Home

ਪੈਦਾਇਸ਼

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50


-Reset+

ਕਾਂਡ 31

1 1 ਇੱਕ ਦਿਨ, ਯਾਕੂਬ ਨੇ ਲਾਬਾਨ ਦੇ ਪੁੱਤਰਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ। ਉਨ੍ਹਾਂ ਆਖਿਆ, “ਯਾਕੂਬ ਨੇ ਸਾਡੇ ਪਿਤਾ ਦੀ ਹਰ ਸ਼ੈਅ ਹਥਿਆ ਲਈ ਹੈ। ਯਾਕੂਬ ਅਮੀਰ ਹੋ ਗਿਆ ਹੈ, ਅਤੇ ਉਸਨੇ ਇਹ ਸਾਰੀ ਦੌਲਤ ਸਾਡੇ ਪਿਉ ਕੋਲੋਂ ਹਥਿਆਈ ਹੈ।”
2 ਫ਼ੇਰ ਯਾਕੂਬ ਨੇ ਦੇਖਿਆ ਕਿ ਲਾਬਾਨ ਦਾ ਵਿਹਾਰ ਵੀ ਹੁਣ ਪਹਿਲਾਂ ਵਾਂਗ ਦੋਸਤਾਨਾ ਨਹੀਂ ਸੀ।
3 ਯਹੋਵਾਹ ਨੇ ਯਾਕੂਬ ਨੂੰ ਆਖਿਆ, “ਆਪਣੀ ਧਰਤੀ ਉੱਤੇ ਵਾਪਸ ਚਲਿਆ ਜਾ ਜਿਥੇ ਤੇਰੇ ਪੁਰਖੇ ਰਹਿੰਦੇ ਸਨ। ਮੈਂ ਤੇਰੇ ਨਾਲ ਹੋਵਾਂਗਾ।”
4 ਇਸ ਲਈ ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ ਕਿ ਉਹ ਉਸ ਨੂੰ ਖੇਤਾਂ ਵਿੱਚ ਆਕੇ ਮਿਲਣ ਜਿਥੇ ਉਹ ਆਪਣੀਆਂ ਬੱਕਰੀਆਂ ਅਤੇ ਭੇਡਾਂ ਦੇ ਇੱਜੜ ਰਖਦਾ ਸੀ।
5 ਯਾਕੂਬ ਨੇ ਰਾਖੇਲ ਅਤੇ ਲੇਆਹ ਨੂੰ ਆਖਿਆ, “ਮੈਂ ਦੇਖ ਲਿਆ ਹੈ ਕਿ ਤੁਹਾਡਾ ਪਿਤਾ ਮੇਰੇ ਨਾਲ ਨਾਰਾਜ਼ ਹੈ। ਪਹਿਲਾਂ ਉਹ ਮੇਰੇ ਨਾਲ ਹਮੇਸ਼ਾ ਦੋਸਤਾਨਾ ਰਿਹਾ ਹੈ, ਪਰ ਹੁਣ ਅਜਿਹਾ ਨਹੀਂ ਹੈ। ਪਰ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਨਾਲ ਹੈ।
6 ਤੁਸੀਂ ਦੋਵੇਂ ਜਾਣਦੀਆਂ ਹੋ ਕਿ ਮੈਂ ਜਿੰਨਾ ਹੋ ਸਕਿਆ ਹੈ ਤੁਹਾਡੇ ਪਿਤਾ ਲਈ ਸਖ਼ਤ ਮਿਹਨਤ ਕੀਤੀ ਹੈ।
7 ਪਰ ਤੁਹਾਡੇ ਪਿਤਾ ਨੇ ਮੈਨੂੰ ਧੋਖਾ ਦਿੱਤਾ। ਤੁਹਾਡੇ ਪਿਤਾ ਨੇ ਦਸ ਵਾਰੀ ਮੇਰੀ ਤਨਖਾਹ ਬਦਲੀ ਹੈ। ਪਰ ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ਨੇ ਮੈਨੂੰ ਲਾਬਾਨ ਦੀਆਂ ਸਾਰੀਆਂ ਚਾਲਾਕੀਆਂ ਤੋਂ ਬਚਾਈ ਰੱਖਿਆ ਹੈ।
8 “ਜੇਕਰ ਲਾਬਾਨ ਨੇ ਆਖਿਆ, ‘ਤੂੰ ਆਪਣੀ ਤਨਖਾਹ ਵਜੋਂ ਧਾਰੀਆਂ ਵਾਲੀਆਂ ਸਾਰੀਆਂ ਬੱਕਰੀਆਂ ਰੱਖ ਸਕਦੈਂ,’ ਤਾਂ ਸਾਰੇ ਜਾਨਵਰਾਂ ਦੇ ਬੱਚੇ ਧਾਰੀਆਂ ਵਾਲੇ ਸਨ।
9 ਇਸ ਲਈ ਪਰਮੇਸ਼ੁਰ ਨੇ ਤੁਹਾਡੇ ਪਿਤਾ ਕੋਲੋਂ ਜਾਨਵਰ ਖੋਹ ਕੇ ਮੈਨੂੰ ਦੇ ਦਿੱਤੇ ਹਨ।
10 “ਜਦੋਂ ਜਾਨਵਰ ਮਿਲਾਪ ਕਰ ਰਹੇ ਸਨ ਤਾਂ ਮੈਨੂੰ ਇੱਕ ਸੁਪਨਾ ਆਇਆ ਕਿ ਮਿਲਾਪ ਕਰਨ ਵਾਲੇ ਬੱਕਰੇ ਸਿਰਫ਼ ਉਹੀ ਸਨ ਜਿਨ੍ਹਾਂ ਦੇ ਧੱਬੇ ਜਾਂ ਧਾਰੀਆਂ ਸਨ।
11 ਪਰਮੇਸ਼ੁਰ ਦੇ ਦੂਤ ਨੇ ਉਸ ਸੁਪਨੇ ਵਿੱਚ ਮੇਰੇ ਨਾਲ ਗੱਲ ਕੀਤੀ। ਦੂਤ ਨੇ ਆਖਿਆ, ‘ਯਾਕੂਬ!’“ਮੈਂ ਜਵਾਬ ਦਿੱਤਾ, ‘ਹਾਂ ਜੀ!’
12 “ਦੂਤ ਨੇ ਆਖਿਆ, ‘ਦੇਖ, ਸਿਰਫ਼ ਧਾਰੀਆਂ ਅਤੇ ਧਬਿਆਂ ਵਾਲੇ ਬੱਕਰੇ ਹੀ ਮਿਲਾਪ ਕਰ ਰਹੇ ਹਨ। ਇਹ ਮੇਰੇ ਕਾਰਣ ਹੋ ਰਿਹਾ ਹੈ। ਮੈਂ ਉਹ ਸਾਰੀਆਂ ਮੰਦੀਆਂ ਗੱਲਾਂ ਦੇਖ ਲਈਆਂ ਹਨ ਜਿਹੜੀਆਂ ਲਾਬਾਨ ਤੇਰੇ ਨਾਲ ਕਰ ਰਿਹਾ ਹੈ। ਮੈਂ ਅਜਿਹਾ ਇਸ ਵਾਸਤੇ ਕਰ ਰਿਹਾ ਹਾਂ ਤਾਂ ਜੋ ਬੱਕਰੀਆਂ ਦੇ ਸਾਰੇ ਨਵੇਂ ਜਨਮੇ ਬੱਚੇ ਤੂੰ ਰੱਖ ਸਕੇਂ।
13 ਮੈਂ ਉਹੀ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਬੈਤਏਲ ਵਿਖੇ ਮਿਲਿਆ ਸੀ। ਉਸ ਥਾਂ ਉੱਤੇ ਤੂੰ ਇੱਕ ਯਾਦਗਾਰੀ ਪੱਥਰ ਧਰਿਆ ਸੀ। ਤੂੰ ਯਾਦਗਾਰੀ ਪੱਥਰ ਉੱਤੇ ਜੈਤੂਨ ਦਾ ਤੇਲ ਚੋਇਆ ਸੀ ਅਤੇ ਮੇਰੇ ਨਾਲ ਇੱਕ ਇਕਰਾਰ ਕੀਤਾ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਉਸ ਦੇਸ਼ ਵਿੱਚ ਜਾਣ ਲਈ ਤਿਆਰ ਹੋ ਜਾਵੇਂ ਜਿਥੇ ਤੂੰ ਜਨਮਿਆ ਸੀ।”
14 ਰਾਖੇਲ ਅਤੇ ਲੇਆਹ ਨੇ ਯਾਕੂਬ ਨੂੰ ਜਵਾਬ ਦਿੱਤਾ, “ਜਦੋਂ ਸਾਡਾ ਪਿਉ ਮਰੇਗਾ, ਤਾਂ ਉਸਦੇ ਕੋਲ ਸਾਨੂੰ ਦੇਣ ਲਈ ਕੁਝ ਵੀ ਨਹੀਂ ਹੋਵੇਗਾ।
15 ਉਸਨੇ ਸਾਡੇ ਨਾਲ ਓਪਰਿਆਂ ਵਰਗਾ ਵਿਆਰ ਕੀਤਾ ਹੈ। ਉਸਨੇ ਸਾਨੂੰ ਤੈਨੂੰ ਵੇਚ ਦਿੱਤਾ, ਅਤੇ ਫ਼ੇਰ ਉਸਨੇ ਉਹ ਸਾਰਾ ਪੈਸਾ ਖਰਚ ਲਿਆ ਜਿਹੜਾ ਸਾਡਾ ਹੋਣਾ ਸੀ!
16 ਪਰਮੇਸ਼ੁਰ ਨੇ ਸਾਡੇ ਪਿਤਾ ਦੀ ਸਾਰੀ ਦੌਲਤ ਖੋਹ ਲਈ ਹੈ ਅਤੇ ਹੁਣ ਇਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਤੈਨੂੰ ਉਹੀ ਕਰਨਾ ਚਾਹੀਦਾ ਹੈ ਜੋ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ।”
17 ਇਸ ਤਰ੍ਹਾਂ ਯਾਕੂਬ ਨੇ ਆਪਣੇ ਸਫ਼ਰ ਦੀ ਤਿਆਰੀ ਕੀਤੀ। ਉਸਨੇ ਆਪਣੇ ਬੱਚਿਆਂ ਅਤੇ ਪਤਨੀਆਂ ਨੂੰ ਊਠਾਂ ਉੱਤੇ ਬਿਠਾਇਆ।
18 ਫ਼ੇਰ ਉਹ ਕਨਾਨ ਦੀ ਉਸ ਧਰਤੀ ਵੱਲ ਵਾਪਸ ਸਫ਼ਰ ਕਰਨ ਲੱਗੇ ਜਿਥੇ ਉਸਦਾ ਪਿਤਾ ਇਸਹਾਕ ਰਿਹਾ ਸੀ। ਜਾਨਵਰਾਂ ਦੇ ਸਾਰੇ ਇੱਜੜ ਜਿਹੜੇ ਯਾਕੂਬ ਦੇ ਸਨ, ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਹੇ ਸਨ। ਉਸਨੇ ਹਰ ਉਹ ਚੀਜ਼ ਚੁੱਕ ਲਈ ਜਿਹੜੀ ਉਸਨੇ ਉਦੋਂ ਹਾਸਿਲ ਕੀਤੀ ਸੀ ਜਦੋਂ ਉਹ ਪਦਨ ਅਰਾਮ ਵਿੱਚ ਰਹਿੰਦਾ ਸੀ।
19 ਇਸ ਸਮੇਂ, ਲਾਬਾਨ ਆਪਣੀਆਂ ਭੇਡਾਂ ਤੋਂ ਉੱਨ ਲਾਹੁਣ ਗਿਆ ਹੋਇਆ ਸੀ। ਜਦੋਂ ਉਹ ਚਲਿਆ ਗਿਆ, ਰਾਖੇਲ ਉਸਦੇ ਘਰ ਅੰਦਰ ਗਈ ਅਤੇ ਉਨ੍ਹਾਂ ਦੇਵਤਿਆਂ ਦੀਆਂ ਮੂਰਤਾਂ ਨੂੰ ਚੁਰਾ ਲਿਆ ਜਿਹੜੀਆਂ ਉਸਦੇ ਪਿਤਾ ਦੀਆਂ ਸਨ।
20 ਯਾਕੂਬ ਨੇ ਲਾਬਾਨ ਅਰਾਮੀ ਨੂੰ ਧੋਖਾ ਦਿੱਤਾ। ਉਸਨੇ ਲਾਬਾਨ ਨੂੰ ਇਹ ਨਹੀਂ ਦੱਸਿਆ ਕਿ ਉਹ ਜਾ ਰਿਹਾ ਸੀ।
21 ਯਾਕੂਬ ਨੇ ਆਪਣਾ ਪਰਿਵਾਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈਆਂ ਅਤੇ ਕਾਹਲੀ ਨਾਲ ਤੁਰ ਪਿਆ। ਉਨ੍ਹਾਂ ਨੇ ਫ਼ਰਾਤ ਦਰਿਆ ਪਾਰ ਕੀਤਾ ਅਤੇ ਗਿਲਆਦ ਦੇ ਪਹਾੜੀ ਇਲਾਕੇ ਵੱਲ ਸਫ਼ਰ ਕਰਨ ਲੱਗੇ।
22 ਤਿੰਨਾਂ ਦਿਨਾਂ ਮਗਰੋਂ ਲਾਬਾਨ ਨੂੰ ਪਤਾ ਲਗਿਆ ਕਿ ਯਾਕੂਬ ਭੱਜ ਗਿਆ ਸੀ।
23 ਇਸ ਲਈ ਲਾਬਾਨ ਨੇ ਆਪਣੇ ਆਦਮੀ ਇਕਠੇ ਕੀਤੇ ਅਤੇ ਯਾਕੂਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੱਤਾਂ ਦਿਨਾਂ ਮਗਰੋਂ ਲਾਬਾਨ ਨੂੰ ਯਾਕੂਬ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਮਿਲ ਗਿਆ।
24 ਉਸ ਰਾਤ, ਪਰਮੇਸ਼ੁਰ ਲਾਬਾਨ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਪਰਮੇਸ਼ੁਰ ਨੇ ਆਖਿਆ, “ਹੋਸ਼ਿਆਰ ਰਹੀ! ਯਾਕੂਬ ਨੂੰ ਉਸਦਾ ਮਨ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਨਾ ਕਰੀਂ।”
25 ਅਗਲੀ ਸਵੇਰ ਲਾਬਾਨ ਨੇ ਯਾਕੂਬ ਨੂੰ ਫ਼ੜ ਲਿਆ। ਯਾਕੂਬ ਨੇ ਪਹਾੜ ਉੱਤੇ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਲਈ ਲਾਬਾਨ ਅਤੇ ਉਸਦੇ ਸਾਰੇ ਆਦਮੀਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਡੇਰਾ ਲਾ ਲਿਆ।
26 ਲਾਬਾਨ ਨੇ ਯਾਕੂਬ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਹੈ? ਤੂੰ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆ ਹੈਂ ਜਿਵੇਂ ਤੂੰ ਉਨ੍ਹਾਂ ਨੂੰ ਜੰਗ ਵਿੱਚ ਜਿਤਿਆ ਹੋਵੇ।
27 ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ।
28 ਤੂੰ ਤਾਂ ਮੈਨੂੰ ਮੇਰੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਨੂੰ ਅਲਵਿਦਾਈ ਚੁੰਮਣ ਦੇਣ ਦਾ ਮੌਕਾ ਵੀ ਨਹੀਂ ਦਿੱਤਾ।
29 ਮੇਰੇ ਕੋਲ ਤੈਨੂੰ ਨੁਕਸਾਨ ਪਹੁੰਚਾਉਣ ਦੀ ਸੱਚਮੁੱਚ ਤਾਕਤ ਹੈ। ਪਰ ਕਲ ਰਾਤ ਤੇਰੇ ਪਿਤਾ ਦਾ ਪਰਮੇਸ਼ੁਰ ਮੈਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਉਸਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਪਹੁੰਚਾਵਾ।
30 ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ। ਇਸੇ ਲਈ ਤੂੰ ਤੁਰ ਆਇਆ ਹੈਂ। ਪਰ ਤੂੰ ਮੇਰੇ ਘਰੋਂ ਦੇਵਤੇ ਕਿਉਂ ਚੁਰਾਏ?”
31 ਯਾਕੂਬ ਨੇ ਜਵਾਬ ਦਿੱਤਾ, “ਮੈਂ ਇਸ ਲਈ ਤੈਨੂੰ ਬਿਨਾ ਦੱਸੇ ਤੁਰ ਆਇਆ ਕਿਉਂਕਿ ਮੈਂ ਤੇਰੇ ਕੋਲੋਂ ਡਰਦਾ ਸਾਂ! ਮੇਰਾ ਖਿਆਲ ਸੀ ਕਿ ਤੂੰ ਮੇਰੇ ਕੋਲੋਂ ਆਪਣੀਆਂ ਧੀਆਂ ਖੋਹ ਲਵੇਂਗਾ।
32 ਪਰ ਮੈਂ ਤੇਰੇ ਦੇਵਤੇ ਨਹੀਂ ਚੁਰਾਏ। ਜੇ ਤੈਨੂੰ ਤੇਰੇ ਦੇਵਤੇ ਇੱਥੇ ਲਭ ਜਾਣ, ਜਿਸ ਕਿਸੇ ਕੋਲ ਵੀ ਉਹ ਹੋਣ ਮਾਰਿਆ ਜਾਵੇ। ਤੇਰੇ ਆਦਮੀ ਮੇਰੇ ਗਵਾਹ ਹੋਣਗੇ। ਤੂੰ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ ਕਰ ਸਕਦਾ ਹੈਂ। ਜਿਹੜੀ ਚੀਜ਼ ਤੇਰੀ ਹੈ ਉਹ ਲੈ ਜਾ।” (ਯਾਕੂਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਰਾਖੇਲ ਨੇ ਲਾਬਾਨ ਦੇ ਦੇਵਤੇ ਚੁਰਾਏ ਸਨ।)
33 ਇਸ ਲਈ ਲਾਬਾਨ ਨੇ ਜਾਕੇ ਯਾਕੂਬ ਦੇ ਡੇਰੇ ਦੀ ਤਲਾਸ਼ੀ ਲਈ। ਉਸਨੇ ਯਾਕੂਬ ਦੇ ਤੰਬੂ ਵਿੱਚ ਦੇਖਿਆ ਅਤੇ ਫ਼ੇਰ ਲੇਆਹ ਦੇ ਤੰਬੂ ਵਿੱਚ। ਫ਼ੇਰ ਉਸਨੇ ਉਸ ਤੰਬੂ ਦੀ ਤਲਾਸ਼ੀ ਲਈ ਜਿਥੇ ਦੋਵੇਂ ਦਾਸੀਆਂ ਠਹਿਰੀਆਂ ਹੋਈਆਂ ਸਨ। ਪਰ ਉਸਨੂੰ ਆਪਣੇ ਦੇਵਤੇ ਨਹੀਂ ਮਿਲੇ। ਫ਼ੇਰ ਲਾਬਾਨ ਰਾਖੇਲ ਦੇ ਤੰਬੂ ਵਿੱਚ ਗਿਆ।
34 ਰਾਖੇਲ ਨੇ ਦੇਵਤਿਆਂ ਨੂੰ ਆਪਣੇ ਊਠ ਦੀ ਗੱਦੀ ਹੇਠਾਂ ਛੁਪਾਇਆ ਹੋਇਆ ਸੀ ਅਤੇ ਉਹ ਉਨ੍ਹਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਸਾਰਾ ਤੰਬੂ ਫ਼ਰੋਲ ਦਿੱਤਾ ਪਰ ਉਸਨੂੰ ਦੇਵਤੇ ਨਹੀਂ ਮਿਲੇ।
35 ਅਤੇ ਰਾਖੇਲ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਤੁਹਾਡੇ ਸਾਮ੍ਹਣੇ ਖਲੋ ਨਹੀਂ ਸਕਦੀ। ਮੈਨੂੰ ਮਾਹਵਾਰੀ ਆਈ ਹੋਈ ਹੈ।” ਇਸ ਲਈ ਲਾਬਾਨ ਨੇ ਡੇਰੇ ਦੀ ਤਲਾਸ਼ੀ ਲਈ ਪਰ ਉਸਨੂੰ ਆਪਣੇ ਕੁਲ ਦੇਵਤੇ ਨਹੀਂ ਮਿਲੇ।
36 ਫ਼ੇਰ ਯਾਕੂਬ ਬਹੁਤ ਗੁੱਸੇ ਹੋ ਗਿਆ ਅਤੇ ਲਾਬਾਨ ਨਾਲ ਦਲੀਲਬਾਜ਼ੀ ਕੀਤੀ। ਯਾਕੂਬ ਨੇ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਕਿਹੜੀ ਬਿਧੀ ਤੋੜੀ ਹੈ? ਤੈਨੂੰ ਮੇਰਾ ਪਿੱਛਾ ਕਰਨ ਅਤੇ ਰੋਕਣ ਦਾ ਹੱਕ ਕਿਸਨੇ ਦਿੱਤਾ?
37 ਤੂੰ ਮੇਰੇ ਸਾਰੇ ਸਮਾਨ ਦੀ ਤਲਾਸ਼ੀ ਲੈ ਲਈ ਹੈ। ਤੈਨੂੰ ਆਪਣੀ ਕੋਈ ਵੀ ਚੀਜ਼ ਨਹੀਂ ਮਿਲੀ। ਜੇ ਤੈਨੂੰ ਕੋਈ ਚੀਜ਼ ਮਿਲੀ ਹੈ ਤਾਂ ਦਿਖਾ। ਇਸਨੂੰ ਇੱਥੇ ਰੱਖ ਤਾਂ ਜੋ ਸਾਡੇ ਬੰਦੇ ਇਸਨੂੰ ਦੇਖ ਸਕਣ। ਸਾਡੇ ਬੰਦਿਆਂ ਨੂੰ ਇਹ ਨਿਰਣਾ ਕਰਨ ਦੇ ਕਿ ਸਾਡੇ ਵਿੱਚੋਂ ਕਿਹੜਾ ਠੀਕ ਹੈ।
38 ਮੈਂ ਤੇਰੇ ਲਾਈ 20 ਵਰ੍ਹੇ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਭੇਡ ਜਾਂ ਬੱਕਰੀ ਦਾ ਬੱਚਾ ਜਨਮ ਸਮੇਂ ਨਹੀਂ ਮਰਿਆ। ਅਤੇ ਮੈਂ ਤੇਰੇ ਇੱਜੜ ਦੇ ਕਿਸੇ ਭੇਡੂ ਨੂੰ ਨਹੀਂ ਖਾਧਾ।
39 ਜਦੋਂ ਵੀ ਕੋਈ ਭੇਡ ਜੰਗਲੀ ਜਾਨਵਰਾਂ ਵੱਲੋਂ ਮਾਰੀ ਗਈ ਤਾਂ ਮੈਂ ਹਮੇਸ਼ਾ ਹੀ ਉਸਦੀ ਕੀਮਤ ਦਿੱਤੀ। ਮੈਂ ਕਦੇ ਵੀ ਮੁਰਦਾ ਜਾਨਵਰ ਨੂੰ ਤੇਰੇ ਕੋਲ ਲੈਕੇ ਨਹੀਂ ਆਇਆ ਅਤੇ ਇਹ ਨਹੀਂ ਆਖਿਆ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਪਰ ਮੈਨੂੰ ਦਿਨ-ਰਾਤ ਲੁਟਿਆ ਗਿਆ।
40 ਦਿਨ ਵੇਲੇ, ਸੂਰਜ ਮੇਰੀ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਸੀ ਅਤੇ ਰਾਤ ਵੇਲੇ ਠਂਡ ਨਾਮ ਮੇਰੀ ਨੀਂਦ ਉੱਡ ਜਾਂਦੀ ਸੀ।
41 ਮੈਂ 20 ਵਰ੍ਹੇ ਇੱਕ ਗੁਲਾਮ ਵਾਂਗ ਤੇਰੀ ਚਾਕਰੀ ਕੀਤੀ। ਪਹਿਲੇ 14 ਵਰ੍ਹੇ ਮੈਂ ਤੇਰੀਆਂ ਧੀਆਂ ਨੂੰ ਜਿੱਤਣ ਲਈ ਚਾਕਰੀ ਕੀਤੀ। ਆਖਰੀ ਛੇ ਸਾਲ ਮੈਂ ਤੇਰੇ ਜਾਨਵਰਾਂ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। ਅਤੇ ਇਸ ਸਮੇਂ ਦੌਰਾਨ ਤੂੰ ਦਸ ਵਾਰੀ ਮੇਰੀ ਤਨਖਾਹ ਵਿੱਚ ਅਦਲਾ-ਬਲਦੀ ਕੀਤੀ।
42 ਪਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਭੈ ਮੇਰੇ ਨਾਲ ਸੀ। ਜੇ ਪਰਮੇਸ਼ੁਰ ਮੇਰੇ ਨਾਲ ਨਾ ਹੁੰਦਾ, ਤੂੰ ਮੈਨੂੰ ਖਾਲੀ ਹੱਥ ਭੇਜ ਦਿੱਤਾ ਹੋਣਾ ਸੀ। ਪਰ ਪਰਮੇਸ਼ੁਰ ਨੇ ਮੇਰੀਆਂ ਮੁਸ਼ਕਿਲਾਂ ਅਤੇ ਮੇਰਾ ਕੰਮ ਦੇਖਿਆ, ਅਤੇ ਕਲ੍ਹ੍ਹ ਰਾਤ ਪਰਮੇਸ਼ੁਰ ਨੇ ਸਾਬਤ ਕਰ ਦਿੱਤਾ ਕਿ ਮੈਂ ਠੀਕ ਹਾਂ।
43 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਔਰਤਾਂ ਮੇਰੀਆਂ ਧੀਆਂ ਹਨ। ਅਤੇ ਇਹ ਬੱਚੇ ਮੇਰੇ ਹਨ। ਅਤੇ ਇਹ ਜਾਨਵਰ ਮੇਰੇ ਹਨ। ਜੋ ਵੀ ਚੀਜ਼ ਤੈਨੂੰ ਇੱਥੇ ਨਜ਼ਰ ਆਉਂਦੀ ਹੈ ਮੇਰੀ ਹੈ। ਪਰ ਮੈਂ ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਲਈ ਕੁਝ ਨਹੀਂ ਕਰ ਸਕਦਾ।
44 ਇਸ ਲਈ ਮੈਂ ਤੇਰੇ ਨਾਲ ਇਕਰਾਰਨਾਮਾ ਕਰਨ ਲਈ ਤਿਆਰ ਹਾਂ। ਇਹ ਇਕਰਾਰਨਾਮਾ ਸਾਨੂੰ ਚੇਤੇ ਕਰਾਵੇਗਾ ਕਿ ਅਸੀਂ ਇੱਕ-ਦੂਜੇ ਨਾਲ ਕਿਂਝ ਵਿਹਾਰ ਕਰਨ ਦਾ ਫ਼ੈਸਲਾ ਕੀਤਾ ਹੈ।
45 ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲਭਿਆ ਅਤੇ ਇਸਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ।
46 ਉਸਨੇ ਆਪਣੇ ਆਦਮੀਆਂ ਨੂੰ ਕੁਝ ਹੋਰ ਪੱਥਰ ਜਮ੍ਹਾਂ ਕਰਕੇ ਅਤੇ ਉਨ੍ਹਾਂ ਦੀ ਢੇਰੀ ਲਾਉਣ ਲਈ ਆਖਿਆ। ਫ਼ੇਰ ਉਨ੍ਹਾਂ ਨੇ ਪੱਥਰਾਂ ਦੀ ਢੇਰੀ ਕੋਲ ਭੋਜਨ ਕੀਤਾ।
47 ਲਾਬਾਨ ਨੇ ਉਸ ਥਾਂ ਦਾ ਨਾਮ ਯਗਰ ਸਾਹਦੂਥਾ ਰੱਖਿਆ। ਪਰ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ।
48 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਪੱਥਰਾਂ ਦੀ ਢੇਰੀ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗੀ।” ਇਹੀ ਕਾਰਣ ਹੈ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ।
49 ਫ਼ੇਰ ਲਾਬਾਨ ਨੇ ਆਖਿਆ, “ਜਦੋਂ ਅਸੀਂ ਵਿਛੜੀਏ ਤਾਂ ਯਹੋਵਾਹ ਸਾਡੇ ਅੰਗ਼-ਸੰਗ ਰਹੇ।” ਇਸ ਲਈ ਉਸ ਥਾਂ ਦਾ ਨਾਮ ਮਿਸਪਾਹ ਵੀ ਸੀ।
50 ਫ਼ੇਰ ਲਾਬਾਨ ਨੇ ਆਖਿਆ, “ਜੇ ਤੂੰ ਮੇਰੀਆਂ ਧੀਆਂ ਨੂੰ ਦੁੱਖ ਦਿੱਤਾ ਤਾਂ ਚੇਤੇ ਰਖੀਂ ਕਿ ਪਰਮੇਸ਼ੁਰ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਕਿਸੇ ਹੋਰ ਔਰਤ ਨਾਲ ਸ਼ਾਦੀ ਕੀਤੀ ਤਾਂ ਯਾਦ ਰਖੀਂ ਕਿ ਪਰਮੇਸ਼ੁਰ ਤੈਨੂੰ ਦੇਖ ਰਿਹਾ ਹੈ।
51 ਇਹ ਉਹ ਪੱਥਰ ਸਨ ਜਿਹੜੇ ਮੈਂ ਤੇਰੇ ਅਤੇ ਮੇਰੇ ਦਰਮਿਆਨ ਰੱਖ ਦਿੱਤੇ ਹਨ। ਅਤੇ ਇਹ ਖਾਸ ਪੱਥਰ ਇਹ ਦਰਸਾਉਣ ਲਈ ਹੈ ਕਿ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ।
52 ਪਥਰਾਂ ਦੀ ਇਹ ਢੇਰੀ ਅਤੇ ਇਹ ਖਾਸ ਪੱਥਰ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗਾ। ਮੈਂ ਕਦੇ ਵੀ ਇਨ੍ਹਾਂ ਪੱਥਰਾਂ ਤੋਂ ਪਾਰ ਆਕੇ ਤੈਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਤੈਨੂੰ ਵੀ ਮੈਨੂੰ ਨੁਕਸਾਨ ਪਹੁੰਚਾਉਣ ਲਈ ਪੱਥਰਾਂ ਦੇ ਇਸ ਪਾਸੇ ਨਹੀਂ ਆਉਣਾ ਚਾਹੀਦਾ।
53 ਅਬਰਾਹਾਮ ਦਾ ਪਰਮੇਸ਼ੁਰ, ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਪਰਮੇਸ਼ੁਰ ਸਾਡੇ ਦੋਸ਼ੀ ਹੋਣ ਦਾ ਨਿਰਣਾ ਕਰੇ ਜੇ ਕਦੇ ਅਸੀਂ ਇਸ ਇਕਰਾਰਨਾਮੇ ਨੂੰ ਤੋੜੀਏ।”ਯਾਕੂਬ ਦਾ ਪਿਤਾ ਇਸਹਾਕ ਪਰਮੇਸ਼ੁਰ ਨੂੰ “ਭੈ” ਬੁਲਾਉਂਦਾ ਸੀ। ਇਸ ਲਈ ਯਾਕੂਬ ਨੇ ਵਚਨ ਦੇਣ ਲਈ ਉਹੀ ਨਾਮ ਵਰਤਿਆ।
54 ਫ਼ੇਰ ਯਾਕੂਬ ਨੇ ਇੱਕ ਜਾਨਵਰ ਮਾਰਿਆ ਅਤੇ ਇਸਨੂੰ ਪਰਬਤ ਉੱਤੇ ਬਲੀ ਵਜੋਂ ਚੜਾਇਆ। ਅਤੇ ਉਸਨੇ ਆਪਣੇ ਆਦਮੀਆਂ ਨੂੰ ਭੋਜਨ ਸਾਂਝਾ ਕਰਨ ਦਾ ਸੱਦਾ ਦਿੱਤਾ। ਜਦੋਂ ਉਹ ਭੋਜਨ ਕਰ ਹਟੇ ਤਾਂ ਉਨ੍ਹਾਂ ਨੇ ਆਪਣੇ ਦੋਹਤਿਆਂ ਅਤੇ ਆਪਣੀਆਂ ਧੀਆਂ ਨੂੰ ਵਿਦਾਈ ਦਾ ਚੁੰਮਣ ਦਿੱਤਾ। ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਘਰ ਵਾਪਸ ਚਲਾ ਗਿਆ।
55