1 ਉਸ ਦੇਸ਼ ਵਿੱਚ ਅਕਾਲ ਦੀ ਹਾਲਤ ਬਹੁਤ ਖਰਾਬ ਸੀ।
2 ਲੋਕਾਂ ਨੇ ਮਿਸਰ ਤੋਂ ਖਰੀਦਿਆ ਹੋਇਆ ਸਾਰਾ ਅਨਾਜ਼ ਖਾ ਲਿਆ। ਜਦੋਂ ਉਹ ਅਨਾਜ਼ ਮੁੱਕ ਗਿਆ, ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਮਿਸਰ ਵਿੱਚ ਜਾਉ ਅਤੇ ਆਪਣੇ ਖਾਣ ਲਈ ਕੁਝ ਹੋਰ ਅਨਾਜ਼ ਖਰੀਦ ਲਿਆਉ।”
3 ਪਰ ਯਹੂਦਾਹ ਨੇ ਯਾਕੂਬ ਨੂੰ ਆਖਿਆ, “ਪਰ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਚਿਤਾਵਨੀ ਦਿੱਤੀ ਸੀ। ਉਸਨੇ ਆਖਿਆ, ‘ਜੇ ਤੁਸੀਂ ਆਪਣੇ ਭਰਾ ਨੂੰ ਮੇਰੇ ਕੋਲ ਨਾ ਲੈਕੇ ਆਏ ਤਾਂ ਤੁਹਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਆਂਗਾ।’
4 ਜੇ ਤੁਸੀਂ ਬਿਨਯਾਮੀਨ ਨੂੰ ਸਾਡੇ ਨਾਲ ਭੇਜ ਦਿਉਂਗੇ, ਫ਼ੇਰ ਅਸੀਂ ਉਥੇ ਜਾ ਸਕਦੇ ਹਾਂ ਅਤੇ ਅਨਾਜ਼ ਖਰੀਦ ਸਕਦੇ ਹਾਂ।
5 ਪਰ ਜੇ ਤੁਸੀਂ ਬਿਨਯਾਮੀਨ ਨੂੰ ਭੇਜਣ ਤੋਂ ਇਨਕਾਰ ਕਰੋਂਗੇ ਤਾਂ ਫ਼ੇਰ ਅਸੀਂ ਨਹੀਂ ਜਾਵਾਂਗੇ। ਉਸ ਬੰਦੇ ਨੇ ਸਾਨੂੰ ਚਿਤਾਵਨੀ ਦਿੱਤੀ ਸੀ ਕਿ ਉਸਤੋਂ ਬਿਨਾ ਵਾਪਸ ਨਾ ਆਈਏ।”
6 ਯਾਕੂਬ ਨੇ ਆਖਿਆ, “ਤੁਸੀਂ ਉਸਨੂੰ ਇਹ ਕਿਉਂ ਦੱਸਿਆ ਕਿ ਤੁਹਾਡਾ ਕੋਈ ਹੋਰ ਭਰਾ ਸੀ? ਤੁਸੀਂ ਇਹੋ ਜਿਹੀ ਮਾੜੀ ਗੱਲ ਮੇਰੇ ਨਾਲ ਕਿਉਂ ਕੀਤੀ?”
7 ਭਰਾਵਾਂ ਨੇ ਜਵਾਬ ਦਿੱਤਾ, “ਉਸ ਬੰਦੇ ਨੇ ਬੜੇ ਸਵਾਲ ਪੁਛੇ ਸਨ। ਉਹ ਸਾਡੇ ਅਤੇ ਸਾਡੇ ਪਰਿਵਾਰ ਬਾਰੇ ਸਾਰਾ ਕੁਝ ਜਾਨਣਾ ਚਾਹੁੰਦਾ ਸੀ। ਉਸਨੇ ਸਾਨੂੰ ਪੁਛਿਆ, ‘ਕੀ ਤੁਹਾਡਾ ਪਿਤਾ ਹਾਲੇ ਜਿਉਂਦਾ ਹੈ? ਕੀ ਤੁਹਾਡਾ ਹੋਰ ਕੋਈ ਭਰਾ ਵੀ ਘਰ ਹੈ?’ ਅਸੀਂ ਤਾਂ ਸਿਰਫ਼ ਸਦੇ ਸਵਾਲਾਂ ਦਾ ਜਵਾਬ ਹੀ ਦਿੱਤਾ ਸੀ। ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਆਪਣਾ ਭਰਾ ਆਪਣੇ ਕੋਲ ਲਿਆਉਣ ਲਈ ਆਖੇਗਾ!”
8 ਫ਼ੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਬਿਨਯਾਮੀਨ ਨੂੰ ਮੇਰੇ ਨਾਲ ਜਾਣ ਦਿਉ। ਮੈਂ ਉਸਦਾ ਧਿਆਨ ਰਖਾਂਗਾ। ਸਾਨੂੰ ਭੋਜਨ ਹਾਸਿਲ ਕਰਨ ਲਈ ਮਿਸਰ ਜਾਣਾ ਹੀ ਪੈਣਾ ਹੈ। ਜੇ ਅਸੀਂ ਨਹੀਂ ਜਾਂਦੇ ਤਾਂ ਅਸੀਂ ਸਾਰੇ ਹੀ, ਆਪਣੇ ਬੱਚਿਆਂ ਸਮੇਤ, ਮਾਰੇ ਜਾਵਾਂਗੇ।
9 ਮੈਂ ਇਸ ਗੱਲ ਦਾ ਖਾਸ ਖਿਆਲ ਰਖਾਂਗਾ ਕਿ ਉਹ ਸੁਰਖਿਅਤ ਰਹੇ। ਮੈਂ ਉਸਦੇ ਲਈ ਜ਼ਿੰਮੇਵਾਰ ਹੋਵਾਂਗਾ। ਜੇ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਹੀਂ ਲੈਕੇ ਆਉਂਦਾ, ਤਾਂ ਤੁਸੀਂ ਹਮੇਸ਼ਾ ਲਈ ਮੇਰੇ ਉੱਪਰ ਦੋਸ਼ ਧਰ ਸਕਦੇ ਹੋ।
10 ਜੇ ਤੁਸੀਂ ਸਾਨੂੰ ਪਹਿਲਾਂ ਜਾਣ ਦਿੰਦੇ ਤਾਂ ਅਸੀਂ ਹੁਣ ਤੱਕ ਅਨਾਜ਼ ਲਈ ਦੋ ਚਕਰ ਲਾ ਆਉਣੇ ਸਨ।”
11 ਫ਼ੇਰ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਆਖਿਆ, “ਜੇ ਇਹ ਗੱਲ ਸੱਚਮੁੱਚ ਸਹੀ ਹੈ, ਤਾਂ ਬਿਨਯਾਮੀਨ ਨੂੰ ਆਪਣੇ ਨਾਲ ਲੈ ਜਾਉ। ਪਰ ਰਾਜਪਾਲ ਲਈ ਕੁਝ ਸੁਗਾਤਾਂ ਲੈਂਦੇ ਜਾਉ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਧਰਤੀ ਵਿੱਚ ਇਕਠੀਆਂ ਕਰ ਸਕੇ ਹਾਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਲੈ ਜਾਉ। ਉਸ ਲਈ ਕੁਝ ਸ਼ਹਿਦ, ਪਿਸਤਾ, ਬਦਾਮ, ਗੂੰਦ ਅਤੇ ਮੁਰ ਲੈ ਜਾਊ।
12 ਇਸ ਵਾਰ ਆਪਣੇ ਨਾਲ ਪਹਿਲਾਂ ਨਾਲੋਂ ਦੁੱਗਣੇ ਪੈਸੇ ਲੈ ਜਾਓ। ਉਹ ਪੈਸੇ ਵੀ ਲੈ ਜਾਉ ਜਿਹੜੇ ਪਿਛਲੀ ਵਾਰੀ ਤੁਹਾਨੂੰ ਵਾਪਸ ਮੋੜ ਦਿੱਤੇ ਗਏ ਸਨ। ਸ਼ਾਇਦ ਰਾਜਪਾਲ ਕੋਲੋਂ ਕੋਈ ਗਲਤੀ ਹੋ ਗਈ ਸੀ।
13 ਬਿਨਯਾਮੀਨ ਨੂੰ ਲੈ ਜਾਉ ਅਤੇ ਉਸ ਬੰਦੇ ਕੋਲ ਵਾਪਸ ਜਾਉ।
14 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਉਦੋਂ ਤੁਹਾਡੀ ਸਹਾਇਤਾ ਕਰੇ, ਜਦੋਂ ਤੁਸੀਂ ਰਾਜਪਾਲ ਦੇ ਸਾਮ੍ਹਣੇ ਖੜੇ ਹੋਵੋਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਬਿਨਯਾਮੀਨ ਨੂੰ ਅਤੇ ਸਿਮਓਨ ਨੂੰ ਸੁਰਖਿਅਤ ਘਰ ਲਿਆਵੇ। ਜੇ ਨਹੀਂ, ਤਾਂ ਮੈਂ ਫ਼ੇਰ ਆਪਣੇ ਪੁੱਤਰ ਨੂੰ ਗੁਆਉਣ ਦਾ ਦੁੱਖ ਭੋਗਾਂਗਾ।”
15 ਇਸ ਲਈ ਭਰਾਵਾਂ ਨੇ ਰਾਜਪਾਲ ਨੂੰ ਦੇਣ ਲਈ ਸੁਗਾਤਾਂ ਲੈ ਲਈਆਂ ਅਤੇ ਉਨ੍ਹਾਂ ਨੇ ਆਪਣੇ ਨਾਲ ਪਿਛਲੀ ਵਾਰ ਨਾਲੋਂ ਦੁਗਣੇ ਪੈਸੇ ਲੈ ਲਏ। ਇਸ ਵਾਰ, ਬਿਨਯਾਮੀਨ ਆਪਣੇ ਭਰਾਵਾਂ ਦੇ ਨਾਲ ਮਿਸਰ ਨੂੰ ਗਿਆ। ਆਖਰਕਾਰ, ਉਹ ਪਹੁੰਚ ਗਏ ਅਤੇ ਯੂਸੁਫ਼ ਦੇ ਸਾਮ੍ਹਣੇ ਖਲੋ ਗਏ।
16 ਮਿਸਰ ਵਿੱਚ, ਯੂਸੁਫ਼ ਨੇ ਬਿਨਯਾਮੀਨ ਨੂੰ ਉਨ੍ਹਾਂ ਦੇ ਨਾਲ ਦੇਖਿਆ। ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਆ। ਇੱਕ ਜਾਨਵਰ ਮਾਰ ਅਤੇ ਉਸਨੂੰ ਰਿੰਨ੍ਹ। ਇਹ ਆਦਮੀ ਅੱਜ ਦੁਪਿਹਰ ਦਾ ਭੋਜਨ ਮੇਰੇ ਨਾਲ ਕਰਨਗੇ।”
17 ਨੌਕਰ ਨੇ ਉਵੇਂ ਹੀ ਕੀਤਾ ਜਿਵੇਂ ਉਸਨੂੰ ਆਖਿਆ ਗਿਆ ਸੀ। ਉਸਨੇ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਲਿਆਂਦਾ।
18 ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਆਂਦਾ ਗਿਆ ਤਾਂ ਭਰਾ ਡਰੇ ਹੋਏ ਸਨ। ਉਨ੍ਹਾਂ ਆਖਿਆ, “ਸਾਨੂੰ ਇੱਥੇ ਉਸ ਪੈਸੇ ਕਾਰਣ ਲਿਆਂਦਾ ਗਿਆ ਹੈ ਜਿਹੜਾ ਪਿਛਲੀ ਵਾਰੀ ਸਾਡੀਆਂ ਬੋਰੀਆਂ ਵਿੱਚ ਵਾਪਿਸ ਰੱਖ ਦਿੱਤਾ ਗਿਆ ਸੀ। ਉਹ ਇਸਨੂੰ ਸਾਡੇ ਵਿਰੁੱਧ ਸਬੂਤ ਵਜੋਂ ਵਰਤਣਗੇ। ਅਤੇ ਉਹ ਸਾਡੇ ਖੋਤੇ ਖੋਹ ਲੈਣਗੇ ਅਤੇ ਸਾਨੂੰ ਗੁਲਾਮ ਬਣਾ ਲੈਣਗੇ।”
19 ਇਸ ਲਈ ਭਰਾ ਉਸ ਨੌਕਰ ਕੋਲ ਗਏ ਜਿਹੜਾ ਯੂਸੁਫ਼ ਦੇ ਘਰ ਦਾ ਇੰਚਾਰਜ ਸੀ। ਉਨ੍ਹਾਂ ਨੇ ਉਸ ਨਾਲ ਘਰ ਦੇ ਪ੍ਰਵੇਸ਼ ਦੁਆਰ ਕੋਲ ਗੱਲ ਕੀਤੀ।
20 ਉਨ੍ਹਾਂ ਨੇ ਆਖਿਆ “ਸ੍ਰੀਮਾਨ ਜੀ, ਅਸੀਂ ਇਕਰਾਰ ਕਰਦੇ ਹਾਂ ਕਿ ਸੱਚ ਇਹ ਹੈ: ਪਿਛਲੀ ਵਾਰ ਜਦੋਂ ਅਸੀਂ ਆਏ ਸੀ ਤਾਂ ਅਸੀਂ ਅਨਾਜ਼ ਖਰੀਦਣ ਆਏ ਸੀ।
21 ਘਰ ਜਾਂਦੇ ਸਮੇਂ, ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਸਾਨੂੰ ਹਰ ਬੋਰੀ ਵਿੱਚ ਆਪਣੇ ਪੈਸੇ ਮਿਲੇ। ਸਾਨੂੰ ਨਹੀਂ ਪਤਾ ਇਹ ਉਥੇ ਕਿਵੇਂ ਚਲੇ ਗਏ। ਪਰ ਅਸੀਂ ਉਹ ਪੈਸੇ ਆਪਣੇ ਨਾਲ ਲਿਆਏ ਹਾਂ ਤਾਂ ਜੋ ਤੁਹਾਨੂੰ ਵਾਪਸ ਦੇ ਸਕੀਏ। ਅਤੇ ਅਸੀਂ ਜਿਹੜਾ ਅਨਾਜ਼ ਇਸ ਵਾਰੀ ਖਰੀਦਣਾ ਚਾਹੁੰਦੇ ਹਾਂ ਉਸਦੇ ਲਈ ਹੋਰ ਪੈਸੇ ਲਿਆਏ ਹਾਂ।”
22
23 ਪਰ ਨੌਕਰ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਵੋ, ਡਰੋ ਨਹੀਂ। ਤੁਹਾਡੇ ਪਰਮੇਸ਼ੁਰ, ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਅਵੱਸ਼ ਹੀ ਉਹ ਪੈਸੇ ਸੁਗਾਤ ਵਜੋਂ ਤੁਹਾਡੇ ਬੋਰਿਆਂ ਵਿੱਚ ਰੱਖ ਦਿੱਤੇ ਹੋਣਗੇ। ਮੈਨੂੰ ਚੇਤੇ ਹੈ ਕਿ ਤੁਸੀਂ ਪਿਛਲੀ ਵਾਰ ਅਨਾਜ਼ ਬਦਲੇ ਮੈਨੂੰ ਪੈਸੇ ਦੇ ਦਿੱਤੇ ਸਨ।”ਫ਼ੇਰ ਨੌਕਰ ਸਿਮਓਨ ਨੂੰ ਕੈਦਖਾਨੇ ਤੋਂ ਬਾਹਰ ਲੈ ਆਇਆ।
24 ਨੌਕਰ ਉਨ੍ਹਾਂ ਆਦਮੀਆਂ ਨੂੰ ਯੂਸੁਫ਼ ਦੇ ਘਰ ਅੰਦਰ ਲੈ ਗਿਆ। ਉਸਨੇ ਉਨ੍ਹਾਂ ਨੂੰ ਪਾਣੀ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ। ਫ਼ੇਰ ਉਸਨੇ ਉਨ੍ਹਾਂ ਦੇ ਖੋਤਿਆਂ ਨੂੰ ਚਾਰਾ ਦਿੱਤਾ।
25 ਭਰਾਵਾਂ ਨੇ ਸੁਣਿਆ ਕਿ ਉਹ ਯੂਸੁਫ਼ ਦੇ ਨਾਲ ਭੋਜਨ ਕਰਨ ਲਈ ਜਾ ਰਹੇ ਸਨ। ਇਸ ਲਈ ਉਹ ਉਸਦੇ ਲਈ ਦੁਪਿਹਰ ਤੱਕ ਸੁਗਾਤਾਂ ਤਿਆਰ ਕਰਦੇ ਰਹੇ।
26 ਯੂਸੁਫ਼ ਘਰ ਆਇਆ ਅਤੇ ਭਰਾਵਾਂ ਨੇ ਉਸਨੂੰ ਉਹ ਸੁਗਾਤਾਂ ਦਿੱਤੀਆਂ ਜਿਹੜੀਆਂ ਉਹ ਆਪਣੇ ਨਾਲ ਲਿਆਏ ਸਨ।
27 ਯੂਸੁਫ਼ ਨੇ ਉਨ੍ਹਾਂ ਦਾ ਹਾਲ ਪੁਛਿਆ। ਯੂਸੁਫ਼ ਨੇ ਆਖਿਆ, “ਤੁਹਾਡੇ ਉਸ ਬਜ਼ੁਰਗ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ। ਕੀ ਉਹ ਹਾਲੇ ਵੀ ਜਿਉਂਦਾ ਅਤੇ ਰਾਜ਼ੀ-ਖੁਸ਼ੀ ਹੈ?”
28 ਭਰਾਵਾਂ ਨੇ ਜਵਾਬ ਦਿੱਤਾ, “ਹਾਂ, ਸਾਡਾ ਪਿਤਾ ਹਾਲੇ ਜੀਵਿਤ ਹੈ।” ਉਹ ਇੱਕ ਵਾਰੀ ਫ਼ੇਰ ਯੂਸੁਫ਼ ਦੇ ਅੱਗੇ ਝੁਕ ਗਏ।
29 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਦੇਖਿਆ। (ਬਿਨਯਾਮੀਨ ਅਤੇ ਯੂਸੁਫ਼ ਦੀ ਮਾਂ ਇੱਕੋ ਸੀ।) ਯੂਸੁਫ਼ ਨੇ ਆਖਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਫ਼ੇਰ ਯੂਸੁਫ਼ ਨੇ ਬਿਨਯਾਮੀਨ ਨੂੰ ਆਖਿਆ “ਪਰਮੇਸ਼ੁਰ ਤੇਰਾ ਭਲਾ ਕਰੇ, ਪੁੱਤਰ!”
30 ਫ਼ੇਰ ਯੂਸੁਫ਼ ਕਮਰੇ ਵਿੱਚੋਂ ਭੱਜ ਗਿਆ। ਯੂਸੁਫ਼ ਬਹੁਤ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਨੂੰ ਦਰਸਾਵੇ ਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਸੀ। ਉਸਦਾ ਰੋਣ ਨੂੰ ਜੀ ਕੀਤਾ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਭਰਾ ਉਸਨੂੰ ਰੋਂਦਿਆਂ ਦੇਖਣ। ਇਸ ਲਈ ਯੂਸੁਫ਼ ਆਪਣੇ ਕਮਰੇ ਵੱਲ ਭੱਜ ਗਿਆ ਅਤੇ ਉਥੇ ਜਾਕੇ ਰੋ ਪਿਆ।
31 ਫ਼ੇਰ ਯੂਸੁਫ਼ ਨੇ ਆਪਣਾ ਮੂੰਹ ਧੋਤਾ ਅਤੇ ਵਾਪਸ ਆ ਗਿਆ। ਉਸਨੇ ਆਪਣੇ-ਆਪ ਉੱਪਰ ਕਾਬੂ ਪਾ ਲਿਆ ਅਤੇ ਆਖਿਆ, “ਹੁਣ ਖਾਣ ਦਾ ਵੇਲਾ ਹੋ ਗਿਆ ਹੈ।”
32 ਨੌਕਰਾਂ ਨੇ ਯੂਸੁਫ਼ ਨੂੰ ਇੱਕ ਮੇਜ਼ ਉੱਤੇ ਇੱਕਲਿਆਂ ਬਿਠਾ ਦਿੱਤਾ। ਉਸਦੇ ਭਰਾ ਦੂਸਰੇ ਮੇਜ਼ ਉੱਤੇ ਇਕੱਲੇ ਸਨ ਅਤੇ ਮਿਸਰੀ ਦੂਸਰੇ ਮੇਜ਼ ਉੱਤੇ ਵਖਰੇ ਬੈਠੇ ਸਨ। ਮਿਸਰੀਆਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਲਈ ਇਬਰਾਨੀਆਂ ਦੇ ਨਾਲ ਬੈਠਕੇ ਭੋਜਨ ਖਾਣਾ ਗਲਤ ਹੈ।
33 ਯੂਸੁਫ਼ ਦੇ ਭਰਾ ਉਸਦੇ ਸਾਮ੍ਹਣੇ ਵਾਲੇ ਮੇਜ਼ ਉੱਤੇ ਬੈਠੇ ਸਨ। ਭਰਾ ਆਪਣੀ ਉਮਰ ਦੇ ਹਿਸਾਬ ਨਾਲ ਬੈਠੇ ਹੋਏ ਸਨ। ਸਾਰੇ ਭਰਾ ਇੱਕ ਦੂਸਰੇ ਵੱਲ ਹੈਰਾਨੀ ਨਾਲ ਵੇਖ ਰਹੇ ਸਨ।
34 ਨੌਕਰ ਯੂਸੁਫ਼ ਦੇ ਮੇਜ਼ ਤੋਂ ਭੋਜਨ ਲੈਕੇ ਉਨ੍ਹਾਂ ਕੋਲ ਲਿਆ ਰਹੇ ਸਨ। ਪਰ ਨੌਕਰਾਂ ਨੇ ਬਿਨਯਾਮੀਨ ਨੂੰ ਹੋਰਨਾਂ ਨਾਲੋਂ ਪੰਜ ਗੁਣਾ ਵਧੇਰੇ ਖਾਣਾ ਦਿੱਤਾ। ਭਰਾ ਓਨਾ ਚਿਰ ਤੱਕ ਯੂਸੁਫ਼ ਨਾਲ ਖਾਂਦੇ ਅਤੇ ਪੀਂਦੇ ਰਹੇ ਜਦੋਂ ਤੱਕ ਕਿ ਉਹ ਤਕਰੀਬਨ ਸ਼ਰਾਬੀ ਨਹੀਂ ਹੋ ਗਏ।