1 ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ਼ ਨਾਲ ਭਰ ਦਿਉ ਜਿੰਨਾ ਇਹ ਚੁੱਕ ਸਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ਼ ਦੇ ਨਾਲ ਹੀ ਉਸਦੇ ਬੋਰੇ ਵਿੱਚ ਰੱਖ ਦਿਉ।
2 ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸਦੇ ਬੋਰੇ ਵਿੱਚ ਰੱਖ ਦਿਉ। ਪਰ ਉਸਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ।
3 ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ।
4 ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ?
5 ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’”
6 ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸਨੂੰ ਆਖਣ ਲਈ ਕਿਹਾ ਸੀ।
7 ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ!
8 ਅਸੀਂ ਉਹ ਪੈਸੇ ਵਾਪਸ ਲੈਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ।
9 ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸਨੂੰ ਮਾਰ ਸਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।”
10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।”
11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ।
12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲਭ ਲਿਆ।
13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚਲੇ ਗਏ।
14 ਯਹੂਦਾਹ ਅਤੇ ਉਸਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚਲੇ ਗਏ। ਯੂਸੁਫ਼ ਹਾਲੇ ਵੀ ਉਥੇ ਹੀ ਸੀ। ਭਰਾ ਉਸਦੇ ਸਾਮ੍ਹਣੇ ਧਰਤੀ ਉੱਤੇ ਡਿੱਗ ਪਏ।
15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸਕਦਾ।”
16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬਚਿਆ! ਇਸਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।”
17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸਕਦੇ ਹੋ।”
18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ।
19 ਜਦੋਂ ਅਸੀਂ ਇੱਥੇ ਤੁਹਾਡੇ ਸਾਮ੍ਹਣੇ ਸੀ, ਤੁਸੀਂ ਸਾਨੂੰ ਪੁਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’
20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ - ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬਚਿਆ ਹੈ। ਸਾਡਾ ਪਿਤਾ ਇਸਨੂੰ ਬਹੁਤ ਪਿਆਰ ਕਰਦਾ ਹੈ।’
21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸਨੂੰ ਦੇਖਣਾ ਚਾਹੁੰਦਾ ਹਾਂ।’
22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸਕਦਾ। ਜੇ ਉਸਦੇ ਪਿਤਾ ਨੇ ਉਸਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’
23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’
24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸਨੂੰ ਦੱਸਿਆ।
25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ਼ ਖਰੀਦਕੇ ਲਿਆਉ।’
26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’
27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ।
28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹਥੋਂ ਮਾਰਿਆ ਗਿਆ। ਅਤੇ ਮੈਂ ਉਸਨੂੰ ਉਸਤੋਂ ਮਗਰੋਂ ਨਹੀਂ ਦੇਖਿਆ।
29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸਨੂੰ ਕੁਝ ਹੋ ਗਿਆ ਤਾਂ ਮੈਂ ਬੁਢਾ ਅਤੇ ਉਦਾਸ ਹੀ ਮਰ ਜਾਵਾਂਗਾ।’
30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ।
31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ।
32 “ਮੈਂ ਇਸ ਮੁੰਡੇ ਦੀ ਜੁਂਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸਨੂੰ ਤੁਹਾਡੇ ਕੋਲ ਵਾਪਸ ਨਾ ਲੈਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸਕਦੇ ਹੋ।’
33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ।
34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਮ੍ਹਣਾ ਨਹੀਂ ਕਰ ਸਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”