1 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਅੱਗੇ ਕਿਸੇ ਉਸ ਗਾਂ ਜਾਂ ਭੇਡ ਦੀ ਬਲੀ ਨਹੀਂ ਦੇਣੀ ਚਾਹੀਦੀ ਜਿਸ ਵਿੱਚ ਕੋਈ ਨੁਕਸ ਹੈ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਇਸਨੂੰ ਨਫ਼ਰਤ ਕਰਦਾ ਹੈ!
2 “ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕਿਸੇ ਮੰਦੀ ਗੱਲ ਵਾਪਰਨ ਬਾਰੇ ਸੁਣੋ। ਸ਼ਾਇਦ ਤੁਸੀਂ ਇਹ ਸੁਣੋ ਕਿ ਤੁਹਾਡੇ ਸਮੂਹ ਦੇ ਕਿਸੇ ਆਦਮੀ ਜਾਂ ਔਰਤ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ। ਸ਼ਾਇਦ ਤੁਸੀਂ ਸੁਣੋ ਕਿ ਉਨ੍ਹਾਂ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਹੈ -
3 ਜਾਂ ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੋਵੇ, ਜਾਂ ਉਨ੍ਹਾਂ ਨੇ ਸੂਰਜ, ਚੰਨ ਜਾਂ ਤਾਰਿਆਂ ਦੀ ਉਪਾਸਨਾ ਕੀਤੀ ਹੋਵੇ। ਇਹ ਉਸ ਹੁਕਮ ਦੇ ਵਿਰੁੱਧ ਹੈ ਜੋ ਮੈਂ ਤੁਹਾਨੂੰ ਦਿੱਤਾ ਹੈ।
4 ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਮਾੜੀ ਖਬਰ ਸੁਣੋ, ਤਾਂ ਤੁਹਾਨੂੰ ਇਸਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਗੱਲ ਬਾਰੇ ਜਾਨਣਾ ਚਾਹੀਦਾ ਹੈ ਕਿ ਕੀ ਇਹ ਸੱਚ ਹੈ ਅਤੇ ਅਜਿਹੀ ਭਿਆਨਕ ਗੱਲ ਸੱਚਮੁੱਚ ਇਸਰਾਏਲ ਵਿੱਚ ਵਾਪਰੀ ਹੈ। ਜੇ ਤੁਸੀਂ ਸਾਬਤ ਕਰ ਦਿਉ ਕਿ ਇਹ ਸੱਚ ਹੈ,
5 ਤਾਂ ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਨੇ ਅਜਿਹੀ ਮੰਦੀ ਗੱਲ ਕੀਤੀ ਹੋਵੇ ਅਤੇ ਤੁਹਾਨੂੰ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਪ੍ਰਵੇਸ਼ ਕੋਲ ਲਿਜਾਕੇ ਉਸਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ।
6 ਪਰ ਕਿਸੇ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਜੇ ਸਿਰਫ਼ ਇੱਕ ਗਵਾਹ ਹੀ ਆਖਦਾ ਹੈ ਕਿ ਉਸ ਬੰਦੇ ਨੇ ਬੁਰਾ ਕੰਮ ਕੀਤਾ। ਪਰ ਜੇ ਦੋ ਜਾਂ ਤਿੰਨ ਗਵਾਹ ਆਖਦੇ ਹਨ ਕਿ ਕਿ ਇਹ ਸੱਚ ਹੈ ਤਾਂ ਉਸ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ।
7 ਗਵਾਹ, ਉਸ ਬੰਦੇ ਉੱਤੇ ਪੱਥਰ ਸੁੱਟਕੇ ਉਸਨੂੰ ਮਾਰਨ ਲਈ ਪਹਿਲੇ ਹੋਣੇ ਚਾਹੀਦੇ ਹਨ। ਫ਼ੇਰ ਬਾਕੀ ਦੇ ਲੋਕਾਂ ਨੂੰ ਪੱਥਰ ਸੁੱਟਕੇ ਉਸਨੂੰ ਮਾਰਨ ਲਈ ਪਹਿਲੇ ਹੋਣੇ ਚਾਹੀਦੇ ਹਨ। ਫ਼ੇਰ ਬਾਕੀ ਦੇ ਲੋਕਾਂ ਨੂੰ ਪੱਥਰ ਸੁੱਟਕੇ ਉਸਨੂੰ ਮਾਰ ਦੇਣਾ ਚਾਹੀਦਾ ਹੈ। ਇੰਝ ਤੁਸੀਂ ਆਪਣੇ ਲੋਕਾਂ ਵਿੱਚੋਂ ਬਦੀ ਨੂੰ ਕਢ ਦਿਉਂਗੇ।
8 “ਹੋ ਸਕਦਾ ਹੈ ਕਿ ਕਿਸੇ ਸਮਸਿਆ ਦਾ ਕਚਿਹਰੀ ਵਿੱਚ ਨਿਰਣਾ ਕਰਨਾ ਬਹੁਤ ਮੁਸ਼ਕਿਲ ਹੋਵੇ। ਇਹ ਕਤਲ, ਕੋਈ ਲੜਾਈ ਵੀ ਹੋ ਸਕਦੀ ਹੈ ਜਿਸ ਵਿੱਚ ਕੋਈ ਜ਼ਖਮੀ ਹੋ ਗਿਆ ਹੋਵੇ, ਜਾਂ ਇਹ ਦੋ ਲੋਕਾਂ ਵਿਚਕਾਰ ਦਲੀਲਬਾਜ਼ੀ ਵੀ ਹੋ ਸਕਦੀ ਹੈ। ਜਦੋਂ ਅਜਿਹੀਆਂ ਸਮਸਿਆਵਾਂ ਤੁਹਾਡੇ ਨਗਰਾਂ ਵਿੱਚ ਉਠਣ, ਤੁਹਾਡੇ ਨਿਆਂਕਾਰ, ਨਿਰਣਾ ਕਰਨ ਵਿੱਚ ਡਿੱਕਤ ਮਹਿਸੂਸ ਕਰਨ ਕਿ ਕੀ ਠੀਕ ਹੈ। ਫ਼ੇਰ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੁਆਰਾ ਚੁਣੀ ਹੋਈ ਜਗ਼੍ਹਾ ਉੱਤੇ ਜਾਣਾ ਚਾਹੀਦਾ ਹੈ।
9 ਜਾਜਕ ਲੇਵੀ ਪਰਿਵਾਰ-ਸਮੂਹ ਵਿੱਚੋਂ ਹਨ। ਤੁਹਾਨੂੰ ਉਨ੍ਹਾਂ ਜਾਜਕਾਂ ਅਤੇ ਨਿਆਂਕਾਰ ਕੋਲ ਜਾਣਾ ਚਾਹੀਦਾ ਜੋ ਉਸ ਵੇਲੇ ਡਿਉਟੀ ਉੱਤੇ ਹੋਵੇ। ਉਹ ਫ਼ੈਸਲਾ ਕਰਨਗੇ ਕਿ ਇਸ ਸਮੱਸਿਆ ਬਾਰੇ ਕੀ ਕੀਤਾ ਜਾਣਾ ਚਾਹੀਦਾ।
10 ਉਥੇ, ਯਹੋਵਾਹ ਦੇ ਖਾਸ ਸਥਾਨ ਉੱਤੇ ਉਹ ਆਪਣਾ ਨਿਰਣਾ ਦੱਸਣਗੇ। ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਵੀ ਉਹ ਆਖਣ। ਉਹ ਸਾਰੀਂ ਗੱਲਾਂ ਕਰਨ ਲਈ ਦ੍ਰਿੜ ਹੋਵੋ ਜਿਨ੍ਹਾਂ ਬਾਰੇ ਉਹ ਆਖਦੇ ਹਨ।
11 ਤੁਹਾਨੂੰ ਉਨ੍ਹਾਂ ਦਾ ਫ਼ੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਹਿਦਾਇਤਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਬਿਲਕੁਲ ਉਹੀ ਕਰਨਾ ਚਾਹੀਦਾ ਹੈ ਜੋ ਉਹ ਤੁਹਾਨੂੰ ਕਰਨ ਲਈ ਆਖਣ - ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਾ ਕਰੋ!
12 “ਤੁਹਾਨੂੰ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉਸ ਜਾਜਕ ਅਤੇ ਨਿਆਂਕਾਰ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਜੋ ਉਸ ਵੇਲੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੋਵੇ। ਉਸ ਬੰਦੇ ਨੂੰ ਮਰਨਾ ਪਵੇਗਾ ਤੁਹਾਨੂੰ ਇਸਰਾਏਲ ਦੀ ਧਰਤੀ ਵਿੱਚੋਂ ਬਦੀ ਨੂੰ ਕਢ ਦੇਣਾ ਚਾਹੀਦਾ ਹੈ।
13 ਸਾਰੇ ਲੋਕ ਇਸ ਸਜ਼ਾ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਫ਼ੇਰ ਉਹ ਜ਼ਿੱਦੀ ਨਹੀਂ ਰਹਿਣਗੇ।
14 “ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ ਅਤੇ ਉਥੇ ਰਹੋਂਗੇ। ਫ਼ੇਰ ਤੁਸੀਂ ਆਖੋਂਗੇ, ‘ਅਸੀਂ ਆਪਣੇ ਉੱਪਰ ਇੱਕ ਰਾਜਾ ਥਾਪਾਂਗੇ, ਜਿਵੇਂ ਸਾਡੇ ਆਲੇ-ਦੁਆਲੇ ਦੀਆਂ ਹੋਰ ਕੌਮਾਂ ਕਰਦੀਆਂ ਹਨ।’
15 ਜਦੋਂ ਅਜਿਹਾ ਵਾਪਰੇ, ਤੁਸੀਂ ਉਸ ਰਾਜੇ ਦੀ ਚੋਣ ਕਰਨੀ ਜਿਸਨੂੰ ਯਹੋਵਾਹ ਤੁਹਾਡੇ ਉੱਤੇ ਸ਼ਾਸਨ ਕਰਨ ਲਈ ਚੁਣੇ। ਉਹ ਰਾਜਾ ਤੁਹਾਡੇ ਆਪਣੇ ਲੋਕਾਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਅਜਨਬੀ ਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੀਦਾ।
16 ਰਾਜੇ ਨੂੰ ਆਪਣੇ ਲਈ ਜ਼ਰੂਰਤ ਤੋਂ ਵਧੇਰੇ ਘੋੜੇ ਨਹੀਂ ਰੱਖਣੇ ਚਾਹੀਦੇ। ਅਤੇ ਉਸਨੂੰ ਲੋਕਾਂ ਨੂੰ ਮਿਸਰ ਵਿੱਚ ਲੋਕਾਂ ਨੂੰ ਹੋਰ ਘੋੜੇ ਲੈਣ ਲਈ ਨਹੀਂ ਭੇਜਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਤੁਹਾਨੂੰ ਦੱਸਿਆ ਹੈ, ‘ਤੁਹਾਨੂੰ ਕਦੇ ਵੀ ਉਸ ਰਾਹ ਵਾਪਸ ਨਹੀਂ ਜਾਣਾ ਚਾਹੀਦਾ।’
17 ਇਹ ਵੀ ਕਿ, ਰਾਜੇ ਦੀਆਂ ਬਹੁਤ ਸਾਰੀਆਂ ਪਤਨੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂ? ਕਿਉਂਕਿ ਇਹ ਗੱਲ ਉਸਨੂੰ ਯਹੋਵਾਹ ਕੋਲੋਂ ਦੂਰ ਭਜਾਵੇਗੀ। ਅਤੇ ਰਾਜੇ ਨੂੰ ਕਦੇ ਵੀ ਆਪਣੇ-ਆਪ ਨੂੰ ਸੋਨੇ ਚਾਂਦੀ ਨਾਲ ਅਮੀਰ ਨਹੀਂ ਬਨਾਉਣਾ ਚਾਹੀਦਾ।
18 “ਜਦੋਂ ਰਾਜਾ ਰਾਜ ਕਰਨ ਲੱਗੇ, ਉਸਨੂੰ ਆਪਣੇ ਲਈ ਬਿਵਸਥਾ ਦੀ ਇੱਕ ਨਕਲ ਲਿਖਣੀ ਚਾਹੀਦੀ ਹੈ ਉਹ ਉਸ ਨਕਲ ਨੂੰ ਉਨ੍ਹਾਂ ਪੋਥੀਆਂ ਵਿਚਂ ਬਣਾਵੇ ਜਿਹੜੀਆਂ ਜਾਜਕ ਅਤੇ ਲੇਵੀ ਆਪਣੇ ਨਾਲ ਰੱਖਦੇ ਹਨ।
19 ਰਾਜੇ ਨੂੰ ਉਹ ਕਿਤਾਬ ਆਪਣੇ ਕੋਲ ਰੱਖਣੀ ਚਾਹੀਦੀ ਹੈ। ਉਸਨੂੰ ਸਾਰੀ ਉਮਰ ਉਸ ਕਿਤਾਬ ਨੂੰ ਪਢ਼ਨਾ ਚਾਹੀਦਾ ਹੈ। ਕਿਉਂਕਿ ਰਾਜੇ ਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਅਵੱਸ਼ ਸਿਖਣਾ ਚਾਹੀਦਾ ਹੈ। ਅਤੇ ਰਾਜੇ ਨੂੰ ਹਰ ਉਸ ਗੱਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਸਿਖਣੀ ਚਾਹੀਦੀ ਹੈ ਜੋ ਕਾਨੂੰਨ ਹੁਕਮ ਕਰਦਾ ਹੈ।
20 ਫ਼ੇਰ ਰਾਜਾ ਇਹ ਨਹੀਂ ਸੋਚੇਗਾ ਕਿ ਉਹ ਆਪਣੇ ਲੋਕਾਂ ਨਾਲੋਂ ਬਿਹਤਰ ਹੈ। ਉਹ ਬਿਧੀ ਤੋਂ ਭੱਜੇਗਾ ਨਹੀਂ, ਸਗੋਂ ਇਸਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ। ਫ਼ੇਰ ਉਹ ਰਾਜਾ ਅਤੇ ਉਸਦੇ ਉੱਤਰਾਧਿਕਾਰੀ ਲੰਮੇ ਸਮੇਂ ਤੀਕ ਇਸਰਾਏਲ ਉੱਤੇ ਰਾਜ ਕਰਨਗੇ।