਜੇ ਕਿ ਦਾਊਦ ਨੂੰ ਬੰਦੀ ਬਣਾਕੇ ਲੈ ਆਉ। ਪਰ ਮੀਕਲ ਨੇ ਕਿਹਾ, "ਦਾਊਦ ਬਿਮਾਰ ਹੈ।"
15 ਆਦਮੀ ਗਏ ਅਤੇ ਉਨ੍ਹਾਂ ਨੇ ਜਾਕੇ ਸ਼ਾਊਲ ਨੂੰ ਇਹ ਸਭ ਕਿਹਾ ਪਰ ਉਸਨੇ ਦੁਬਾਰਾ ਉਨ੍ਹਾਂ ਨੂੰ ਦਾਊਦ ਨੂੰ ਆਪ ਵੇਖਕੇ ਆਉਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਇਹ ਵੀ ਆਖਿਆ, "ਤੁਸੀਂ ਹਰ ਹਾਲਤ ਵਿੱਚ ਉਸਨੂੰ ਮੇਰੇ ਕੋਲ ਲੈ ਆਓ। ਜੇਕਰ ਉਹ ਬਿਮਾਰ ਹੈ ਤਾਂ ਉਸਨੂੰ ਮੰਜੇ ਉੱਤੇ ਪਏ ਨੂੰ ਹੀ ਲੈ ਆਓ, ਮੈਂ ਉਸਨੂੰ ਮਾਰਕੇ ਹੀ ਛੱਡਾਂਗਾ।"
16 ਹਰਕਾਰੇ ਫ਼ਿਰ ਦਾਊਦ ਦੇ ਘਰ ਗਏ। ਉਹ ਘਰ ਦੇ ਅੰਦਰ ਦਾਊਦ ਨੂੰ ਫ਼ੜਨ ਲਈ ਗਏ ਪਰ ਉਨ੍ਹਾਂ ਜਾਕੇ ਵੇਖਿਆ ਕਿ ਉਥੇ ਉਸਦੀ ਥਾਵੇਂ ਇੱਕ ਬੁੱਤ ਪਿਆ ਹੈ ਅਤੇ ਇਹ ਵਾਲ ਉਸਦੇ ਨਹੀਂ ਸਿਰਹਾਨੇ ਬੱਕਰੇ ਦੇ ਵਾਲ ਹਨ।
17 ਸ਼ਾਊਲ ਨੇ ਮੀਕਲ ਨੂੰ ਕਿਹਾ, "ਤੂੰ ਇਉਂ ਮੈਨੂੰ ਧੋਖਾ ਕਿਉਂ ਦਿੱਤਾ? ਤੂੰ ਮੇਰੇ ਦੁਸ਼ਮਣ ਨੂੰ ਹਥੋਂ ਜਾਣ ਦਿੱਤਾ ਅਤੇ ਦਾਊਦ ਭੱਜ ਗਿਆ?" ਮੀਕਲ ਨੇ ਸ਼ਾਊਲ ਨੂੰ ਜਵਾਬ 'ਚ ਕਿਹਾ, "ਦਾਊਦ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਜਾਣ ਦੇਵੇ ਨਹੀਂ ਤਾਂ ਉਹ ਮੈਨੂੰ ਮਾਰ ਸੁੱਟੇਗਾ।"
18 ਦਾਊਦ ਭੱਜਕੇ, ਬਚਕੇ ਰਾਮਾਹ ਵਿੱਚ ਸਮੂਏਲ ਕੋਲ ਪਹੁੰਚ ਗਿਆ। ਦਾਊਦ ਨੇ ਸਭ ਕੁਝ ਜੋ ਸ਼ਾਊਲ ਨੇ ਉਸ ਨਾਲ ਕੀਤਾ ਸਭ ਸਮੂਏਲ ਨੂੰ ਜਾਕੇ ਸੁਣਾਇਆ। ਤਦ ਸਮੂਏਲ ਅਤੇ ਦਾਊਦ ਡੇਰੇ ਵੱਲ ਮੁੜੇ। ਜਿਥੇ ਕਿ ਨਬੀਆਂ ਦੀ ਟੋਲੀ ਠਹਿਰੀ ਸੀ ਦਾਊਦ ਵੀ ਉਥੇ ਹੀ ਠਹਿਰਿਆ ਸੀ।
19 ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਰਾਮਾਹ ਦੇ ਨੇੜੇ ਕਿਤੇ ਡੇਰੇ ਵਿੱਚ ਰੁਕਿਆ ਹੋਇਆ ਹੈ।
20 ਉਸਨੇ ਕੁਝ ਹਰਕਾਰੇ ਉਸਨੂੰ ਫ਼ੜਨ ਲਈ ਭੇਜੇ। ਪਰ ਜਿਸ ਵਕਤ ਉਹ ਆਦਮੀ ਡੇਰੇ ਨੂੰ ਆਏ ਉਥੇ ਕੁਝ ਨਬੀ ਅਗੰਮੀ ਵਾਕ ਕਰ ਰਹੇ ਸਨ ਅਤੇ ਸਮੂਏਲ ਉਸ ਟੋਲੇ ਦਾ ਆਗੂ ਉਥੇ ਖੜਾ ਸੀ। ਤਦ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਰਕਾਰਿਆਂ ਉੱਤੇ ਪ੍ਰਗਟ ਹੋਇਆ ਅਤੇ ਉਹ ਵੀ ਅਗੰਮੀ ਵਾਕ ਬੋਲਣ ਲੱਗ ਪਿਆ।
21 ਸ਼ਾਊਲ ਨੇ ਇਸ ਬਾਰੇ ਸੁਣਿਆ, ਇਸ ਲਈ ਉਸਨੇ ਹੋਰ ਹਰਕਾਰੇ ਭੇਜੇ। ਪਰ ਉਹ ਵੀ ਭਵਿਖਬਾਣੀ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਤੀਸਰੀ ਵਾਰ ਹਰਕਾਰੇ ਭੇਜੇ। ਅਤੇ ਉਹ ਵੀ ਭਵਿਖਬਾਣੀ ਕਰਨ ਲੱਗ ਪਏ।
22 ਅਖੀਰ ਸ਼ਾਊਲ ਆਪ ਰਾਮਾਹ ਨੂੰ ਗਿਆ। ਅਤੇ ਉਹ ਵੱਡੇ ਖੂਹ ਸੇਕੂ ਵਿੱਚ ਹੈ ਕੋਲ ਪਹੁੰਚ ਗਿਆ ਤਾਂ ਉਸਨੇ ਪੁਛਿਆ, "ਸਮੂਏਲ ਅਤੇ ਦਾਊਦ ਕਿਥੇ ਹਨ?"ਤਾਂ ਲੋਕਾਂ ਨੇ ਕਿਹਾ, "ਰਾਮਾਹ ਦੇ ਲੋਕ ਡੇਰੇ ਵਿੱਚ।"
23 ਤਦ ਸ਼ਾਊਲ ਰਾਮਾਹ ਦੇ ਕੋਲ ਡੇਰੇ ਵੱਲ ਨੂੰ ਗਿਆ। ਪਰਮੇਸ਼ੁਰ ਦਾ ਆਤਮਾ ਸ਼ਾਊਲ ਕੋਲ ਆਇਆ ਅਤੇ ਸ਼ਾਊਲ ਨੇ ਵੀ ਅਗੰਮੀ ਵਾਕ ਬੋਲਣੇ ਸ਼ੁਰੂ ਕੀਤੇ। ਅਤੇ ਉਹ ਤੁਰਦਾ-ਤੁਰਦਾ ਰਾਮਾਹ ਤੋਂ ਅਗੰਮੀ ਵਾਕ ਆਖੀ ਗਿਆ। ਫ਼ਿਰ ਸ਼ਾਊਲ ਨੇ ਆਪਣੇ ਕੱਪੜੇ ਵੀ ਲਾਹ ਸੁੱਟੇ।
24 ਇਥੋਂ ਤੱਕ ਕਿ ਉਹ ਸਮੂਏਲ ਦੇ ਅੱਗੇ ਵੀ ਅਗੰਮੀ ਵਾਕ ਆਖਦਾ ਸਾਰਾ ਦਿਨ ਅਤੇ ਰਾਤ ਉਥੇ ਨੰਗਾ ਪਿਆ ਰਿਹਾ।ਤਾਂ ਹੀ ਲੋਕ ਆਖਦੇ ਹਨ ਕਿ, "ਕਿ ਸ਼ਾਊਲ ਵੀ ਨਬੀਆਂ ਵਿੱਚੋਂ ਇੱਕ ਸੀ?"