1 “ਤੁਹਾਨੂੰ ਉਹ ਸਾਰੀਆਂ ਬਿਧੀਆਂ ਧਿਆਨ ਨਾਲ ਮਂਨਣੀਆਂ ਚਾਹੀਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਕਿਉਂਕਿ ਫ਼ੇਰ ਹੀ ਤੁਸੀਂ ਭਰਪੂਰਤਾ ਨਾਲ ਜੀਵੋਂਗੇ ਅਤੇ ਇੱਕ ਵੱਡੀ ਕੌਮ ਬਣੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
2 ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ
40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ।
3 ਯਹੋਵਾਹ ਨੇ ਤੁਹਾਨੂੰ ਨਿਮਾਣਾ ਬਣਾਇਆ ਅਤੇ ਤੁਹਾਨੂੰ ਭੁਖਿਆ ਰੱਖਿਆ। ਫ਼ੇਰ ਉਸਨੇ ਤੁਹਾਨੂੰ ਮੰਨ ਖੁਆਇਆ, ਜਿਸ ਬਾਰੇ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਨੂੰ ਪਹਿਲਾਂ ਪਤਾ ਨਹੀਂ ਸੀ, ਜਾਂ ਵੇਖਿਆ ਨਹੀਂ ਸੀ। ਕਿਉਂਕਿ ਉਹ ਤੁਹਾਨੂੰ ਪਤਾ ਲਗਵਾਉਣਾ ਚਾਹੁੰਦਾ ਸੀ ਕਿ ਇਨਸਾਨ ਸਿਰਫ਼ ਰੋਟੀ ਉੱਤੇ ਹੀ ਜਿਉਂਦੇ ਨਹੀਂ ਰਹਿੰਦੇ ਪਰ ਹਰ ਉਸ ਬਚਨ ਉੱਤੇ ਜਿਉਂਦੇ ਹਨ ਜੋ ਯਹੋਵਾਹ ਆਖਦਾ ਹੈ।
4 ਇਨ੍ਹਾਂ
40 ਵਰ੍ਹਿਆਂ ਵਿੱਚ ਤੁਹਾਡੇ ਕੱਪੜੇ ਘਿਸੇ ਨਹੀਂ ਅਤੇ ਤੁਹਾਡੇ ਪੈਰ ਸੁਜ੍ਜੇ ਨਹੀਂ। ਕਿਉਂਕਿ ਯਹੋਵਾਹ ਨੇ ਤੁਹਾਡਾ ਖਿਆਲ ਰੱਖਿਆ ਹੈ!
5 ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਹ ਸਭ ਗੱਲਾਂ ਤੁਹਾਡੇ ਲਈ ਕੀਤੀਆਂ। ਪਰਮੇਸ਼ੁਰ, ਆਪਣੇ ਬੱਚੇ ਨੂੰ ਸਿਖਾਉਂਦੇ ਹੋਏ ਇੱਕ ਮਾਪੇ ਵਾਂਗ ਸੀ।
6 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦੇਸ਼ਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ। ਉਸਦੇ ਪਿਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ।
7 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇੱਕ ਚੰਗੀ ਧਰਤੀ ਉੱਤੇ ਲਿਜਾ ਰਿਹਾ ਹੈ - ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਨਾਲ ਭਰੀ ਹੋਈ ਧਰਤੀ ਅੰਦਰ, ਵਾਦੀਆਂ ਅਤੇ ਪਹਾੜੀਆਂ ਵਿਚ ਪਾਣੀ ਧਰਤੀ ਵਿੱਚੋਂ ਨਿਕਲਕੇ ਵਗਦਾ ਹੈ।
8 ਇਸ ਧਰਤੀ ਉੱਤੇ ਕਣਕ ਅਤੇ ਜੌਂ, ਅੰਗੂਰਾਂ ਦੀਆਂ ਵੇਲਾਂ, ਅੰਜੀਰ ਦੇ ਰੁਖ ਅਤੇ ਅਨਾਰ ਹਨ। ਇਹ ਜੈਤੂਨ ਦੇ ਤੇਲ ਅਤੇ ਸ਼ਹਿਦ ਦੀ ਧਰਤੀ ਹੈ।
9 ਇੱਥੇ ਤੁਹਾਨੂੰ ਕਾਫ਼ੀ ਭੋਜਨ ਮਿਲੇਗਾ। ਤੁਹਾਨੂੰ ਹਰ ਲੋੜੀਂਦੀ ਸ਼ੈਅ ਮਿਲੇਗੀ। ਇਹ ਉਹ ਧਰਤੀ ਹੈ ਜਿਥੇ ਲੋਹੇ ਦੀਆਂ ਚੱਟਾਨਾਂ ਹਨ। ਤੁਸੀਂ ਪਹਾੜੀਆਂ ਵਿੱਚੋਂ ਤਾਂਬਾ ਕੱਢ ਸਕਦੇ ਹੋ।
10 ਤੁਸੀਂ ਜਿੰਨਾ ਚਾਹੋਂਗੇ ਓਨਾ ਖਾਵੋਂਗੇ। ਫ਼ੇਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਤੁਹਾਨੂੰ ਇੰਨੀ ਚੰਗੀ ਜ਼ਮੀਨ ਦੇਣ ਲਈ ਉਸਤਤਿ ਕਰੋਂਗੇ।
11 “ਧਿਆਨ ਰੱਖਣਾ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭੁੱਲ ਨਾ ਜਾਣਾ! ਉਨ੍ਹਾ ਹੁਕਮਾਂ, ਕਾਨੂੰਨਾ ਅਤੇ ਬਿਧੀਆਂ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।
12 ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ।
13 ਤੁਹਾਡੀਆਂ ਗਾਵਾਂ, ਭੇਡਾਂ ਅਤੇ ਬੱਕਰੀਆਂ ਬਹੁਤ ਵਧਣ ਫ਼ੁਲ੍ਲਣਗੀਆਂ। ਤੁਹਾਨੂੰ ਕਾਫ਼ੀ ਸੋਨਾ ਅਤੇ ਚਾਂਦੀ ਮਿਲੇਗੀ। ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ!
14 ਜਦੋਂ ਅਜਿਹਾ ਵਾਪਰੇਗਾ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਮਾਨੀ ਨਾ ਬਣੋ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਹੀਂ ਭੁੱਲਣਾ ਚਾਹੀਦਾ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਯਹੋਵਾਹ ਨੇ ਤੁਹਾਨੂੰ ਅਜ਼ਾਦ ਬਣਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲਿਆਂਦਾ।
15 ਯਹੋਵਾਹ ਨੇ ਬਹੁਤ ਹੀ ਵਿਸ਼ਾਲ ਅਤੇ ਭਿਆਨਕ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਉਸ ਮਾਰੂਥਲ ਵਿੱਚ ਜ਼ਹਿਰੀਲੇ ਸੱਪ ਅਤੇ ਬਿਛੁ ਸਨ। ਧਰਤੀ ਖੁਸ਼ਕ ਸੀ ਅਤੇ ਕਿਧਰੇ ਵੀ ਪਾਣੀ ਨਹੀਂ ਸੀ, ਪਰ ਯਹੋਵਾਹ ਨੇ ਤੁਹਾਨੂੰ ਠੋਸ ਚੱਟਾਨ ਵਿੱਚੋਂ ਪਾਣੀ ਦਿੱਤਾ।
16 ਮਾਰੂਥਲ ਵਿੱਚ, ਯਹੋਵਾਹ ਨੇ ਤੁਹਾਨੂੰ ਮੰਨ ਦਾ ਭੋਜਨ ਦਿੱਤਾ - ਐਸੀ ਚੀਜ਼ ਜਿਹੜੀ ਤੁਹਾਡੇ ਪੁਰਖਿਆਂ ਨੇ ਵੀ ਕਦੇ ਨਹੀਂ ਸੀ ਦੇਖੀ। ਯਹੋਵਾਹ ਨੇ ਤੁਹਾਡਾ ਇਮਤਿਆਨ ਲਿਆ। ਕਿਉਂਕਿ ਯਹੋਵਾਹ ਨੇ ਤੁਹਾਨੂੰ ਇਸ ਲਈ ਨਿਮਾਣਾ ਬਣਾਇਆ ਤਾਂ ਜੋ ਅੰਤ ਵਿੱਚ ਤੁਹਾਨੂੰ ਸੁਖ ਮਿਲੇ।
17 ਆਪਣੇ ਮਨ ਵਿੱਚ ਇਹ ਕਦੇ ਨਾ ਸੋਚੋ, ‘ਇਹ ਸਾਰੀ ਦੌਲਤ ਮੈਂ ਆਪਣੀ ਯੋਗਤਾ ਅਤੇ ਤਾਕਤ ਰਾਹੀਂ ਹਾਸਿਲ ਕੀਤੀ ਹੈ।’
18 ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਯਾਦ ਰੱਖੋ। ਯਾਦ ਰੱਖੋ ਕਿ ਉਹੀ ਹੈ ਜਿਹੜਾ ਤੁਹਾਨੂੰ ਅਜਿਹੀਆਂ ਗੱਲਾਂ ਕਰਨ ਦੀ ਸ਼ਕਤੀ ਦਿੰਦਾ ਹੈ। ਯਹੋਵਾਹ ਅਜਿਹਾ ਕਿਉਂ ਕਰਦਾ ਹੈ? ਕਿਉਂਕਿ ਉਹ ਉਸ ਇਕਰਾਰਨਾਮੇ ਦਾ ਪਾਲਣ ਕਰਨਾ ਚਾਹੁੰਦਾ ਹੈ। ਜਿਹੜਾ ਉਸਨੇ ਪੁਰਖਿਆਂ ਨਾਲ ਕੀਤਾ ਸੀ, ਉਵੇਂ ਜਿਵੇਂ ਉਹ ਅੱਜ ਕਰ ਰਿਹਾ ਹੈ!
19 “ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਾ ਭੁੱਲੋ। ਕਦੇ ਵੀ ਹੋਰਨਾਂ ਦੇਵਤਿਆਂ ਦੇ ਪਿਛੇ ਨਾ ਲੱਗੋ! ਕਦੇ ਵੀ ਉਨ੍ਹਾਂ ਦੀ ਸੇਵਾ ਅਤੇ ਉਪਾਸਨਾ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਅੱਜ ਤੁਹਾਨੂੰ ਚਿਤਾਵਨੀ ਦਿੰਦਾ ਹਾਂ: ਤੁਸੀਂ ਅਵੱਸ਼ ਤਬਾਹ ਹੋ ਜਾਵੋਂਗੇ!
20 ਯਹੋਵਾਹ ਤੁਹਾਡੇ ਲਈ ਹੋਰਨਾਂ ਕੌਮਾਂ ਨੂੰ ਤਬਾਹ ਕਰ ਰਿਹਾ ਹੈ। ਪਰ ਜੇ ਤੁਸੀਂ ਹੋਰਨਾ ਦੇਵਤਿਆਂ ਦੇ ਪਿਛੇ ਲੱਗੋਗੇ ਤਾਂ ਤੁਸੀਂ ਵੀ ਉਨ੍ਹਾਂ ਵਾਂਗ ਹੀ ਤਬਾਹ ਹੋ ਜਾਵੋਂਗੇ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਗੱਲ ਸੁਣਨੋ ਹਟ ਗਏ!