1 “ਜੇਕਰ ਦੋ ਬੰਦਿਆਂ ਵਿੱਚ ਕੋਈ ਦਲੀਲਬਾਜ਼ੀ ਹੋਵੇ, ਉਨ੍ਹਾਂ ਨੂੰ ਕਚਿਹਰੀ ਵਿੱਚ ਜਾਣਾ ਚਾਹੀਦਾ ਹੈ। ਨਿਆਂਕਾਰ ਫ਼ੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ।
2 ਜੇ ਕੋਈ ਜਜ੍ਜ ਇਹ ਨਿਰਣਾ ਕਰੇ ਕਿ ਕਿਸੇ ਬੰਦੇ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਸ ਬੰਦੇ ਨੂੰ ਪੁਠਾ ਲਿਟਾ ਦੇਣਾ ਚਾਹੀਦਾ ਹੈ। ਕੋਈ ਜਣਾ ਮੁਜਰਿਮ ਨੂੰ ਜਜ੍ਜ ਦੀਆਂ ਨਜ਼ਰਾ ਸਾਮ੍ਹਣੇ ਸਜ਼ਾ ਦੇਵੇਗਾ। ਉਸਨੂੰ ਕਿੰਨੀ ਵਾਰੀ ਸਜ਼ਾ ਦੇਣੀ ਹੈ ਇਸਦਾ ਨਿਰਣਾ ਉਸਦੇ ਜ਼ੁਰਮ ਉੱਤੇ ਨਿਰਭਰ ਕਰੇਗਾ।
3 ਕਿਸੇ ਨੂੰ ਵੀ ਚਾਲ੍ਹੀਆਂ ਤੋਂ ਵਧ ਕੋੜੇ ਨਹੀਂ ਮਾਰੇ ਜਾਣੇ ਚਾਹੀਦੇ। ਜੇ ਤੁਸੀਂ ਕਿਸੇ ਨੂੰ ਚਾਲ੍ਹੀਆਂ ਤੋਂ ਵਧ ਕੋੜੇ ਮਾਰਦੇ ਹੋ, ਇਸਦਾ ਮਤਲਬ ਹੈ ਕਿ ਤੁਹਾਡੇ ਲਈ, ਤੁਹਾਡੇ ਗੁਆਂਢੀ ਦਾ ਜੀਵਨ ਕੋਈ ਅਰਥ ਨਹੀਂ ਰੱਖਦਾ।
4 “ਜਦੋਂ ਕਿਸੇ ਬਲਦ ਨੂੰ ਅਨਾਜ਼ ਗਹੁਣ ਲਈ ਵਰਤਿਆ ਜਾਂਦਾ, ਉਸਨੂੰ ਅਨਾਜ਼ ਖਾਣ ਤੋਂ ਰੋਕਣ ਲਈ ਉਸਦਾ ਮੂੰਹ ਨਹੀਂ ਬੰਨ੍ਹਿਆ ਜਾਣਾ ਚਾਹੀਦਾ।
5 “ਜੇ ਦੋ ਭਰਾ ਇਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਜਣਾ ਬੇਔਲਾਦਾ ਮਰ ਜਾਵੇ, ਤਾਂ ਮਰੇ ਹੋਏ ਭਰਾ ਦੀ ਪਤਨੀ ਪਰਿਵਾਰ ਤੋਂ ਬਾਹਰ ਕਿਸੇ ਅਜਨਬੀ ਨਾਲ ਨਹੀਂ ਵਿਆਹੀ ਜਾਣੀ ਚਾਹੀਦੀ। ਉਸਦੇ ਪਤੀ ਦੇ ਭਰਾ ਨੂੰ ਉਸ ਨਾਲ ਸ਼ਾਦੀ ਕਰਕੇ ਉਸ ਨਾਲ ਜਿਨਸੀ ਸੰਬੰਧ ਬਨਾਉਣੇ ਚਾਹੀਦੇ ਹਨ। ਉਸਦੀ ਉਸ ਵੱਲ ਇੱਕ ਦਿਉਰ ਦੀ ਜੁਂਮੇਵਾਰੀ ਹੋਣੀ ਚਾਹੀਦੀ ਹੈ।
6 ਫ਼ੇਰ ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ, ਉਹ ਬੱਚਾ ਮਰੇ ਹੋਏ ਆਦਮੀ ਦਾ ਨਾਮ ਉਚੇਰਾ ਕਰੇਗਾ। ਫ਼ੇਰ ਮਰੇ ਹੋਏ ਭਰਾ ਦਾ ਨਾਮ ਇਸਰਾਏਲ ਵਿੱਚੋਂ ਮਿਟਾਇਆ ਨਹੀਂ ਜਾਵੇਗਾ।
7 ਜੇ ਕੋਈ ਬੰਦਾ ਆਪਣੇ ਭਰਾ ਦੀ ਵਿਧਵਾ ਨਾਲ ਸ਼ਾਦੀ ਨਾ ਕਰਾਉਣਾ ਚਾਹੇ ਤਾਂ ਭਰਾ ਦੀ ਪਤਨੀ ਨੂੰ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਆਗੂਆਂ ਕੋਲ ਜਾਣਾ ਚਾਹੀਦਾ ਹੈ। ਉਸਦੇ ਭਰਾ ਦੀ ਪਤਨੀ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਜਿਉਂਦਾ ਨਹੀਂ ਰੱਖਣਾ ਚਾਹੁੰਦਾ। ਉਹ ਮੇਰੇ ਪ੍ਰਤੀ ਆਪਣੇ ਪਤੀ ਦੇ ਭਰਾ ਵਾਲੇ ਫ਼ਰਜ਼ ਨਹੀਂ ਨਿਭਾਉਣਾ ਚਾਹੁੰਦਾ।’
8 ਤਾਂ ਫ਼ੇਰ ਸ਼ਹਿਰ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਬੰਦਾ ਜ਼ਿੱਦੀ ਹੈ ਅਤੇ ਆਖਦਾ ਹੈ, ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ,’
9 ਤਾਂ ਉਸਦੇ ਭਰਾ ਦੀ ਪਤਨੀ ਨੂੰ ਆਗੂਆਂ ਦੇ ਸਾਮ੍ਹਣੇ ਉਸਦੇ ਕੋਲ ਆਉਣਾ ਚਾਹੀਦਾ ਹੈ। ਉਸਨੂੰ ਉਸਦੇ ਪੈਰੋਂ ਜੁੱਤੀ ਲਾਹ ਦੇਣੀ ਚਾਹੀਦੀ ਹੈ। ਫ਼ੇਰ ਉਸਨੂੰ ਚਾਹੀਦਾ ਹੈ ਕਿ ਉਸਦੇ ਮੂੰਹ ਉੱਤੇ ਥੁੱਕ ਦੇਵੇ। ਉਸ ਨੂੰ ਇਹ ਆਖਣਾ ਚਾਹੀਦਾ ਹੈ, ‘ਇਹ ਸਲੂਕ ਉਸ ਬੰਦੇ ਨਾਲ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਭਰਾ ਦੇ ਪਰਿਵਾਰ ਵਿੱਚ ਵਾਧਾ ਨਹੀਂ ਕਰਨਾ ਚਾਹੁੰਦਾ!’
10 ਫ਼ੇਰ ਉਸ ਭਰਾ ਦਾ ਪਰਿਵਾਰ ਇਸਰਾਏਲ ਦੇ ਅਜਿਹੇ ਪਰਿਵਾਰ ਵਜੋਂ ਜਾਣਿਆ ਜਾਵੇਗਾ ‘ਜਿਸ ਪਰਿਵਾਰ ਦੇ ਬੰਦੇ ਦੀ ਜੁੱਤੀ ਉਤਰ ਗਈ ਸੀ।’
11 “ਹੋ ਸਕਦਾ ਹੈ ਕਿ ਦੋ ਬੰਦੇ ਆਪਸ ਵਿੱਚ ਲੜ-ਝਗੜ ਰਹੇ ਹੋਣ। ਸ਼ਾਇਦ ਇੱਕ ਆਦਮੀ ਦੀ ਪਤਨੀ ਆਪਣੇ ਪਤੀ ਦੀ ਸਹਾਇਤਾ ਕਰਨ ਲਈ ਆ ਜਾਵੇ। ਪਰ ਉਸਨੂੰ ਦੂਸਰੇ ਆਦਮੀ ਦੇ ਗੁਪਤ ਅੰਗਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ।
12 ਜੇ ਉਹ ਅਜਿਹਾ ਕਰੇ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ। ਉਸ ਲਈ ਅਫ਼ਸੋਸ ਕਰਨ ਦੀ ਲੋੜ ਨਹੀਂ।
13 “ਅਜਿਹੇ ਵੱਟੇ ਨਾ ਰੱਖੋ ਜਿਹੜੇ ਜਾਂ ਤਾਂ ਬਹੁਤੇ ਹਲਕੇ ਹੋਣ ਜਾਂ ਬਹੁਤੇ ਭਾਰੇ ਹੋਣ।
14 ਆਪਣੇ ਘਰ ਵਿੱਚ ਅਜਿਹੇ ਵੱਟੇ ਵੀ ਨਾ ਰੱਖੋ ਜਿਹੜੇ ਜਾਂ ਤਾਂ ਬਹੁਤ ਵੱਡੇ ਹੋਣ ਜਾਂ ਬਹੁਤ ਛੋਟੇ ਹੋਣ।
15 ਤੁਹਾਨੂੰ ਉਹੀ ਨਾਪ-ਤੋਂਲ ਇਸਤੇਮਾਲ ਕਰਨੇ ਚਾਹੀਦੇ ਹਨ ਜਿਹੜੇ ਸੱਚੇ ਅਤੇ ਸਹੀ ਹਨ। ਫ਼ੇਰ ਤੁਸੀਂ ਉਸ ਧਰਤੀ ਉੱਤੇ ਲੰਮਾ ਸਮਾ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
16 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਨਾਪ-ਤੋਂਲ ਵਿੱਚ ਧੋਖਾ ਕਰਦੇ ਹਨ। ਹਾਂ, ਉਹ ਉਨ੍ਹਾਂ ਸਾਰਿਆਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।
17 “ਉਸ ਸਲੂਕ ਨੂੰ ਚੇਤੇ ਰੱਖੋ ਜਿਹੜਾ ਅਮਾਲੇਕ ਦੇ ਲੋਕਾਂ ਨੇ ਤੁਹਾਡੇ ਨਾਲ ਉਦੋਂ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਆ ਰਹੇ ਸੀ।
18 ਅਮਾਲੇਕੀ ਪਰਮੇਸ਼ੁਰ ਦਾ ਆਦਰ ਨਹੀਂ ਕਰਦੇ ਸਨ। ਉਨ੍ਹਾਂ ਨੇ ਤੁਹਾਡੇ ਉੱਤੇ ਉਦੋਂ ਹਮਲਾ ਕੀਤਾ ਜਦੋਂ ਤੁਸੀਂ ਕਮਜ਼ੋਰ ਅਤੇ ਥੱਕੇ ਹੋਏ ਸੀ। ਉਨ੍ਹਾਂ ਨੇ ਤੁਹਾਡੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਸੁਸਤ ਸਨ ਅਤੇ ਸਭ ਦੇ ਪਿੱਛੇ ਤੁਰ ਰਹੇ ਸਨ।
19 ਇਹੀ ਕਾਰਣ ਹੈ ਕਿ ਤੁਹਾਨੂੰ ਚਾਹੀਦਾ ਹੈ ਕਿ ਦੁਨੀਆਂ ਤੋਂ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੋ। ਤੁਹਾਨੂੰ ਇਹ ਗੱਲ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਰਹੇ ਹੋਵੋ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਹ ਤੁਹਾਨੂੰ ਉਥੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾ ਤੋਂ ਰਾਹਤ ਦੇਵੇਗਾ। ਪਰ ਅਮਾਲੇਕੀਆਂ ਦਾ ਨਾਸ਼ ਕਰਨਾ ਨਾ ਭੁਲਿਉ।