1 ਜਦੋਂ ਇਸਰਾਏਲ ਦਾ ਦੇਹਾਂਤ ਹੋਇਆ ਤਾਂ ਯੂਸੁਫ਼ ਬਹੁਤ ਉਦਾਸ ਹੋ ਗਿਆ। ਉਹ ਆਪਣੇ ਪਿਤਾ ਨਾਲ ਚਿਂਬੜ ਗਿਆ ਅਤੇ ਉਸ ਨਾਲ ਲੱਗਕੇ ਰੋ ਪਿਆ ਅਤੇ ਉਸਨੂੰ ਚੁੰਮਣ ਲੱਗਾ।
2 ਯੂਸੁਫ਼ ਨੇ ਹਕੀਮਾਂ ਨੂੰ ਆਪਣੇ ਪਿਤਾ ਦੀ ਲਾਸ਼ ਉੱਤੇ ਦਵਾਈਆਂ ਲਾਕੇ ਸੁਰਖਿਅਤ ਰੱਖਣ ਦਾ ਆਦੇਸ਼ ਦਿੱਤਾ। ਇਸ ਲਈ ਉਨ੍ਹਾਂ ਨੇ ਇਸਰਾਏਲ ਦੇ ਸ਼ਰੀਰ ਨੂੰ ਸੁਰਖਿਅਤ ਰੱਖਣ ਲਈ ਮਿਸਰੀਆਂ ਵਾਂਗ ਖਾਸ ਤਰੀਕੇ ਨਾਲ 40 ਦਿਨਾਂ ਲਈ ਉਸ ਉੱਤੇ ਦਵਾਈਆਂ ਲਾਈਆਂ।
3 ਜਦੋਂ ਮਿਸਰੀਆਂ ਨੇ ਇਹੋ ਜਿਹੇ ਖਾਸ ਢੰਗ ਨਾਲ ਲਾਸ਼ ਨੂੰ ਤਿਆਰ ਕੀਤਾ ਤਾਂ ਉਨ੍ਹਾਂ ਨੇ ਇਸਨੂੰ ਦਫ਼ਨ ਕਰਨ ਤੋਂ ਪਹਿਲਾਂ 40 ਦਿਨ ਇੰਤਜ਼ਾਰ ਕੀਤਾ। ਫ਼ੇਰ ਮਿਸਰੀਆਂ ਨੇ ਯਾਕੂਬ ਦਾ ਖਾਸ ਸਮੇਂ ਤੱਕ ਸੋਗ ਮਨਾਇਆ। ਇਹ ਸਮਾਂ 70 ਦਿਨ ਦਾ ਸੀ।
4 ਸੱਤਰ ਦਿਨਾਂ ਮਗਰੋਂ, ਸੋਗ ਦਾ ਸਮਾਂ ਖਤਮ ਹੋ ਗਿਆ। ਇਸ ਲਈ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਯੂਸੁਫ਼ ਨੇ ਆਖਿਆ, “ਕਿਰਪਾ ਕਰਕੇ ਫ਼ਿਰਊਨ ਨੂੰ ਇਹ ਦੱਸੋ:
5 ‘ਜਦੋਂ ਮੇਰਾ ਪਿਤਾ ਮਰਨ ਕਿਨਾਰੇ ਸੀ, ਮੈਂ ਉਸ ਨਾਲ ਇੱਕ ਇਕਰਾਰ ਕੀਤਾ ਸੀ। ਮੈਂ ਇਕਰਾਰ ਕੀਤਾ ਸੀ ਕਿ ਮੈਂ ਉਸਨੂੰ ਕਨਾਨ ਦੇਸ਼ ਦੀ ਇੱਕ ਗੁਫ਼ਾ ਵਿੱਚ ਦਫ਼ਨ ਕਰਾਂਗਾ। ਇਹ ਉਹੀ ਗੁਫ਼ਾ ਹੈ ਜਿਹੜੀ ਉਸਨੇ ਆਪਣੇ ਵਾਸਤੇ ਤਿਆਰ ਕੀਤੀ ਸੀ। ਇਸ ਲਈ ਕਿਰਪਾ ਕਰਕੇ ਮੈਨੂੰ ਜਾਣ ਦਿਉ ਅਤੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਉ। ਫ਼ੇਰ ਮੈਂ ਤੁਹਾਡੇ ਕੋਲ ਇੱਥੇ ਵਾਪਸ ਆ ਜਾਵਾਂਗਾ।’”
6 ਫ਼ਿਰਊਨ ਨੇ ਆਖਿਆ, “ਆਪਣਾ ਇਕਰਾਰ ਨਿਭਾ। ਜਾਹ ਅਤੇ ਜਾਕੇ ਆਪਣੇ ਪਿਤਾ ਨੂੰ ਦਫ਼ਨਾ।”
7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨ ਕਰਨ ਲਈ ਚਲਾ ਗਿਆ। ਫ਼ਿਰਊਨ ਦੇ ਸਾਰੇ ਅਧਿਕਾਰੀ, ਫ਼ਿਰਊਨ ਦੇ ਬਜ਼ੁਰਗ (ਆਗੂ) ਅਤੇ ਮਿਸਰ ਦੇ ਸਾਰੇ ਬਜ਼ੁਰਗ ਯੂਸੁਫ਼ ਦੇ ਨਾਲ ਗਏ।
8 ਯੂਸੁਫ਼ ਦੇ ਪਰਿਵਾਰ ਦੇ ਸਾਰੇ ਲੋਕ, ਉਸਦੇ ਭਰਾ ਅਤੇ ਉਸਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੇ ਨਾਲ ਗਏ। ਸਿਰਫ਼ ਬੱਚੇ ਅਤੇ ਜਾਨਵਰ ਹੀ ਗੋਸ਼ਨ ਦੀ ਧਰਤੀ ਉੱਤੇ ਰਹੇ।
9 ਇਹ ਲੋਕਾਂ ਦਾ ਬਹੁਤ ਵੱਡਾ ਟੋਲਾ ਸੀ। ਇਨ੍ਹਾਂ ਨਾਲ ਸਿਪਾਹੀਆਂ ਦਾ ਵੀ ਇੱਕ ਟੋਲਾ ਸੀ ਜਿਹੜਾ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਸੀ।
10 ਉਹ ਯਰਦਨ ਨਦੀ ਦੇ ਪੂਰਬ ਵੱਲ ਗੋਰੇਨ-ਹਾ-ਆਤਾਦ ਵੱਲ ਗਏ। ਇਸ ਸਥਾਨ ਉੱਤੇ, ਉਨ੍ਹਾਂ ਨੇ ਇਸਰਾਏਲ ਦੇ ਸਸਕਾਰ ਲਈ ਲੰਮੀਆਂ ਰੀਤਾਂ ਕੀਤੀਆਂ। ਇਹ ਸਸਕਾਰ ਦੀਆਂ ਰੀਤਾਂ ਸੱਤਾਂ ਦਿਨਾਂ ਤੱਕ ਜਾਰੀ ਰਹੀਆਂ।
11 ਕਨਾਨ ਵਿੱਚ ਰਹਿਣ ਵਾਲੇ ਲੋਕਾਂ ਨੇ ਗੋਰੇਨ-ਹਾ-ਆਤਾਦ ਵਿੱਚ ਹੋ ਰਹੀਆਂ ਇਨ੍ਹਾਂ ਸਸਕਾਰ ਦੀਆਂ ਰੀਤਾਂ ਨੂੰ ਦੇਖਿਆ। ਉਨ੍ਹਾਂ ਨੇ ਸੋਚਿਆ, “ਇਹ ਮਿਸਰੀਆਂ ਲਈ ਸੋਗ ਦਾ ਕੋਈ ਵੱਡਾ ਅਵਸਰ ਹੈ।” ਇਸ ਲਈ ਉਨ੍ਹਾਂ ਨੇ ਉਸ ਜਗ਼੍ਹਾ ਨੂੰ ਆਬੇਲ-ਮਿਸਰਾਈਮ ਬੁਲਾਇਆ, ਜੋ ਕਿ ਯਰਦਨ ਨਦੀ ਦੇ ਪਾਰ ਹੈ।
12 ਇਸ ਲਈ ਯਾਕੂਬ ਦੇ ਪੁੱਤਰਾਂ ਨੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਦੇ ਪਿਤਾ ਨੇ ਆਖਿਆ ਸੀ।
13 ਉਨ੍ਹਾਂ ਨੇ ਉਸਦੇ ਸ਼ਰੀਰ ਨੂੰ ਚੁੱਕ ਕੇ ਕਨਾਨ ਲਿਆਂਦਾ ਅਤੇ ਮਾਕਫ਼ੇਲਾਹ ਵਿਖੇ ਗੁਫ਼ਾ ਵਿੱਚ ਦਫ਼ਨਾਇਆ। ਇਹ ਉਹੀ ਗੁਫ਼ਾ ਸੀ ਜਿਹੜੀ ਮਮਰੇ ਨੇੜੇ ਦੇ ਉਸ ਖੇਤ ਵਿੱਚ ਸੀ ਜਿਸਨੂੰ ਅਬਰਾਹਾਮ ਨੇ ਹਿੱਤੀ ਅਫ਼ਰੋਨ ਤੋਂ ਖਰੀਦਿਆ ਸੀ। ਅਬਰਾਹਾਮ ਨੇ ਉਸ ਗੁਫ਼ਾ ਨੂੰ ਕਬਰਸਤਾਨ ਵਜੋਂ ਖਰੀਦਿਆ ਸੀ।
14 ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦਫ਼ਨਾ ਦਿੱਤਾ ਤਾਂ ਉਹ ਅਤੇ ਉਸਦੇ ਟੋਲੇ ਦਾ ਹਰ ਕੋਈ ਉਸਦੇ ਨਾਲ ਵਾਪਸ ਮਿਸਰ ਨੂੰ ਚਲਾ ਗਿਆ।
15 ਜਦੋਂ ਯਾਕੂਬ ਮਰਿਆ, ਯੂਸੁਫ਼ ਦੇ ਭਰਾ ਫ਼ਿਕਰਮੰਦ ਹੋ ਗਏ। ਉਹ ਇਸ ਗੱਲੋਂ ਭੈਭੀਤ ਸਨ ਕਿ ਯੂਸੁਫ਼ ਹਾਲੇ ਵੀ ਉਨ੍ਹਾਂ ਨਾਲ, ਵਰ੍ਹਿਆਂ ਬਾਦ ਉਨ੍ਹਾਂ ਵੱਲੋਂ ਉਸ ਨਾਲ ਕੀਤੇ ਵਿਹਾਰ ਕਾਰਣ ਨਾਰਾਜ਼ ਹੋਵੇਗਾ। ਉਨ੍ਹਾਂ ਨੇ ਆਖਿਆ, “ਸ਼ਾਇਦ ਯੂਸੁਫ਼ ਹਾਲੇ ਵੀ ਸਾਨੂੰ ਉਸ ਕਾਰਣ ਨਫ਼ਰਤ ਕਰਦਾ ਹੈ ਜੋ ਅਸੀਂ ਕੀਤਾ ਸੀ।”
16 ਇਸ ਲਈ ਭਰਾਵਾਂ ਨੇ ਯੂਸੁਫ਼ ਨੂੰ ਇਹ ਸੰਦੇਸ਼ ਭੇਜਿਆ: “ਤੁਹਾਡੇ ਪਿਤਾ ਨੇ ਮਰਨ ਤੋਂ ਪਹਿਲਾਂ, ਸਾਨੂੰ ਤੈਨੂੰ ਇਹ ਸੰਦੇਸ਼ ਦੇਣ ਲਈ ਆਖਿਆ ਸੀ।
17 ਉਸਨੇ ਆਖਿਆ ਸੀ, ‘ਯੂਸੁਫ਼ ਨੂੰ ਆਖਣਾ ਕਿ ਮੈਂ ਉਸਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਭੈੜੇ ਕਾਰਿਆਂ ਲਈ ਮਾਫ਼ ਕਰ ਦੇਵੇ।’ ਇਸ ਲਈ ਹੁਣ ਯੂਸੁਫ਼, ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਨੂੰ ਸਾਡੇ ਉਹਾਂ ਭੈੜੇ ਕੰਮਾਂ ਲਈ ਮਾਫ਼ ਕਰਦੇ ਜਿਹੜੇ ਅਸੀਂ ਤੇਰੇ ਨਾਲ ਕੀਤੇ ਸਨ। ਅਸੀਂ ਪਰਮੇਸ਼ੁਰ ਦੇ, ਤੇਰੇ ਪਿਤਾ ਦੇ ਪਰਮੇਸ਼ੁਰ ਦੇ ਸੇਵਕ ਹਾਂ।”ਇਸ ਸੰਦੇਸ਼ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ ਅਤੇ ਉਹ ਰੋ ਪਿਆ।
18 ਉਸਦੇ ਭਰਾ ਉਸਦੇ ਕੋਲ ਗਏ ਅਤੇ ਉਸਦੇ ਸਾਮ੍ਹਣੇ ਝੁਕਕੇ ਸਲਾਮ ਕੀਤਾ। ਉਨ੍ਹਾਂ ਨੇ ਆਖਿਆ, “ਅਸੀਂ ਤੁਹਾਡੇ ਨੌਕਰ ਹੋਵਾਂਗੇ।”
19 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਭੈਭੀਤ ਨਾ ਹੋਵੋ। ਪਰਮੇਸ਼ੁਰ ਦਾ ਕਾਰਨ ਕਰਨਾ ਮੇਰੇ ਤਾਈਂ ਸੰਭਵ ਨਹੀਂ, ਕੀ ਹੈ?”
20 ਇਹ ਸੱਚ ਹੈ ਕਿ ਤੁਸੀਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਵਿਉਂਤ ਬਣਾਈ ਸੀ। ਪਰ ਅਸਲ ਵਿੱਚ ਪਰਮੇਸ਼ੁਰ ਚੰਗੀਆਂ ਗੱਲਾਂ ਦੀ ਵਿਉਂਤ ਬਣਾ ਰਿਹਾ ਸੀ। ਪਰਮੇਸ਼ੁਰ ਦੀ ਵਿਉਂਤ ਮੇਰੀ ਵਰਤੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਰਨ ਦੀ ਸੀ। ਅਤੇ ਇਹੀ ਹੈ ਜੋ ਵਾਪਰਿਆ ਹੈ!
21 ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।” ਜੋ ਯੂਸੁਫ਼ ਨੇ ਆਖਿਆ, ਉਸਨੇ ਉਸ ਦੇ ਭਰਾਵਾਂ ਨੂੰ ਸੁਖ ਦਿੱਤਾ।
22 ਯੂਸੁਫ਼ ਨੇ ਮਿਸਰ ਵਿੱਚ ਆਪਣੇ ਪਿਤਾ ਦੇ ਪਰਿਵਾਰ ਨਾਲ ਰਹਿਣਾ ਜਾਰੀ ਰੱਖਿਆ। ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ ਤਾਂ ਉਸਦਾ ਦੇਹਾਂਤ ਹੋ ਗਿਆ।
23 ਯੂਸੁਫ਼ ਦੇ ਜੀਵਨ ਕਾਲ ਵਿੱਚ ਇਫ਼ਰਾਈਮ ਦੇ ਪੁੱਤਰ ਅਤੇ ਪੋਤਰੇ ਹੋਏ। ਅਤੇ ਉਸਦੇ ਪੁੱਤਰ ਮਨੱਸ਼ਹ ਦਾ ਇੱਕ ਪੁੱਤਰ ਸੀ, ਮਾਕੀਰ। ਯੂਸੁਫ਼ ਮਾਕੀਰ ਦੇ ਬੱਚਿਆਂ ਨੂੰ ਦੇਖਣ ਤੱਕ ਜੀਵਿਆ।
24 ਜਦੋਂ ਯੂਸੁਫ਼ ਮਰਨ ਕੰਢੇ ਸੀ, ਉਸਨੇ ਆਪਣੇ ਭਰਾਵਾਂ ਨੂੰ ਆਖਿਆ, “ਮੇਰੇ ਮਰਨ ਦਾ ਸਮਾਂ ਆ ਪਹੁੰਚਿਆ ਹੈ। ਪਰ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਤੁਹਾਡਾ ਧਿਆਨ ਰਖੇਗਾ ਅਤੇ ਤੁਹਾਨੂੰ ਇਸ ਦੇਸ਼ ਵਿੱਚੋਂ ਬਾਹਰ ਲੈ ਜਾਵੇਗਾ। ਪਰ ਪਰਮੇਸ਼ੁਰ ਤੁਹਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਜਿਸਨੂੰ ਉਸਨੇ, ਅਬਰਾਹਾਮ ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ।”
25 ਫ਼ੇਰ ਯੂਸੁਫ਼ ਨੇ ਆਪਣੇ ਲੋਕਾਂ ਨੂੰ ਇੱਕ ਇਕਰਾਰ ਕਰਨ ਲਈ ਆਖਿਆ। ਯੂਸੁਫ਼ ਨੇ ਆਖਿਆ, “ਇਕਰਾਰ ਕਰੋ ਕਿ ਤੁਸੀਂ ਮੇਰੀਆਂ ਅਸਥੀਆਂ ਆਪਣੇ ਨਾਲ ਲੈ ਜਾਵੋਂਗੇ ਜਦੋਂ ਪਰਮੇਸ਼ੁਰ ਨਵੀਂ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ।”
26 ਯੂਸੁਫ਼ ਜਦੋਂ 110 ਵਰ੍ਹਿਆਂ ਦਾ ਸੀ, ਉਸਦਾ ਮਿਸਰ ਵਿੱਚ ਦੇਹਾਂਤ ਹੋ ਗਿਆ। ਹਕੀਮਾਂ ਨੇ ਉਸਦੇ ਸ਼ਰੀਰ ਨੂੰ ਦਫ਼ਨਾਏ ਜਾਣ, ਲਈ ਤਿਆਰ ਕੀਤਾ ਅਤੇ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖ ਦਿੱਤਾ।