1 ਦੋ ਸਾਲਾਂ ਬਾਦ, ਫ਼ਿਰਊਨ ਨੂੰ ਇੱਕ ਸੁਪਨਾ ਆਇਆ। ਉਸਨੇ ਸੁਪਨਾ ਦੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜਾ ਹੋਇਆ ਸੀ।
2 ਸੁਪਨੇ ਵਿੱਚ, ਨਦੀ ਵਿੱਚੋਂ ਸੱਤ ਗਊਆਂ ਨਿਕਲੀਆਂ ਅਤੇ ਉਥੇ ਖੜਕੇ ਘਾਹ ਖਾਣ ਲੱਗੀਆਂ। ਉਹ ਬੜੀਆਂ ਸਿਹਤਮੰਦ ਅਤੇ ਸੁੰਦਰ ਗਊਆਂ ਸਨ।
3 ਫ਼ੇਰ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਨਦੀ ਕੰਢੇ ਸਿਹਤਮੰਦ ਗਊਆਂ ਕੋਲ ਖੜੀਆਂ ਹੋ ਗਈਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ।
4 ਸੱਤ ਬਿਮਾਰ ਗਊਆਂ ਸੱਤ ਸਿਹਤਮੰਦ ਗਊਆਂ ਨੂੰ ਖਾ ਗਈਆਂ। ਫ਼ੇਰ ਫ਼ਿਰਊਨ ਜਾਗ ਪਿਆ।
5 ਫ਼ਿਰਊਨ ਫ਼ੇਰ ਸੌਣ ਲਈ ਗਿਆ ਅਤੇ ਫ਼ੇਰ ਸੁਪਨਾ ਦੇਖਣ ਲੱਗਾ। ਇਸ ਵਾਰ ਉਸਨੇ ਸੁਪਨੇ ਵਿੱਚ, ਇੱਕੋ ਗੰਦਲ ਵਿੱਚੋਂ ਅਨਾਜ਼ ਦੀਆਂ ਸੱਤ ਬੱਲੀਆਂ ਉੱਗਦੀਆਂ ਵੇਖੀਆਂ। ਉਹ ਨਰੋਈਆਂ ਅਤੇ ਭਰਪੂਰ ਬੱਲੀਆਂ ਸਨ।
6 ਅਤੇ ਫ਼ੇਰ ਉਸਨੇ ਅਨਾਜ਼ ਦੀਆਂ ਹੋਰ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਪਰ ਉਹ ਪਤਲੀਆਂ ਅਤੇ ਗਰਮ ਹਵਾ ਨਾਲ ਝੁਲਸੀਆਂ ਹੋਈਆਂ ਸਨ।
7 ਅਨਾਜ਼ ਦੀਆਂ ਸੱਤ ਬੱਲੀਆਂ ਨੇ ਚੰਗੇ ਅਨਾਜ਼ ਵਾਲੀਆਂ ਬੱਲੀਆਂ ਨੂੰ ਖਾ ਲਿਆ। ਫ਼ੇਰ ਫ਼ਿਰਊਨ ਦੁਬਾਰਾ ਜਾਗ ਪਿਆ ਅਤੇ ਉਸਨੂੰ ਪਤਾ ਲਗਿਆ ਕਿ ਇਹ ਤਾਂ ਸੁਪਨਾ ਹੀ ਸੀ।
8 ਅਗਲੀ ਸਵੇਰ ਫ਼ਿਰਊਨ ਇਨ੍ਹਾਂ ਸੁਪਨਿਆਂ ਬਾਰੇ ਫ਼ਿਕਰਮੰਦ ਸੀ। ਇਸ ਲਈ ਉਸਨੇ ਮਿਸਰ ਦੇ ਸਾਰੇ ਸਿਆਣੇ ਅਤੇ ਜਾਦੂਗਰ ਬੁਲਾ ਲਏ। ਫ਼ਿਰਊਨ ਨੇ ਇਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਸੁਣਾਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੀ ਵਿਆਖਿਆ ਨਹੀਂ ਕਰ ਸਕਿਆ।
9 ਤਾਂ ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ। ਨੌਕਰ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਹੁਣੇ ਬੁਰਾ ਚੇਤੇ ਆਇਆ ਹੈ ਜੋ ਮੈਂ ਕੀਤਾ ਸੀ।
10 ਤੁਸੀਂ ਮੇਰੇ ਨਾਲ ਅਤੇ ਨਾਨਬਾਈ ਨਾਲ ਨਾਰਾਜ਼ ਹੋ ਗਏ ਸੀ, ਅਤੇ ਤੁਸੀਂ ਸਾਨੂੰ ਕੈਦਖਾਨੇ ਵਿੱਚ ਡੱਕ ਦਿੱਤਾ ਸੀ।
11 ਫ਼ੇਰ ਇੱਕ ਰਾਤ ਉਸਨੂੰ ਅਤੇ ਮੈਨੂੰ ਸੁਪਨਾ ਆਇਆ। ਹਰ ਸੁਪਨੇ ਦਾ ਅਰਥ ਵਖੋ-ਵੱਖਰਾ ਸੀ।
12 ਉਥੇ ਕੈਦਖਾਨੇ ਵਿੱਚ ਸਾਡੇ ਨਾਲ ਇੱਕ ਨੌਜਵਾਨ ਇਬਰਾਨੀ ਸੀ। ਉਹ ਪਹਿਰੇਦਾਰਾਂ ਦੇ ਕਮਾਂਡਰ ਦਾ ਨੌਕਰ ਸੀ। ਅਸੀਂ ਉਸਨੂੰ ਆਪਣੇ ਸੁਪਨੇ ਸੁਣਾਏ ਅਤੇ ਉਸਨੇ ਸਾਨੂੰ ਉਨ੍ਹਾਂ ਦਾ ਅਰਥ ਸਮਝਾਇਆ। ਉਸਨੇ ਸਾਨੂੰ ਹਰ ਸੁਪਨੇ ਦੇ ਅਰਥ ਦੀ ਵਿਆਖਿਆ ਕੀਤੀ।
13 ਅਤੇ ਜੋ ਕੁਝ ਉਸਨੇ ਦੱਸਿਆ ਸੀ ਉਹ ਸੱਚ ਨਿਕਲਿਆ। ਉਸਨੇ ਆਖਿਆ ਸੀ ਕਿ ਮੈਂ ਛੁੱਟ ਜਾਵਾਂਗਾ ਅਤੇ ਵਾਪਸ ਆਪਣੇ ਪੁਰਾਣੇ ਕੰਮ ਉੱਤੇ ਪਰਤ ਜਾਵਾਂਗਾ। ਉਸਨੇ ਇਹ ਵੀ ਆਖਿਆ ਕਿ ਨਾਨਬਾਈ ਮਰੇਗਾ, ਅਤੇ ਇਹ ਵੀ ਵਾਪਰ ਗਿਆ!”
14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕੈਦਖਾਨੇ ਵਿੱਚੋਂ ਸੱਦ ਲਿਆ। ਗਾਰਦਾਂ ਨੇ ਜਲਦ ਹੀ ਯੂਸੁਫ਼ ਨੂੰ ਕੈਦਖਾਨੇ ਤੋਂ ਬਾਹਰ ਲੈ ਆਂਦਾ। ਯੂਸੁਫ਼ ਨੇ ਮੂੰਹ ਸਿਰ ਮੁਨਾਇਆ ਅਤੇ ਕੁਝ ਸਾਫ਼ ਕੱਪੜੇ ਪਹਿਨ ਲਈ। ਫ਼ੇਰ ਉਹ ਫ਼ਿਰਊਨ ਨੂੰ ਮਿਲਣ ਲਈ ਚਲਾ ਗਿਆ।
15 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ। ਪਰ ਕੋਈ ਵੀ ਮੇਰੇ ਲਈ ਇਸਦੀ ਵਿਆਖਿਆ ਨਹੀਂ ਕਰ ਸਕਿਆ। ਮੈਂ ਸੁਣਿਆ ਹੈ ਕਿ ਜੇ ਕੋਈ ਤੈਨੂੰ ਆਪਣਾ ਸੁਪਨਾ ਸੁਣਾਵੇ ਤਾਂ ਤੂੰ ਉਸਦੀ ਵਿਆਖਿਆ ਕਰ ਸਕਦਾ ਹੈ।”
16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਅਜਿਹਾ ਨਹੀਂ ਕਰ ਸਕਦਾ। ਪਰ ਸ਼ਾਇਦ ਪਰਮੇਸ਼ੁਰ ਤੁਹਾਨੂੰ ਉਨ੍ਹਾਂ ਬਾਰੇ ਸਮਝਾ ਸਕੇ, ਫ਼ਿਰਊਨ।”
17 ਫ਼ੇਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਮੈਂ ਆਪਣੇ ਸੁਪਨੇ ਵਿੱਚ ਦੇਖਿਆ ਕਿ ਨੀਲ ਨਦੀ ਦੇ ਕੰਢੇ ਖਲੋਤਾ ਹਾਂ।
18 ਫ਼ੇਰ ਸੱਤ ਗਊਆਂ ਨਦੀ ਵਿੱਚੋਂ ਨਿਕਲੀਆਂ ਅਤੇ ਉਥੇ ਖਲੋਕੇ ਘਾਹ ਖਾਣ ਲੱਗੀਆਂ। ਉਹ ਨਰੋਈਆਂ ਅਤੇ ਸੁਨਖੀਆਂ ਗਊਆਂ ਸਨ।
19 ਫ਼ੇਰ ਮੈਂ ਦੇਖਿਆ ਕਿ ਉਨ੍ਹਾਂ ਤੋਂ ਪਿਛੋਂ ਸੱਤ ਹੋਰ ਗਊਆਂ ਨਦੀ ਵਿੱਚੋਂ ਨਿਕਲੀਆਂ। ਪਰ ਇਹ ਗਊਆਂ ਕਮਜ਼ੋਰ ਅਤੇ ਬਿਮਾਰ ਦਿਖਾਈ ਦਿੰਦੀਆਂ ਸਨ। ਇਹ ਉਨ੍ਹਾਂ ਸਾਰੀਆਂ ਗਊਆਂ ਨਾਲੋਂ ਸਭ ਤੋਂ ਨਖਿਧ ਸਨ ਜਿਨ੍ਹਾਂ ਨੂੰ ਮਿਸਰ ਵਿੱਚ ਕਿਤੇ ਵੀ ਦੇਖਿਆ ਹੈ!
20 ਫ਼ੇਰ ਉਨ੍ਹਾਂ ਕਮਜ਼ੋਰ ਅਤੇ ਬਿਮਾਰ ਗਊਆਂ ਨੇ ਪਹਿਲੀਆਂ ਨਰੋਈਆਂ ਗਊਆਂ ਨੂੰ ਖਾ ਲਿਆ।
21 ਪਰ ਉਹ ਫ਼ੇਰ ਵੀ ਕਮਜ਼ੋਰ ਅਤੇ ਬਿਮਾਰ ਦਿਸਦੀਆਂ ਸਨ। ਤੁਸੀਂ ਇਹ ਆਖ ਵੀ ਨਹੀਂ ਸਕਦੇ ਕਿ ਇਨ੍ਹਾਂ ਨੇ ਨਰੋਈਆਂ ਗਊਆਂ ਨੂੰ ਖਾ ਲਿਆ ਹੈ। ਉਹ ਓਨੀਆਂ ਹੀ ਕਮਜ਼ੋਰ ਅਤੇ ਬਿਮਾਰ ਨਜ਼ਰ ਆਉਂਦੀਆਂ ਸਨ ਜਿੰਨੀਆਂ ਉਹ ਸ਼ੁਰੂ ਵਿੱਚ ਸਨ। ਫ਼ੇਰ ਮੈਨੂੰ ਜਾਗ ਆ ਗਈ।
22 “ਆਪਣੇ ਅਗਲੇ ਸੁਪਨੇ ਵਿੱਚ ਮੈਂ ਇੱਕ ਪੌਦੇ ਉੱਤੇ ਅਨਾਜ਼ ਦੀਆਂ ਸੱਤ ਬੱਲੀਆਂ ਉੱਗਦੀਆਂ ਦੇਖੀਆਂ। ਉਹ ਨਰੋਈਆਂ ਅਤੇ ਅਨਾਜ਼ ਨਾਲ ਭਰਪੂਰ ਸਨ।
23 ਅਤੇ ਫ਼ੇਰ ਉਨ੍ਹਾਂ ਤੋਂ ਪਿਛੋਂ ਅਨਾਜ਼ ਦੀਆਂ ਸੱਤ ਹੋਰ ਬੱਲੀਆਂ ਉੱਗ ਪਈਆਂ। ਪਰ ਉਹ ਕਮਜ਼ੋਰ ਅਤੇ ਲੂ ਨਾਲ ਝੁਲਸੀਆਂ ਹੋਈਆਂ ਸਨ।
24 ਫ਼ੇਰ ਉਨ੍ਹਾਂ ਅਨਾਜ਼ ਦੀਆਂ ਪਤਲੀਆਂ ਬੱਲੀਆਂ ਨੇ ਸੱਤਾਂ ਚੰਗੀਆਂ ਬੱਲੀਆਂ ਨੂੰ ਖਾ ਲਿਆ।“ਮੈਂ ਆਪਣੇ ਇਹ ਸੁਪਨੇ ਆਪਣੇ ਜਾਦੂਗਰਾਂ ਨੂੰ ਸੁਣਾਏ ਹਨ। ਪਰ ਕੋਈ ਵੀ ਮੈਨੂੰ ਇਨ੍ਹਾਂ ਸੁਪਨਿਆਂ ਦੀ ਵਿਆਖਿਆ ਕਰਕੇ ਨਹੀਂ ਦੱਸ ਸਕਿਆ। ਇਨ੍ਹਾਂ ਦਾ ਕੀ ਅਰਥ ਹੈ?”
25 ਫ਼ੇਰ ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, “ਇਹ ਦੋਵੇਂ ਸੁਪਨੇ ਇੱਕੋ ਗੱਲ ਬਾਰੇ ਹਨ। ਪਰਮੇਸ਼ੁਰ ਤੈਨੂੰ ਛੇਤੀ ਹੀ ਵਾਪਰਨ ਵਾਲੀ ਗੱਲ ਬਾਰੇ ਦੱਸ ਰਿਹਾ ਹੈ।
26 ਦੋਹਾਂ ਸੁਪਿਨਆਂ ਦਾ ਅਸਲ ਵਿੱਚ ਇੱਕੋ ਹੀ ਅਰਥ ਹੈ। ਸੱਤ ਚੰਗੀਆਂ ਗਊਆਂ ਅਨਾਜ਼ ਦੀਆਂ ਸੱਤ ਚੰਗੀਆਂ ਬੱਲੀਆਂ ਸੱਤ ਚੰਗੇ ਵਰ੍ਹੇ ਹਨ।
27 ਅਤੇ ਸੱਤ ਕਮਜ਼ੋਰ ਅਤੇ ਬਿਮਾਰ ਦਿਸਣ ਵਾਲੀਆਂ ਗਊਆਂ ਅਤੇ ਅਨਾਜ਼ ਦੀਆਂ ਪਤਲੀਆਂ ਬੱਲੀਆਂ ਦਾ ਅਰਥ ਹੈ ਕਿ ਇਸ ਇਲਾਕੇ ਵਿੱਚ ਸੱਤ ਵਰ੍ਹੇ ਅਕਾਲ ਪਵੇਗਾ। ਇਹ ਸੱਤ ਬੁਰੇ ਵਰ੍ਹੇ ਸੱਤ ਚੰਗਿਆਂ ਵਰ੍ਹਿਆਂ ਬਾਦ ਆਉਣਗੇ।
28 ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਹੈ ਕਿ ਛੇਤੀ ਹੀ ਕੀ ਵਾਪਰੇਗਾ। ਅਤੇ ਪਰਮੇਸ਼ੁਰ ਦੀ ਰਜ਼ਾ ਨਾਲ ਇਹ ਇਵੇਂ ਹੀ ਵਾਪਰੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ।
29 ਸੱਤ ਵਰ੍ਹਿਆਂ ਤੱਕ ਮਿਸਰ ਵਿੱਚ ਚੋਖਾ ਭੋਜਨ ਹੋਵੇਗਾ।
30 ਪਰ ਫ਼ੇਰ ਸੱਤ ਵਰ੍ਹੇ ਅਕਾਲ ਦੇ ਹੋਣਗੇ। ਮਿਸਰ ਦੇ ਲੋਕ ਇਸ ਗੱਲ ਨੂੰ ਭੁੱਲ ਜਾਣਗੇ ਕਿ ਉਨ੍ਹਾਂ ਕੋਲ ਪਿਛਲੇ ਸਮੇਂ ਵਿੱਚ ਕਿੰਨਾ ਭੋਜਨ ਸੀ। ਇਹ ਅਕਾਲ ਦੇਸ਼ ਨੂੰ ਬਰਬਾਦ ਕਰ ਦੇਵੇਗਾ।
31 ਕਿਉਂਕਿ ਅਕਾਲ ਇੰਨਾ ਭਿਆਨਕ ਹੋਵੇਗਾ, ਲੋਕ ਇਹ ਭੁੱਲ ਜਾਣਗੇ ਕਿ ਚੋਖਾ ਭੋਜਨ ਖਾਣਾ ਕਿਹੋ ਜਿਹਾ ਸੀ।
32 “ਫ਼ਿਰਊਨ, ਤੁਹਾਨੂੰ ਇੱਕੋ ਗੱਲ ਬਾਰੇ ਦੋ ਸੁਪਨੇ ਆਏ ਹਨ। ਪਰਮੇਸ਼ੁਰ ਤੁਹਾਨੂੰ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਦੀ ਰਜ਼ਾ ਨਾਲ ਅਜਿਹਾ ਅਵੱਸ਼ ਵਾਪਰੇਗਾ। ਅਤੇ ਉਹ ਇਸਨੂੰ ਛੇਤੀ ਹੀ ਵਾਪਰਨ ਦੇਵੇਗਾ!
33 ਇਸ ਲਈ ਫ਼ਿਰਊਨ, ਤੁਹਾਨੂੰ ਕਿਸੇ ਸਿਆਣੇ ਅਤੇ ਬੁਧੀਮਾਨ ਆਦਮੀ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਸਨੂੰ ਮਿਸਰ ਦਾ ਇੰਚਾਰਜ ਬਣਾ ਦੇਣਾ ਚਾਹੀਦਾ ਹੈ।
34 ਫ਼ੇਰ ਤੁਹਾਨੂੰ ਹੋਰਨਾ ਬੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਪਾਸੋਂ ਭੋਜਨ ਇਕਠਾ ਕਰ ਸਕਣ। ਸੱਤ ਚੰਗੇ ਵਰ੍ਹਿਆਂ ਦੌਰਾਨ ਲੋਕਾਂ ਨੂੰ ਆਪਣੀ ਸਾਰੀ ਫ਼ਸਲ ਦਾ ਪੰਜਵਾਂ ਹਿੱਸਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।
35 ਇਸ ਤਰ੍ਹਾਂ, ਇਹ ਆਦਮੀ ਸੱਤ ਚੰਗੇ ਵਰ੍ਹਿਆਂ ਦੌਰਾਨ ਚੋਖਾ ਭੋਜਨ ਇਕਠਾ ਕਰ ਸਕਣਗੇ ਅਤੇ ਇਸਨੂੰ ਲੋੜ ਪੈਣ ਤੱਕ ਸ਼ਹਿਰਾਂ ਵਿੱਚ ਜਮ੍ਹਾਂ ਕਰਨਗੇ। ਇਸ ਤਰ੍ਹਾਂ, ਫ਼ਿਰਊਨ, ਇਹ ਭੋਜਨ ਤੁਹਾਡੇ ਅਧਿਕਾਰ ਹੇਠਾਂ ਰਹੇਗਾ।
36 ਫ਼ੇਰ ਸੱਤ ਮੰਦੇ ਵਰ੍ਹਿਆਂ ਦੌਰਾਨ ਮਿਸਰ ਦੇਸ਼ ਕੋਲ ਖਾਣ ਲਈ ਅਨਾਜ਼ ਹੋਵੇਗਾ। ਅਤੇ ਮਿਸਰ ਅਕਾਲ ਨਾਲ ਤਬਾਹ ਨਹੀਂ ਹੋਵੇਗਾ।”
37 ਫ਼ਿਰਊਨ ਨੂੰ ਇਹ ਵਿਚਾਰ ਬਹੁਤ ਚੰਗਾ ਲਗਿਆ ਅਤੇ ਉਸਦੇ ਸਾਰੇ ਅਧਿਕਾਰੀ ਵੀ ਮੰਨ ਗਏ।
38 ਫ਼ੇਰ ਫ਼ਿਰੂਨ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਅਸੀਂ ਇਸ ਕੰਮ ਲਈ ਯੂਸੁਫ਼ ਨਾਲੋਂ ਕੋਈ ਵਧੇਰੇ ਸਿਆਣਾ ਬੰਦਾ ਨਹੀਂ ਲਭ ਸਕਦੇ। ਪਰਮੇਸ਼ੁਰ ਦਾ ਆਤਮਾ ਉਸਦੇ ਅੰਦਰ ਹੈ ਜਿਹੜਾ ਉਸਨੂੰ ਬਹੁਤ ਸਿਆਣਾ ਬਣਾ ਰਿਹਾ ਹੈ।”
39 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ।
40 ਮੈਂ ਤੈਨੂੰ ਆਪਣੇ ਦੇਸ਼ ਦਾ ਮੁਖਤਾਰ ਬਣਾ ਦਿਆਂਗਾ ਅਤੇ ਲੋਕ ਤੇਰੇ ਸਾਰੇ ਆਦੇਸ਼ ਮੰਨਣਗੇ। ਸਿਰਫ਼ ਮੈਂ ਹੀ ਉਹ ਬੰਦਾ ਹੋਵਾਂਗਾ ਜਿਹੜਾ ਤੇਰੇ ਨਾਲੋਂ ਵਧ ਤਾਕਤਵਰ ਹੋਵਾਂਗਾ।”
41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਰਾਜਪਾਲ ਥਾਪਦਾ ਹਾਂ।”
42 ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ।
43 ਫ਼ਿਰਊਨ ਨੇ ਯੂਸੁਫ਼ ਨੂੰ ਦੂਸਰੇ ਰਥ ਵਿੱਚ ਸਵਾਰ ਹੋਣ ਲਈ ਕਿਹਾ। ਯੂਸੁਫ਼ ਦੇ ਰਥ ਅੱਗੇ ਖਾਸ ਪਹਿਰੇਦਾਰ ਤੁਰੇ ਅਤੇ ਲੋਕਾਂ ਨੂੰ ਆਖਿਆ, “ਯੂਸੁਫ਼ ਦੇ ਅੱਗੇ ਝੁਕੋ।” ਇਸ ਲਈ ਉਹ ਸਾਰੇ ਮਿਸਰ ਦਾ ਰਾਜਪਾਲ ਬਣ ਗਿਆ।
44 ਫ਼ਿਰਊਨ ਨੇ ਉਸ ਨੂੰ ਆਖਿਆ, “ਮੈਂ ਫ਼ਿਰਊਨ ਹਾਂ, ਪਰ ਮਿਸਰ ਦਾ ਕੋਈ ਵੀ ਬੰਦਾ ਤੇਰੀ ਆਗਿਆ ਤੋਂ ਬਿਨਾ ਕੁਝ ਨਹੀਂ ਕਰ ਸਕਦਾ।”
45 ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਹੋਰ ਨਾਮ ਦਿੱਤਾ, ਸਾਫ਼ਨਥ ਪਾਨੇਆਹ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਪਤਨੀ ਵੀ ਦਿੱਤੀ ਜਿਸਦਾ ਨਾਮ ਸੀ ਆਸਨਥ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ ਸੀ। ਇਸ ਤਰ੍ਹਾਂ ਯੂਸੁਫ਼ ਪੂਰੇ ਮਿਸਰ ਦੇਸ਼ ਦਾ ਰਾਜਪਾਲ ਬਣ ਗਿਆ।
46 ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ
30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ।
47 ਸੱਤ ਚੰਗੇ ਵਰ੍ਹਿਆਂ ਦੌਰਾਨ ਮਿਸਰ ਵਿੱਚ ਫ਼ਸਲਾਂ ਬਹੁਤ ਚੰਗੀਆਂ ਹੋਈਆਂ।
48 ਅਤੇ ਯੂਸੁਫ਼ ਨੇ ਮਿਸਰ ਵਿੱਚ ਉਨ੍ਹਾਂ ਸੱਤਾਂ ਸਾਲਾਂ ਦੌਰਾਨ ਅਨਾਜ਼ ਬਚਾਇਆ। ਯੂਸੁਫ਼ ਨੇ ਸ਼ਹਿਰਾਂ ਵਿੱਚ ਅਨਾਜ਼ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਯੂਸੁਫ਼ ਨੇ ਉਹ ਅਨਾਜ਼ ਜਮ੍ਹਾਂ ਕਰ ਲਿਆ ਜਿਹੜੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪੈਦਾ ਹੁੰਦਾ ਸੀ।
49 ਯੂਸੁਫ਼ ਨੇ ਇੰਨਾ ਅਨਾਜ਼ ਇਕਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸਨੇ ਇੰਨਾ ਜ਼ਿਆਦਾ ਅਨਾਜ਼ ਜਮ੍ਹਾਂ ਕਰ ਲਿਆ ਕਿ ਉਸਨੂੰ ਮਾਪਣਾ ਔਖਾ ਸੀ।
50 ਯੂਸੁਫ਼ ਦੀ ਪਤਨੀ ਆਸਨਥ ਸੀ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ ਸੀ। ਅਕਾਲ ਦਾ ਪਹਿਲਾ ਵਰ੍ਹਾ ਆਉਣ ਤੋਂ ਪਹਿਲਾਂ ਯੂਸੁਫ਼ ਅਤੇ ਆਸਨਥ ਦੇ ਦੋ ਪੁੱਤਰ ਹੋਏ।
51 ਪਹਿਲੇ ਪੁੱਤਰ ਦਾ ਨਾਮ ਮਨਸ਼ਹ ਰੱਖਿਆ ਗਿਆ। ਯੂਸੁਫ਼ ਨੇ ਉਸਨੂੰ ਇਹ ਨਾਮ ਇਸ ਵਾਸਤੇ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਘਰ ਦੀ ਹਰ ਗੱਲ ਭੁਲਾ ਦਿੱਤੀ ਹੈ।”
52 ਯੂਸੁਫ਼ ਨੇ ਦੂਸਰੇ ਪੁੱਤਰ ਦਾ ਨਾਮ ਇਫ਼ਰਾਈਮ ਰੱਖਿਆ। ਯੂਸੁਫ਼ ਨੇ ਉਸਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਉਸ ਧਰਤੀ ਉੱਤੇ ਸਫ਼ਲਤਾ ਦਿੱਤੀ ਜਿਥੇ ਮੈਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਸੀ।”
53 ਸੱਤ ਸਾਲਾਂ ਤੱਕ, ਲੋਕਾਂ ਕੋਲ ਉਨ੍ਹਾਂ ਲਈ ਲੋੜੀਂਦਾ ਸਾਰਾ ਅਨਾਜ਼ ਸੀ। ਪਰ ਫ਼ੇਰ ਉਹ ਸਾਲ ਖਤਮ ਹੋ ਗਏ।
54 ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ਼ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ਼ ਜਮ੍ਹਾਂ ਕਰ ਲਿਆ ਸੀ।
55 ਕਾਲ ਦਾ ਸਮਾਂ ਸ਼ੁਰੂ ਹੋ ਗਿਆ, ਅਤੇ ਲੋਕ ਫ਼ਿਰਊਨ ਅੱਗੇ ਭੋਜਨ ਲਈ ਪੁਕਾਰ ਕਰਨ ਲੱਗੇ। ਫ਼ਿਰਊਨ ਨੇ ਮਿਸਰ ਦੇ ਲੋਕਾਂ ਨੂੰ ਆਖਿਆ, “ਯੂਸੁਫ਼ ਨੂ ਜਾਕੇ ਪੁਛੋ ਕਿ ਕੀ ਕਰਨਾ ਹੈ।”
56 ਹਰ ਥਾਂ ਅਕਾਲ ਪਿਆ ਹੋਇਆ ਸੀ, ਇਸ ਲਈ ਯੂਸੁਫ਼ ਨੇ ਉਥੋਂ ਜਿਥੇ ਅਨਾਜ਼ ਰੱਖਿਆ ਹੋਇਆ ਸੀ, ਕਢਿਆ ਅਤੇ ਇਸਨੂੰ ਲੋਕਾਂ ਨੂੰ ਦੇ ਦਿੱਤਾ। ਯੂਸੁਫ਼ ਨੇ ਜਮ੍ਹਾਂ ਕੀਤਾ ਹੋਇਆ ਅਨਾਜ਼ ਮਿਸਰ ਦੇ ਲੋਕਾਂ ਨੂੰ ਵੇਚਿਆ। ਮਿਸਰ ਵਿੱਚ ਅਕਾਲ ਸਖ਼ਤ ਸੀ।
57 ਪਰ ਅਕਾਲ ਹਰ ਥਾਂ ਸਖ਼ਤ ਸੀ। ਇਸ ਲਈ ਮਿਸਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੂੰ ਯੂਸੁਫ਼ ਤੋਂ ਅਨਾਜ਼ ਖਰੀਦਣ ਲਈ ਮਿਸਰ ਆਉਣਾ ਪੈਂਦਾ ਸੀ।