1 “ਇਸ ਲਈ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਕਰਨ ਲਈ ਉਹ ਆਖਦਾ ਹੈ। ਤੁਹਾਨੂੰ ਹਮੇਸ਼ਾ ਉਸਦੇ ਕਾਨੂੰਨਾ, ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
2 ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ।
3 ਤੁਹਾਡੇ ਬੱਚਿਆਂ ਨੇ ਨਹੀਂ, ਤੁਸਾਂ ਉਸਦੇ ਕਰਿਸ਼ਮੇ ਦੇਖੇ। ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਉਸਨੇ ਮਿਸਰ ਵਿੱਚ, ਮਿਸਰ ਦੇ ਰਾਜੇ ਫ਼ਿਰਊਨ ਨਾਲ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤੀਆਂ।
4 ਤੁਹਾਡੇ ਬੱਚਿਆਂ ਨੇ ਨਹੀਂ, ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ ਨੇ ਮਿਸਰੀ ਫ਼ੌਜ ਨਾਲ ਕੀਤੀਆਂ - ਉਨ੍ਹਾਂ ਦੇ ਰਥਾਂ ਅਤੇ ਰੱਥਵਾਨਾ ਨਾਲ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ, ਪਰ ਤੁਸੀਂ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਾਗਰ ਦੇ ਪਾਣੀ ਨਾਲ ਢੱਕ ਦਿੱਤਾ। ਤੁਸੀਂ ਯਹੋਵਾਹ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਦਿਆਂ ਦੇਖਿਆ।
5 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਾਸਤੇ ਮਰੂਥਲ ਵਿੱਚ ਇਸ ਥਾਂ ਪਹੁੰਚਣ ਤੱਕ ਕੀਤੀਆਂ।
6 ਤੁਸੀਂ ਦੇਖਿਆ ਕਿ ਰਊਬੇਨ ਪਰਿਵਾਰ-ਸਮੂਹ ਦੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨਾਲ ਯਹੋਵਾਹ ਨੇ ਕੀ ਕੀਤਾ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਸਨ ਜਦੋਂ ਧਰਤੀ ਮੂੰਹ ਵਾਂਗ ਖੁਲ੍ਹ ਗਈ ਅਤੇ ਉਨ੍ਹਾਂ ਨੂੰ ਨਿਗਲ ਗਈ। ਉਸਨੇ ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਤਂਬੁਆਂ ਅਤੇ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਨੌਕਰਾਂ ਨੂੰ ਨਿਗਲ ਲਿਆ।
7 ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਉਹ ਸਾਰੇ ਮਹਾਨ ਕਾਰਨਾਮੇ ਦੇਖੇ ਜਿਹੜੇ ਯਹੋਵਾਹ ਨੇ ਕੀਤੇ।
8 “ਇਸ ਲਈ ਤੁਹਾਨੂੰ ਉਹ ਹਰ ਆਦੇਸ਼ ਮੰਨਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਦਾ ਹਾਂ। ਫ਼ੇਰ ਤੁਸੀਂ ਮਜ਼ਬੂਤ ਹੋ ਜਾਵੋਂਗੇ। ਅਤੇ ਤੁਸੀਂ ਯਰਦਨ ਨਦੀ ਦੇ ਪਾਰ ਜਾ ਸਕੋਂਗੇ ਅਤੇ ਉਸ ਧਰਤੀ ਨੂੰ ਪ੍ਰਾਪਤ ਕਰ ਸਕੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਣ ਲਈ ਤਿਆਰ ਹੋ।
9 ਫ਼ੇਰ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋਂਗੇ। ਯਹੋਵਾਹ ਨੇ ਉਹ ਧਰਤੀ ਤੁਹਾਡੇ ਪੁਰਖਿਆਂ ਅਤੇ ਉਨ੍ਹਾਂ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਹ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹੈ।
10 ਜਿਹੜੀ ਧ੍ਰਤੀ ਤੁਹਾਨੂੰ ਮਿਲੇਗੀ ਉਹ ਮਿਸਰ ਦੀ ਧਰਤੀ ਵਰਗੀ ਨਹੀਂ ਹੈ, ਜਿਥੋਂ ਤੁਸੀਂ ਆਏ ਹੋ। ਮਿਸਰ ਵਿੱਚ, ਤੁਸੀਂ ਆਪਣੇ ਬੀਜ ਬੀਜਦੇ ਸੀ, ਅਤੇ ਫ਼ੇਰ ਆਪਣੇ ਪੈਰਾਂ ਦੀ ਵਰਤੋਂ ਕਰਕੇ ਨਹਿਰ ਵਿੱਚੋਂ ਪਾਣੀ ਕੱਢਕੇ ਉਨ੍ਹਾਂ ਪੌਦਿਆਂ ਨੂੰ ਸਿਂਜਦੇ ਸੀ। ਤੁਸੀਂ ਆਪਣੇ ਖੇਤਾਂ ਨੂੰ ਉਸੇ ਤਰ੍ਹਾਂ ਪਾਣੀ ਲਾਉਂਦੇ ਸੀ ਜਿਵੇਂ ਸਬਜ਼ੀਆਂ ਦੇ ਬਗੀਚੇ ਨੂੰ ਲਾਈਦਾ ਹੈ।
11 ਪਰ ਜਿਹੜੀ ਧਰਤੀ ਤੁਹਾਨੂੰ ਛੇਤੀ ਹੀ ਮਿਲਣ ਵਾਲੀ ਹੈ, ਇਸ ਤਰ੍ਹਾਂ ਦੀ ਨਹੀਂ ਹੈ। ਇਸ ਧਰਤੀ ਵਿੱਚ ਪਹਾੜੀਆਂ ਅਤੇ ਵਾਦੀਆਂ ਹਨ ਅਤੇ ਇਸਨੂੰ ਆਕਾਸ਼ ਤੋਂ ਮੀਂਹ ਪ੍ਰਾਪਤ ਹੁੰਦਾ ਹੈ।
12 ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈਕੇ ਅਖੀਰ ਤੱਕ।
13 “ਯਹੋਵਾਹ ਆਖਦਾ, ‘ਤੁਹਾਨੂੰ ਉਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਸੁਣਣਾ ਚਾਹੀਦਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ: ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ,
14 ਮੈਂ ਤੁਹਾਡੀ ਧਰਤੀ ਲਈ ਠੀਕ ਸਮੇਂ ਸਿਰ ਬਾਰਿਸ਼ ਭੇਜਾਂਗਾ। ਮੈਂ ਪੱਤਝੜ ਦੀ ਬਾਰਿਸ਼ ਭੇਜਾਂਗਾ ਅਤੇ ਬਹਾਰ ਦੀ ਬਾਰਿਸ਼ ਭੇਜਾਂਗਾ! ਫ਼ੇਰ ਤੁਸੀਂ ਆਪਣਾ ਅਨਾਜ਼, ਆਪਣੀ ਨਵੀਂ ਮੈਅ, ਆਪਣਾ ਤੇਲ ਹਾਸਿਲ ਕਰ ਸਕੋਂਗੇ।
15 ਅਤੇ ਮੈਂ ਤੁਹਾਡੀਆਂ ਗਾਵਾਂ ਲਈ ਤੁਹਾਡੇ ਖੇਤਾਂ ਅੰਦਰ ਘਾਹ ਉਗਾਵਾਂਗਾ। ਤੁਹਾਡੇ ਕੋਲ ਭੋਜਨ ਦੀ ਕਮੀ ਨਹੀਂ ਹੋਵੇਗੀ।’
16 ਪਰ ਧਿਆਨ ਰੱਖਣਾ! ਮੂਰਖ ਨਾ ਬਨਣਾ। ਮੁਖ ਮੋੜਕੇ ਹੋਰਨਾ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਨਾ ਕਰਨ ਲੱਗ ਪੈਣਾ।
17 ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਆਕਾਸ਼ਾਂ ਨੂੰ ਬੰਦ ਕਰ ਦੇਵੇਗਾ ਅਤੇ ਬਾਰਿਸ਼ ਨਹੀਂ ਪਵੇਗੀ। ਧਰਤੀ ਉੱਤੇ ਫ਼ਸਲ ਨਹੀਂ ਹੋਵੇਗੀ। ਅਤੇ ਤੁਸੀਂ ਉਸ ਧਰਤੀ ਉੱਤੇ ਛੇਤੀ ਹੀ ਮਾਰੇ ਜਾਵੋਂਗੇ ਜਿਹੜੀ ਤੁਹਾਨੂੰ ਯਹੋਵਾਹ ਦੇ ਰਿਹਾ ਹੈ।
18 “ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣਾ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ। ਇਨ੍ਹਾਂ ਨੂੰ ਆਪਣੇ ਦਿਲ ਅਤੇ ਰੂਹ ਅੰਦਰ ਰੱਖ ਲੈਣਾ, ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਆਪਣੇ ਮਥਿਆਂ ਉੱਤੇ ਪਹਿਨ ਲਵੋ, ਫ਼ਿਰ ਇਹ ਤੁਹਾਨੂੰ ਉਨ੍ਹਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗਾ।
19 ਇਨ੍ਹਾਂ ਕਾਨੂੰਨਾ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਉ। ਘਰਾਂ ਵਿੱਚ ਬਹਿੰਦਿਆਂ, ਸੜਕ ਉੱਤੇ ਚਲਿਦਆਂ ਅਤੇ ਲੇਟਦਿਆਂ ਉਠਦਿਆਂ ਇਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰੋ।
20 ਇਨ੍ਹਾਂ ਹੁਕਮਾਂ ਨੂੰ ਆਪਣੇ ਫ਼ਾਟਕਾਂ ਉੱਤੇ ਅਤੇ ਆਪਣੇ ਮਕਾਨਾਂ ਦਿਆਂ ਦਰਵਾਜ਼ਿਆਂ ਉੱਤੇ ਵੀ ਲਿਖ ਲਵੋ।
21 ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ, ਦੋਵੇਂ ਇਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਤੁਸੀਂ ਉਥੇ ਓਨਾ ਚਿਰ ਰਹੋਂਗੇ ਜਿੰਨਾ ਚਿਰ ਧਰਤੀ ਉੱਤੇ ਅਕਾਸ਼ ਹੈ।”
22 “ਹਰ ਉਸ ਹੁਕਮ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਸਦੇ ਪਾਲਣ ਕਰਨ ਬਾਰੇ ਮੈਂ ਤੁਹਾਨੂੰ ਆਖਿਆ ਹੈ: ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਪਿਆਰ ਕਰੋ, ਉਸਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਵਫ਼ਾਦਾਰੀ ਕਰੋ।
23 ਫ਼ੇਰ, ਯਹੋਵਾਹ ਉਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਾਹਰ ਕੱਢ ਦੇਵੇਗਾ ਅਤੇ ਤੁਸੀਂ ਉਹ ਧਰਤੀ ਉਨ੍ਹਾਂ ਕੌਮਾਂ ਪਾਸੋਂ ਖੋਹ ਲਵੋਂਗੇ ਜਿਹੜੀਆਂ ਤੁਹਾਥੋਂ ਵਿਸ਼ਾਲ ਅਤੇ ਵਧੇਰੇ ਤਾਕਤਵਰ ਹਨ।
24 ਉਹ ਸਾਰੀ ਧਰਤੀ ਜਿਸ ਉੱਪਰ ਤੁਸੀਂ ਤੁਰੋਂਗੇ, ਤੁਹਾਡੀ ਹੋਵੇਗੀ। ਤੁਹਾਡੀ ਧਰਤੀ ਦਖਣ ਵੱਲ ਮਾਰੂਥਲ ਤੋਂ ਲੈਕੇ ਉੱਤਰ ਵਿੱਚ ਲਿਬਨਾਨ ਤੱਕ ਫ਼ੈਲੀ ਹੋਵੇਗੀ। ਪੂਰਬ ਵਿੱਚ ਇਹ ਫ਼ਰਾਤ ਨਦੀ ਤੋਂ ਲੈਕੇ ਮਧ ਸਾਗਰ ਤੱਕ ਫ਼ੈਲੀ ਹੋਵੇਗੀ।
25 ਕੋਈ ਬੰਦਾ ਵੀ ਤੁਹਾਡੇ ਸਾਮ੍ਹਣੇ ਟਿਕ ਨਹੀਂ ਸਕੇਗਾ। ਯਹੋਵਾਹ, ਤੁਹਾਡਾ ਪਮੇਸ਼ੁਰ, ਉਸ ਧਰਤੀ ਵਿੱਚ ਜਿਥੇ ਵੀ ਤੁਸੀਂ ਜਾਵੋਂਗੇ, ਲੋਕਾਂ ਨੂੰ ਤੁਹਾਡੇ ਕੋਲੋਂ ਭੈਭੀਤ ਕਰ ਦੇਵੇਗਾ। ਇਹੀ ਹੈ ਜਿਸਦਾ ਯਹੋਵਾਹ ਨੇ ਪਹਿਲਾਂ ਤੁਹਾਡੇ ਨਾਲ ਇਕਰਾਰ ਕੀਤਾ ਸੀ।
26 “ਅੱਜ ਮੈਂ ਤੁਹਾਨੂੰ ਇੱਕ ਚੋਣ ਕਰਨ ਲਈ ਦਿੰਦਾ ਹਾਂ। ਭਾਵੇਂ ਤੁਸੀਂ ਅਸੀਸਾਂ ਚੁਣ ਲਵੋ ਅਤੇ ਭਾਵੇਂ ਸਰਾਪ।
27 ਤੁਹਾਨੂੰ ਅਸੀਸਾਂ ਮਿਲਣਗੀਆਂ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਉਨ੍ਹਾਂ ਆਦੇਸ਼ਾਂ ਨੂੰ ਸੁਣੋਗੇ ਅਤੇ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਦਿੱਤੇ ਹਨ।
28 ਪਰ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰੋਂਗੇ, ਤੁਸੀਂ ਸਰਾਪੇ ਜਾਵੋਂਗੇ। ਇਸ ਲਈ ਉਸ ਤਰ੍ਹਾਂ ਜੀਵਨ ਜਿਉਣਾ ਨਾ ਛੱਡੋ, ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ। ਹੋਰਨਾਂ ਦੇਵਤਿਆਂ ਦੇ ਪਿਛੇ ਨਾ ਲੱਗੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।
29 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਉਸ ਧਰਤੀ ਵੱਲ ਅਗਵਾਈ ਕਰੇਗਾ। ਤੁਸੀਂ ਛੇਤੀ ਹੀ ਉਥੇ ਜਾਵੋਂਗੇ ਅਤੇ ਉਸ ਧਰਤੀ ਨੂੰ ਹਾਸਿਲ ਕਰ ਲਵੋਂਗੇ। ਉਸ ਸਮੇਂ ਤੁਸੀਂ ਗੋਰਜ਼ੀਮ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉਥੋਂ ਦੇ ਲੋਕਾਂ ਲਈ ਅਸੀਸਾਂ ਨੂੰ ਪਢ਼ਨਾ। ਅਤੇ ਫ਼ੇਰ ਤੁਸੀਂ ਏਬਾਲ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉਥੋਂ ਦੇ ਲੋਕਾਂ ਲਈ ਸਰਾਪਾਂ ਨੂੰ ਪਢ਼ਨਾ।
30 ਇਹ ਪਰਬਤ ਯਰਦਨ ਨਦੀ ਵਿੱਚ ਰਹਿੰਦੇ ਕਨਾਨੀ ਲੋਕਾਂ ਦੀ ਧਰਤੀ ਵਿੱਚ ਯਰਦਨ ਨਦੀ ਦੇ ਦੂਸਰੇ ਪਾਸੇ ਹਨ। ਇਹ ਪਰਬਤ ਪੱਛਮ ਵੱਲ ਹਨ ਜਿਹੜੇ ਗਿਲਗਾਲ ਕਸਬੇ ਨੇੜੇ ਮੋਰਹ ਦੇ ਓਕ ਦੇ ਰੁਖਾਂ ਤੋਂ ਬਹੁਤੀ ਦੂਰ ਨਹੀਂ ਹਨ।
31 ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। ਇਹ ਧਰਤੀ ਤੁਹਾਡੀ ਹੋਵੇਗੀ। ਜਦੋਂ ਤੁਸੀਂ ਇਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ,
32 ਤੁਹਾਨੂੰ ਉਹ ਸਾਰੇ ਕਾਨੂੰਨ ਅਤ ਬਿਧੀਆਂ ਧਿਆਨ ਨਾਲ ਮਂਨਣੇ ਪੈਣਗੇ। ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।