1 “ਹੁਣ ਇਸਰਾਏਲ, ਉਨ੍ਹਾਂ ਬਿਧੀਆਂ ਅਤੇ ਹੁਕਮਾਂ ਬਾਰੇ ਸੁਣ ਜੋ ਮੈਂ ਤੈਨੂੰ ਸਿਖਾਉਣ ਜਾ ਰਿਹਾ ਹਾਂ। ਇਨ੍ਹਾਂ ਨੂੰ ਮੰਨ ਅਤੇ ਤੂੰ ਜੀਵਿਤ ਰਹੇਂਗਾ। ਫ਼ੇਰ ਤੁਸੀਂ ਜਾਕੇ ਉਸ ਧਰਤੀ ਨੂੰ ਹਾਸਿਲ ਕਰ ਸਕੇਂਗਾ ਜਿਹੜੀ ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਤੈਨੂੰ ਦੇ ਰਿਹਾ ਹੈ।
2 ਤੁਹਾਨੂੰ ਉਨ੍ਹਾਂ ਗੱਲਾਂ ਵਿੱਚ ਕੋਈ ਵਾਧਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦਾ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ। ਅਤੇ ਤੁਹਾਨੂੰ ਕੋਈ ਚੀਜ਼ ਘੱਟ ਵੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦੇਸ਼ਾਂ ਦੀ ਅਵੱਸ਼ ਪਾਲਣਾ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਦਿੱਤੇ ਹਨ।
3 “ਤੁਸੀਂ ਦੇਖ ਚੁੱਕੇ ਹੋ ਕਿ ਯਹੋਵਾਹ ਨੇ ਬਆਲ-ਪਓਰ ਵਿਖੇ ਕੀ ਕੀਤਾ ਸੀ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਉਥੇ ਤੁਹਾਡੇ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ ਸੀ ਜਿਨ੍ਹਾਂ ਨੇ ਝੂਠੇ ਦੇਵਤੇ ਬਆਲ-ਪਓਰ ਦਾ ਅਨੁਸਰਣ ਕੀਤਾ ਸੀ।
4 ਪਰ ਤੁਸੀਂ ਸਾਰੇ ਜਿਹੜੇ ਯਹੋਵਾਹ ਆਪਣੇ ਪਰਮੇਸ਼ੁਰ ਸੰਗ ਰਹੇ, ਅੱਜ ਵੀ ਜਿਉਂਦੇ ਹੋ।
5 “ਮੈਂ ਤੁਹਾਨੂੰ ਉਨ੍ਹਾਂ ਬਿਧੀਆਂ ਅਤੇ ਨਿਆਵਾਂ ਦੀ ਸਿੱਖਿਆ ਦਿੱਤੀ ਜਿਨ੍ਹਾਂ ਦਾ ਯਹੋਵਾਹ, ਮੇਰੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਨ੍ਹਾਂ ਨੇਮਾਂ ਦੀ ਸਿੱਖਿਆ ਮੈਂ ਤੁਹਾਨੂੰ ਇਸ ਵਾਸਤੇ ਦਿੱਤੀ ਸੀ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਜਾਕੇ ਇਨ੍ਹਾਂ ਦੀ ਪਾਲਣਾ ਕਰ ਸਕੋਂ ਜਿਥੇ ਤੁਸੀਂ ਦਾਖਲ ਹੋਣ ਅਤੇ ਕਬਜ਼ਾ ਹਾਸਿਲ ਕਰਨ ਜਾ ਰਹੇ ਹੋ।
6 ਇਨ੍ਹਾਂ ਬਿਧੀਆਂ ਦੀ ਪਾਲਣਾ ਧਿਆਨ ਨਾਲ ਕਰੋ। ਇਹ ਗੱਲਾਂ ਹੋਰਨਾ ਦੇਸ਼ਾਂ ਦੇ ਲੋਕਾਂ ਨੂੰ ਦਰਸਾਉਣਗੀਆਂ ਕਿ ਤੁਸੀਂ ਸਿਆਣੇ ਅਤੇ ਸਮਝਦਾਰ ਹੋ। ਉਨ੍ਹਾਂ ਦੇਸਾਂ ਦੇ ਲੋਕ ਇਨ੍ਹਾਂ ਬਿਧੀਆਂ ਬਾਰੇ ਸੁਨਣਗੇ ਅਤੇ ਆਖਣਗੇ, ‘ਇਸ ਮਹਾਨ ਦੇਸ਼ ਦੇ ਲੋਕ, ਸੱਚ ਮੁੱਚ ਸਿਆਣੇ ਅਤੇ ਸਮਝਦਾਰ ਹਨ।’
7 “ਯਹੋਵਾਹ, ਸਾਡਾ ਪਰਮੇਸ਼ੁਰ, ਨੇੜੇ ਹੀ ਹੁੰਦਾ ਹੈ ਜਦੋਂ ਅਸੀਂ ਉਸਨੂੰ ਸਹਾਇਤਾ ਲਈ ਪੁਕਾਰਦੇ ਹਾਂ। ਕਿਸੇ ਵੀ ਹੋਰ ਦੇਸ਼ ਕੋਲ ਅਜਿਹਾ ਪਰਮੇਸ਼ੁਰ ਨਹੀਂ ਹੈ!
8 ਅਤੇ ਕੋਈ ਵੀ ਹੋਰ ਕੌਮ ਇੰਨੀ ਮਹਾਨ ਨਹੀਂ ਕਿ ਉਸਦੇ ਕੋਲ ਇੰਨੇ ਚੰਗੇ ਅਤੇ ਨੇਮ ਹੋਣ ਜਿਨ੍ਹਾਂ ਦੀ ਸਿਖਿਆ ਮੈਂ ਤੁਹਾਨੂੰ ਅੱਜ ਦਿੰਦਾ ਹਾਂ।
9 ਪਰ ਤੁਹਾਨੂੰ ਬਹੁਤ ਹੋਸ਼ਿਆਰ ਰਹਿਣਾ ਚਾਹੀਦਾ ਹੈ। ਇਸ ਬਾਰੇ ਨਿਸ਼ਚੈ ਕਰੋ ਕਿ ਜਦੋਂ ਤੀਕ ਤੁਸੀਂ ਜਿਉਂਦੇ ਹੋ ਕਦੇ ਵੀ ਉਹ ਗੱਲਾਂ ਨਾ ਭੁੱਲੋ ਜਿਹੜੀਆਂ ਤੁਸੀਂ ਦੇਖੀਆਂ ਹਨ। ਤੁਹਾਨੂੰ ਇਹ ਗੱਲਾਂ ਆਪਣੇ ਪੁੱਤ-ਪੋਤਰਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਹਨ।
10 ਉਹ ਦਿਨ ਚੇਤੇ ਕਰੋ ਜਦੋਂ ਤੁਸੀਂ ਹੋਰੇਬ ਪਰਬਤ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁਖ ਖੜੇ ਹੋਏ ਸੀ। ਯਹੋਵਾਹ ਨੇ ਮੈਨੂੰ ਆਖਿਆ ਸੀ, ‘ਲੋਕਾਂ ਨੂੰ ਇਕਠਿਆਂ ਕਰੋ ਉਹ ਗੱਲਾਂ ਸੁਣਨ ਲਈ ਜੋ ਮੈਂ ਆਖਦਾ ਹਾਂ। ਫ਼ੇਰ ਉਹ ਜਦੋਂ ਤੱਕ ਜਿਉਂਦੇ ਹਨ ਮੇਰੀ ਇੱਜ਼ਤ ਕਰਨੀ ਸਿਖ੍ਖ ਜਾਣਗੇ। ਅਤੇ ਉਹ ਇਹ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣਾਗੇ।’
11 ਤੁਸੀਂ ਨੇੜੇ ਆਏ ਅਤੇ ਪਰਬਤ ਦੇ ਕਦਮਾਂ ਵਿੱਚ ਖਲੋ ਗਏ। ਪਰਬਤ ਅਕਾਸ਼ ਨੂੰ ਛੂੰਹਦਾ, ਅੱਗ ਨਾਲ ਸੜਨ ਲੱਗਾ। ਓਥੇ ਕਾਲੇ ਬੋਲੇ ਬੱਦਲ ਸਨ ਅਤੇ ਹਨੇਰਾ ਸੀ।
12 ਫ਼ੇਰ ਯਹੋਵਾਹ ਨੇ ਤੁਹਾਡੇ ਨਾਲ ਅੱਗ ਵਿੱਚੋਂ ਗੱਲ ਕੀਤੀ। ਤੁਸੀਂ ਕਿਸੇ ਦੇ ਬੋਲਣ ਦੀ ਅਵਾਜ਼ ਸੁਣੀ, ਪਰ ਤੁਹਾਨੂੰ ਕੋਈ ਆਕਾਰ ਨਜ਼ਰ ਨਹੀਂ ਆਇਆ। ਓਥੇ ਸਿਰਫ਼ ਆਵਾਜ਼ ਹੀ ਸੀ।
13 ਯਹੋਵਾਹ ਨੇ ਤੁਹਾਨੂੰ ਆਪਣਾ ਇਕਰਾਰਨਾਮਾ ਦੱਸਿਆ। ਉਸਨੇ ਤੁਹਾਨੂੰ ਦਸ ਹੁਕਮ ਦਿੱਤੇ ਅਤੇ ਇਨ੍ਹਾਂ ਉੱਤੇ ਚੱਲਣ ਦਾ ਹੁਕਮ ਦਿੱਤਾ। ਉਸ ਇਨ੍ਹਾਂ ਹੁਕਮਾਂ ਨੂੰ ਦੋ ਪੱਥਰ-ਸ਼ਿਲਾਵਾਂ ਉੱਤੇ ਲਿਖਿਆ।
14 ਉਸ ਸਮੇਂ, ਯਹੋਵਾਹ ਨੇ ਮੈਨੂੰ ਵੀ ਆਦੇਸ਼ ਦਿੱਤਾ ਕਿ ਤੁਹਾਨੂੰ ਉਨ੍ਹਾਂ ਦੂਸਰੇ ਕਾਨੂੰਨਾ ਅਤੇ ਬਿਧੀਆਂ ਦੀ ਸਿਖਿਆ ਵੀ ਦੇਵਾ ਜਿਨ੍ਹਾਂ ਉੱਤੇ ਤੁਹਾਨੂੰ ਉਸ ਧਰਤੀ ਉੱਤੇ ਜਾਕੇ ਚੱਲਣਾ ਚਾਹੀਦਾ ਹੈ ਜੋ ਤੁਸੀਂ ਹਾਸਿਲ ਕਰਨ ਜਾ ਰਹੇ ਹੋ।
15 “ਉਸ ਦਿਨ ਜਦੋਂ ਯਹੋਵਾਹ ਨੇ ਤੁਹਾਡੇ ਨਾਲ ਹੇਰੋਬ ਪਰਬਤ ਵਿਖੇ ਅੱਗ ਵਿੱਚੋਂ ਗੱਲ ਕੀਤੀ, ਤੁਸੀਂ ਉਸਨੂੰ ਦੇਖਿਆ ਨਹੀਂ ਸੀ - ਪਰਮੇਸ਼ੁਰ ਦਾ ਕੋਈ ਰੂਪ ਨਹੀਂ ਸੀ।
16 ਇਸ ਲਈ ਧਿਆਨ ਰੱਖੋ! ਕਿਸੇ ਵੀ ਹੋਰ ਜਿਉਂਦੀ ਚੀਜ਼ ਦੀ ਮੂਰਤੀ ਬਣਾਕੇ ਆਪਣੇ-ਆਪ ਨੂੰ ਤਬਾਹ ਨਾ ਕਰੋ। ਕੋਈ ਵੀ ਅਜਿਹੀ ਮੂਰਤੀ ਨਾ ਬਣਾਉ ਜਿਹੜੀ ਕਿਸੇ ਆਦਮੀ ਜਾਂ ਔਰਤ ਵਰਗੀ ਦਿਸਦੀ ਹੋਵੇ।
17 ਕੋਈ ਵੀ ਅਜਿਹਾ ਬੁੱਤ ਨਾ ਬਨਾਉਣਾ ਜਿਹੜਾ ਧਰਤੀ ਉਤਲੇ ਕਿਸੇ ਪਸ਼ੂ ਵਰਗਾ ਦਿਸਦਾ ਹੋਵੇ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਵਰਗਾ।
18 ਹੋਰ ਕੋਈ ਅਜਿਹੀ ਮੂਰਤੀ ਨਾ ਬਣਾਓ ਜਿਹੜੀ ਧਰਤੀ ਉੱਤੇ ਰੀਂਗਣ ਵਾਲੇ ਕਿਸੇ ਵੀ ਪ੍ਰਾਣੀ ਵਰਗੀ ਜਾਂ ਸਮੁੰਦਰ ਵਿਚਲੀ ਕਿਸੇ ਮੱਛੀ ਵਰਗੀ ਦਿਸਦੀ ਹੋਵੇ।
19 ਅਤੇ ਉਦੋਂ ਵੀ ਧਿਆਨ ਰੱਖਣਾ ਜਦੋਂ ਤੁਸੀਂ ਅਕਾਸ਼ ਵੱਲ ਝਾਕਕੇ ਸੂਰਜ, ਚੰਨ ਅਤੇ ਤਾਰਿਆਂ ਨੂੰ - ਅਤੇ ਅਕਾਸ਼ ਵਿਚਲੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖੋ। ਇਸਦਾ ਧਿਆਨ ਰੱਖਣਾ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਲਾਲਸਾ ਨਾ ਕਰਨ ਲੱਗ ਪਵੋਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਦੁਨੀਆਂ ਦੇ ਹੋਰਨਾਂ ਲੋਕਾਂ ਨੂੰ ਅਜਿਹਾ ਕਰਨ ਦਿੰਦਾ ਹੈ।
20 ਪਰ ਯਹੋਵਾਹ ਨੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਅਤੇ ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਲੋਹਾ ਪਿਘਲਾਉਣ ਵਾਲੀ ਤਪਦੀ ਭਠੀ ਵਿੱਚ ਵੜਕੇ ਤੁਹਾਨੂੰ ਉਸ ਅਗਨੀ ਵਿੱਚੋਂ ਕਢ ਲਿਆਇਆ। ਅਤੇ ਹੁਣ ਤੁਸੀਂ ਉਸੇ ਦੇ ਬੰਦੇ ਹੋ!
21 “ਯਹੋਵਾਹ ਤੁਹਾਡੇ ਕਾਰਣ, ਮੇਰੇ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਸਹੁੰ ਖਾਧੀ ਕਿ ਮੈਂ ਯਰਦਨ ਨਦੀ ਪਾਰ ਕਰਕੇ ਉਸ ਚੰਗੀ ਧਰਤੀ ਉੱਤੇ ਨਹੀਂ ਜਾਵਾਂਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
22 ਇਸ ਲਈ ਮੈਨੂੰ ਇੱਥੇ ਇਸੇ ਧਰਤੀ ਉੱਤੇ ਹੀ ਮਰਨਾ ਪਵੇਗਾ। ਮੈਂ ਯਰਦਨ ਨਦੀ ਦੇ ਪਾਰ ਨਹੀਂ ਜਾ ਸਕਦਾ, ਪਰ ਤੁਸੀਂ ਛੇਤੀ ਹੀ ਪਾਰ ਜਾਵੋਂਗੇ ਅਤੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਕੇ ਉਥੇ ਰਹੋਂਗੇ।
23 ਉਸ ਨਵੀਂ ਧਰਤੀ ਵਿੱਚ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਇਕਰਾਰਨਾਮੇ ਨੂੰ ਨਾ ਭੁੱਲੋ ਜਿਹੜਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਨਾਲ ਕੀਤਾ ਹੈ। ਤੁਹਾਨੂੰ ਯਹੋਵਾਹ ਦੇ ਹੁਕਮ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਵੀ ਸ਼ਕਲ ਵਿੱਚ ਕੋਈ ਬੁੱਤ ਨਹੀਂ ਬਨਾਉਣਾ।
24 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਲੋਕਾਂ ਦੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ। ਅਤੇ ਯਹੋਵਾਹ ਉਸ ਅਗਨੀ ਵਰਗਾ ਹੋ ਸਕਦਾ ਹੈ ਜਿਹੜੀ ਤਬਾਹ ਕਰ ਦਿੰਦੀ ਹੈ!
25 “ਤੁਸੀਂ ਲੰਮੇ ਸਮੇਂ ਤੀਕ ਉਸ ਦੇਸ਼ ਵਿੱਚ ਰਹੋਂਗੇ ਅਤੇ ਤੁਹਾਡੇ ਪੁੱਤ-ਪੋਤਰੇ ਹੋਣਗੇ ਤੁਸੀਂ ਓਥੇ ਹੀ ਬੁਢੇ ਹੋਵੋਂਗੇ। ਫ਼ੇਰ ਤੁਸੀਂ ਹਰ ਤਰ੍ਹਾਂ ਦੀਆਂ ਮੂਰਤੀਆਂ ਬਣਾਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਵੋਂਗੇ। ਜਦੋਂ ਤੁਸੀਂ ਅਜਿਹਾ ਕਰੋਂਗੇ, ਤੁਸੀਂ ਪਰਮੇਸ਼ੁਰ ਨੂੰ ਬਹੁਤ ਨਰਾਜ਼ ਕਰ ਲਵੋਂਗੇ।
26 ਇਸ ਲਈ, ਹੁਣ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਖਿਲਾਫ਼ ਗਵਾਹ ਠਹਿਰਾਉਂਦਾ ਹਾਂ। ਜੇ ਤੁਸੀਂ ਇੰਝ ਹੀ ਪਾਪ ਕਰੋਂਗੇ, ਬਹੁਤ ਹੀ ਜਲਦੀ ਤੁਸੀਂ ਤਬਾਹੀ ਦਾ ਸਾਮ੍ਹਣਾ ਕਰੋਂਗੇ। ਤੁਸੀਂ ਹੁਣ ਉਹ ਧਰਤੀ ਹਾਸਿਲ ਕਰਨ ਲਈ ਯਰਦਨ ਨਦੀ ਨੂੰ ਪਾਰ ਕਰ ਰਹੇ ਹੋ, ਪਰ ਜੇ ਤੁਸੀਂ ਕੋਈ ਮੂਰਤੀਆਂ ਬਣਾਈਆਂ, ਤੁਸੀਂ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹੋਂਗੇ। ਯਕੀਨਨ ਹੀ, ਤੁਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵੋਂਗੇ!
27 ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿਥੇ ਤੁਹਾਨੂੰ ਯਹੋਵਾਹ ਭੇਜੇਗਾ।
28 ਉਥੇ, ਤੁਸੀਂ ਮਨੁੱਖਾਂ ਦੁਆਰਾ ਬਣਾਏ ਹੋਏ ਦੇਵਤਿਆਂ, ਪੱਥਰ ਅਤੇ ਲੱਕੜੀ ਤੋਂ ਬਣੀਆਂ ਹੋਈਆਂ ਮੂਰਤੀਆਂ ਦੀ ਸੇਵਾ ਕਰੋਂਗੇ ਜਿਹੜੀਆਂ ਨਾ ਤਾਂ ਦੇਖ ਸਕਦੀਆਂ, ਨਾ ਸੁਣ ਸਕਦੀਆਂ ਨਾ ਖਾ ਸਕਦੀਆਂ ਅਤੇ ਨਾ ਸੁੰਘ ਸਕਦੀਆਂ।
29 ਪਰ ਜੇਕਰ ਉਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭਾਲੋਂਗੇ, ਤੁਸੀਂ ਉਸਨੂੰ ਭਾਲ ਲਵੋਂਗੇ, ਜੇਕਰ ਤੁਸੀਂ ਉਸਨੂੰ ਆਪਣੇ ਪੂਰੇ ਦਿਨ ਅਤੇ ਰੂਹ ਨਾਲ ਭਾਲੋਂਗੇ।
30 ਜਦੋਂ ਤੁਸੀਂ ਮੁਸ਼ਕਿਲ ਵਿੱਚ ਹੋਵੋ - ਜਦੋਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨ - ਤਾਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਕੋਲ ਵਾਪਸ ਆ ਜਾਵੋਂਗੇ ਅਤੇ ਉਸਦਾ ਹੁਕਮ ਮੰਨੋਗੇ।
31 ਯਹੋਵਾਹ, ਤੁਹਾਡਾ ਪਰਮੇਸ਼ੁਰ, ਦਿਆਲੂ ਪਰਮੇਸ਼ੁਰ ਹੈ। ਉਹ ਤੁਹਾਨੂੰ ਉਥੇ ਨਹੀਂ ਛੱਡੇਗਾ। ਉਹ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰੇਗਾ। ਉਹ ਉਸ ਇਕਰਾਰਨਾਮੇ ਨੂੰ ਨਹੀਂ ਭੁੱਲੇਗਾ ਜਿਹੜਾ ਉਸਨੇ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ।
32 “ਕੀ ਇਹੋ ਜਿਹੀ ਮਹਾਨ ਗੱਲ ਕਦੇ ਪਹਿਲਾਂ ਵਾਪਰੀ ਹੈ? ਕਦੇ ਨਹੀਂ! ਅਤੀਤ ਵੱਲ ਵੇਖੋ। ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚੋ ਜਿਹੜੀਆਂ ਤੁਹਾਡੇ ਜੰਮਣ ਤੋਂ ਪਹਿਲਾਂ ਵਾਪਰੀਆਂ ਸਨ ਉਸ ਸਮੇਂ ਵਿੱਚ ਵਾਪਸ ਜਾਉ ਜਦੋਂ ਪਰਮੇਸ਼ੁਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਸਾਜਿਆ ਸੀ ਉਨ੍ਹਾਂ ਸਰੀਆਂ ਗੱਲਾਂ ਵੱਲ ਦੇਖੋ ਜਿਹੜੀਆਂ ਧਰਤੀ ਉੱਤੇ ਵਾਪਰੀਆਂ ਹਨ। ਕੀ ਕਿਸੇ ਨੇ ਕਦੇ ਇਹੋ ਜਿਹੀਆਂ ਮਹਾਨ ਗੱਲਾਂ ਬਾਰੇ ਸੁਣਿਆ ਹੈ? ਨਹੀਂ!
33 ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕਰਦਿਆਂ ਸੁਣਿਆ, ਅਤੇ ਹਾਲੇ ਵੀ ਜਿਉਂਦੇ ਹੋ! ਕੀ ਅਜਿਹਾ ਕਿਸੇ ਹੋਰ ਨਾਲ ਵਾਪਰਿਆ ਹੈ? ਨਹੀਂ!
34 ਕੀ ਕਦੇ ਕਿਸੇ ਹੋਰ ਦੇਵਤੇ ਨੇ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਆਪਣਾ ਬਨਾਉਣ ਦਾ ਯਤਨ ਕੀਤਾ ਹੈ? ਨਹੀਂ! ਪਰ ਤੁਸੀਂ ਖੁਦ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇਹ ਕਰਿਸ਼ਮੇ ਕਰਦਿਆਂ ਦੇਖਿਆ ਹੈ! ਉਸਨੇ ਤੁਹਾਨੂੰ ਆਪਣੀ ਤਾਕਤ ਅਤੇ ਸ਼ਕਤੀ ਦਰਸਾਈ ਹੈ। ਤੁਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਦੇਖਿਆ ਜਿਨ੍ਹਾਂ ਨੇ ਲੋਕਾਂ ਨੂੰ ਪਰਖਿਆ, ਚਮਤਕਾਰਾਂ ਅਤੇ ਅਚਰਜ ਕੰਮਾਂ ਨੂੰ। ਤੁਸੀਂ ਯੁਧ ਅਤੇ ਭਿਆਨਕ ਗੱਲਾਂ ਵਾਪਰਦੀਆਂ ਦੇਖੀਆਂ।
35 ਯਹੋਵਾਹ ਨੇ ਤੁਹਾਨੂੰ ਇਹ ਗੱਲਾਂ ਇਸ ਵਾਸਤੇ ਦਰਸਾਈਆਂ ਤਾਂ ਜੋ ਤੁਸੀਂ ਜਾਣ ਲਵੋਂ ਕਿ ਉਹ ਪਰਮੇਸ਼ੁਰ ਹੈ। ਉਸਤੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ ਹੈ!
36 ਯਹੋਵਾਹ ਨੇ ਤੁਹਾਨੂੰ ਆਕਾਸ਼ ਵਿੱਚੋਂ ਆਪਣੀ ਅਵਾਜ਼ ਸੁਣਨ ਦਿੱਤੀ ਤਾਂ ਜੋ ਉਹ ਤੁਹਾਨੂੰ ਅਨੁਸ਼ਾਸਿਤ ਕਰ ਸਕੇ। ਉਸਨੇ ਤੁਹਾਨੂੰ ਆਪਣੀ ਮਹਾਨ ਅੱਗ ਧਰਤੀ ਉੱਤੇ ਵੇਖਣ ਦਿੱਤੀ ਅਤੇ ਉਸ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕੀਤੀਆਂ।
37 “ਯਹੋਵਾਹ ਤੁਹਾਡੇ ਪੁਰਖਿਆਂ ਨੂੰ ਪਿਆਰ ਕਰਦਾ ਸੀ! ਇਹੀ ਕਾਰਣ ਹੈ ਕਿ ਉਸਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਤੁਹਾਨੂੰ, ਮਿਸਰ ਵਿੱਚੋਂ, ਬਾਹਰ ਲਿਆਇਆ। ਉਹ ਤੁਹਾਡੇ ਨਾਲ ਸੀ ਅਤੇ ਤੁਹਾਨੂੰ ਆਪਣੀ ਮਹਾਨ ਸ਼ਕਤੀ ਰਾਹੀਂ ਬਾਹਰ ਲੈਕੇ ਆਇਆ।
38 ਜਦੋਂ ਤੁਸੀਂ ਅੱਗੇ ਵਧੇ ਸੀ, ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਬਾਹਰ ਕਢ ਦਿੱਤਾ ਜਿਹੜੀਆਂ ਤੁਹਾਡੇ ਨਾਲੋਂ ਵੱਡੇਰੀਆਂ ਅਤੇ ਤੁਹਾਡੇ ਨਾਲੋਂ ਤਾਕਤਵਰ ਸਨ। ਅਤੇ ਯਹੋਵਾਹ ਨੇ ਉਨ੍ਹਾਂ ਦੀ ਧਰਤੀ ਅੰਦਰ ਤੁਹਾਡੀ ਅਗਵਾਈ ਕੀਤੀ। ਉਸਨੇ ਤੁਹਾਨੂੰ ਰਹਿਣ ਵਾਸਤੇ ਉਨ੍ਹਾਂ ਦੀ ਧਰਤੀ ਦੇ ਦਿੱਤੀ। ਅਤੇ ਉਹ ਅੱਜ ਵੀ ਇਹੋ ਕਰ ਰਿਹਾ ਹੈ।
39 “ਇਸ ਲਈ ਅੱਜ ਤੁਹਾਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਹੈ। ਉਹ ਅਕਾਸ਼ ਵਿੱਚ ਉੱਪਰ ਅਤੇ ਧਰਤੀ ਉੱਤੇ ਇੱਥੇ ਹੇਠਾਂ, ਪਰਮੇਸ਼ੁਰ ਹੈ। ਕੋਈ ਹੋਰ ਪਰਮੇਸ਼ੁਰ ਨਹੀਂ!
40 ਅਤੇ ਤੁਹਾਨੂੰ ਉਸਦੇ ਕਾਨੂੰਨਾ ਅਤੇ ਹੁਕਮਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਫ਼ੇਰ ਤੁਹਾਡਾ ਹਰ ਤਰ੍ਹਾਂ ਨਾਲ ਭਲਾ ਹੋਵੇਗਾ ਅਤੇ ਤੁਹਾਡੇ ਬੱਚੇ ਤੁਹਾਡੇ ਮਗਰੋਂ ਜਿਉਂਦੇ ਰਹਿਣਗੇ। ਅਤੇ ਤੁਸੀਂ ਵੀ ਉਸ ਧਰਤੀ ਉੱਤੇ ਲੰਮੇ ਸਮੇਂ ਤੱਕ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ - ਇਹ ਹਮੇਸ਼ਾ ਤੁਹਾਡੀ ਹੀ ਰਹੇਗੀ!”
41 ਫ਼ੇਰ ਮੂਸਾ ਨੇ ਯਰਦਨ ਨਦੀ ਦੇ ਪੂਰਬ ਵੱਲ ਤਿੰਨਾ ਸ਼ਹਿਰਾਂ ਦੀ ਚੋਣ ਕੀਤੀ।
42 ਜੋ ਕੋਈ ਬੰਦਾ ਕਿਸੇ ਕੋਲੋਂ ਦੁਰਘਟਨਾ ਵਿੱਚ ਮਾਰਿਆ ਜਾਵੇ ਤਾਂ ਉਹ ਇਨ੍ਹਾਂ ਤਿੰਨਾ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜਕੇ ਜਾ ਸਕਦਾ ਸੀ ਅਤੇ ਮੌਤ ਤੋਂ ਬਚ ਸਕਦਾ ਸੀ। ਪਰ ਉਹ ਤਦੋਂ ਹੀ ਸੁਰਖਿਅਤ ਹੋ ਸਕਦਾ ਸੀ ਜੇ ਉਹ ਦੂਸਰੇ ਬੰਦੇ ਨੂੰ ਨਫ਼ਰਤ ਨਹੀਂ ਕਰਦਾ ਸੀ ਅਤੇ ਉਸਨੂੰ ਮਾਰਨਾ ਨਹੀਂ ਚਾਹੁੰਦਾ ਸੀ।
43 ਉਹ ਤਿੰਨ ਸ਼ਹਿਰ ਜਿਨ੍ਹਾਂ ਨੂੰ ਮੂਸਾ ਨੇ ਚੁਣਿਆ ਇਹ ਸਨ: ਰਊਬੇਨ ਦੇ ਪਰਿਵਾਰ-ਸਮੂਹ ਲਈ ਉੱਚੇ ਮੈਦਾਨਾ ਵਿਚਲੇ ਬਸਰ; ਗਾਦ ਦੇ ਪਰਿਵਾਰ-ਸਮੂਹ ਲਈ ਗਿਲਆਦ ਵਿਚਲਾ ਰਾਮੋਥ; ਅਤੇ ਮਨਸ਼ਹ ਦੇ ਪਰਿਵਾਰ-ਸਮੂਹ ਲਈ ਬਾਸ਼ਾਨ ਵਿਚਲਾ ਗੋਲਾਨ।
44 ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਦਿੱਤਾ।
45 ਮੂਸਾ ਨੇ ਇਹ ਬਿਵਸਥਾ, ਕਾਨੂੰਨ ਅਤੇ ਬਿਧੀਆਂ ਲੋਕਾਂ ਨੂੰ ਉਦੋਂ ਦਿੱਤੇ ਜਦੋਂ ਉਹ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ।
46 ਮੂਸਾ ਨੇ ਇਹ ਕਾਨੂੰਨ ਉਨ੍ਹਾਂ ਨੂੰ ਉਦੋਂ ਦਿੱਤੇ ਜਦੋਂ ਉਹ ਯਰਦਨ ਨਦੀ ਦੇ ਪੂਰਬ ਵੱਲ, ਬੈਤ-ਪਓਰ ਦੇ ਸਾਮ੍ਹਣੇ ਦੀ ਵਾਦੀ ਵਿੱਚ ਸਨ। ਉਹ ਅਮੋਰੀ ਰਾਜੇ, ਸੀਹੋਨ ਦੀ ਧਰਤੀ ਵਿੱਚ ਸਨ, ਜੋ ਕਿ ਹਸ਼ਬੋਨ ਵਿੱਚ ਰਹਿੰਦਾ ਸੀ। (ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਸੀਹੋਨ ਨੂੰ ਉਦੋਂ ਹਰਾਇਆ ਸੀ ਜਦੋਂ ਉਹ ਮਿਸਰ ਵਿੱਚੋਂ ਬਾਹਰ ਆਏ ਸਨ।
47 ਉਨ੍ਹਾਂ ਨੂੰ ਸੀਹੋਨ ਦੀ ਧਰਤੀ ਮਿਲ ਗਈ ਅਤੇ ਉਨ੍ਹਾਂ ਨੇ ਬਾਸ਼ਾਨ ਦੇ ਰਾਜੇ, ਓਗ ਦੀ ਧਰਤੀ ਵੀ ਲੈ ਲਈ। ਇਹ ਦੋਵੇਂ ਰਾਜੇ ਯਰਦਨ ਨਦੀ ਦੇ ਪੂਰਬ ਵੱਲ ਰਹਿੰਦੇ ਸਨ।
48 ਇਹ ਧਰਤੀ ਅਰਨੋਨ ਵਾਦੀ ਦੇ ਕੰਢੇ ਅਤੇ ਅਰੋਏਰ ਤੋਂ ਲੈਕੇ ਸੀਹੋਨ ਪਰਬਤ (ਹਰਮੋਨ ਪਰਬਤ) ਤੱਕ ਫ਼ੈਲ ਹੋਈ ਹੈ।
49 ਇਸ ਧਰਤੀ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦੀ ਪੂਰੀ ਯਰਦਨ ਵਾਦੀ ਸ਼ਾਮਿਲ ਸੀ। ਦਖਣ ਵੱਲ ਇਹ ਧਰਤੀ ਮ੍ਰਿਤ ਸਾਗਰ ਤੱਕ ਜਾਂਦੀ ਸੀ। ਪੂਰਬ ਵੱਲ ਇਹ ਪਿਸਗਾਹ ਪਰਬਤ ਦੇ ਪੈਰਾਂ ਤੱਕ ਪਹੁੰਚਦੀ ਸੀ।)